ਘਪਲੇਬਾਜੀ ਜ਼ਿੰਦਾਬਾਦ……… ਵਿਅੰਗ / ਪਰਸ਼ੋਤਮ ਲਾਲ ਸਰੋਏ

“ਮੇਰੇ ਦੇਸ ਦੇ ਇਨਸਾਨੋਂ ਜਾਗ ਉਠੋ ! ਕਿਉਂ ਐਵੇਂ ਮੇਹਨਤਾਂ ਕਰ ਕੇ ਮਰ ਰਹੇ ਹੋ?  ਮੇਹਨਤ ਕਰ ਕੇ ਤੁਸੀਂ ਕੀ ਦਾਖੂ ਦਾਣਾ ਭਾਲਦੇ ਹੋ?  ਏਥੇ ਤਾਂ ਕਦਰ ਭਾਈ ਲੁੱਟ-ਖੋਹਾਂ ਕਰਨ ਵਾਲਿਆਂ ਤੇ ਘਪਲੇਬਾਜਾਂ ਦੀ ਹੁੰਦੀ ਏ ਭਾਈ” ਇੱਕ ਸੱਥ ਵਿੱਚ ਬੈਠੇ ਹੋਏ ਬਜ਼ੁਰਗ ਨੇ ਬੜੇ ਵਿਅੰਗਾਤਮਕ ਤਰੀਕੇ ਨਾਲ ਕਿਹਾ ਤਾਂ ਬਾਕੀ ਸਾਰੇ ਉਸਦੇ ਮੂੰਹ ਵੱਲ ਤੱਕਣ ਲੱਗ ਗਏ । ਉਹ ਬਜ਼ੁਰਗ ਦੀ ਕਹੀ ਹੋਈ ਗੱਲ ਨੂੰ ਭਾਂਪ ਨਹੀਂ ਸਨ ਸਕੇ। ਫਿਰ ਬਜ਼ੁਰਗ ਨੇ ਆਪਣੀ ਗੱਲ ਦਾ ਹਵਾਲਾ ਦਿੰਦਿਆਂ ਹੋਇਆਂ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ;

“ਭਾਈ ਆਹ ਸਵੇਰੇ ਹੀ ਮੇਰਾ ਪੋਤਾ ਅਖ਼ਬਾਰ ਪੜ੍ਹ ਰਿਹਾ ਸੀ ਤੇ ਸੁਣਾ ਰਿਹਾ ਸੀ ਕਿ ਆਪਣੇ ਰਾਜ ਦਾ ਮੁੱਖ ਮੰਤਰੀ ਐ ਨਾ!”

“ਤਾਇਆ ਕਿਹੜਾ ਨਵਾਂ ਵਾਲਾ ਜਾਂ ਪੁਰਾਣਾ ਵਾਲਾ?”

“ਪੁੱਤਰਾ ਓਹੀ… ਤੋਂਦੂ ਰਾਮ”, ਬਜ਼ੁਰਗ ਨੇ ਜਵਾਬ ਵਿੱਚ ਉਤਰ ਦਿੱਤਾ। “ਪੁੱਤਰੋ ! ਮੇਰਾ ਪੋਤਾ ਸੁਣਾ ਰਿਹਾ ਸੀ ਕਿ ਉਸਨੇ ਸਾਡੇ ਦੇਸ ਨੂੰ ਅਰਬਾਂ ਕਰੋੜਾਂ ਰੁਪਈਆਂ ਦਾ ਚੂਨਾ ਲਗਾਇਆ ਐ ਬਈ”

“ਅੱਛਾ ਬਜ਼ੁਰਗੋ ! ਤਾਂ ਇਹ ਗੱਲ ਐ”

“ਹਾਂ ਬਈ ਬੰਤਾ ਸਿਆਂ ! ਬਹੁਤ ਖਾਧਾ ਇਸ ਨੇ ਸਾਡੇ ਦੇਸ਼ ਤੇ ਦੇਸ਼ ਦੇ ਲੋਕਾਂ ਨੂੰ ਲੁੱਟ ਕੇ । ਦੇਖ ਲਓ ਭਾਈ, ਅੱਜ ਵੀ ਇੱਕ ਅਵਾਰਾ ਕੁੱਤੇ ਦੀ ਤਰ੍ਹਾਂ ਘੁੰਮ ਰਿਹਾ । ਕੋਈ ਕੁਝ ਨਹੀਂ ਵਿਗਾੜ ਸਕਿਆ ਇਸ ਦਾ। ਨਾਲੇ ਭਾਈ ਓਸ ਬੇਚਾਰੇ ਨੇ ਕੱਲਿਆਂ ਥੋੜੀ ਖਾਧਾ ਹੈ ਨਾ। ‘ਕਿਰਤ ਕਰੋ ਤੇ ਵੰਡ ਕੇ ਛਕੋ’ ਕਥਨ ਵਿੱਚੋਂ ਕਿਰਤ ਕਰੋ ਨੂੰ ਭੁਲਾ ਕੇ ਵੰਡ ਕੇ ਛਕੋ ਵਾਲਾ ਮੁਹਾਵਰਾ ਯਾਦ ਰੱਖੀ ਰੱਖਿਆ ਕਿਤੇ ਵਿਚਾਰੇ ਨੇ। ਜੇ ਬੇਚਾਰਾ ਕਿਰਤ ਕਰੋ ਦਾ ਸ਼ਬਦ ਭੁੱਲ ਹੀ ਗਿਆ ਹੈ ਤਾਂ ਇਸ ਵਿੱਚ ਬੇਚਾਰੇ ਦਾ ਵੀ ਕੀ ਦੋਸ਼ ਐ ਭਾਈ । ਕਿਸੇ ਨੇ ਮੁਹਾਵਰਾ ਈ ਬੜਾ ਔਖਾ ਘੜਿਆ ਐ ਨਾ। ਏਸੇ ਕਰਕੇ ਤਾਂ ਇਸ ਨੇ ਆਪਣੇ ਬਾਕੀ ਸਾਥੀਆਂ ਤੇ ਕੁਝ ਇੱਕ ਹੱਥ ਠੋਕੇ ਪਿੱਠੂ ਰੂਪੀ ਚਮਚਿਆਂ ਨਾਲ ਤਾਂ ਵੰਡ ਕੇ ਛਕਣ ਦੀ ਗੱਲ ਪੂਰੀ ਕਰ ਹੀ ਦਿੱਤੀ ਐ ਨਾ। ਭਾਵੇਂ ਈ ਬੇਚਾਰਾ ਘੱਟ ਅਨਪੜ੍ਹ ਸੀ। ਪਰ ਦੇਖ ਲਓ ਕਿਰਤ ਦੀ ਗੱਲ ਭਾਂਵੇਂ ਭੁੱਲ ਗਿਆ ਹੋਵੇ ਪਰ ਵੰਡ ਕੇ ਛਕੋ ਤੇ ਤਾਂ ਅਮਲ ਕੀਤਾ ਈ ਐ ਨਾ”

“ਚਲੋ ਬਜ਼ੁਰਗੋ ! ਇਸ ਵਿੱਚ ਅਫ਼ਸੋਸ ਵਾਲੀ ਭਲੀ ਕਿਹੜੀ ਗੱਲ ਐ ? ਦੇਸ਼ ਦਾ ਪੈਸਾ ਗਰੀਬ ਜਨਤਾ ਨੇ ਖਾ ਲਿਆ ਜਾਂ ਇਨ੍ਹਾਂ ਲੀਡਰਾਂ ਨੇ ਖਾ ਲਿਆ ਕੋਈ ਫਰਕ ਥੋੜਾ ਹੈ ਨਾ”, ਬੰਤਾ ਸਿੰਘ ਨੇ ਮੋੜਵਾਂ ਉਤਰ ਦਿੱਤਾ।


ਇੱਕ ਜਣਾ ਵਿੱਚੋਂ ਹੀ ਬੋਲ ਪਿਆ, “ਬਜ਼ੁਰਗੋ ! ਕੌਣ ਕਹਿੰਦਾ ਐ ਕਿ ਨੇਤਾ ਲੋਕ ਮੇਹਨਤ ਨਹੀਂ ਕਰਦੇ?  ਓਹ ਭਾਈ ਪੂਰੇ ਦੇਸ਼ ਵਿੱਚੋਂ ਅਵਾਰਾ ਕਿਸਮ ਦੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਪਨਾਹ ਦੇਣਾ ਕੋਈ ਖਾਲਾ ਜੀ ਦਾ ਵਾੜਾ ਥੋੜੀ ਐ ਨਾ। ਇਸ ਵਿੱਚ ਬਹੁਤ ਹੀ ਮੇਹਨਤ ਤੇ ਮੁਸ਼ੱਕਤ ਦੀ ਲੋੜ ਐ।

“ਪੁੱਤਰੋ ! ਅਸੀਂ ਤਾਂ ਪੁਰਾਣੇ ਸਮਿਆਂ ਵਿੱਚ ਐਂਵੇਂ ਮਿੱਟੀ ਨਾਲ ਮਿੱਟੀ ਹੁੰਦੇ ਰਹੇ। ਜੇ ਪਤਾ ਹੁੰਦਾ ਤਾਂ ਅਸੀਂ ਵੀ ਨੇਤਾ ਬਣ ਜਾਂਦੇ। ਮੇਹਨਤਾਂ ਨਾਲ ਸਾਡੇ ਹੱਥ ਕੀ ਲੱਗਾ ਛਿੱਕੂ ?  ਅਸੀਂ ਮੇਹਨਤਾਂ ਕਰ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਕਿ ਕਿਸੇ ਚੰਗੇ ਅਹੁਦੇ ਤੇ ਲੱਗ ਜਾਣਗੇ । ਪਰ ਸਾਨੂੰ ਕੀ ਪਤਾ ਸੀ ਕਿ ਦੇਸ਼ ਦੀਆਂ ਨੌਕਰੀਆਂ ’ਤੇ ਵੀ ਇਹ ਨੇਤਾ ਲੋਕ ਕਾਲੇ ਨਾਗ਼ ਦੀ ਤਰ੍ਹਾਂ ਫਨ ਫੈਲਾ ਕੇ ਬੈਠੇ ਨੇ। ਓਏ ਪੁੱਤਰੋ ! ਸਾਨੂੰ ਪਤਾ ਹੁੰਦਾ ਕਿ ਘਪਲੇਬਾਜ਼ੀ ਜ਼ਿੰਦਾਬਾਦ, ਭ੍ਰਿਸ਼ਟਾਚਾਰੀ ਜ਼ਿੰਦਾਬਾਦ ਹੈ ਤਾਂ ਅਸੀਂ ਵੀ ਕੋਈ ਹੀਲਾ ਵਸੀਲਾ ਕਰਦੇ। ਇਸ ਤਰ੍ਹਾਂ ਇਹ ਹੱਡੀਆਂ ਗੋਡੇ ਤਾਂ ਨਾ ਰਗੜਾਉਂਦੇ”।

ਬਜ਼ੁਰਗ ਬੋਲੀ ਜਾ ਰਿਹਾ ਸੀ ਤੇ ਬਾਕੀ ਹੋਰ ਮੁੰਡੇ ਤੇ ਬਜ਼ੁਰਗ ਸੱਥ ’ਚ ਬੈਠ ਕੇ ਉਸ ਦੀਆਂ ਗੱਲਾਂ ਬੜੇ ਈ ਧਿਆਨ ਨਾਲ ਸੁਣ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਜਣਾ ਜਿਵੇਂ ਹੁਣੇ ਹੁਣੇ ਸੁੱਤੀ ਨੀਂਦ ’ਚੋਂ ਜਾਗਿਆ ਹੋਇਆ ਹੋਵੇ। ਉਹ ਵਿੱਚੋਂ ਈ ਬੋਲ ਉਠਿਆ, “ਬਜ਼ੁਰਗਾ ਕੀ ਗੱਲ ਤੋਰੀ ਆ, ਭਾਈ ਮੈਨੂੰ ਤਾਂ ਜਮਾਂ ਈ ਖਾਨੇ ਨਹੀਂ ਪੈ ਰਹੀ” ।

“ਚੱਲ ਹਰਨਾਮਿਆ ! ਤੂੰ ਈ ਦੱਸ ਖਾ ਭਾਈ ਇਨ੍ਹਾਂ ਨੂੰ ਅਸਲ ਗੱਲ ਵਿੱਚੋਂ ਕੀ ਐ” ।

ਬਜ਼ੁਰਗ ਨੇ ਕੋਲ ਬੈਠੇ ਹਰਨਾਮ ਨੂੰ ਕਿਹਾ, “ਭਾਈ ! ਤੁਸੀਂ ਸਾਰੇ ਈ ਜਾਣਦੇ ਓ, ਬਈ ਅੱਜ ਦੀ ਅਖ਼ਬਾਰ ’ਚ ਕੀ ਖ਼ਬਰ ਛਪੀ ਆ”।

“ਹਾਂ ਬਾਪੂ ਜੀ ਹਾਂ ਸਾਡੇ ਸਮਝ ’ਚ ਗੱਲ ਪੈ ਗਈ ਆ। ਓਹੀ ਤੁਸੀਂ ਆਪਣੇ ਤੋਂਦੂ ਰਾਮ ਦੇ ਘਪਲੇ ਦੀ ਖ਼ਬਰ ਜੋ ਛਪੀ ਹੈ, ਉਸ ਦੀ ਹੀ ਗੱਲ ਕਰ ਰਹੇ ਹੋ ਨਾ?”, ਇੱਕ ਜਣੇ ਨੇ ਵਿੱਚੋਂ ਪੁੱਛਿਆ। 

“ਹਾਂ ਬਈ ਹਾਂ, ਉਹੀ ਤਾਂ ਅਸੀਂ ਗੱਲ ਕਰ ਰਹੇ ਸੀ ਕਿ ਸਾਰੇ ਦੇਸ਼ ਦਾ ਮਾਲ ਇਹ ਨੇਤਾ ਲੋਕ ਰਲ਼ ਕੇ ਕਿਵੇਂ ਡਕਾਰ ਗਏ ਨੇ? ਕਿੰਨਾ ਸਾਡੇ ਦੇਸ਼ ਨੂੰ ਲੁੱਟ ਕੇ ਖਾਧਾ ਹੈ। ਸੱਚ ਸਾਬਤ ਵੀ ਹੋ ਚੁੱਕਾ ਹੈ। ਭਾਈ ਇਹ ਤਾਂ ਗੱਲ ਐ, ਬਈ ਸੀ. ਬੀ. ਆਈ. ਵੀ ਇਨ੍ਹਾਂ ਦਾ ਕੁਝ ਵੀ ਵਿਗਾੜ ਸਕੀ” ।

“ਹਾਂ ਬਈ ਹਾਂ, ਕਾਨੂੰਨ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਇਨ੍ਹਾਂ ਲੋਕਾਂ ਨੇ । ਇੱਕ ਗੱਲ ਬਈ ਹਰਨਾਮਿਆਂ ਬਈ ਸੱਚ ਵੀ ਸਾਬਤ ਹੋ ਚੁੱਕਾ ਹੈ ਤਾਂ ਕਾਨੂੰਨ ਕੀ ਵੜੇਂਵੇਂ ਭਾਲ ਰਿਹਾ ਹੈ ? ਇਨ੍ਹਾਂ ਲੋਕਾਂ ਦਾ ਕੁਝ ਮੱਕੂ ਕਿਉਂ ਨਹੀਂ ਠੱਪਦਾ। ਇਹ ਤਾਂ ਭਾਈ ਤਰੀਕਾਂ ’ਤੇ ਜਾ ਕੇ ਵੀ ਆਪਣੇ ਹੱਥ ਠੋਕੇ ਪਿੱਠੂਆਂ ਨੂੰ ਨਾਲ ਲੈ ਜਾਂਦੇ ਨੇ। ਫਿਰ ਅਦਾਲਤਾਂ ਦੇ ਵਿੱਚ ਹੀ ਘਪਲੇਬਾਜ਼ੀ ਜ਼ਿੰਦਾਬਾਦ ਆਦਿ ਜਿਹੇ ਨਾਹਰੇ ਲਗਾ ਕੇ ਕਾਨੂੰਨ ਨੂੰ ਵੀ ਛਿੱਕੇ ਟੰਗ ਦਿੰਦੇ ਨੇ। ਬੇਚਾਰੇ ਅਦਾਲਤ ਵੀ ਕੁਝ ਨਹੀਂ ਕਰ ਸਕਦੀ”।

ਫਿਰ ਵਿੱਚੋਂ ਹੀ ਇੱਕ ਜਣੇ ਨੇ ਤਰਕ ਕਰਦਿਆਂ ਕਿਹਾ, “ਬਜ਼ੁਰਗੋ ! ਇਹ ਤਾਂ ਤੁਸੀਂ ਸਾਰੇ ਜਾਣਦੇ ਓ ਕਿ ਭਗਵਾਨ ਇੱਕ ਐਂ” ।

“ਹਾਂ ਪੁੱਤਰਾ ਹਾਂ !”, ਇੱਕ ਬਜ਼ੁਰਗ ਨੇ ਵਿੱਚੋਂ ਹੀ ਜਵਾਬ ਦਿੱਤਾ।

“ਫਿਰ ਬਜ਼ੁਰਗੋ ! ਜਿੱਥੇ ਭਗਵਾਨ ਇੱਕ ਹੋਵੇ ਤੇ ...”। 

“ਗੱਲ ਤਾਂ ਤੇਰੀ ਠੀਕ ਐ… ਪੁੱਤਰਾ”,  ਵਿੱਚ ਇੱਕ ਹੋਰ ਨੇ ਵਿੱਚੋਂ ਹੀ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ । “ਬਜ਼ੁਰਗੋ ਦੇਖ ਲਓ ਸ਼ੈਤਾਨ ਮਿਲ ਕੇ ਭਗਵਾਨ ਬੇਚਾਰੇ ਨੂੰ ਵਕਤ ਪਾ ਦਿੰਦੇ ਨੇ। ਚਲੋ ਸਾਰੇ ਕੱਠੇ ਹੋ ਕੇ ਰੱਬ ਕੋਲ ਸਲਾਹ ਦੇਣ ਚੱਲੀਏ ਕਿ ਰੱਬਾ ਤੂੰ ਵੀ ਇਨ੍ਹਾਂ ਨਾਲ ਰਲ ਮਿਲ ਜਾ ਇਹਦੇ ਵਿੱਚ ਹੀ ਤੇਰਾ ਭਲਾ ਐ। ਨਾਲੇ ਇਕੱਲਿਆਂ ਕੋਈ ਵੱਡਾ ਥੋੜੀ ਨਾ ਹੋ ਜਾਦੈ”।

ਫਿਰ ਸਾਰੇ ਜਣੇ ਖਿੜ ਖਿੜਾ ਕੇ ਹੱਸ ਪਏ।  “ਬਈ ਇੱਥੇ ਤਾਂ ਸ਼ੈਤਾਨੀ ਜ਼ਿੰਦਾਬਾਦ, ਘਪਲੇਬਾਜ਼ੀ ਜ਼ਿੰਦਾਬਾਦ ਈ ਐ”।

****

No comments: