ਸੁਰੀਲੇ ਦੌਰ ਦਾ ਮਹਾਂਨਾਇਕ - ਮਦਨ ਮੋਹਨ.......... ਸ਼ਬਦ ਚਿੱਤਰ / ਤਰਸੇਮ ਸ਼ਰਮਾ

25 ਜੂਨ ਜਨਮ ਦਿਨ ਅਤੇ 14 ਜੁਲਾਈ ਬਰਸੀ ਤੇ ਵਿਸ਼ੇਸ਼
ਯਸ਼ ਚੋਪੜਾ ਨੂੰ ਅਫ਼ਸੋਸ ਹੈ ਕਿ ਉਹ ਮਦਨ ਮੋਹਨ ਨਾਲ ਕੰਮ ਨਹੀਂ ਕਰ ਸਕੇ । ਆਪਣੀ ਇਸੇ ਬੇਕਰਾਰੀ ਨੂੰ ਮਿਟਾਉਣ ਲਈ ਉਹਨਾਂ ਨੇ ਵੀਰ ਜ਼ਾਰਾ ਫਿਲਮ ਵਿੱਚ ਮਦਨ ਮੋਹਨ ਦੀਆਂ ਬਣਾਈਆਂ ਧੁਨਾਂ ਨੂੰ ਇਸਤੇਮਾਲ ਕੀਤਾ ਤੇ ਕੋਸਿ਼ਸ਼ ‘ਚ ਹਨ ਕਿ ਕੁਝ ਹੋਰ ਧੁਨਾਂ ਜੋ ਹਾਲੇ ਤੱਕ ਦੁਨੀਆਂ ਤੱਕ ਨਹੀਂ ਪਹੁੰਚੀਆਂ ਹਨ, ਨੂੰ ਵੀ ਆਪਣੀਆਂ ਫਿਲਮਾਂ ਰਾਹੀਂ ਦੁਨੀਆਂ ਦੇ ਸਨਮੁੱਖ ਰੱਖ ਸਕਣ । ਮਦਨ ਮੋਹਨ ਸਨ ਹੀ ਇੱਕ ਅਜਿਹੀ ਸਖਸ਼ੀਅਤ ਜਿੰਨ੍ਹਾਂ ਨੂੰ ਯਾਦ ਕਰਦਿਆਂ ਹੀ ਇੱਕ ਸੁਰੀਲੇ ਦੌਰ ਦੀ ਯਾਦ ਆ ਜਾਂਦੀ ਹੈ । ਜੋ ਅੱਜ ਵੀ ਭਾਰਤੀ ਪਰਿਵਾਰਾਂ ਵਿੱਚ ਆਪਣਾ ਮੁਕਾਮ ਰੱਖਦਾ ਹੈ । ਸੁਰੀਲੇ ਦੌਰ ਦੇ ਮਹਾਨ ਸੰਗੀਤਕਾਰਾਂ ਨੂੰ ੳਂੁਗਲਾਂ ਦੇ ਪੋਟਿਆਂ ‘ਤੇ ਗਿਣਿਆ ਜਾਵੇ ਤਾਂ ਵੀ ਮਦਨ ਮੋਹਨ ਨੂੰ ਅੱਖੋਂ ਪਰੋਖਾ ਕੀਤਾ ਜਾਣਾ ਅਸੰਭਵ ਹੈ । ਇਸ ਸੁਰੀਲੇ ਦੌਰ ਦੇ ਮਹਾਂਨਾਇਕ ਮਦਨ ਮੋਹਨ ਦੀਆਂ  ਜੇਲਰ, ਦੇਖ ਕਬੀਰਾ ਰੋਇਆ, ਆਪ ਕੀ ਪਰਛਾਈਆਂ, ਮੇਰਾ ਸਾਇਆ, ਗ਼ਜ਼ਲ, ਹਕੀਕਤ, ਅਦਾਲਤ, ਅਨਪੜ੍ਹ, ਹੰਸਤੇ ਜ਼ਖ਼ਮ, ਹੀਰ ਰਾਂਝਾ, ਮੌਸਮ, ਲੈਲਾ ਮਜਨੂੰ ਤੇ ਹੋਰ ਦਰਜਨਾਂ ਅਜਿਹੀਆਂ ਫਿਲਮਾਂ ਹਨ, ਜਿੰਨਾਂ ਦਾ ਸੰਗੀਤ ਸਦਾਬਹਾਰ ਹੈ ਤੇ ਗੀਤ ਅੱਜ ਵੀ ਦਿਲ ਤੇ ਸਿੱਧਾ ਅਸਰ ਰੱਖਦੇ ਹਨ ।

ਮਦਨ ਮੋਹਨ ਦਾ ਜਨਮ ਮੁੰਬਈ ਦੇ ਇੱਕ ਰਈਸ ਰਾਏ ਬਹਾਦੁਰ ਚੁੰਨੀ ਲਾਲ ਦੇ ਘਰ 25 ਜੂਨ 1924 ਨੂੰ ਹੋਇਆ ਸੀ । ਰਾਏ ਬਹਾਦੁਰ ਚੁੰਨੀ ਲਾਲ ਭਾਵੇਂ ਫਿਲਮਾਂ ਲਈ ਪੈਸਾ ਮੁਹੱਈਆ ਕਰਵਾਉਂਦੇ ਸਨ ਪਰ ਉਹਨਾਂ ਨੇ ਮਦਨ ਮੋਹਨ ਨੂੰ ਫੌਜ ਦੀ ਨੌਕਰੀ ਵੱਲ ਹੀ ਪ੍ਰੇਰਿਤ ਕੀਤਾ । ਵੀਣਾ ਫੜਨ ਵਾਲੇ ਅਤੀ ਸੰਵੇਦਨਸ਼ੀਲ ਮਦਨ ਮੋਹਨ ਦੇ ਹੱਥ ਬੰਦੂਕ ਦਾ ਭਾਰ ਨਾ ਸਾਂਭ ਸਕੇ । ਉਹ ਫੌਜ ਛੱਡ ਕੇ ਲਖਨਊ ਰੇਡਿਓ ਸਟੇਸ਼ਨ ਆ ਗਏ ਤੇ ਫਿਰ ਸ਼ੁਰੂ ਹੋਇਆ, ਉਹਨਾਂ ਦੇ ਸੰਘਰਸ਼ ਦਾ ਦੌਰ । ਐਸ. ਡੀ. ਬਰਮਨ ਅਤੇ ਸਿ਼ਆਮ ਸੁੰਦਰ ਦੇ ਸਹਾਇਕ ਵਜੋਂ ਵੀ ਕੰਮ ਕੀਤਾ ਤੇ ਅਖੀਰ 1950 ਵਿੱਚ ਨਿਰਮਾਤਾ ਦਵਿੰਦਰ ਗੋਇਲ ਨੇ ਉਹਨਾਂ ਨੂੰ ਆਪਣੀ ਫਿਲਮ ਆਂਖੇ ਵਿੱਚ ਮੌਕਾ ਦਿੱਤਾ । ਇਸ ਉਪਰੰਤ ਉਹਨਾਂ ਦੀ ਸੰਗੀਤ ਨਿਰਦੇਸ਼ਕ ਫਿਲਮ ਅਦਾ ਦੇ ਗੀਤ ਬਹੁਤ ਪਸੰਦ ਕੀਤੇ ਗਏ । ਆਪਣੇ ਜੀਵਨ ਵਿੱਚ ਉਹ ਕਦੇ ਦੌੜ ਵਿੱਚ ਨਹੀਂ ਪਏ । ਜਿੰਨਾਂ ਵੀ ਕੰਮ ਕੀਤਾ ਰੂਹਦਾਰੀ ਨਾਲ ਕੀਤਾ । ਸ਼ਾਸ਼ਤਰੀ ਸੰਗੀਤ ‘ਤੇ ਆਧਾਰਿਤ ਧੁਨਾਂ ‘ਤੇ ਉਹਨਾਂ ਵੱਲੋਂ ਪੇਸ਼ ਕੀਤੀਆਂ ਗਈਆਂ ਗ਼ਜ਼ਲਾਂ ਨੇ ਜਿੱਥੇ ਉਹਨਾਂ ਨੂੰ ਗ਼ਜ਼ਲਾਂ ਦਾ ਬਾਦਸ਼ਾਹ ਦਾ ਰੁਤਬਾ ਦਿੱਤਾ, ਉਥੇ ਦੇਸ਼ ਭਗਤੀ ਨਾਲ਼ ਸੰਬੰਧਿਤ ਸਭ ਤੋਂ ਮਕਬੂਲ ਗੀਤ ਕਰ “ਚਲੇ ਹਮ ਫਿਦਾ...” ਫਿਲਮ ਹਕੀਕਤ ਵੀ ਉਹਨਾਂ ਦੀ ਰਚਨਾ ਸੀ । ਮਸ਼ਹੂਰ ਸਾਹਿਤਕਾਰ ਰਜਿੰਦਰ ਸਿੰਘ ਬੇਦੀ ਨੇ ਜਦੋਂ ਆਪਣੀ ਚਿਰਾਂ ਤੋਂ ਸੋਚੀ ਫਿਲਮ ਦਸਤਕ ਨੂੰ ਪਰਦੇ ‘ਤੇ ਲਿਆਉਣ ਦੀ ਤਿਆਰੀ ਕੀਤੀ ਤਾਂ ਉਸ ਦੇ ਸੰਗੀਤ ਲਈ ਉਹ ਮਦਨ ਮੋਹਨ ਤੋਂ ਇਲਾਵਾ ਕਿਸੇ ਦਾ ਨਾਂ ਨਹੀਂ ਸੋਚ ਸਕੇ ਸਨ । ਫਿਲਮ ਦਾ ਸੰਗੀਤ ਜਿੱਥੇ ਬੁੱਧੀਜੀਵੀਆਂ ਸਮੇਤ ਆਮ ਲੋਕਾਂ ਦੀ ਪਸੰਦ ਬਣਿਆ ਉਥੇ ਹੀ ਫਿਲਮ ਦੇ ਸੰਗੀਤ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ।  ਭਾਵੇਂ ਸ਼ਾਹਿਰ ਲੁਧਿਆਣਵੀ ਅਤੇ ਮਜ਼ਰੂਹ ਸੁਲਤਾਨਪੁਰੀ ਸਮੇਤ ਕੁਝ ਹੋਰ ਗੀਤਕਾਰਾਂ ਨੇ ਵੀ  ਕੁਝ ਇੱਕ ਫਿਲਮਾਂ ਵਿੱਚ ਮਦਨ ਮੋਹਨ ਨਾਲ ਕੰਮ ਕੀਤਾ ਪਰ ਰਾਜਾ ਮਹਿੰਦੀਅਲੀ ਖਾਨ, ਕੈਫ਼ੀ ਆਜ਼ਮੀ  ਤੇ ਰਜਿੰਦਰ ਕ੍ਰਿਸ਼ਨ ਉਹਨਾਂ ਦੇ ਮਨਪਸੰਦ ਸਾਥੀ ਰਹੇ ਸਨ । ਮੁਕੇਸ਼ ਅਤੇ ਕਿਸ਼ੋਰ ਕੁਮਾਰ ਨੇ ਵੀ ਭਾਵੇਂ ਉਹਨਾਂ ਦੇ ਸੰਗੀਤ ਨਿਰਦੇਸ਼ਨ ਹੇਠ ਸਦਾ ਬਹਾਰ ਗੀਤ ਗਾਏ ਪਰ ਮਦਨ ਮੋਹਨ ਦੀ ਪਹਿਲੀ ਪਸੰਦ ਮੁਹੰਮਦ ਰਫ਼ੀ ਰਹੇ ਸਨ ।  ਇਸੇ ਤਰ੍ਹਾਂ ਹੀ ਉਹਨਾਂ ਦੇ ਜਿ਼ਆਦਾਤਰ ਗੀਤ ਲਤਾ ਮੰਗੇਸ਼ਕਰ ਦੁਆਰਾ ਗਾਏ ਗਏ । ਭਾਵੇਂ ਕਿ ਅੱਜ ਦੇ ਦੌਰ ਵਿੱਚ ਆਇਟਮ ਸੌਂਗ ਵਰਗਾ ਪਹਿਲਾ ਅਤਿਅੰਤ ਸੁਰੀਲਾ ਗੀਤ “ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ” ਸਮੇਤ ਆਸ਼ਾ ਭੋਂਸਲੇ ਨੇ ਵੀ ਕਈ ਯਾਦਗਾਰੀ ਗੀਤ ਉਹਨਾਂ ਦੀ ਨਿਰਦੇਸ਼ਨਾ ਹੇਠ ਹੀ ਗਾਏ ਸਨ ।

ਮਦਨ ਮੋਹਨ ਦੇ ਹਿੱਸੇ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਆਪ ਕੀ ਪਰਛਾਈਆਂ, ਜਹਾਂਆਰਾ, ਚਾਲਬਾਜ਼, ਚਾਚਾ ਜਿੰਦਾਬਾਦ ਸਮੇਤ ਕਈ ਅਜਿਹੀਆਂ ਫਿਲਮਾਂ ਹਨ, ਜਿੰਨਾਂ ਨੂੰ ਦਰਸ਼ਕਾਂ ਨੇ ਭਾਵੇਂ ਜਿ਼ਆਦਾ ਪਸੰਦ ਨਹੀਂ ਕੀਤਾ ਪਰ ਇਹਨਾਂ ਦਾ ਸੰਗੀਤ ਅੱਜ ਵੀ ਸੌ਼ਂਕ ਨਾਲ ਸੁਣਿਆ ਜਾਂਦਾ ਹੈ । ਭਾਰਤੀ ਸਿਨਮਾ ਦੀ ਤਰਾਸਦੀ ਰਹੀ ਕਿ ਇਹ ਮਹਾਂ ਸੰਗੀਤਕਾਰ ਉਸ ਸਮੇਂ ਜੁਲਾਈ 1975  ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਜਦੋਂ ਦੇਸ਼ ਉਹਨਾਂ ਤੋਂ ਸਰੋਦੀ ਅਤੇ ਵਿਸਮਾਦੀ ਧੁਨਾਂ ਦੀ ਉਮੀਦ ਕਰ ਰਿਹਾ ਸੀ ।

****

No comments: