ਜੀਵਨ ਦੇ ਸੱਚ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਛੋਟੀ ਜਹੀ ਦੁਨੀਆਂ 'ਤੇ ਛੋਟੇ ਜਹੇ ਇਰਾਦੇ  ਸੀ
ਛੋਟੀਆਂ  ਆਸ਼ਾਵਾਂ 'ਤੇ ਛੋਟੇ  ਛੋਟੇ  ਵਾਦੇ  ਸੀ
ਛੋਟੇ   ਜਹੇ  ਘਰ  ਵਿੱਚ  ਦੇਖੇ  ਛੋਟੇ  ਖਾਬ ਸੀ
ਤੇਰੀ ਮੇਰੀ ਕੋਈ  ਨਹੀਂ , ਨਾਂ  ਕੋਈ ਹਿਸਾਬ  ਸੀ
ਨਿੱਕੀ  ਨਿੱਕੀ  ਚੀਜ਼  ਨੂੰ  ਸਾਂਭ  ਸਾਂਭ  ਰੱਖਣਾ
ਬਾਰ ਬਾਰ ਪੂੰਝਨਾਂ 'ਤੇ ਬਾਰ ਬਾਰ  ਤੱਕਣਾ
ਸ਼ਾਮਾਂ  ਦੀ  ਦਹਿਲੀਜ਼  ਬੈਠ  ਬਾਤਾਂ  ਕਈ  ਪਾਉਣੀਆਂ
ਫਟੇ  ਹੋਏ  ਰਿਸ਼ਤਿਆਂ  ਤੇ ਟਾਕੀਆਂ ਵੀ ਲਾਉਣੀਆਂ
ਧੁੱਪਾਂ  ਵੀ ਸੇਕੀਆਂ 'ਤੇ  ਛਾਵਾਂ  ਵੀ ਮਾਣੀਆਂ
ਹੌਲੇ ਹੌਲੇ ਤੁਰਦੇ  ਉਮਰਾਂ ਹੋ ਗਈਆਂ ਸਿਆਣੀਆਂ

ਛੋਟੇ   ਜਿਹੇ  ਘਰ ਦੀ ਨਿੰਮੀ ਜਿਹੀ  ਰੋਸ਼ਨੀ
ਨਕਸ਼ਾਂ  ਨੂੰ ਪਛਾਣਦੀ ਉਹ ਨਿੰਮੀ  ਜਿਹੀ ਰੋਸ਼ਨੀ
ਤੇਰੀ ਮੇਰੀ ਕੁਝ  ਨਹੀਂ, ਜਾਣਦੀ ਸੀ ਰੋਸ਼ਨੀ
ਕਦੀ ਕਦੀ ਨਿਘ ਦੇਵੇ ਲੋੜ ਵੇਲੇ ਸੇਕ ਦੇਵੇ
ਹੌਲੀ ਹੌਲੀ  ਜਿੰਦਗੀ ਨੂੰ ਤੋਰਦੀ ਸੀ ਰੋਸ਼ਨੀ
ਹਨੇਰੀਆਂ  ਤੇ  ਝਖੱੜ  ਆਏ ਦੁੱਖ ਆਏ  ਸੁੱਖ  ਆਏ
ਨੇੜੇ ਨੇੜੇ  ਬੈਠ , ਨਾਂ ਬੁੱਝਣ ਦਿੱਤੀ  ਰੋਸ਼ਨੀ

ਬੀਤ ਗਈ ਸਵੇਰ  ਕਦੋਂ ਹੋਈ ਦੁਪਹਿਰ  ਸੀ
ਕਦੀ ਨਹੀਂ ਸੋਚਿਆ ਕਿਹੜਾ ਉਮਰਾਂ ਦਾ ਪਹਿਰ ਸੀ
ਦਿਨ ਵੀ ਢਲ ਗਿਆ ਸ਼ਾਮ ਦਾ ਵੀ ਵੇਲਾ  ਸੀ
ਕੋਲ  ਕੋਲ ਬੈਠ, ਤੱਕਿਆ ਜ਼ਿੰਦਗੀ ਦਾ ਮੇਲਾ ਸੀ
ਠੰਡੀਆਂ  'ਤੇ ਤੱਤੀਆਂ  ਹਵਾਵਾਂ  ਵੀ ਆਈਆਂ
ਸਾਰਿਆਂ ਨੇ ਮਿਲਕੇ ਪਿੰਡੇ ਤੇ ਹੰਢਾਈਆਂ
ਕ਼ਦੀ ਜਾਨਾਂ ਖਿੜੀਆਂ 'ਤੇ ਕਦੀ ਕਮਲਾਈਆਂ
ਨਾ ਵਸਲਾਂ ਦੀ ਗੱਲ, ਨਾ ਲੰਬੀਆਂ  ਜੁਦਾਈਆਂ ।

ਕਦੋਂ ਕਿੰਝ ਜ਼ਿੰਦਗੀ ਨੂੰ ਨਜ਼ਰ ਕਿਸ ਲਾਈ ਸੀ
ਫਿਰ ਰੁਤ ਬਦਲੀ 'ਤੇ ਰੁਸ ਗਿਆ ਮਾਹੀ ਸੀ
ਫੁਲਾਂ ਦੀ ਕਿਆਰੀ ਪਿੱਛੇ ਛੁਪ ਗਿਆ ਮਾਹੀ ਸੀ
ਫੁੱਲਾਂ ਨੂੰ ਫਰੋਲਦੀ ਬੂੱਟੇ ਵੀ ਟਟੋਲਦੀ
ਕਿਤੇ ਹੱਥ ਆ ਜਾਵੇ ਉਹਦੀ ਪਰਛਾਈ ਹੀ
ਸਮੇਂ ਦੀ ਕਹਾਣੀ ਏ ਯਾਦ ਇਹ ਜ਼ਬਾਨੀ ਏ
ਫੁੱਲਾਂ ਵਾਲੀ ਰੁਤ ਵਿੱਚ ਜਿਹੜੇ ਛੁਪ ਜਾਂਦੇ ਨੇਂ
ਚੰਨ ਦੀ ਚਾਨਣੀ 'ਚ ਉਹ ਘੁਲ ਜਾਂਦੇ ਨੇ
ਮਹਿਕਾਂ ਵਾਲੀ ਰੁੱਤ ਵਿਚ ਕਿਉਂ ਜੰਮਦੀ ਜੁਦਾਈ ਏ
ਕਿਵੇਂ ਦਿਲ ਮੰਨੇ , ਬਸ ਇਹੀ ਤਾਂ ਸਚਾਈ ਏ ।

****

No comments: