ਮੋਬਲੈਲ - ਇਕ ਪਰਾਬਲਮ.......... ਵਿਅੰਗ / ਰਮੇਸ਼ ਸੇਠੀ ਬਾਦਲ

“ਬਾਊ ਜੀ ਕਹਾਣੀ ਲਿਖ ਰਹੇ ਹੋ ?” ਆਉਂਦੇ ਨੇ ਹੀ ਮੈਨੂੰ ਪੁੱਛਿਆ । 

“ਦਸੋ...”

“ਬਾਊ ਜੀ... ਮੇਰੀ ਇਕ ਪਰਾਬਲਮ ਹੈ।”

“ਹਾਂ...!  ਤੂੰ ਬੋਲ”, ਮੈਂ ਕਿਹਾ ਤੇ ਹਥਲਾ ਪੈੱਨ ਰੱਖ ਦਿੱਤਾ । ਚਲੋ ਕੋਈ ਦੁਖਿਆਰਾ ਜੀਵ ਹੈ। ਪਹਿਲਾਂ ਇਹਦਾ ਮਸਲਾ ਹੱਲ ਕਰੀਏ ।

“ਬਾਊ ਜੀ ਮੇਰੀ ਇਕ ਘਰਵਾਲੀ ਹੈ । ਘਰਵਾਲੀ ਤਾਂ ਖੈਰ ਸਭ ਦੀ ਇਕ ਹੀ ਹੁੰਦੀ ਹੈ। ਕਿੰਤੂ ਮੇਰੀ ਪਰਾਬਲਮ ਜ਼ਰਾ ਗੰਭੀਰ ਹੈ।”,  ਤੇ ਉਹ ਬੈਠ ਗਿਆ।  “ਬਾਊ ਜੀ ਆਹ ਜਿਹੜਾ ਮੋਬਲੈਲ ਹੈ। ਇਹਦੇ ਬਿਨਾਂ ਪਹਿਲਾਂ ਕਿਵੇਂ ਸਰਦਾ ਸੀ ਤੇ ਹੁਣ ਕਿਉਂ ਨਹੀਂ ਸਰਦਾ । ਜੀਹਨੂੰ ਦੇਖੋ, ਕੰਨ ਨਾਲ ਲਾਈ ਫਿਰਦਾ ਹੈ। ਕੀ ਬਾਬੇ, ਬੁੱਢੀਆਂ, ਮੁੰਡੇ, ਕੁੜੀਆਂ ਸਾਰਿਆਂ ਦੇ ਕੋਲ ਹੈ। ਕਈ ਤਾਂ ਵਿਚਾਰੇ ਕੰਨ ਨਾਲ ਲਾ ਕੇ ਮੋਢੇ ਤੇ ਰੱਖ ਲੈਂਦੇ ਹਨ ਤੇ ਧੌਣ ਟੇਢੀ ਕਰ ਲੈਂਦੇ ਹਨ। ਨਾਲੇ ਮੋਟਰ ਸਾਈਕਲ ਚਲਾਉਂਦੇ ਜਾਂਦੇ ਹਨ ਨਾਲੇ ਗੱਲਾਂ ਮਾਰਦੇ ਰਹਿੰਦੇ ਹਨ। ਮੈਨੂੰ ਲੱਗਦਾ ਬਈ ਇਹਨਾਂ ਦੀ ਧੌਣ ਜਰੂਰ ਟੇਢੀ ਹੋਜੂਗੀ । ਹੋਰ ਤਾਂ ਹੋਰ ਆਹ ਜਿਹੜੇ ਮਕੈਨਿਕ, ਮਿਸਤਰੀ ਹਨ, ਚਾਹੇ ਬਿਜਲੀ ਵਾਲੇ ਜਾਂ ਪਲੰਬਰ, ਜਾਂ ਕੋਈ ਹੋਰ ਕੰਮ ਕਰਨ ਵਾਲੇ । ਇਹਨਾਂ ਨੂੰ ਤਾਂ ਸਾਹ ਲੈਣਾ ਨੀ ਮਿਲਦਾ। ਇਕ ਨਟ ਖੋਲਦੇ ਐ, ਘੰਟੀ ਵੱਜ ਜਾਂਦੀ ਹੈ। ਜਿਹੜਾ ਕੰਮ ਕੰਮ ਪੰਜ ਮਿੰਟਾਂ ਵਿੱਚ ਹੋਣਾ ਹੁੰਦਾ ਹੈ, ਘੰਟਾ ਲੱਗ ਜਾਂਦਾ ਹੈ। ਇਹ ਫੋਨ ਤਾਂ ਕੰਮ ਹੀ ਨਹੀਂ ਕਰਨ ਦਿੰਦਾ । ਅਗਲਾ ਘੰਟੀਆਂ ਮਾਰ-ਮਾਰ ਕੇ ਬੰਦੇ ਨੂੰ ਬੌਂਦਲਾ ਦਿੰਦਾ ਹੈ। ਕੰਮ ਕੀ ਸੁਆਹ ਹੋਣਾ ਹੈ। ਇੱਕ ਕੰਮ ਨੂੰ ਹੱਥ ਪਾਉਦੇ ਹਨ, ਚਾਰ ਹੋਰ ਕੰਮਾਂ ਦਾ ਬੁਲਾਵਾ ਆ ਜਾਂਦਾ ਹੈ।”

“ਲੈ... ਗੱਲ ਤਾਂ ਘਰਵਾਲੀ ਦੀ ਕਰਦਾ ਸੀ, ਆਹ ਮੋਬਾਇਲ ਦਾ ਕਿਥੇ ਪੰਗਾ ਪਾ ਕੇ ਬੈਠ ਗਿਆ ।”,  ਮੈਂ ਟੋਕਿਆ।

“ਹਾਂ ਬਾਊ ਜੀ ! ਮੇਰੀ ਪਰਾਬਲਮ ਵੀ ਇਹੀ ਹੈ। ਰੀਸੋ ਰੀਸ ਮੇਰੀ ਘਰਵਾਲੀ ਨੇ ਵੀ ਮੋਬਾਇਲ ਲੈ ਲਿਆ ਤੇ ਉਧਰ ਮੇਰੇ ਸਹੁਰਿਆਂ ਨੇ ਮੇਰੀ ਸੱਸ ਨੂੰ ਮੋਬਾਇਲ ਲੈਤਾ । ਹੁਣ ਤਾਂ ਮੇਰੇ ਘਰੇ ਸਾਰਾ ਦਿਨ ਮੋਬਾਇਲ ਚਰਚਾ ਹੀ ਚਲਦੀ ਹੈ। ਕਦੇ ਮੇਰੀ ਸੱਸ ਦਾ ਮੋਬਾਇਲ ਆ ਜਾਂਦਾ ਹੈ ਤੇ ਕਦੇ ਮੇਰੀ ਘਰਵਾਲੀ ਮੇਰੀ ਸੱਸ ਨੂੰ ਘੰਟੀ ਮਾਰ ਦਿੰਦੀ ਹੈ। ਫੇਰ ਕਥਾ ਸ਼ੁਰੂ ਹੋ ਜਾਂਦੀ ਹੈ। ਏਧਰੋਂ ਉਧਰੋਂ ਘਰ ਦੀਆਂ ਨਿੱਕ ਸੁੱਕ ਗੱਲਾਂ ਦਾ ਅਦਾਨ ਪ੍ਰ੍ਰਦਾਨ ਸ਼ੁਰੂ ਹੋ ਜਾਂਦਾ ਹੈ। ਕੀ ਬਣਾਇਆ, ਕਿਵੇਂ ਬਣਾਇਆ,  ਕੌਣ ਮਰ ਗਿਆ ਕਿਸ ਦਾ ਰਿਸ਼ਤਾ ਹੋ ਗਿਆ । ਕੌਣ ਕੀ ਕਰਦਾ ਹੈ? ਗੱਲਾਂਬਾਤਾਂ ਨਾਲ ਹੀ ਢਿੱਡ ਭਰ ਜਾਂਦਾ ਹੈ ਤੇ ਫੇਰ ਉਸ ਫੋਨ ਤੇ ਹੋਈ ਵਿਚਾਰ ਗੋਸ਼ਟੀ ਦਾ ਅਸਰ ਸਾਡੇ ਘਰੇ ਸ਼ੁਰੂ ਹੋ ਜਾਂਦਾ ਹੈ। ਨਿੱਕੀ-ਨਿੱਕੀ ਗੱਲ ਤੇ ਕਾਟੋ ਕਲੇਸ਼ ਪੈਂਦਾ ਹੈ। ਸਾਡੇ ਘਰੇ ਉਹੀ ਬੋਲੀ ਬੋਲੀ ਜਾਂਦੀ ਹੈ, ਜੋ ਮੇਰੀ ਸੱਸ ਬੋਲਦੀ ਹੈ। ਸਾਡੇ ਮੀਆਂ ਬੀਵੀ ਵਿਚ ਇਕ ਦਰਾੜ ਜਿਹੀ ਪੈਦਾ ਹੋ ਗਈ ਹੈ। ਜੀ ਕਰਦਾ ਹੈ ਮੋਬਾਇਲ ਫੋਨ ਤੇ ਪਾਬੰਦੀ ਲੱਗ ਜਾਵੇ । ਪਰ ਇਹ ਬਿਮਾਰੀ ਤਾਂ ਦਿਨੋ-ਦਿਨ ਵੱਧ ਰਹੀ ਹੈ।”

“ਗੱਲ ਸਾਡੇ ਘਰ ਦੀ ਹੀ ਨਹੀਂ। ਥਾਂ-ਥਾਂ ‘ਤੇ ਇਹੀ ਰੇੜਕਾ ਪਿਆ ਹੈ । ਮੋਬਾਇਲ ਤੇ ਮੁੰਡੇ ਕੁੜੀਆ ਦਾ ਇਸ਼ਕ ਪਰਵਾਨ ਚੜ੍ਹਦਾ ਹੈ। ਸਾਰਾ ਸਾਰਾ ਦਿਨ ਘੁਸਰ ਮੁਸਰ ਹੂੰਦੀ ਰਹਿੰਦੀ ਹੈ। ਕੀ ਕਹਿਣੇ ਐਸ ਐਮ ਐਸ ਦਾ ਸਾਰਾ ਸਾਰਾ ਦਿਨ ਮੋਬਾਇਲ ਤੇ ਉਸਦੀ ਟਿਕ-ਟਿਕ ਹੁੰਦੀ ਹੈ। ਕੀ ਪਾੜ੍ਹੇ ਤੇ ਕੀ ਪੜਾਉਣ ਵਾਲੇ.. ਇਸੇ ਬਿਮਾਰੀ ਦਾ ਸਿ਼ਕਾਰ ਹੋਏ ਪਏ ਹਨ। ਮੋਬਾਇਲ ਕੰਪਨੀਆਂ ਦੀ ਲੁੱਟ ਖਸੁੱਟ ਨੇ ਕਈ ਘਰਾਂ ਦਾ ਬੇੜਾ ਗਰਕ ਕਰ ਦਿੱਤਾ ਹੈ।”

“ਬਾਊ ਜੀ ! ਲੋਕਾਂ ਨੂੰ ਇਹ ਬਿਮਾਰੀ ਕੈਂਸਰ ਦੀ ਤਰ੍ਹਾਂ ਚਿੰਬੜੀ ਹੋਈ ਹੈ। ਲੋਕੀਂ ਕਾਰ, ਜੀਪ ਮੋਟਰਸਾਈਕਲ ਚਲਾਉਂਦੇ ਵੀ ਮੋਬਾਇਲ ਦਾ ਖਹਿੜਾ ਨਹੀਂ ਛੱਡਦੇ । ਮਿੰਟ-ਮਿੰਟ ਦੀ ਸੂਚਨਾ ਭੇਜੀ ਜਾਂਦੀ ਹੈ। ਕਿੱਥੇ ਹੈ ? ਕੀ ਕਰਦਾ ਹੈ ? ਰੋਟੀ ਖਾ ਲਈ ਵਗੈਰਾ ਵਗੈਰਾ। ਬਹੁਤੇ ਤਾਂ ਵਿਚਾਰੇ ਕੰਨਾਂ ਨਾਲ ਮੋਬਾਇਲ ਲਾਈ ਹੀ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ। ਤਿੰਨ ਚਾਰ ਅਜਿਹੇ ਹਾਦਸੇ ਦੇਖ ਕੇ ਵੀ ਲੋਕਾਂ ਨੂੰ ਅਕਲ ਨਹੀਂ ਆਉਂਦੀ ।”

“ਕਈ ਤਾਂ ਵਿਚਾਰੇ ਮੋਬਾਇਲ ਪੱਗ ਜਾਂ ਟੋਪੀ ਹੇਠ ਹੀ ਫਸਾਈ ਰੱਖਦੇ ਹਨ। ਕਈ ਰੇਲਵੇ ਟਰੈਕ ਤੇ ਕੰਨਾਂ ਨਾਲ ਮੋਬਾਇਲ ਲਾਈ ਰੇਲ ਗੱਡੀਆਂ ਥੱਲੇ ਆ ਕੇ ਮਾਂ-ਪਿਉ ਨੂੰ ਸਦਾ ਲਈ ਦੁੱਖ ਦੇ ਕੇ ਚਲਦੇ ਬਣੇ ਹਨ।”

“ਬਾਊ ਜੀ ! ਹੁਣ ਸਮਝ ਨਹੀਂ ਆਉਂਦਾ ਕਿ ਕਸੂਰ ਮੇਰੀ ਘਰਵਾਲੀ ਦਾ ਹੈ ਜਾਂ ਮੋਬਾਇਲ ਦਾ। ਲੋਕੀਂ ਜਾਣ ਢੱਠੇ ਖੂਹ ਵਿੱਚ । ਕੋਈ ਟਰੱਕ ਥੱਲੇ ਆ ਕੇ ਮਰੇ ਜਾਂ ਬੱਸ ਥੱਲੇ ।  ਪਰ ਮੇਰਾ ਘਰ ਤਾਂ ਮੋਬਾਇਲ ਦੀ ਮਾਰ ਹੇਠ ਆ ਚੁੱਕਿਆ ਹੈ। ਏਨਾ ਨੁਕਸਾਨ ਤਾਂ ਸੇਮ ਨੇ ਮਾਲਵਾ ਪੱਟੀ ਦਾ ਨਹੀਂ ਕੀਤਾ ਹੋਣਾ, ਜਿੰਨਾਂ ਮੋਬਾਇਲ ਨੇ ਮੇਰਾ ਕਰਤਾ। ਹੁਣ ਸਮਝ ਨਹੀਂ ਆਉਂਦਾ ਮੋਬਾਇਲ ਤੋਂ ਖਹਿੜਾ ਕਿਵੇਂ ਛੁਡਾਵਾਂ । ਮੇਰਾ ਤਾਂ ਘਰ-ਬਾਰ ਹੀ ਪੱਟਤਾ ਏਸ ਮੋਬਾਇਲ ਨੇ । ਇਕ ਦਿਨ ਗੁੱਸੇ  ਚ ਆਏ ਨੇ ਮੈਂ ਤਾਂ ਮੇਰਾ ਮੋਬਾਇਲ ਨਹਿਰ ਵਿਚ ਹੀ ਸੁੱਟ ਦਿੱਤਾ । ਚਲੋ ਖਹਿੜਾ ਛੁੱਟਾ । ਪਰ ਹੁਣ ਘਰਵਾਲੀ ਤੋਂ...”, ਉਹ ਚੁੱਪ ਜਿਹਾ ਹੋ ਗਿਆ ।

“ਭਰਾਵਾ ! ਇਹ ਤੇਰੀ ‘ਕੱਲੇ ਦੀ ਪਰਾਬਲਮ ਨਹੀਂ ਸਗੋਂ ਇਹ ਤਾਂ ਘਰ-ਘਰ ਦੀ ਪਰਾਬਲਮ ਹੈ।”, ਮੇਰਾ ਸੰਖੇਪ ਜਿਹਾ ਜੁਆਬ ਸੀ ।

****

No comments: