ਭੂਤ ਜਲਸਾ.......... ਵਿਅੰਗ / ਜਸ ਸੈਣੀ, ਪਰਥ (ਆਸਟ੍ਰੇਲੀਆ)

ਅੱਜ ਜੰਗਲ ਦੇ ਭੂਤਾਂ ਦਾ ਸਲਾਨਾ ਜਲਸਾ ਹੋ ਰਿਹਾ ਸੀ । ਸਾਰੇ ਭੂਤ ਨਿਰਾਸ਼ ਤੇ ਕਮਜੋਰ ਦਿਸ ਰਹੇ ਸਨ । ਚਿੰਤਾ ਦਾ ਵਿਸ਼ਾ ਸੀ, ਇਨਸਾਨ ਦੇ ਮਨ ਵਿਚੋਂ ਭੂਤਾਂ ਦਾ ਡਰ ਘਟਣਾ, ਇਨਸਾਨ ਦਾ ਖੂਨ ਕੌੜਾ ਹੋਣਾ, ਜਿਸ ਨੂੰ ਚੂਸ ਕੇ ਕਈ ਭੂਤ ਕਈ ਦਿਨ ਬਿਮਾਰ ਰਹੇ । ਸਭਾ ਦੇ ਵਿੱਚ ਬੈਠਾ ਬੜਾ ਹੀ ਭਾਰਾ ਭੂਤਾਂ ਦਾ ਲੀਡਰ ਉਠਿਆ ਅਤੇ ਤਕਰੀਰ ਕਰਨ ਲੱਗਾ “ਮੇਰੇ ਸਾਥੀਉ ! ਕੋਈ ਸਮਾਂ ਹੁੰਦਾ ਸੀ, ਜਦੋਂ ਸਾਡੀ ਪੂਰੀ ਦਹਿਸ਼ਤ ਹੁੰਦੀ ਸੀ । ਅਸੀਂ ਜਿਸ ਨੂੰ ਚੁੰਬੜ ਜਾਂਦੇ ਸੀ, ਟੱਬਰਾਂ ਦੇ ਟੱਬਰ ਉਜੜ ਜਾਂਦੇ ਸੀ । ਲੋਕਾਂ ਨੂੰ ਭਾਜੜਾਂ ਪੈ ਜਾਦੀਆਂ ਸਨ । ਡੇਢ ਦੋ ਮਹੀਨੇ ਵਿੱਚ ਬੰਦਾ ਪੂਰੀ ਤਰ੍ਹਾਂ ਰੱਦੀ ਕਰ ਦੇਈਦਾ ਸੀ । ਹੁਣ ਇਨਸਾਨ ਇਸ ਸਾਇੰਸ ਦੇ ਯੁੱਗ ਵਿੱਚ ਬਹੁਤ ਸਿਆਣਾ ਹੋ ਗਿਆ ਹੈ । ਜਿਸ ਨੂੰ ਵੀ ਅਸੀਂ ਚੁੰਬੜਦੇ ਹਾਂ,  ਉਹ ਤਾਂਤਰਿਕਾਂ ਦੇ ਚਮਟੇ ਖਾਣ ਦੀ ਥਾਂ ਡਾਕਟਰ ਦੀਆਂ ਅੰਗਰੇਜ਼ੀ ਦਵਾਈਆਂ ਖਾਂਦਾ ਹੈ । ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹਨ । ਸਾਡੇ ਕਈ ਵੀਰ ਤੇ ਭੈਣਾਂ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ । ਮਜ਼ਬੂਰਨ ਇਨਸਾਨ ਦੇ ਸਰੀਰ 'ਚੋਂ ਨਿਕਲਣਾ ਪੈਂਦਾ ਹੈ । ਸੋ, ਮੈਂ ਆਪ ਸਭ ਦੀ ਰਾਏ ਸ਼ੁਮਾਰੀ ਨਾਲ ਕੋਈ ਹੱਲ ਲੱਭਣਾ ਚਾਹੁੰਦਾ ਹਾਂ ਤਾਂ ਕਿ ਸਾਡਾ ਭਵਿੱਖ ਵੀ ਸੁਰੱਖਿਅਤ ਹੋ ਸਕੇ । ਧੰਨਵਾਦ  !”
ਲੀਡਰ ਦੀਆ ਗੱਲਾਂ ਸੁਣ ਕੇ ਇਕ ਟੁੱਟੇ ਛਿੱਤਰ ਵਰਗਾ ਭੂਤ  ਉੱਠ ਖੜਾ ਹੋਇਆ ਤੇ ਕਹਿਣ ਲੱਗਾ “ਲੀਡਰ ਸਾਹਬ ! ਮੈਂ ਇਕ 700 ਸਾਲ ਪੁਰਾਣੇ ਬਜ਼ੁਰਗ ਭੂਤ ਨੂੰ ਜਾਣਦਾ ਹਾਂ । ਉਸ ਨੂੰ ਇਸ ਫੀਲਡ ਦਾ ਬਹੁਤ ਤਜ਼ਰਬਾ ਹੈ । ਮੈਨੂੰ ਆਸ ਹੈ ਕਿ ਉਹ ਸਾਡੀ ਮੱਦਦ ਜਰੂਰ ਕਰੇਗਾ । ਉਹ ਜੰਗਲ ਦੇ ਇਕ ਪੁਰਾਣੇ ਪਿੱਪਲ ‘ਤੇ ਰਹਿੰਦਾ ਹੈ ।”
ਸਾਰੇ ਭੂਤ-ਚੁੜੇਲਾਂ ਨੂੰ ਉਸ ਦੀ ਗੱਲ ਭਾ ਗਈ । ਲੀਡਰ ਸਮੇਤ ਸਾਰੇ ਭੂਤ ਉਸ ਬਜ਼ੁਰਗ ਭੂਤ ਦੇ ਨਿਵਾਸ ਸਥਾਨ ਵੱਲ ਚੱਲ ਪਏ । ਪਿੱਪਲ ਦੇ ਕੋਲ ਪਹੁੰਚ ਕੇ ਸਾਰਿਆਂ ਨੇ ਜੋਰ ਨਾਲ ਭੂਤ ਸਭਾ ਦਾ ਨਾਅਰਾ ਮਾਰਿਆ । ਪੁਰਾਣੇ ਭੂਤ ਨੇ ਅੱਖਾਂ ਖੋਲ਼ੀਆਂ ਤੇ ਕਹਿਣ ਲੱਗਾ “ਬੱਲਾ.. ਬੱਲਾ.. ਬੱਲਾ.. ਕਿਧਰ ਚੱਲੀਆਂ ਫੌਜਾਂ” ।
“ਜਨਾਬ ! ਥੋਡੇ ਵੱਲ ਹੀ ਆਏ ਸੀ । ਇਕ ਮਸ਼ਵਰਾ ਕਰਨਾ ਥੋਡੇ ਨਾਲ”, ਲੀਡਰ ਭੂਤ ਨੇ ਕਿਹਾ ।
ਸਾਰਿਆ ਭੂਤਾਂ ਨੇ ਲੀਡਰ ਭੂਤ ਦੀ ਗੱਲ ਨਾਲ ਹੁੰਗਾਰਾ ਭਰਿਆ ।
“ਦੱਸੋ ਕੀ ਮਸਲਾ ਹੈ” ? ਬਜੁਰਗ ਭੂਤ ਨੇ ਕਿਹਾ ।
ਲੀਡਰ ਭੂਤ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਹਿੰਦਾ “ਬਜੁਰਗੋ ! ਅੱਜ ਦਾ ਇਨਸਾਨ ਬਹੁਤ ਆਧੁਨਿਕ ਹੋ ਚੁੱਕਾ ਹੈ । ਸਾਡੇ ‘ਤੇ ਵਿਸ਼ਵਾਸ ਹੀ ਨਹੀਂ ਕਰਦਾ । ਪਿੰਡਾਂ ਵਿਚ ਅਜੇ ਮਾੜਾ ਮੋਟਾ ਰਿਵਾਜ ਹੈ, ਸਾਡਾ । ਸ਼ਹਿਰਾਂ ਵਿੱਚ ਤਾਂ ਸਾਡਾ ਡਰ ਬਿਲਕੁਲ ਹੀ ਚੱਕ ਹੋ ਗਿਆ ਹੈ । ਸਾਡੇ ਸਤਾਏ ਲੋਕ ਡਾਕਟਰਾਂ  ਕੋਲ ਜਾਂਦੇ ਹਨ, ਦਵਾਈਆਂ ਖਾ- ਖਾ ਖੂਨ ਖੱਟਾ ਕਰ ਲੈਂਦੇ ਹਨ । ਮਜਬੂਰਨ ਇਨਸਾਨੀ ਸਰੀਰ ਛੱਡਣਾ ਪੈਂਦਾ ਹੈ । ਹੁਣ ਤਸੀਂ ਹੀ ਦੱਸੋ, ਸਾਨੂੰ ਕੀ ਕਰਨਾ ਚਾਹੀਦਾ” ?
ਪੁਰਾਣੇ ਭੂਤ ਨੇ ਆਪਣੀ ਗਿੱਟਿਆਂ ਤੱਕ ਲੰਬੀ ਦਾੜ੍ਹੀ ਵਿੱਚ ਹੱਥ ਫੇਰਦਿਆ ਕਿਹਾ, “ਓ ਭੋਲਿਓ ਭੂਤੋ ! ਤੁਸੀਂ ਇਕੀਵੀਂ ਸਦੀ ਦੇ ਇਨਸਾਨ ਨੂੰ ਚੁੰਬੜਦੇ ਪਏ ਹੋ, ਜਿਹੜਾ ਤੁਹਾਡੇ ਨਾਲੋਂ ਘੱਟ ਨਹੀਂ ਹੈ !”
“ਹੈਂ !!! ਕੀ ਮਤਲਬ !!!! ਮੈਂ ਸਮਝਿਆ ਨਹੀਂ ?” ਲੀਡਰ ਨੇ ਹੈਰਾਨ ਹੋ ਕੇ ਪੁਛਿਆ ।
“ਮੈਂ ਸਮਝਾਉਣਾ”, ਬਜੁਰਗ  ਭੂਤ ਨੇ ਲੰਬਾ ਜਿਹਾ ਸਾਹ ਲੈ ਕੇ ਆਖਿਆ , “ਦੇਖੋ ! ਇਨਸਾਨ ਬਹੁਤ ਲਾਲਚੀ ਹੋ ਗਿਆ ਹੈ । ਭਰਾ ਭਰਾ ਨੂੰ ਮਾਰ ਰਿਹਾ । ਰਿਸ਼ਤੇਦਾਰ, ਸਾਕ ਸਬੰਧੀਆਂ ‘ਤੇ ਕੋਈ ਇਤਬਾਰ ਨਹੀਂ ਕਰਦਾ । ਲੋਕ ਆਪਣੀਆਂ ਅਣਜੰਮੀਆਂ ਕੁੜੀਆਂ ਮਾਰੀ ਜਾਂਦੇ ਆ । ਧਰਮਾ ਦੇ ਨਾਂ ‘ਤੇ ਮਾਰ ਵੱਢ ਹੋ ਰਹੀ ਹੈ । ਬੰਬ ਚੱਲ ਰਹੇ ਹਨ । ਡਾਕਟਰ ਮਰੀਜ਼ਾਂ ਦੇ ਗੁਰਦੇ ਵੇਚੀ ਆ । ਸਿਆਸਤਦਾਨ ਮੁਲਖ ਵੇਚੀ ਜਾਂਦੇ ਆ । ਬਦਮਾਸ਼ ਦਸ ਰੁਪਏ ਲਈ ਬੰਦਾ ਮਾਰ ਦਿੰਦੇ ਆ । ਹੋਰ ਤਾਂ ਹੋਰ ਬੰਬ ਵੀ ਇਸ ਤਰ੍ਹਾਂ ਦੇ ਬਣ ਗਏ ਆ ਕਿ ਭਾਵੇਂ ਹਜ਼ਾਰਾਂ ਧਰਤੀਾਂ ਤਬਾਹ ਕਰ ਲਓ” ।
“ਹੈਂ!!! ਸੱਚੀ !” ਇਕ ਬਰੀਕ ਜਿਹੇ ਭੂਤ ਨੇ ਹੈਰਾਨ ਪ੍ਰੇਸ਼ਾਨ ਹੋ ਕੇ ਪੁੱਛਿਆ ।
“ਹੋਰ ਕੀ!!! ਅਸੀਂ ਕਿਹੜਾ ਅੱਜ ਦੇ ਭੂਤ ਆਂ । ਦੁਨੀਆਂ ਦੇਖੀ ਆ । ਤੁਸੀਂ ਕਾਹਦੇ ਭੂਤ ਆ ?” ਤੁਹਾਡੇ ਨਾਲੋਂ ਤਕੜਾ ਭੂਤ ਤਾਂ ਇਨਸਾਨ ਬਣੀ ਜਾਂਦਾ । ਤੁਸੀਂ ਉਹਨਾਂ ਨੂੰ ਸਵਾਹ ਚੁੰਬੜਣਾ । ਬੱਸ ਤੁਸੀਂ ਹੁਣ ਆਪਣੀ ਖੈਰ ਮਨਾਓ । ਮੇਰੀ ਤਾ ਆਹੀ ਸਲਾਹ ਆ, ਚੁੱਪ ਕਰਕੇ ਜੰਗਲਾਂ 'ਚ ਲੁਕ ਜਾਵੋ । ਦੇਖਿਓ ਕਿਤੇ ਇਨਸਾਨ ਦੇ ਹੱਥ ਨਾ ਆ ਜਾਣਾ”, ਬਜੁਰਗ ਭੂਤ ਨੇ ਕਿਹਾ ।
ਪੁਰਾਣੇ ਭੂਤ ਦੀ ਗੱਲ ਸੁਣ ਕੇ ਸਾਰੇ ਭੂਤਾਂ ਦੇ ਮਨ ਵਿੱਚ ਭੈ ਛਾ ਗਿਆ । ਸਭ ਨੇ ਨਮੋਸ਼ੀ ਨਾਲ ਸਿਰ ਸੁੱਟ ਲਏ ਤੇ ਇਕ -ਇਕ ਕਰਕੇ ਉਸ ਜਗ੍ਹਾ ਤੋਂ ਖਿਸਕਣ ਲੱਗੇ । ਸਭ ਗੱਲਾਂ ਕਰਦੇ ਜਾ ਰਹੇ ਸਨ, “ਇਨਸਾਨਾਂ ਤੋ ਬਚ ਕੇ ਬਈ !!! ਇਨਸਾਨਾਂ ਤੋ ਬਚ ਕੇ ਬਈ !!!”
ਸਭ ਚਲੇ ਗਏ ਤੇ ਬਜੁਰਗ ਭੂਤ ਪਿੱਪਲ ਨਾਲ ਢਾਸਣਾ ਲਾ ਕੇ ਗੁਲਾਮ ਅਲੀ ਦੀ ਗਜ਼ਲ ਗਾ ਰਿਹਾ ਸੀ, “ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ.....।”
****

No comments: