ਮੇਰੇ ਪਿੰਡ, ਅਲਵਿਦਾ……… ਨਜ਼ਮ/ਕਵਿਤਾ / ਕੁਲਦੀਪ ਸਿੰਘ ਸਿਰਸਾ

ਹੱਡਾਂ ਦਾ ਬਾਲਣ ਲਾਉਂਦਾ ਰਿਹਾ
ਰੱਬ 'ਤੇ ਟੇਕ ਟਿਕਾਉਂਦਾ ਰਿਹਾ
ਭੁੱਖਾ ਵੀ ਜਸ਼ਨ ਮਨਾਉਂਦਾ ਰਿਹਾ
ਰੱਜਿਆਂ ਨੂੰ ਹੋਰ ਰਜਾਉਂਦਾ ਰਿਹਾ
ਤੇਰੇ ਕੋਧਰੇ ਦੇ ਵਿੱਚ ਦੁੱਧ ਰਿਹਾ
ਤੇਰਾ ਮੈਲਾ ਕੁੜਤਾ ਸ਼ੁੱਧ ਰਿਹਾ
ਤੇਰਾ ਭਾਗੋ ਦੇ ਨਾਲ ਯੁੱਧ ਰਿਹਾ
ਤਿਣਕਾ ਰਿਹਾ ਕਦੇ ਰੁੱਗ ਰਿਹਾ
ਮੇਰੇ ਪਿੰਡ, ਅਲਵਿਦਾ

ਬੜੇ ਝੱਖੜ ਇੱਥੇ ਝੁਲਦੇ ਰਹੇ
ਹੀਰੇ ਕੱਚ ਦੇ ਵਾਂਗੂ ਤੁਲਦੇ ਰਹੇ
ਕੁਝ ਪੈਰਾਂ ਦੇ ਹੇਠਾਂ ਰੁਲਦੇ ਰਹੇ
ਕੁਝ ਨਾਲ ਹਵਾਵਾਂ ਘੁਲਦੇ ਰਹੇ
ਥੁੜਾਂ ਵੀ ਤਾਂ ਇਥੇ ਥੁੜੀਆਂ ਸੀ
ਨਾ ਲਹੌਰੀ ਜੁੱਤੀਆਂ ਜੁੜੀਆਂ ਸੀ
ਅੰਗੂਠਿਆਂ ਦੇ ਹੇਠਾਂ ਕੁੜੀਆਂ ਸੀ
ਸ਼ਾਹਾਂ ਨਾਲ ਪੱਤਾਂ ਜੁੜੀਆਂ ਸੀ
ਮੇਰੇ ਪਿੰਡ, ਅਲਵਿਦਾ

ਜਿੱਥੇ ਲੋਕ ਧੁਨਾਂ ਦੇ ਪੱਕੇ ਸੀ
ਨਾ ਕਦੇ ਅੱਕੇ ਸੀ ਨਾ ਥੱਕੇ ਸੀ
ਬਲਦ ਪੁੱਤਾਂ ਵਾਂਗੂ ਹੱਕੇ ਸੀ
ਪੁੱਤ ਰੰਬਿਆਂ ਵਾਂਗੂ ਰੱਖੇ ਸੀ
ਉਹ ਖੁਲੀਆਂ ਬਾਹਾਂ ਵਰਗੇ ਸੀ
ਰੁਖਾਂ ਦੀਆਂ ਛਾਂਵਾਂ ਵਰਗੇ ਸੀ
ਖੂਹਾਂ ਦੇ ਰਾਹਾਂ ਵਰਗੇ ਸੀ
ਔਖੇ ਜਿਹੇ ਸਾਹਾਂ ਵਰਗੇ ਸੀ
ਮੇਰੇ ਪਿੰਡ, ਅਲਵਿਦਾ

ਭਰਮਾਂ ਦਾ ਬੁਣਿਆ ਜਾਲਾ ਸੀ
ਮੂਹਾਂ 'ਤੇ ਲਾਇਆ ਤਾਲਾ ਸੀ
ਛੁਰਿਆਂ 'ਤੇ ਫਿਰਦੀ ਮਾਲਾ ਸੀ
ਧਰਮਾਂ ਦਾ ਲਾਇਆ ਫਾਲਾ ਸੀ
ਨੇਰਿਆਂ ਦਾ ਦਸਤੂਰ ਰਿਹਾ
ਨਾਮ ਖੁਮਾਰੀ ਫਤੂਰ ਰਿਹਾ
ਚਾਨਣ ਵੀ ਤਾਂ ਮਜਬੂਰ ਰਿਹਾ
ਉਹ ਸਦਾ ਤੇਰੇ ਤੋਂ ਦੂਰ ਰਿਹਾ
ਮੇਰੇ ਪਿੰਡ, ਅਲਵਿਦਾ

ਉਹ ਲੋਕ ਸ਼ਹਿਰ ਨੂੰ ਜਾ ਰਹੇ
ਸਭ ਹੱਦਾਂ ਬੰਨੇ ਢਾਹ ਰਹੇ
ਖੁਦ ਤੋਂ ਹੀ ਮੁੱਖ ਲੁਕਾ ਰਹੇ
ਸ਼ੀਸ਼ੇ ਵੇਖ-ਵੇਖ ਘਬਰਾ ਰਹੇ
ਸ਼ਹਿਰ ਜਿਹਨਾ ਨੂੰ ਖਾਹ ਰਿਹਾ
ਰੋਟੀ 'ਤੇ ਗੋਲੀ ਚਲਾ ਰਿਹਾ
ਵੱਡੇ-ਵੱਡੇ ਮਹਿਲ ਵਸਾ ਰਿਹਾ
ਸੜਕਾ ਤੇ ਝੁੱਗੀਆਂ ਬਣਾ ਰਿਹਾ
ਮੇਰੇ ਪਿੰਡ, ਅਲਵਿਦਾ

ਇਤਿਹਾਸ ਬਣਕੇ ਵਸਦਾ ਰਹਿ
ਬੀਤੇ ਦੀਆਂ ਬਾਤਾਂ ਦੱਸਦਾ ਰਹਿ
ਚੇਤਿਆਂ ਦੇ ਵਿੱਚ ਹਸਦਾ ਰਹਿ
ਗੀਤਾਂ ਦੇ ਵਿੱਚ ਰਸਦਾ ਰਹਿ
ਹੁਣ ਨਵਾਂ ਰੂਪ ਤੇਰਾ ਆਵੇਗਾ
ਜਿੱਥੇ ਹਰ ਕੋਈ ਰੋਟੀ ਖਾਵੇਗਾ
ਨਾ ਲੋਟੂ ਟੋਲਾ ਥਿਆਵੇਗਾ
ਦੀਪ ਗੀਤ ਕਿਰਤ ਦੇ ਗਾਵੇਗਾ
ਮੇਰੇ ਪਿੰਡ, ਅਲਵਿਦਾ

****

No comments: