ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਲੋੜ.......... ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਭਗਤ ਸਿੰਘ ਦਾ ਨਾਂਅ ਜ਼ੁਬਾਨ ’ਤੇ  ਆਉਂਦਿਆਂ ਹੀ ਸਿਰ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦਾ ਹੈ ਅਤੇ ਮਨ ਅੰਦਰ ਕੁੱਝ ਕਰਨ ਦਾ ਜ਼ਜ਼ਬਾ ਉਬਾਲੇ ਮਾਰਨ ਲੱਗ ਜਾਂਦਾ ਹੈ। ਭਗਤ ਸਿੰਘ ਨੌਜਵਾਨ ਪੀੜ੍ਹੀ ਲਈ ਇੱਕ ਆਦਰਸ਼ ਹੈ ਜਿਸਦੇ ਪਾਏ ਪੂਰਨਿਆਂ ’ਤੇ ਚੱਲਣਾ ਤਾਂ ਹਰ ਨੌਜਵਾਨ ਚਾਹੁੰਦਾ ਹੈ ਪਰ ਸਿਆਸਤਦਾਨਾਂ ਦੀਆਂ ਗੰਧਲੀਆਂ ਸਿਆਸਤਾਂ ਦਾ ਸ਼ਿਕਾਰ ਹੋ ਕੇ ਟੁੱਟ ਜਾਂਦਾ ਹੈ।

ਭਗਤ ਸਿੰਘ ਜਿੱਥੇ ਜਵਾਨੀ ਪਹਿਰੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਗਿਆ ਉਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕੋਈ ਜ਼ਜ਼ਬਾਤੀ ਨੌਜਵਾਨ ਨਹੀਂ ਸੀ, ਜੋ ਸਿਰਫ ਕਿਸੇ ਦੇ ਆਖੇ ਲੱਗ ਕੇ ਮੌਤਾਂ ਦੇ ਢੇਰ ਲਗਾ ਦਿੰਦਾ, ਉਸਨੂੰ ਦੇਸ਼ ਭਗਤੀ ਵਿਰਾਸਤ ਵਿੱਚੋਂ ਮਿਲੀ ਸੀ। ਉਹ ਕੋਈ ਅੱਤਵਾਦੀ ਨਹੀਂ ਸੀ ਜੋ ਬੰਬਾਂ ਨਾਲ ਲੋਕਾਂ ਨੂੰ ਉਡਾ ਦਿੰਦਾ, ਉਹ ਬਹੁਤ ਸੂਝਵਾਨ ਅਤੇ ਸੂਖਮ ਬੁੱਧੀ ਦਾ ਮਾਲਕ ਸੀ। ਆਜ਼ਾਦੀ ਉਸਦਾ ਮਕਸਦ ਸੀ, ਉਹ ਮੰਜ਼ਿਲ ਵੱਲ ਕੁੱਦ ਪਿਆ ਸੀ ਗੋਰਿਆਂ ਕੋਲੋਂ ਦੇਸ਼ ਆਜ਼ਾਦ ਕਰਵਾਉਣ ਲਈ। ਪਰ ਉਸ ਨੂੰ ਕੀ ਪਤਾ ਸੀ ਕਿ ਉਸਦੀ ਆਜ਼ਾਦੀ ਦਾ ਮੁੱਲ ਇਥੋਂ ਦੇ ਘੜੰਮ ਚੌਧਰੀਆਂ ਨੇ ਦੇਸ਼ ਦਾ ਬਟਵਾਰਾ ਕਰਕੇ ਹੀ ਉਤਾਰਨਾ ਹੈ। 
ਆਜ਼ਾਦੀ ਦੇ ਪਰਵਾਨੇ ਤਾਂ ਸ਼ਮਾ ’ਤੇ ਸੜਕੇ ਹੀ ਸੁਰਖਰੂ ਹੁੰਦੇ ਹਨ ਪਰ ਉਹਨਾਂ ਦੇ ਨਾਂਅ ’ਤੇ ਰੋਟੀਆਂ ਸੇਕਣ ਅਤੇ ਆਪਣੀਆਂ ਕੁਰਸੀਆਂ ਸੰਭਾਲਣ ਵਾਲੇ ਸਿਆਸਤਦਾਨਾਂ ਦੀ ਕੋਈ ਘਾਟ ਨਹੀਂ ਹੁੰਦੀ। ਭਗਤ ਸਿੰਘ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਭਗਤ ਸਿੰਘ ਦੇ ਨਾਂਅ ਦੀ ਵਰਤੋਂ ਵੱਖ-ਵੱਖ ਪਾਰਟੀਆਂ ਦੇ ਨੇਤਾ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਭਗਤ ਸਿੰਘ ਦੇ ਜਨਮ ਦਿਨ ਜਾਂ ਸ਼ਹੀਦੀ ਦਿਵਸ ’ਤੇ ਉਸਦੇ ਬੁੱਤਾਂ ’ਤੇ ਹਾਰ ਪਾਉਣਾ ਨਹੀਂ ਭੁੱਲਦੇ ਇਹ ਲੀਡਰ। ਨੌਜਵਾਨ ਪੀੜ੍ਹੀ ਨੂੰ ਸੰਬੋਧਿਤ ਹੁੰਦੇ ਹੋਏ ਇਹ ਲੀਡਰ ਨੌਜਵਾਨਾਂ ਨੂੰ ਭਗਤ ਸਿੰਘ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ ਪਰ ਅੰਦਰੋਂ ਡਰਦੇ ਹਨ ਕਿ ਅਗਰ ਕੋਈ ਭਗਤ ਸਿੰਘ ਬਣ ਗਿਆ ਤਾਂ.....।

ਭਗਤ ਸਿੰਘ ਦੇ ਨਾਂਅ ’ਤੇ ਅਨੇਕਾਂ ਕਲੱਬ, ਸੁਸਾਇਟੀਆਂ ਜਾਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹਨ ਜਿੰਨ੍ਹਾਂ ਵਿਚੋਂ ਕੁੱਝ ਕੁ ਨੂੰ ਛੱਡਕੇ ਬਾਕੀ ਸਾਰੀਆਂ ਭਗਤ ਸਿੰਘ ਦੀ ਸੋਚ ਦੇ ਉਲਟ ਭੁਗਤ ਰਹੀਆਂ ਹਨ। ਭਗਤ ਸਿੰਘ ਦੇ ਨਾਂਅ ’ਤੇ ਬਣੇ ਸੱਭਿਆਚਾਰਕ ਕਲੱਬ, ਸੱਭਿਆਚਾਰ ਨੂੰ ਛੱਡਕੇ ਲੱਚਰਤਾ ਦਾ ਪ੍ਰਚਾਰ ਕਰ ਰਹੇ ਹਨ ਅਤੇ ਸ਼ਰੇਆਮ ਭਗਤ ਸਿੰਘ ਦਾ ਜਲੂਸ ਕੱਢ ਰਹੇ ਹਨ। ਲੋਕਾਂ ਕੋਲੋਂ ਭਗਤ ਸਿੰਘ ਦੇ ਨਾਂਅ ’ਤੇ ਪੈਸੇ ਬਟੋਰਕੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਭਗਤ ਸਿੰਘ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਜਾਂ ਭਗਤ ਸਿੰਘ ਦੀ ਫੋਟੋ ਛਪੀਆਂ ਟੋਪੀਆਂ ਜਾਂ ਉਹ ਦੇ ਵਰਗੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾਂਦਾ। ਉਸਦੀ ਵਿਚਾਰਧਾਰਾ ਨਾਲ ਜੁੜੇ ਬਿਨਾਂ ਭਗਤ ਸਿੰਘ ਵੱਲੋਂ ਸਿਰਜੇ ਸੁਪਨੇ ਸਾਕਾਰ ਨਹੀਂ ਹੋਣੇ। ਜੇਕਰ ਕੋਈ ਨੌਜਵਾਨ ਭਗਤ ਸਿੰਘ ਬਣਨਾ ਚਾਹੁੰਦਾ ਹੈ ਤਾਂ ਉਸਦੀ ਵਿਚਾਰਧਾਰਾ ਨੂੰ ਅਪਨਾਉਣਾ ਪਵੇਗਾ। ਮਹਿਜ਼ ਭਗਤ ਸਿੰਘ ਜ਼ਿੰਦਾਬਾਦ ਜਾਂ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਕਹਿਣ ਨਾਲ ਨਾ ਤਾਂ ਲੋਕਾਂ ਦਾ ਅਤੇ ਨਾ ਹੀ ਦੇਸ਼ ਦਾ ਕੁੱਝ ਸੰਵਰਨਾ ਹੈ। ਇੱਕ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਭਗਤ ਸਿੰਘ ਇਕੱਲੇ ਪੰਜਾਬੀਆਂ ਦਾ ਹੀ ਨਹੀਂ ਸਗੋਂ ਹਿੰਦੋਸਤਾਨੀਆਂ ਲਈ ਇੱਕ ਮਾਣ-ਸਤਿਕਾਰ ਦਾ ਪਾਤਰ ਹੈ, ਉਸ ਨੂੰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਕਰਨਾ ਚਾਹੀਦਾ। ਭਗਤ ਸਿੰਘ ਨੂੰ ਸੰਧੂ ਜੱਟ ਆਖਕੇ ਸਿਰਫ ਇੱਕ ਤਬਕੇ ਤੱਕ ਸੀਮਤ ਕਰਨ ਦੀਆਂ ਸੌੜੀਆਂ ਸੋਚਾਂ ਉਸਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਵਿੱਚ ਸਹਾਈ ਨਹੀਂ ਹੁੰਦੀਆਂ। ਉਹ ਸ਼ਹੀਦ ਹੈ ਪਰ ਕਈ ਮਹਾਂਪੁਰਸ਼ ਉਸਨੂੰ ਸ਼ਹੀਦ ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਸੌੜੀ ਸੋਚ ਦਾ ਸਬੂਤ ਦਿੰਦੇ ਹਨ।
ਪਿਛਲੇ ਸਮੇਂ ਵਿੱਚ ਭਗਤ ਸਿੰਘ ਦਾ ਟੋਪੀ ਵਾਲਾ ਪੋਸਟਰ ਮਸ਼ਹੂਰ ਹੋਇਆ ਸੀ। ਫਿਰ ਭਗਤ ਸਿੰਘ ਦੇ ਹੱਥ ’ਚ ਪਿਸਤੌਲ ਵਾਲੀ ਫੋਟੋ ਘਰ ਘਰ ਦਾ ਸ਼ਿੰਗਾਰ ਬਣੀ। ਜਿਸ ’ਚੋਂ ਭਗਤ ਸਿੰਘ ਦੀ ਵਿਚਾਰਧਾਰਾ ਖਤਮ ਕਰਕੇ ਉਸਨੂੰ ਸਿਰਫ਼ ਇੱਕ ਦਹਿਸ਼ਤਵਾਦੀ ਬਣਾ ਦਿੱਤਾ। ਭਗਤ ਸਿੰਘ ਦੀ ਹਵਾਲਾਤ ’ਚ ਬਾਣ ਦੇ ਮੰਜੇ ਤੇ ਬੈਠੇ ਹੋਈ ਦੀ ਫੋਟੋ, ਜੋ ਬਗਾਵਤ ਦਾ ਸਬੂਤ ਦਿੰਦੀ ਹੈ, ਨੂੰ ਸਮੇਂ ਦੇ ਹਾਕਮਾਂ ਨੇ ਲੱਗਦਾ ਪਾਬੰਦੀ ਲਾ ਦਿੱਤੀ ਹੋਵੇ, ਜੋ ਕਿ ਅੱਜਕੱਲ੍ਹ ਘੱਟ ਹੀ ਦੇਖਣ ਨੂੰ ਮਿਲਦੀ ਹੈ। ਹੁਣ ਤਾਂ ਭਗਤ ਸਿੰਘ ਨੂੰ ਅਜਿਹੇ ਸਾਂਚਿਆਂ ’ਚ ਢਾਲਿਆ ਜਾ ਰਿਹਾ ਹੈ ਕਿ ਉਸਦੀ ਸਮੁੱਚੀ ਵਿਚਾਰਧਾਰਾ ਤੋਂ ਹਟਕੇ, ਸਿਰਫ਼ ‘ਹੱਟ ਪਿਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਜਾਂ ਪੱਗ ਬੰਨ੍ਹਣੀ ਨਾ ਭੁੱਲ ਜਾਇਓ ਵੇ ਪੰਜਾਬੀਓ’ ਵਰਗੇ ਗੀਤਾਂ ਦੀਆਂ ਲਾਈਨਾਂ ਛਾਪਕੇ ਭਗਤ ਸਿੰਘ ਦੀ ਫੋਟੋ ਬਜ਼ਾਰ ਵਿੱਚ ਵਿਕ ਰਹੀ ਹੈ। ਇਉਂ ਲੱਗਦੈ ਜਿਵੇਂ ਸਿਆਸਤ ਦੀਆਂ ਡੂੰਘੀਆਂ ਚਾਲਾਂ ਨੇ ਭਗਤ ਸਿੰਘ ਨੂੰ ਮੁੱਛਾਂ ਨੂੰ ਤਾਅ ਦੇਣ ਵਾਲਾ ਇੱਕ ਜਗੀਰਦਾਰ ਬਣਾ ਦਿੱਤਾ ਹੈ ਜਿਸਨੂੰ ਸਿਰਫ ਆਪਣੀ ਮੁੱਛ ਦਾ ਹੀ ਫਿਕਰ ਹੈ। ਪਰ ਕਿਉਂ ਨਹੀਂ ਭਗਤ ਸਿੰਘ ਦੀ ਸੋਚ ਨਾਲ ਜੁੜੀਆਂ ਉਸਦੀਆਂ ਵਿਚਾਰਧਾਰਾ ’ਚੋਂ ਪੈਦਾ ਹੋਈਆਂ ਚਾਰ ਸਤਰਾਂ ਲਿਖਕੇ ਕੋਈ ਫੋਟੋ ਬਜ਼ਾਰ ਵਿੱਚ ਆਉਂਦੀ। ਸਾਡੇ ਨੌਜਵਾਨ ਮੁੱਛ ਦੇ ਸਵਾਲ ਨੂੰ ਹੀ ਇਨਕਲਾਬ ਮੰਨੀ ਬੈਠੇ ਹਨ।

****No comments: