ਕੁਝ ਖੱਟੀਆਂ-ਕੁਝ ਮਿੱਠੀਆਂ ਵਲੈਤ ਦੀਆਂ... ... ... . ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਦੇਸ ਤੋਂ ਦੂਰ ਆਏ ਯਾਤਰੀ ਦੀ ਸਥਿਤੀ ਵੀ ਅਜੀਬ ਤਰ੍ਹਾਂ ਦੀ ਹੁੰਦੀ ਐ... ਕਈ ਯਾਤਰੀਆਂ ਨੂੰ ਤਾਂ ਆਪਣੀ ਯਾਤਰਾ ਉੱਤੇ ਨਿਕਲਿਦਆਂ, ਕੁਝ ਘੰਟਿਆਂ ਵਿੱਚ ਹੀ ਆਪਣੇ ਮਨ ਦੀ ਦਿਸ਼ਾ ਬਦਲਦੀ ਹੋਈ ਪ੍ਰਤੀਤ ਹੁੰਦੀ ਹੈ। ਮੈਂ ਜਦ ਵੀ ਬਦੇਸ਼ ਨੂੰ ਨਿਕਲਦਾ ਹਾਂ ਤਾਂ ਮਨ ਦੀ ਇਕਾਗਰਤਾ ਖਿੰਡ-ਪੁੰਡ ਜਾਂਦੀ ਹੈ... ਬਿਗਾਨੇ ਵੱਸ ਪੈ ਜਾਣ ਕਾਰਨ ਨਿੱਤ-ਨੇਮ ਵੀ ਬਦਲ ਜਾਂਦਾ ਹੈ... ਲਿਖਣ-ਪੜ੍ਹਨ ਨੂੰ ਮਨ ਨਹੀਂ ਮੰਨਦਾ... ਇਸੇ ਦੌਰਾਨ ‘ਆਪਣੀਆਂ’ ਸੁਣਾਉਣ ਵਾਲੇ ਵੀ ਬਹੁਤ ਮਿਲ ਜਾਂਦੇ ਹਨ... ‘ਬਹੁਤ ਗੱਲਾਂ’ ਸੁਣਾਉਣ ਵਾਲੇ ਲੋਕਾਂ ਨੂੰ ਮਿਲ ਕੇ ਮਹਿਸੂਸ ਕਰਦਾ ਹਾਂ ਕਿ ਇਹ ਵਿਚਾਰੇ ਜਿਵੇਂ ਚਿਰਾਂ ਤੋਂ ਗੱਲਾਂ ਨਾਲ ਗਲ-ਗਲ ਤੀਕ ਭਰੇ ਪਏ ਹਨ... ਜਿਵੇਂ ਇਹਨਾਂ ਨੂੰ ਕਦੇ ਕੋਈ ਸਰੋਤਾ ਮਿਲਿਆ ਹੀ ਨਹੀਂ... ? ਸੱਚੀ ਗੱਲ ਐ... ਕਿਸੇ ਕੋਲ ਵਕਤ ਨਹੀਂ ਹੈ ਏਥੇ! ਗੱਲਾਂ ਨਾਲ ਅਜਿਹੇ ਗਲ-ਗਲ ਤੀਕ ਭਰੇ ਬੰਦਿਆਂ ਦੇ ਅੜਿੱਕੇ ਆ ਜਾਂਦਾ ਹੈ ਮੇਰੇ ਜਿਹਾ ਕਮਲਾ-ਰਮ੍ਹਲਾ ਯਾਤਰੀ ਤਾਂ ਉਹ ਖੁੱਲ੍ਹ-ਖੁੱਲ੍ਹ... ਡੁੱਲ੍ਹ-ਡੁੱਲ੍ਹ ਜਾਂਦੇ ਨੇ... ਗੱਲਾਂ ਦੇ ਗਲੋਟੇ ਉਧੜਦੇ ਤੁਰੇ ਆਉਂਦੇ ਨੇ... ਮੈਂ ਅਜਿਹੇ ਬੰਦਿਆਂ ਦੀ ਮਾਨਸਿਕ ਅਵਸਥਾ ਸਮਝਦਾ ਹੋਇਆ ਉਹਨਾਂ ਦਾ ਹਮਦਰਦ ਬਣ ਬਹਿੰਦਾ ਹਾਂ। ਸੁਣਦਾ ਰਹਿੰਦਾ ਹਾਂ। ਅਜਿਹੇ ਬੰਦਿਆ ਵਿੱਚ ਕਾਫੀ ਸਾਰੇ ‘ਕਵੀ’ ਵੀ ਮਿਲ ਜਾਂਦੇ ਹਨ। ਮੈਂ ਕਵੀਆਂ ਦੀਆਂ ਕਵਿਤਾਵਾਂ ਸੁਣ-ਸੁਣ ਕੇ ਬਹੁਤ ਰੱਜ ਗਿਆ ਇੰਗਲੈਂਡ ਕਰਦਿਆਂ! ਹਰ ਘਰ ਵਿੱਚ ਕਵੀ ਹੈ। ਹਰ ਗਲੀ, ਹਰ ਮੁਹੱਲੇ ਤੇ ਹਰ ਮੋੜ ‘ਤੇ ਕਵੀ ਹੈ। ਇਕ ਕਵਿਤਰੀ ਨੇ ਘਰ ਬੁਲਾਇਆ। ਅੰਤਾਂ ਦੇ ਚਾਅ ਤੇ ਉਤਸ਼ਾਹ ਨਾਲ ਖੀਵੀ ਹੋਈ ਬੀਬੀ ਨੇ ਇਕ ਨਹੀਂ... ਦੋ ਨਹੀਂ... .ਤਿੰਨ ਨਹੀਂ... ਸਗੋਂ ਆਪਣੀਆਂ ਦਰਜਨ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਨਿਹਾਲੋ-ਨਿਹਾਲ ਕਰ ਛਡਿਆ... ਮੇਰਾ ਦਿਲ ਕਰੇ ਕਿ ਉਥੋਂ ਭੱਜ ਤੁਰਾਂ! ਜਦੋਂ ਉਹਦੇ ਘਰੋਂ ਤੁਰਨ ਲੱਗਿਆ ਤਾਂ ਆਖਣ ਲੱਗੀ, ‘ਠਹਿਰੋ... ਜ਼ਰਾ ਠਹਿਰੋ... ਮੇਰਾ ਡੌਗੀ ਤਾਂ ਦੇਖਦੇ ਜਾਓ।’ ਸ਼ੇਰ ਵਰਗਾ... ਵੱਡਾ ਮੂੰਹ... ਲਮਕੇ ਕੰਨ ਤੇ ਚੌੜੀਆਂ ਨਾਸਾਂ ਵਾਲਾ ਬੁੱਢਾ ਕੁੱਤਾ... ਮੈਨੂੰ ਲੱਗਿਆ ਕਿ ਬਸ ਹੁਣੇ ਖਾ ਹੀ ਜਾਵੇਗਾ... ਕੁੱਤੇ ਨੇ ਮੇਰ ਪੈਰ ‘ਤੇ ਜੀਭ ਫੇਰੀ। ਮੈਂ ਕਵਿਤਰੀ ਬੀਬੀ ਨੂੰ ਆਖਿਆ, ‘ਬਸ... ਬਸ... ਹੁਣ ਮੇਰਾ ਮੂੰਹ ਨਾ ਚਟਾ ਦੇਵੀਂ... ਬੀਬੀ... ਮੇਰੀ ਇੰਗਲੈਂਡ ਯਾਤਰਾ ਸਫ਼ਲ ਹੋ ਗਈ ਐ... ਤੁਹਾਡੇ ਘਰ ਆਣ ਕੇ... ।’ ਪ੍ਰਕਾਂਡ ਖੋਜੀ ਤੇ ਵਿਦਵਾਨ ਲੇਖਕ ਬਲਬੀਰ ਸਿੰਘ ਕੰਵਲ ਕੋਲ ਰੁਕਣ ਦਾ ਮੌਕਾ ਵੀ ਮਿਲਿਆ। ਇਸ ਵਿਦਵਾਨ ਸਾਹਿਤਕਾਰ ਦੀ ਸੰਗਤ ਸੁਖ ਦੇਣ ਵਾਲੀ ਲੱਗੀ। ਅਗਲੇ ਵਾਲੇ ਕਾਲਮਾਂ ਵਿੱਚ ਜਿ਼ਕਰ ਕਰਾਂਗਾ।

****

ਦੋ-ਤਿੰਨ ਦਿਨ ਬਹੁਤ ਬੇਚੈਨ ਜਿਹਾ ਰਿਹਾ। ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦਾਂ ਤੇ ਮਹਾਰਾਜਾ ਦਲੀਪ ਸਿੰਘ ਬਹੁਤ ਯਾਦ ਆਏ। ਵਾਰ-ਵਾਰ ਯਾਦ ਆਏ। ਇਸ ਯਾਦ ਦਾ ਸਬੱਬ ਬਣਿਆ ਡਰਬੀ ਨੇੜੇ ਇੱਕ ਪਿੰਡ ਬਾਰਟਨ ਵਿੱਚ ਰਹਿੰਦਾ ਪਾਠਕ ਤੇ ਮਿੱਤਰ ਅਵਤਾਰ ਸ਼ੇਰਗਿੱਲ। ਜਦੋਂ ਕਾਰ ਵਿੱਚ ਉਹਦੇ ਨਾਲ ਜਾ ਰਿਹਾ ਸਾਂ ਤਾਂ ਉਹਨੇ ਢਾਡੀ ਦਇਆ ਸਿੰਘ ਦਿਲਬਰ ਦੀ ਉਹ ਟੇਪ ਲਗਾ ਦਿੱਤੀ, ਜਿਹੜੀ ਸੰਨ 1975 ਵਿੱਚ ਉਂਨ੍ਹਾਂ ਦੀ ਇੰਗਲੈਂਡ ਫੇਰੀ ਸਮੇਂ ਵੁਲਵਰਹੈਂਪਟਨ ਦੇ ਕਿਸੇ ਗੁਰੂ ਘਰ ਵਿੱਚ ਸ਼ੇਰਗਿੱਲ ਦੇ ਨਜ਼ਦੀਕੀ ਰਿਸ਼ਤੇਦਾਰ ਦਰਸ਼ਨ ਸਿੰਘ ਮੱਟੂ ਨੇ ਰਿਕਾਰਡ ਕੀਤੀ ਸੀ ਤੇ ਚਾਰ-ਪੰਜ ਘੰਟੇ ਦੇ ਲੱਗਭਗ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਦਾ ਇਤਿਹਾਸ ਸੰਗਤਾਂ ਨੇ ਇਕ-ਮਨ ਹੋ ਕੇ ਸੁਣਿਆ ਸੀ। ਬੜੇ ਕਮਾਲ ਦੀ ਪੇਸ਼ਕਾਰੀ ਸੀ। ਦਿਲਬਰ ਦਾ ਭਾਸ਼ਨ ਕੀਲ ਲੈਣ ਵਾਲਾ... ਕਲਾਤਮਿਕਤਾ ਭਰਪੂਰ! ਬਹੁਤ ਦਿਲਚਸਪ... ਇੱਕ-ਇੱਕ ਬੋਲ ਨਿਖਰਿਆ ਤੇ ਸੰਵਰਿਆ ਹੋਇਆ... ਤਿੱਖੀ ਤੇ ਪ੍ਰਭਾਵੀ ਆਵਾਜ਼... ! ਮਨ ਨੂੰ ਧੂਹ ਪਾ ਸੁੱਟ੍ਹਿਆ... ‘ਰਾਣੀ ਤੋਂ ਭੀਖ ਮੰਗਾ... ਨੀਂ ਤੂੰ ਕੀ ਕੀਤਾ ਤਕਦੀਰੇ... ।’ ਜਦੋਂ ਰਾਣੀ ਜਿੰਦਾ ਚਨਾਰ ਦੇ ਕਿਲੇ ਵਿੱਚ ਕੈਦ ਰਾਤ ਨੂੰ ਬੈਠੀ ਤਾਰਿਆਂ ਭਰੇ ਆਕਾਸ਼ ਵੱਲ ਦੇਖਦੀ ਹੈ ਤਾਂ ਇੱਕ ਤਾਰਾ ਟੁੱਟਦਾ ਹੈ... ਰਾਣੀ ਦਾ ਦਿਲ ਵੀ ਟੁਟ ਜਾਂਦਾ ਹੈ... ਉਹ ਡੂੰਘਾ ਹਉਕਾ ਲੈਂਦੀ ਹੈ... ਆਪੇ ਰੋ ਲੈਂਦੀ ਹੈ..ਆਪੇ ਚੁੱਪ ਕਰ ਜਾਂਦੀ ਹੈ... । ਬਿਰਤਾਂਤਕ ਵਰਨਣ ਏਨਾ ਮਨ ਲੁਭਾਵਣਾ ਹੈ ਕਿ ਇਵੇਂ ਜਾਪਿਆ ਕਿ ਮੈਂ ਉਸ ਸਮੇਂ ਵਿੱਚ ਜਾ ਪੁੱਜਾ ਹਾਂ। ਇਹ ਸਾਡੇ ਮਹਾਨ ਕਲਾਕਾਰਾਂ ਦੀ ਕਲਾ ਦਾ ਜਾਦੂ ਨਹੀਂ ਤਾਂ ਹੋਰ ਕੀ ਹੈ?

****

ਜਦ ਕਿਤੇ ਵੀ ਕੋਈ ਚੰਗੀ ਕਿਤਾਬ ਹੱਥ ਲੱਗ ਜਾਵੇ, ਉਸ ਬਾਰੇ ਪਾਠਕਾਂ ਨਾਲ ਗੱਲ ਕਰਦਾ ਹਾਂ ਤੇ ਉੁਹਨੂੰ ਪੜ੍ਹਨ ਲਈ ਕਹਿੰਦਾ ਹਾਂ। ਕਿਤਾਬ ਦੇ ਲੇਖਕ ਨਾਲ ਵੀ ਸੰਪਰਕ ਕਰਦਾ ਹਾਂ। ਵਲੈਤ ਰਹਿੰਦੇ ਮੋਹਨ ਸਿੰਘ ਕੁੱਕੜ ਪਿੰਡੀਆ ਨੇ ਕਈ ਨਾਵਲ ਲਿਖੇ ਹਨ। ਲਾਇਬਰੇਰੀਆਂ ਵਿੱਚ ਉਸਦੇ ਨਾਵਲ ਆਮ ਪਏ ਦਿਸਦੇ ਹਨ। ਪਰ ਇੰਡੀਆ ਵਿੱਚ ਰਹਿੰਦੇ ਸਾਹਿਤ ਦੇ ਅਲੋਚਕਾਂ ਨੇ ਪੰਜਾਬੀ ਨਾਵਲਕਾਰੀ ਬਾਰੇ ਗੱਲ ਕਰਦਿਆਂ ਕਦੇ ਮੋਹਨ ਸਿੰਘ ਕੁੱਕੜ ਪਿੰਡੀਆ ਦਾ ਜਿ਼ਕਰ ਤੱਕ ਨਹੀਂ ਕੀਤਾ। ਮੈਂ ਉਸਨੂੰ ਉਸਦਾ ਨਾਵਲ ਪੜ੍ਹਨ ਤੋਂ ਪਹਿਲਾਂ ਕਦੇ ਨਹੀਂ ਮਿਲਿਆ। ਡਰਬੀ ਦੀ ਪਿਰਟਿਰੀ ਲਾਇਬਰੇਰੀ ਵਿੱਚੋਂ ਲਿਆ ਕੇ, ਉਹਦਾ ਨਾਵਲ ‘ਵੈਰਨ ਲਵਾਇਤ’ ਪੜ੍ਹਦਿਆਂ ਵੱਖਰੀ ਤਰ੍ਹਾਂ ਦੇ ਅਨੁਭਵ ਵਿੱਚਦੀ ਗੁਜ਼ਰਿਆਂ ਹਾਂ। ਜੇਕਰ ਇਹ ਕਹਾਂ ਕਿ ਏਥੇ ਦੇ ਬਹੁਤੇ ਲੋਕਾਂ ਦੀ ਸਚਾਈ ਭਰੀ ਕਹਾਣੀ ਬਿਆਨ ਕੀਤੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੈ। ਉਸਨੇ ਬੜੇ ਹੇਰਵੇ ਨਾਲ ਲਿਖਿਆ ਹੈ ਕਿ ਕਮਾਉਣ ਆਏ ਸਾਂ... ਗੁਆ ਕੇ ਚੱਲੇ ਹਾਂ।ਬੜਾ ਦਿਲ-ਟੁੰਬਵਾਂ ਨਾਵਲ ਹੈ। ਪੜ੍ਹਿਆਂ ਹੀ ਗੱਲ ਬਣੇਗੀ। ਉਸਨੇ ਇੰਗਲੈਂਡ ਦੇ ਕਾਮਰੇਡਾਂ ਤੋਂ ਲੈਕੇ ਡੇਰੇ ਵਾਲੇ ਸਾਧਾਂ, ਸਾਧਾਂ ਦੀਆਂ ਸ਼ਰਧਾਲਣਾਂ, ਗੁਰਦੁਵਾਰਿਆਂ ਦੇ ਚੌਧਰੀਆਂ, ਗੱਲ ਕੀ... ਸਭ ਨੂੰ ਆੜੇ ਹੱਥੀਂ ਲਿਆ ਹੈ। ਇੱਕ ਦਿਨ ਉਹ ਮੈਨੂੰ ਗਿਆਨੀ ਨਰਗਿਸ ਜੀ ਦੇ ਘਰ ਡਰਬੀ ਵਿਖੇ ਨਿਲਣ ਆਇਆ। ਉਹ ਤਿੰਨ ਸੌ ਕਿਲੋਮੀਟਰ ਤੋਂ ਗੱਡੀ ਚਲਾ ਕੇ ਉਚੇਚਾ ਆਇਆ ਸੀ। ਬੜਾ ਦੁਖੀ ਸੀ। ਰੋਂਦਾ ਸੀ। ਕਹਿੰਦਾ, “ਵੀਰ ਮੇਰਿਆ ਕੱਖ ਨਹੀਂ ਖੱਟਿਆ ਵਲੈਤ ਆਕੇ... ਘਰ ਘਾਟ ਵੀ ਉੱਜੜ-ਪੁੱਜੜ ਗਿਆ ਆ... ਅਜੇ ਵੀ ਕੰਮ ਕਰਦਾ ਵਾਂ... ਬੱਸ ਹੁਣ ਹੋਰ ਨਹੀਂ ਰਹਿਣਾ..ਚਲੇ ਜਾਣਾ ਇੰਡੀਆ ਹੁਣ। ਉਥੇ ਜਲੰਧਰ ਹਵੇਲੀ ਦੇ ਨਾਲ ਚੰਗੀ ਜ਼ਮੀਨ ਆਂ ਮੇਰੀ... ਉਸੇ ਨਾਲ ਹੀ ਗੁਜ਼ਾਰਾ ਹੋਈ ਜਾਣਾ ਵਧੀਆ... ਜਦ ਕੋਲ ਈ ਕੋਈ ਨਹੀਂ ਆ ਤੇ ਫਿਰ ਕਿਹਦੇ ਪਿੱਛੇ ਕਮਾਉਣੇ ਆਂ? ਬੱਸ ਵੀਰ... ਹੁਣ ਮੇਰਾ ਕੀ ਆ? ਮੈਂ ਇੰਡੀਆ ਬਹਿ ਕੇ ਲਿਖਣਾ ਆਂ ।” ਮੈਂ ਪੁੱਛਿਆ, “ਕਦੋਂ ਕੁ ਆਉਣਾ ਇੰਡੀਆ।” ਉਸ ਕਿਹਾ, “ਬਸ ਸਮੇਟੀ ਜਾਨਾ ਹੁਣ ਸਾਰਾ ਕੁਝ... ਜਲਦੀ ਰਿਟਾਇਰ ਹੋ ਜਾਣਾ ਆਂ... ਮੈਂ ਏਥੇ ਬੱਸ ਚਲਾਉਣਾ ਆਂ... ਜਲਦੀ ਆ ਜਾਣਾ ਆਪਣੇ ਦੇਸ਼।” ਮੈਨੂੰ ਪਤਾ ਸੀ ਕੁੱਕੜ ਪਿੰਡੀਆ ਹੁਣ ਕਦੇ ਪਿੰਡ ਨਹੀਂ ਆਏਗਾ। ਇਹ ਇਸਦੀ ਭਾਵੁਕਤਾ ਬੋਲਦੀ ਹੈ। ਵਲੈਤ ਇਹਦੇ ਸਾਹਾਂ ਤੇ ਹੱਡਾਂ ਵਿੱਚ ਬੁਰੀ ਤਰ੍ਹਾਂ ਬਹਿ ਗਈ ਹੈ। ਫਿਰ ਟਿਕ ਜਾਏਗੀ ਇਹਦੀ ਭਾਵੁਕਤਾ। ਜਦ ਭੜਾਸ ਨਿੱਕਲ ਗਈ। ਉਹੀ ਗੱਲ ਹੋਈ। ਕੁੱਕੜ ਪਿੰਡੀਆ ਦੇਸ ਆਇਆ ਨਵਾਂ ਨਾਵਲ ਰਿਲੀਜ਼ ਕਰਨ। ਵੀਹ ਕੁ ਦਿਨ ਰਿਹਾ। ਫਿਰ ਦਿਲ ਨਾ ਲੱਗਿਆ ਵਲੈਤ ਬਿਨਾਂ। ਲੇਖਕਾਂ ਤੇ ਆਲੋਚਕਾਂ ਨੂੰ ਖੁਸ਼ ਕਰ ਗਿਆ ਦਾਰੂ-ਮੁਰਗੇ ਨਾਲ ਸੇਵਾ ਕਰਕੇ। ਪਰ ਉਹਦੇ ਨਾਵਲ ਬਾਰੇ ਲਿਖਿਆ ਫਿਰ ਵੀ ਕਿਸੇ ਨੇ ਕੱਖ ਨਹੀਂ।                                                                 
****

ਵਲੈਤ ਅਤੇ ਹੋਰਨਾਂ ਮੁਲਕਾਂ ਵਿੱਚੋਂ ਇੰਡੀਆ ਬਹੁਤ ਸਾਰੇ ਅਜਿਹੇ ਪਾਠਕ-ਲੋਕਾਂ ਦੇ ਫ਼ੋਨ ਮੈਨੂੰ ਅਕਸਰ ਹੀ ਜਾਂਦੇ ਰਹਿੰਦੇ ਹਨ, ਜੋ ਮੇਰੇ ਪਾਸੋਂ ਮੇਰੀਆਂ ਕਿਤਾਬਾਂ ਬਾਰੇ ਪੁਛਦੇ ਹਨ ਕਿ ਕਿੱਥੋਂ ਮਿਲਦੀਆਂ ਨੇ। ਇਸ ਯਾਤਰਾ ਸਮੇਂ ਮੈਂ ਆਪਣੀਆਂ ਕੁਝ ਨਵੀਆਂ ਛਪੀਆਂ ਕਿਤਾਬਾਂ ਤੇ ਕੁਝ ਪੁਰਾਣੀਆਂ ਜਹਾਜ਼ ਰਾਹੀਂ ਕੋਰੀਅਰ ਕਰ ਦਿੱਤੀਆਂ ਕਿ ਉਥੇ ਵਰਤ ਲਵਾਂਗਾ ਤੇ ਏਨੇ ਨਾਲ ਕੁਝ ਹੋਇਆ ਖਰਚ ਵੀ ਵਾਪਸ ਮੁੜ ਆਵੇਗਾ। ਕੋਈ ਸਾਢੇ ਬਾਰਾਂ ਹਜ਼ਾਰ ਰੁਪਏ ਕਿਤਾਬਾਂ ਦੇ ਕੋਰੀਅਰ ਦਾ ਖਰਚ ਆਇਆ ਤੇ ਕਿਤਾਬਾਂ ਦੀ ਖਰੀਦ ਦੇ ਪੈਸੇ ਵੱਖਰੇ ਲੱਗੇ। ਪਰ ਉਸ ਦਿਨ ਮੈਂ ਹੈਰਾਨ ਈ ਰਹਿ ਗਿਆ ਕਿ ਮੇਰੀਆਂ ਕਿਤਾਬਾਂ ਸਿਆਣੇ-ਬਿਆਣੇ ਬੰਦੇ ਇੰਝ ਚੁੱਕ ਕੇ ਲੈ ਗਏ ਜਿਵੇਂ ਸ਼ਰਾਰਤੀ ਨਿਆਣੇ ਸੜਕ ‘ਤੇ ਡਿਗੇ ਹੋਏ ਅੰਬ ਚੁਕ-ਚੁਕ ਕੇ ਜੇਭਾਂ ਵਿੱਚ ਪਾਉਂਦੇ ਹੋਣ! ਉਥੇ ਖਲੋਤਾ ਕੀ ਮੈਂ ਗੂੰਗਾ ਸਾਂ? ਅੰਨ੍ਹਾਂ ਸਾਂ ਕਿ ਮੈਨੂੰ ਦਿਸਦਾ ਨਹੀਂ ਸੀ? ਕਿ ਮੈਂ ਬੋਲਾ ਸਾਂ ਕਿ ਸੁਣਦਾ ਨਹੀਂ ਸੀ ਮੈਨੂੰ? ਕਿਸੇ ਪੁੱਛਣ ਦੀ ਗ਼ਲਤੀ ਨਹੀਂ ਸੀ ਕੀਤੀ ਕਿ ਕਿੰਨੇ ਦੀ ਹੈ ਕਿਤਾਬ? ਕੀ ਉਹ ਕਿਤਾਬਾਂ ਲਾਵਾਰਿਸ ਸਨ? ਸੋ, ਠੇਕੇ ਜਾਕੇ ਦਾਰੂ ਦੀ ਬੋਤਲ ਲੈਣ ਲਈ ਅਸੀਂ ਕਿਵੇਂ ਬਟੂਆ ਖੋਲ੍ਹਦੇ ਹਾਂ ਤੇ ਕਿਤਾਬ ਖ੍ਰੀਦਣ ਵੇਲੇ ਭੋਲੇ ਜਿਹੇ ਜੁਆਕ ਵਾਂਗ ਖੇਖਣ ਕਰਦੇ ਹਾਂ। ਜੇਕਰ ਸਾਡੇ ਪੰਜਾਬੀਆਂ ਵਿੱਚ ਇਹ ਭੈੜ ਨਾ ਹੁੰਦਾ ਤਾਂ ਪੰਜਾਬੀ ਦੇ ਮਹਾਨ ਲੇਖਕ ਭੁੱਖੇ ਨਾ ਸੀ ਮਰਦੇ! ਮੈਂ ਸਬਕ ਸਿੱਖ ਲਿਆ ਹੈ... ਤੌਬਾ... ਤੌਬਾ... ਤੌਬਾ... ! ਅੱਗੇ ਤੋਂ ਕਦੀ ਆਪਣੀਆਂ ਕਿਤਾਬਾਂ ਨਾਲ ਨਹੀਂ ਲਿਆਵਾਂਗਾ! ਮੈਨੂੰ ਕੀ ਮੁਸੀਬਤ ਪਈ ਹੈ ਕਿ ਪਹਿਲਾਂ ਲਿਖਾਂ... ਕਿੰਨੀ-ਕਿੰਨੀ ਵਾਰ ਸੋਧਾਂ... ਫਿਰ ਛਪਵਾਵਾਂ... ਫਿਰ ਪੈਸੇ ਖਰਚ ਕੇ ਏਨੀ ਦੂਰ ਲਿਆਵਾਂ ਤੇ ਲੋਕ ਮੁਫ਼ਤ ਵਿੱਚ ਚੁਕ ਕੇ ਬੇਕਦਰੀ ਕਰਵਾਵਾਂ। ਕਈ ਬੰਦੇ ਕਿਤਾਬਾਂ ਨੂੰ ਇਓਂ ਘੂਰਦੇ ਦੇਖੇ ਹਨ ਜਿਵੇਂ ਮੱਝ ਖ੍ਰੀਦਣ ਆਇਆ ਵਪਾਰੀ ਮੱਝ ਦੇ ਚੱਡੇ ਦੇਖਦਾ ਹੈ ਕਿੰਨਾਂ ਕੁ ਦੁੱਧ ਦਿੰਦੀ ਹੋਊ... ? ਟੀਰੀ ਤਾਂ ਨਹੀਂ... ਸਿਰ ਤਾਂ ਨਹੀਂ ਝਟਕਦੀ... ਵਗੈਰਾ-ਵਗੈਰਾ... ਪਰ ‘ਮੱਝ ਤੇ ਕਿਤਾਬ’ ਵਿੱਚ ਬੜਾ ਫ਼ਰਕ ਹੁੰਦਾ ਹੈ ਪਿਆਰਿਓ!

****

No comments: