ਦੋਹੇ……… ਦੋਹੇ / ਬਲਵਿੰਦਰ ਸਿੰਘ ਮੋਹੀ

ਡਾਢਾ ਔਖਾ ਹੋਇਆ ਕਰਨਾ, ਰੋਟੀ ਦਾ ਪ੍ਰਬੰਧ,
ਕਾਰੀਗਰ ਹੀ ਵੇਚੀ ਜਾਂਦੇ ਹੁਣ ਤਾਂ ਆਪਣੇ ਸੰਦ।

ਜਿਹੜੇ ਬੰਦੇ ਸਮਝਦੇ, ਕਿ ਉਹ ਵੱਡੇ ਘਰਦੇ ਨੇ,
ਵੱਡੇ ਵੱਡਿਆਂ ਦਾ ਉਹ ਵੀ ਤਾਂ ਪਾਣੀ ਭਰਦੇ ਨੇ।

ਅੱਜ ਪੰਜਾਬੀ ਗੀਤਾਂ ਦੇ ਵਿੱਚ, ਲੱਚਰਤਾ ਦੀ ਝਾਤ,
ਖੌਰੇ ਕਦ ਤੱਕ ਚੱਲਣੀ ਇਹ ਬੇ-ਸ਼ਰਮੀ ਦੀ ਬਾਤ।

ਜੋ ਅਮਲਾਂ ਤੋਂ ਸੱਖਣੇ, ਕਿਸ ਕੰਮ ਦੇ ਉਪਦੇਸ਼,
ਮਨ- ਮੰਦਰ ਵਿੱਚ ਵਧ ਰਿਹਾ ਪਾਪਾਂ ਦਾ ਪ੍ਰਵੇਸ਼।

ਗੀਤਾਂ ਦੇ ਵਿੱਚ ਲੱਚਰਤਾ ਹੈ, ਜਾਂ ਸਾਜ਼ਾਂ ਦਾ ਸ਼ੋਰ,
ਵਿਰਸੇ ਦਾ ਸਿਰਨਾਵਾਂ ਨੇ ਜੋ ਉਹ ਨਗ਼ਮੇ ਨੇ ਹੋਰ।

ਮੰਦਿਰ ਵਿੱਦਿਆ ਵਾਲੜੇ, ਬਣ ਗਏ ਕਾਰੋਬਾਰ,
ਨਹੀਂ ਵਿਚਾਰੀ ਵਿੱਦਿਆ ਦਾ ਹਰ ਕੋਈ ਹੱਕਦਾਰ।

ਗੀਤਾਂ ਦੇ ਵਿੱਚ ਗੱਲ ਨਸ਼ੇ ਦੀ,ਹੱਥਾਂ ਵਿੱਚ ਹਥਿਆਰ,
ਨਵੇਂ ਗਵੱਈਆਂ ਰੋਲਤਾ ਸਾਡਾ ਸੋਹਣਾ ਸੱਭਿਆਚਾਰ।

ਅੱਜਕੱਲ ਹਰ ਥਾਂ ਹੋ ਰਿਹਾ,ਬਹੁਤ ਧਰਮ ਪ੍ਰਚਾਰ,
ਖੌਰੇ ਕਾਹਤੋਂ ਵਧ ਰਿਹਾ ਏਥੇ ਨਿੱਤ ਭ੍ਰਿਸ਼ਟਾਚਾਰ।

****

No comments: