ਕੂੰਜਾਂ……… ਗੀਤ / ਕੁਲਦੀਪ ਸਿੰਘ ਸਿਰਸਾ

ਇਕ ਪ੍ਰਦੇਸੀ ਨੇ ਕੂੰਜਾਂ ਤੱਕੀਆਂ
ਤੱਕ ਉਹਨਾਂ ਵੱਲ ਰੋਇਆ
ਸਾਡਾ ਵੀ ਤਾਂ ਹਾਲ ਡਾਢਿਓ
ਕੂੰਜਾਂ ਵਰਗਾ ਹੋਇਆ
ਕਿਤੇ ਰਹਿੰਦੇ ਕਿਤੇ ਜਿਉਂਦੇ
ਰੂਹ ਬਿਨਾਂ ਸਰੀਰ ਹੋਵੇ
ਪ੍ਰਦੇਸੀਆਂ ਅਤੇ ਕੂੰਜਾਂ ਦੀ
ਏਹੀ ਤਕਦੀਰ ਹੋਵੇ

ਵਤਨਾਂ ਵਲ ਜਾਂਦੀਆਂ ਯਾਦਾਂ ਦੀਆਂ ਤਾਰਾਂ ਨੂੰ
ਹਾੜਾ ਨਾਂ ਰੋਕੋ ਉਇ ਕੂੰਜਾਂ ਦੀਆਂ ਡਾਰਾਂ ਨੂੰ

ਕੁਝ ਕੂੰਜਾਂ ਮੇਰੀ ਮਾਂ ਵਰਗ਼ੀਆਂ ਯਾਦਾਂ ਵਿੱਚ ਖੋਈਆਂ
ਪੁੱਤ ਜਿਨ੍ਹਾਂ ਦੇ ਦੂਰ ਵਸੇਂਦੇ ਚੇਤੇ ਕਰ-ਕਰ ਰੋਈਆਂ
ਇਕ ਕੂੰਜ ਮੇਰੀ ਭੈਣ ਜੇਹੀ ਕੰਧਾਂ ਤੋਂ ਉਚੀ ਹੋਈ
ਕੰਮ ’ਚ ਘਸਗੀ ਕੁੜਤੀ ਰੱਖਦੀ ਚੁੰਨੀ ਹੇਠ ਲਕੋਈ
ਮਿੱਟੀ ਤੋਂ ਦੂਰ ਬੈਠੀਆਂ ਇਨ੍ਹਾਂ ਗੁਲਜ਼ਾਰਾਂ ਨੂੰ
ਹਾੜਾ ਨਾ…

ਉਸ ਕੂੰਜ ਦੀ ਹਾਲਤ ਦੇਖੋ ਜੋ ਸੱਸ ਦੇ ਕੋਲੇ ਸੌਂਵੇ
ਵਾਰੀ-ਵਾਰੀ ਚਿੱਠੀਆਂ ਪੜ੍ਹਦੀ ਹੌਂਕੀ-ਹੌਂਕੀ ਰੋਵੇ
ਸਹੁਰਾ ਉਸਦਾ ਆਖਰੀ ਉਮਰੇ ਖੇਤੀਂ ਹਲ ਚਲਾਵੇ
ਸਾਰਾ ਟੱਬਰ ਖਪਦੇ ਫਿਰਦੇ ਮੇਹਨਤ ਕਿਥੇ ਜਾਵੇ
ਅੱਜ ਤੱਕ ਸਮਝੇ ਨਾਹੀਂ ਸਰਕਾਰਾਂ ਦੀਆਂ ਮਾਰਾਂ ਨੂੰ
ਹਾੜਾ ਨਾ…
                         
ਮਿੱਟੀ ਦੇ ਨਾਲ ਮਿੱਟੀ ਹੋਈਆਂ ਕੁਝ ਕੂੰਜਾਂ ਕਰਜ਼ਾਈ
ਖ਼ਾਨਦਾਨੀ ਪਿਰਤ ਪੁਰਾਣੀ ਚਿਰਾਂ ਤੋਂ ਚਲਦੀ ਆਈ
ਕੱਚੇ ਘਰ ਬਰਸਾਤੀ ਚਿਉਂਦੇ ਕਦੇ ਸੋਕਾ ਕਦੇ ਪਾਣੀ
ਬਾਜਾਂ ਦੇ ਘਰ ਗੋਹੇ ਸੁਟਦੀ ਅਲ੍ਹੜ ਕੂੰਜ ਨਿਆਣੀ
ਦੜ੍ਹ ਵੱਟਕੇ ਵਕਤ ਲਘਾਉਂਦੀ ਕਿਥੇ ਲਾਵੇ ਵਾਰ੍ਹਾਂ ਨੂੰ
ਹਾੜਾ ਨਾ…

ਕਿਸੇ ਕੂੰਜ ਨੇ ਆਕੇ ਦਾਦੀ ਦਾ ਇਲ਼ਾਜ ਕਰਾਉਣਾ
ਬਾਪੂ ਦੇ ਸਿਰ ਚੜਿਆ ਮੁਦਤਾਂ ਦਾ ਕਰਜ਼ਾਂ ਲਹੁਣਾ
ਵਿਹੜੇ ਬੈਠੀ ਚਾਦਰਾਂ ਕੱਢਦੀ ਛੋਟੀ ਭੈਣ ਵਿਆਉਣੀ
ਮਾੜੇ ਵੇਲੇ ਰੈਣੇ ਪਾਈ ਪੁਸ਼ਤੈਨੀ ਜ਼ਮੀਨ ਛੁਡਾਉਣੀਂ
ਸਿਰਾਂ ਉਤੇ ਚੁੱਕੀ ਫਿਰਦੀਆਂ ਢਾਂਚੇ ਦੀਆਂ ਹਾਰਾਂ ਨੂੰ
ਹਾੜਾ ਨਾ…

****

No comments: