ਡਰੱਗ ਡੀਲਰਾਂ ਦੇ ਨਾਂ........ ਨਜ਼ਮ/ਕਵਿਤਾ / ਬਲਜਿੰਦਰ ਸੰਘਾ

ਜਿਸ ਤਰ੍ਹਾਂ
ਨਕਲਾਂ ਮਾਰ ਕੇ ਕੀਤੀ ਪੜ੍ਹਾਈ
ਪੜ੍ਹਾਈ ਨਹੀਂ ਹੁੰਦੀ ।
ਉਸੇ ਤਰ੍ਹਾਂ
ਜਿ਼ੰਦਗੀਆਂ ਗਾਲ ਕੇ ਕੀਤੀ ਕਮਾਈ
ਕਮਾਈ ਨਹੀਂ ਹੁੰਦੀ ।
ਕਿਸੇ ਮਾਂ ਦੇ ਇਕਲੌਤੇ ਪੁੱਤ ਨੂੰ
ਗੁੰਮਰਾਹ ਕਰਕੇ
ਨਸ਼ੇ ‘ਤੇ ਲਾ ਦੇਣਾ ।
ਤੇ ਉਸਨੂੰ
ਇਸ ਦਾ ਗੁਲਾਮ ਬਣਾਕੇ
ਹੋਰ ਜਿ਼ੰਦਗੀਆਂ ਤਬਾਹ ਕਰਨਾ ।
ਇਕ ਇਨਸਾਨ ਦਾ ਕੰਮ
ਨਹੀਂ ਹੋ ਸਕਦਾ ।
ਤੁਹਾਡੇ ਨਾਲੋ ਤਾਂ
ਉਹ ਸਿਖਰ ਦੁਪਹਿਰੇ
ਬੱਜਰੀ ਕੁੱਟਦੀਆਂ
ਪੈਰਾਂ ਤੋ ਨੰਗੀਆਂ
ਬਜੁ਼ਰਗ ਔਰਤਾਂ ਚੰਗੀਆ ਨੇ ।
ਜੋ ਸਿਰਫ ਢਿੱਡ ਭਰਨ ਜੋਗੇ ਪੈਸੇ ਲੈਕੇ
ਕਿਸੇ ਲਈ
ਰਾਹ ਬਣਾਉਦੀਆਂ ਨੇ ।
ਅੱਗੇ ਵੱਲ ਵਧਣ ਦਾ ਰਾਹ ।
ਤੇ ਤੁਸੀਂ
ਕਿਸੇ ਮਾਪਿਆਂ ਦੇ ਰਾਹ ਨੂੰ
ਬੰਦ ਕਰਕੇ
ਉਸ ਵਿਚ ਕੰਡੇ ਖਿਲਾਰਦੇ ਹੋ ।
ਤੁਸੀਂ ਇਨਸਾਨ ਨਹੀਂ ਹੋ ਸਕਦੇ
ਤੇ ਤੁਹਾਡੀ ਕਮਾਈ
ਕਮਾਈ ਨਹੀ ਹੋ ਸਕਦੀ ।
ਤੁਸੀ ਇਨਸਾਨ ਨਹੀ ਹੋ ਸਕਦੇ
ਤੇ ਤੁਹਾਡੀ ਕਮਾਈ
ਕਮਾਈ ਨਹੀਂ ਹੋ ਸਕਦੀ ।

****No comments: