ਗ੍ਰਿਫ਼ਥ ਖੇਡਾਂ ਮੇਰੀ ਨਜ਼ਰੇ........... ਖੇਡ ਮੇਲਾ / ਮਿੰਟੂ ਬਰਾੜ

ਭਾਵੇਂ ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ ਵਿਚ ਗ੍ਰਿਫ਼ਥ, ਸ਼ੈਪਰਟਨ, ਵੂਲਗੂਲਗਾ ਅਤੇ ਕੇਨਜ਼ ਦਾ ਨਾਂ ਜ਼ਿਕਰਯੋਗ ਹੈ। ਸੋ, ਘੁਮੱਕੜ ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ, ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਚ ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ 850 ਕਿੱਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ।

ਸਾਰੀ ਰਾਤ ਦੇ ਸਫ਼ਰ ਦਾ ਥਕੇਵਾਂ ਹੋਟਲ ਚ ਗਰਮ ਪਾਣੀ ਨਾਲ ਨਹਾ ਕੇ ਲਾਹਿਆ ਤੇ ਤਕਰੀਬਨ ਨੌਂ ਕੁ ਵਜੇ ਅਮਨਦੀਪ ਸਿੱਧੂ ਨੂੰ ਆਧੁਨਿਕਤਾ ਜਰੀਏ ਆਵਾਜ਼ ਮਾਰੀ, ਜੋ ਕਿ ਪਿਛਲੀ ਰਾਤ ਹੀ ਕੌਫਸ ਹਾਰਬਰ ਤੋਂ ਚੱਲ ਕੇ ਗ੍ਰਿਫ਼ਥ ਪੁੱਜ ਚੁੱਕੇ ਸਨ । ਅਸੀਂ ਸਭ ਇਕੱਠੇ ਹੋ ਖੇਡ ਮੈਦਾਨ ਚ ਜਾ ਪੁੱਜੇ। ਮਹਿਕਮਾ-ਏ-ਮੌਸਮ ਦੀ ਭਵਿੱਖਬਾਣੀ ਸੋਲ੍ਹਾਂ ਆਨੇ ਸੱਚ ਸੀ ਤੇ ਦੋ ਦਿਨ ਕੋਹਰਾ ਪੈਣ ਦੀ ਉਨ੍ਹਾਂ ਦੀ ਭਵਿੱਖਬਾਣੀ ਦਾ ਸਬੂਤ ਸੜਕਾਂ ਤੇ ਖੜੀਆਂ ਕਾਰਾਂ ਉਤੇ ਜੰਮਿਆ ਕੋਹਰਾ ਦੇ ਰਿਹਾ ਸੀ। ਭਾਵੇਂ ਕੜਾਕੇ ਦੀ ਧੁੱਪ ਚੜ੍ਹੀ ਹੋਈ ਸੀ ਪਰ ਫੇਰ ਵੀ ਠੰਢ ਹੱਡ ਸੇਕ ਰਹੀ ਸੀ। ਹਰੇ-ਹਰੇ ਅਤੇ ਪਹਾੜੀ ਦੀ ਜੜ੍ਹ ਚ ਬਣੇ ਮੈਦਾਨ ਕੋਹਰੇ ਨਾਲ ਗੱਚ, ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ। ਮੈਦਾਨ ਚ ਪ੍ਰਬੰਧਕਾਂ ਤੋਂ ਸਿਵਾਏ ਪਹੁੰਚਣ ਵਾਲਿਆਂ ਦੀ ਗਿਣਤੀ ਹਾਲੇ ਨਾ-ਮਾਤਰ ਹੀ ਸੀ। ਆਲੇ ਦੁਆਲੇ ਨਿਗ੍ਹਾ ਘੁਮਾ ਕੇ ਦੇਖਿਆ ਤਾਂ ਜਾਪਿਆ ਕਿ ਜਾਂ ਤਾਂ ਅਸੀਂ ਹੀ ਬਾਹਲੇ ਕਾਹਲੇ ਹਾਂ ਜਾਂ ਫੇਰ ਹਾਲੇ ਖੇਡਾਂ ਸ਼ੁਰੂ ਹੋਣ ਦਾ ਵਕਤ ਨਹੀਂ ਹੋਇਆ। ਕਾਰ ਚੋਂ ਉਤਰਦੇ ਸਾਰ ਗਰਮਾ-ਗਰਮ ਚਾਹ ਪੀਣ ਦੀ ਚੁੰਝ ਚਰਚਾ ਹਾਲੇ ਚੱਲ ਹੀ ਰਹੀ ਹੀ ਸੀ ਕਿ ਖੇਡ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਤੇ ਸੈਕਟਰੀ ਹਰਨੇਕ ਸਿੰਘ ਧਨੋਆ ਨੇ ਸਾਡਾ ਅੱਗਾ ਘੇਰ ਲਿਆ ਤੇ ਕਹਿੰਦੇ ਬਾਕੀ ਕੰਮ ਬਾਅਦ ਚ ਪਹਿਲਾਂ ਚਾਹ-ਪਾਣੀ ਛਕੋ। ਸਾਡੀ ਸੋਚ ਤਾਂ ਚਾਹ ਤੱਕ ਸੀਮਤ ਸੀ ਪਰ ਉਥੇ ਤਾਂ ਨਾਲ ਟਿੱਕੀਆਂ ਛੋਲੇ, ਉਤੇ ਮੂਲ਼ੀ ਪਾ ਕੇ ਵਰਤਾਉਣ ਲਈ ਕੁਝ ਸਿੰਘ ਤਿਆਰ ਖੜ੍ਹੇ ਸਨ। ਹੁਣ ਤੱਕ ਤਾਂ ਦੰਦ ਕੜਿਕਾ ਵੱਜੀ ਜਾਂਦਾ ਸੀ ਪਰ ਜਦੋਂ ਦੋ-ਦੋ ਟਿੱਕੀਆਂ ਤੇ ਚਾਹ ਦੇ ਕੱਪ ਅੰਦਰ ਗਏ ਤਾਂ ਕੁਝ ਗੱਲ ਜਿਹੀ ਔੜਨ ਲੱਗੀ। ਚਾਹ ਪੀ ਕੇ ਕੁਦਰਤ ਦੇ ਨਜ਼ਾਰੇ ਕੈਦ ਕਰਨ ਲੱਗਿਆਂ ਕੈਮਰੇ ਦੇ ਲੈਂਸ ਵਿਚੋਂ ਥੋੜ੍ਹੀ ਦੂਰ ਫੁੱਟਬਾਲ ਦੇ ਗਰਾਊਂਡ ਚ ਮੁੰਡੇ ਸਰੀਰ ਗਰਮ ਕਰਦੇ ਦਿਸੇ। ਉਨ੍ਹਾਂ ਕੋਲ ਜਾ ਕੇ ਦੇਖਿਆ ਤਾਂ ਉਹ ਵੀ ਘਰ ਦੇ ਹੀ ਨਿਕਲੇ ਯਾਨੀ ਐਡੀਲੇਡ ਤੋਂ ਮੋਹਨ ਨਾਗਰਾ ਦੀ ਟੀਮ ਪੰਜਾਬ ਲਾਇਨ ਵਾਲੇ ਲੋਹੜੇ ਦੀ ਠੰਢ ਚ ਕੱਪੜਿਓਂ ਬਾਹਰ ਹੋ ਰਹੇ ਸਨ। ਮੈਂ ਟੀਮ ਦੇ ਇਕ ਹੋਰ ਪ੍ਰਬੰਧਕ ਅਤੇ ਸਾਊਥ ਆਸਟ੍ਰੇਲੀਆ ਦੀ ਰੱਸਾ ਕੱਸੀ ਦੇ ਅਹਿਮ ਖਿਡਾਰੀ ਸੁਖਵਿੰਦਰ ਮੰਗੂਵਾਲੀਆ ਨੂੰ ਪੁੱਛਿਆ ਕਿ, “ਮੈਨੂੰ ਲਗਦਾ ਆਪਾਂ ਸਾਊਥ ਆਸਟ੍ਰੇਲੀਆ ਵਾਲੇ ਕੁਝ ਜ਼ਿਆਦਾ ਹੀ ਕਾਹਲੇ ਲਗਦੇ ਹਾਂ ਤਮਗੇ ਜਿੱਤਣ ਨੂੰ! ਹਾਲੇ ਕੋਈ ਹੋਰ ਤਾਂ ਇੱਥੇ ਬਹੁੜਿਆ ਨਹੀਂ!

ਕੋਈ ਨਾ ਬਾਈ ਆਪਾਂ ਜਿੰਨੀ ਕਾਹਲ ਨਾਲ ਆਏ ਹਾਂ, ਉਨੀ ਨਾਲ ਹੀ ਮੁੜ ਜਾਵਾਂਗੇ, ਕਿਉਂਕਿ ਫੁੱਟਬਾਲ ਚ ਪਹਿਲਾ ਹੀ ਮੁਕਾਬਲਾ ਸਿੱਖ ਗੇਮਜ਼ ਦੀ ਚੈਂਪੀਅਨ ਟੀਮ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ ਨਾਲ ਮੁਕਾਬਲਾ ਹੋਣਾ ਹੈ”, ਮਜ਼ਾਕੀਆ ਸੁਭਾਅ ਦੇ ਸੁਖਵਿੰਦਰ ਦਾ ਜੁਆਬ ਸੀ ।

ਪਿਛਲੇ ਜਿਹੇ ਪਹਿਰ ਸੁਖਵਿੰਦਰ ਦੀ ਗੱਲ ਨੂੰ ਉਦੋਂ ਬੂਰ ਪੈ ਚੁੱਕਿਆ ਸੀ ਜਦੋਂ ਲੰਗਰ ਛਕ ਰਹੇ ਮੋਹਨ ਨਾਗਰਾ ਤੇ ਪ੍ਰਦੀਪ ਪਾਂਗਲੀ ਨੂੰ ਪੁੱਛਿਆ ਕਿ ਫੁੱਟਬਾਲ ਮੈਚਾਂ ਦਾ ਕੀ ਬਣਿਆ? ਤਾਂ ਬੜੇ ਹੀ ਸਕਾਰਾਤਮਿਕ ਤਰੀਕੇ ਨਾਲ ਉਹ ਕਹਿੰਦੇ ਕਿ ਤਿੰਨ ਮੁਕਾਬਲੇ ਹੋਏ ਨੇ ਜੀ, ਜਿੱਤ ਗਏ ਸਾਡੇ ਵਿਰੋਧੀ ਦੋ-ਦੋ ਦੇ ਫ਼ਰਕ ਨਾਲ” !

ਚਲੋਮੈਂ ਕਿਹਾ, “ਨਜ਼ਰੀਆ ਚੰਗਾ ਜੀ ਤੁਹਾਡਾ ਗਲਾਸ ਨੂੰ ਅੱਧਾ ਭਰਿਆ ਤੱਕਣ ਲਈ। ਕਿਉਂਕਿ ਜੀਵਨ ਚ ਇਕ ਸਕਾਰਾਤਮਕਤਾ ਨੂੰ ਹੀ ਸਫਲਤਾ ਦੀ ਕੁੰਜੀ ਕਿਹਾ ਗਿਆ ਹੈ

ਪਰ ਦੂਜੇ ਪਾਸੇ ਕਬੱਡੀ ਦੇ ਮੈਦਾਨ ਵਕਤ ਦੀ ਸ਼ਿੱਦਤ ਨਾਲ ਹੋ ਰਹੀ ਬੇਕਦਰੀ ਨੂੰ ਬੇਨਕਾਬ ਕਰ ਰਹੇ ਸਨ। ਇਕ ਪਾਸੇ ਜਿੱਥੇ ਲਾਲੀ ਖਿਡਾਰੀਆਂ ਨੂੰ ਮੈਦਾਨ ਵਿਚ ਪਹੁੰਚਣ ਲਈ ਬਾਰ-ਬਾਰ ਸਟੇਜ ਤੇ ਗੁਜ਼ਾਰਿਸ਼ ਕਰ ਰਿਹਾ ਸੀ ਉਥੇ ਅਜੀਤ ਸਿੰਘ ਰਾਹੀ ਵੀ ਆਪਣੀਆਂ ਕਿਤਾਬਾਂ ਦੀ ਪ੍ਰਮੋਸ਼ਨ ਚ ਕਾਫ਼ੀ ਰੁੱਝੇ ਰੁੱਝੇ ਦਿਖਾਈ ਦੇ ਰਹੇ ਸਨ । ਦੇਰ ਨਾਲ ਸਹੀ ਪਰ ਹੌਲੀ ਹੌਲੀ ਮੇਲੇ ਚ ਰੌਣਕ ਬਣਨੀ ਸ਼ੁਰੂ ਹੋ ਗਈ ਤੇ ਇਕ ਪਾਸੇ ਸੌਕਰ ਅਤੇ ਦੂਜੇ ਪਾਸੇ ਕਬੱਡੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣ ਲੱਗੇ ਅਤੇ ਦਰਸ਼ਕਾਂ ਦੀ ਗਿਣਤੀ ਵੀ ਸੈਂਕੜਿਆਂ ਤੋਂ ਹਜ਼ਾਰਾਂ ਚ ਹੋ ਗਈ। ਸ਼ੁਰੂ ਦੇ ਕੁਝ ਮੈਚ ਬਿਨਾਂ ਕਮੈਂਟਰੀ ਦੇ ਕੁਝ ਸੁਸਤ ਜਿਹੇ ਲੱਗੇ ਪਰ ਦੁਪਹਿਰ ਤਕ ਜਾਂਦੇ ਜਾਂਦੇ ਮਾਈਕ ਰਣਜੀਤ ਖੇੜਾ ਦੇ ਹੱਥ ਆ ਪਹੁੰਚਿਆ ਤਾਂ ਰੌਣਕ ਚ ਕੁਝ ਹੋਰ ਵਾਧਾ ਹੋਇਆ। ਕਬੱਡੀ ਦੇ ਨਾਲ-ਨਾਲ ਰੱਸਾ ਕੱਸੀ ਦੇ ਮੁਕਾਬਲੇ ਵੀ ਇਕ ਪਾਸੇ ਸ਼ੁਰੂ ਹੋ ਗਏ। ਜਿਸ ਵਿਚ ਨੌਜਵਾਨ ਕੁੜੀਆਂ ਦਾ ਇਕ ਮੁਕਾਬਲਾ ਦੇਖ ਕੇ  ਹਰੇਕ ਦਰਸ਼ਕ ਦੰਦਾਂ ਚ ਉਂਗਲੀ ਦੇਣ ਲਈ ਮਜਬੂਰ ਹੋ ਗਿਆ ਜਦੋਂ ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਦਿੱਤਾ ਰੱਸਾ ਤੋੜ ਕੇ, ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਜੋ ਪੰਜਾਬਣ ਧੀਆਂ ਨੂੰ ਕਮਜ਼ੋਰ ਅਤੇ ਨਾਜ਼ੁਕ ਸਮਝਦੇ ਹਨ।

ਦੂਜੇ ਪਾਸੇ, ਜਦੋਂ ਦਾ ਮੈਂ ਆਸਟ੍ਰੇਲੀਆ ਆਇਆ ਹਾਂ ਤਾਂ ਗਾਹੇ ਬਗਾਹੇ ਗ੍ਰਿਫ਼ਥ ਖੇਡਾਂ ਚ ਮੇਜ਼ਬਾਨੀ ਅਤੇ ਖਾਣ ਪੀਣ ਦੇ ਚਰਚੇ ਅਕਸਰ ਸੁਣਨ ਨੂੰ ਮਿਲਦੇ ਹਨ। ਪਰ ਅੱਖੀਂ ਦੇਖੇ ਬਿਨਾਂ ਕਿਥੇ ਯਕੀਨ ਆਉਂਦਾ ਹੈ ਕਿ ਵਾਕਿਆ ਹੀ ਸ਼ਹਿਰਾਂ ਤੇ ਪਿੰਡਾਂ ਦੀ ਮੇਜ਼ਬਾਨੀ ਦਾ ਫ਼ਰਕ ਹੁੰਦਾ ਹੈ। ਜਿੱਥੇ ਸ਼ਹਿਰਾਂ ਚ ਲਗਦੇ ਇਹੋ ਜਿਹੇ ਖੇਡ ਮੇਲਿਆਂ ਚ ਲੋਕ ਲੰਗਰ ਨੂੰ ਤਰਸਦੇ ਦੇਖੇ ਜਾਂਦੇ ਹਨ, ਉਥੇ ਗ੍ਰਿਫ਼ਥ ਦੇ ਇਸ ਖੇਡ ਮੇਲੇ ਚ ਨਿਰਣੇ ਕਾਲਜੇ ਤੋਂ ਲੈ ਕੇ ਮੇਲੇ ਦੇ ਅੰਤ ਤੱਕ ਚਾਹ-ਪਾਣੀ ਤੋਂ ਲੈ ਕੇ ਰੋਟੀ, ਮਠਿਆਈ ਅਤੇ ਤਾਜ਼ਾ ਫ਼ਰੂਟ ਲੋਕਾਂ ਤੋਂ ਖਾਧਾ ਨਹੀਂ ਜਾ ਰਿਹਾ ਸੀ। ਬੜੇ ਹੀ ਸੁਚੱਜੇ ਢੰਗ ਨਾਲ ਪ੍ਰਬੰਧਕ ਲੰਗਰ ਵਰਤਾ ਰਹੇ ਸਨ। ਕਈ ਕਈ ਵਾਰ ਤਾਂ ਸੰਗਤਾਂ ਦੀਆਂ ਲਾਈਨਾਂ ਕਾਫ਼ੀ ਵੱਡੀਆਂ ਹੋ ਜਾਂਦੀਆਂ ਸਨ ਪਰ ਮੈਂ ਦੋ ਦਿਨਾਂ ਚ ਇਹ ਨਹੀਂ ਸੁਣਿਆ ਕਿ ਭਾਈ ਠਹਿਰ ਜਾਓ ਹਾਲੇ ਚਾਹ ਬਣ ਰਹੀ ਹੈ ਜਾਂ ਕੁਝ ਮੁੱਕ ਗਿਆ ਹੈ ।

ਗ੍ਰਿਫ਼ਥ ਦਾ ਸ਼ਾਇਦ ਹੀ ਕੋਈ ਘਰ ਜਾਂ ਹੋਟਲ ਹੋਵੇਗਾ, ਜਿਸ ਵਿਚ ਮਹਿਮਾਨ ਨਾ ਹੋਣ। ਪਹਿਲੇ ਦਿਨ ਦੀ ਸ਼ਾਮ ਹੁੰਦੇ ਹੀ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ। ਵੱਖ ਵੱਖ ਮਹਿਫ਼ਲਾਂ ਚ ਰੌਣਕਾਂ ਲੱਗ ਗਈਆਂ। ਅਸੀਂ ਜਿਹੜੇ ਹੋਟਲ ਵਿਚ ਰੁਕੇ ਹੋਏ ਸੀ ਉਥੇ ਵੀ ਦੇਰ ਰਾਤ ਤੱਕ ਢੋਲ ਵਜਦੇ ਰਹੇ। ਅੱਧੀ ਕੁ ਰਾਤ ਨੂੰ ਕਬੱਡੀ ਖਿਡਾਰੀ ਢੋਲ ਢਮੱਕਾ ਕਰ ਰਹੇ ਲੋਕਾਂ ਨੂੰ ਬੇਨਤੀਆਂ ਕਰਦੇ ਦੇਖੇ ਗਏ ਕਿ ਉਨ੍ਹਾਂ ਨੇ ਕੱਲ੍ਹ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਮੈਚ ਖੇਡਣੇ ਹਨ। ਸੋ ਉਨ੍ਹਾਂ ਨੂੰ ਸ਼ਾਂਤੀ ਨਾਲ ਆਰਾਮ ਕਰ ਲੈਣ ਦਿਓ, ਪਰ... । ਹਰ ਮਹਿਫ਼ਲ ਦਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਸੀ। ਸਾਡੇ ਕਮਰੇ ਚ ਵੀ ਮਹਿਫ਼ਲ ਸਜੀ ਹੋਈ ਸੀ, ਬੱਸ ਫ਼ਰਕ ਏਨਾ ਕੁ ਸੀ ਕਿ ਸਾਡੇ ਕਮਰੇ ਚ ਤਕਰੀਬਨ ਅਸੀਂ ਦਸ ਕੁ ਪਤਿਤ ਸਿੱਖ ਅੱਧੀ ਰਾਤ ਤੱਕ ਗੁਰਮਤੇ ਕਰਦੇ ਰਹੇ। ਕੁਝ ਇਕ ਨੌਜਵਾਨ ਲੇਖਕਾਂ ਜਿਵੇਂ ਦਵਿੰਦਰ ਧਾਲੀਵਾਲ, ਕਰਨ ਬਰਾੜ ਅਤੇ ਅੰਗਰੇਜ਼ ਸਿੰਘ ਆਦਿ ਬੜੇ ਜਿਗਿਆਸਾ ਭਰੇ ਸਵਾਲ ਕੀਤੇ। ਜਿਨ੍ਹਾਂ ਦੇ ਜਵਾਬ ਅਮਨਦੀਪ ਸਿੱਧੂ ਨੇ ਬੜੇ ਹੀ ਠਰੰ੍ਹਮੇ ਨਾਲ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਅਤੇ ਨਾਲ ਆਸਟ੍ਰੇਲੀਆ ਦੇ ਉਭਰ ਰਹੇ ਨੌਜਵਾਨ ਗਾਇਕ ਵੀਰ ਭੰਗੂ ਨੇ ਆਪਣੀ ਸੋਜ਼ ਭਰੀ ਆਵਾਜ਼ ਚ ਰੂਹਾਨੀਅਤ ਨਾਲ ਜੁੜੀਆਂ ਕੁਝ ਨਜ਼ਮਾਂ ਸੁਣਾ ਕੇ ਮਾਹੌਲ ਨੂੰ ਸੂਫ਼ੀਆਨਾ ਰੰਗਤ ਦੇ ਦਿੱਤੀ। ਉਧਰ ਸੁਲੱਖਣ ਸਿੰਘ ਸਹੋਤਾ ਜਿੱਥੇ ਸਾਨੂੰ ਅੱਠ ਬੰਦਿਆਂ ਨੂੰ ਗੱਡੀ ਚ ਲੱਦ ਕੇ ਗ੍ਰਿਫ਼ਥ ਲੈ ਪਹੁੰਚਿਆ ਸੀ, ਉਥੇ ਉਸ ਦਾ ਖੇਡਾਂ ਪ੍ਰਤੀ ਪਿਆਰ ਹਰ ਥਾਂ ਝਲਕ ਰਿਹਾ ਸੀ। ਗ੍ਰਿਫ਼ਥ ਆਇਆ ਸ਼ਾਇਦ ਹੀ ਕੋਈ ਇਹੋ ਜਿਹਾ ਬੰਦਾ ਹੋਵੇ ਜੋ ਸੁਲੱਖਣ ਸਿੰਘ ਦੇ ਗੁਣ ਨਾ ਗਾ ਰਿਹਾ ਹੋਵੇ।

ਦੂਜੇ ਦਿਨ ਫੇਰ ਉਸੇ ਵਰਤਾਰੇ ਨਾਲ ਖੇਡਾਂ ਸ਼ੁਰੂ ਹੋਈਆਂ। ਪ੍ਰਬੰਧਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਪਤਾ ਨਹੀਂ ਆਪਣੇ ਲੋਕ ਕਦੋਂ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਵੱਲੋਂ ਮਹਿਮਾਨ ਨਿਵਾਜ਼ੀ ਚ ਕੋਈ ਕਸਰ ਨਹੀਂ ਛੱਡ ਰਹੇ ਪਰ ਫੇਰ ਵੀ ਲੋਕ ਆਪਣੀ ਕੋਈ ਜਿੰਮੇਵਾਰੀ ਨਹੀਂ ਨਿਭਾ ਰਹੇ। ਇਕੱਲੇ ਪ੍ਰਬੰਧਕ ਹੀ ਰਾਤ ਨੂੰ ਗਿਆਰਾਂ ਵਜੇ ਤੱਕ ਮੈਦਾਨ ਵਿਚ ਖਿੱਲਰੀਆਂ ਕੁਰਸੀਆਂ ਅਤੇ ਕੂੜਾ ਇਕੱਠਾ ਕਰਦੇ ਰਹੇ ਅਤੇ ਹੁਣ ਫੇਰ ਪੰਜ ਵਜੇ ਦੇ ਅੱਜ ਦੇ ਇੰਤਜ਼ਾਮ ਵਿਚ ਰੁੱਝੇ ਹੋਏ ਹਨ।

ਉਧਰ ਪਿਛਲੀ ਰਾਤ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੀ ਚੋਣ ਨੇ ਸਾਰਿਆਂ ਨੂੰ ਸਕੂਨ ਦਿਤਾ, ਜਿਸ ਵਿਚ ਅਹੁਦਾ ਛੱਡ ਰਹੇ ਪ੍ਰਧਾਨ ਜਗਜੀਤ ਸਿੰਘ ਗੁਰਮ ਦੀ ਥਾਂ ਸੁੱਖੇ ਜੌਹਲ ਨੂੰ ਸਰਬ ਸੰਮਤੀ ਨਾਲ ਇਹ ਜਿੰਮੇਵਾਰੀ ਦਿੱਤੀ ਗਈ ਅਤੇ ਸਕੱਤਰ ਦੀ ਕੁਰਸੀ ਰੋਣੀ ਰੰਧਾਵਾ ਦੇ ਹਿੱਸੇ ਆਈ। ਇੱਥੇ ਇਹ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਾਰੇ ਹੀ ਕਬੱਡੀ ਕਲੱਬਾਂ ਨੂੰ ਇਸ ਕਾਰਜਕਾਰਨੀ ਚ ਬਣਦਾ ਥਾਂ ਦਿਤਾ ਗਿਆ ਤੇ ਉਹ ਵੀ ਸਾਰਿਆਂ ਦੀ ਸਹਿਮਤੀ ਨਾਲ। ਇਸ ਨਾਲ ਇਕ ਚਰਚਾ ਆਮ ਸੁਣਨ ਨੂੰ ਮਿਲੀ ਕਿ ਪ੍ਰਬੰਧਕਾਂ ਦੀ ਸਹਿਮਤੀ ਕਬੱਡੀ ਦੇ ਭਵਿੱਖ ਲਈ ਵਰਦਾਨ ਦਾ ਕੰਮ ਕਰੇਗੀ।

ਖੇਡਾਂ ਦੇ ਦੂਸਰੇ ਦਿਨ ਮੈਲਬਰਨ ਤੋਂ ਆਈ ਗੱਤਕਾ ਟੀਮ ਨੇ ਵਿਅਸਤ ਦਿਨ ਦੇ ਚੱਲਦਿਆਂ ਕਰੀਬ ਅੱਧਾ ਘੰਟਾ ਗੱਤਕੇ ਦੇ ਜੌਹਰ ਦਿਖਾ ਕੇ ਸਾਰਾ ਮਾਹੌਲ ਖ਼ਾਲਸਾਈ ਕਰ ਦਿੱਤਾ ਤੇ ਜੇਕਰ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਕਬੱਡੀ ਦੀਆਂ ਟੀਮਾਂ ਤੇ ਨਾ ਹਾਲੇ ਨਵੀਂ ਕਾਰਜਕਾਰਣੀ ਦਾ ਅਸਰ ਦਿਖਾਈ ਦੇ ਰਿਹਾ ਸੀ ਤੇ ਨਾ ਪੁਰਾਣੀ ਦਾ। ਪ੍ਰਬੰਧਕ ਅਕਸਰ ਦੀ ਤਰ੍ਹਾਂ ਬਾਰ ਬਾਰ ਟੀਮਾਂ ਨੂੰ ਸੱਦੇ ਦੇ ਰਹੇ ਸਨ ਪਰ ਹਾਥੀ ਦੀ ਮਸਤ ਚਾਲ ਚ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ। ਮੈਚ ਵੱਧ ਪਏ ਸਨ ਤੇ ਵਕਤ ਘੱਟ ਸੀ ਤੇ ਉਤੋਂ ਗ੍ਰਿਫ਼ਥ ਦੀ ਕੋਹਰੇ ਵਾਲੀ ਠੰਢ ਭਰੀ ਸ਼ਾਮ ਆਉਂਦੀ ਦਿਖਾਈ ਦੇ ਰਹੀ ਸੀ। ਜਿਵੇਂ ਜਿਵੇਂ ਦਿਨ ਢਲਦਾ ਗਿਆ ਤਾਂ ਮੇਲਾ ਭਖਦਾ ਗਿਆ। ਜਿੱਥੇ ਰੱਸੇ ਖਿੱਚਣ ਵਾਲਿਆਂ ਚ ਕੈਨਬਰੇ ਦੇ ਗੱਭਰੂਆਂ ਨੇ ਫਾਈਨਲ ਮੈਚ ਵਿਚ ਸਾਊਥ ਆਸਟ੍ਰੇਲੀਅਨ ਗੱਭਰੂਆਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ, ਉਥੇ ਬੀਬੀਆਂ ਨੇ ਮਿਊਜ਼ੀਕਲ ਚੇਅਰ ਅਤੇ ਰੱਸਾ ਕੱਸ਼ੀ ਵਿਚ ਵੀ ਆਪਣੇ ਜੌਹਰ ਦਿਖਾਏ। ਵੂਲਗੂਲਗੇ ਦੇ ਨੌਜਵਾਨਾਂ ਨੇ ਜੂਨੀਅਰ ਕਬੱਡੀ ਵਿਚ ਆਪਣੀ ਝੰਡੀ ਗੱਡੀ ਅਤੇ ਇਕ ਅਰਧ ਪੰਜਾਬੀ ਮੁੰਡੇ ਵਿਲੀਅਮ ਨੇ ਸਭ ਨੂੰ ਦੱਸ ਦਿੱਤਾ ਕਿ ਪਾਸੇ ਹੋ ਜਾਓ ਆਉਣ ਵਾਲਾ ਭਵਿੱਖ ਮੇਰਾ ਹੈ।

ਬਾਕੀ ਤੇਜੀ ਢਿੱਲੋਂ ਤੇ ਰੌਣੀ ਰੰਧਾਵਾ ਅਤੇ ਸਿੰਘ ਸਭਾ ਸਪੋਰਟਸ ਕਲੱਬ ਦੇ ਪੈਰ ਧਰਤੀ ਤੇ ਨਹੀਂ ਸਨ ਲਗ ਰਹੇ। ਕਿਉਂਕਿ ਉਨ੍ਹਾਂ ਦੀ ਪਿਛਲੇ ਸਾਲ ਤੋਂ ਚੱਲ ਰਹੀ ਜੇਤੂ ਮੁਹਿੰਮ ਜਾਰੀ ਸੀ। ਇਸ ਬਾਰ ਕੁਝ ਇਕ ਸਮੀਕਰਣ ਬਦਲੇ ਸਨ ਅਤੇ ਇਸ ਕਲੱਬ ਦਾ ਇਕ ਅਹਿਮ ਖਿਡਾਰੀ ਬੂਟਾ ਤਲਬਨ ਇਸ ਕਲੱਬ ਦੀ ਜੇਤੂ ਮੁਹਿੰਮ ਨੂੰ ਰੋਕਣ ਲਈ ਪੰਜਾਬੀ ਕਲੱਬ ਮੈਲਬਰਨ ਦੀ ਟੀਮ ਦਾ ਹਿੱਸਾ ਬਣ ਚੁੱਕਿਆ ਸੀ । ਸੰਯੋਗਵੱਸ ਉਸ ਦਾ ਫਾਈਨਲ ਮੁਕਾਬਲਾ ਉਸ ਦੇ ਆਪਣੇ ਹੀ ਪੁਰਾਣੇ ਸਾਥੀਆਂ ਨਾਲ ਹੋ ਰਿਹਾ ਸੀ ਤੇ ਫਾਈਨਲ ਮੈਚ ਦਾ ਆਲਮ ਇਹ ਸੀ ਕਿ ਦਰਸ਼ਕ ਆਮ ਹੀ ਇਹ ਕਹਿੰਦੇ ਸੁਣੇ ਗਏ ਕਿ ਇਹ ਫਾਈਨਲ ਵਰਲਡ ਕੱਪ ਦੇ ਫਾਈਨਲ ਨੂੰ ਵੀ ਮਾਤ ਪਾ ਗਿਆ। ਲੋਕਾਂ ਦਾ ਇਕ ਇਕ ਰੇਡ ਤੇ ਡਾਲਰਾਂ ਦਾ ਮੀਂਹ ਵਰ੍ਹਾਉਣਾ ਅਤੇ ਉਨ੍ਹਾਂ ਵੱਲੋਂ ਪੈਂਦਾ ਰੌਲਾ ਇੰਝ ਲਗ ਰਿਹਾ ਸੀ ਕਿ ਖਿਡਾਰੀਆਂ ਦਾ ਜ਼ੋਰ ਘੱਟ ਤੇ ਦਰਸ਼ਕਾਂ ਦਾ ਜ਼ੋਰ ਵੱਧ ਲਗ ਰਿਹਾ ਸੀ। ਬੜੇ ਸਖ਼ਤ ਮੁਕਾਬਲੇ ਦਾ ਅੰਤ ਸਿੰਘ ਸਭਾ ਸਪੋਰਟਸ ਕਲੱਬ ਦੇ ਹੱਕ ਚ ਗਿਆ ਅਤੇ ਉਹ ਇਕ ਹੋਰ ਖ਼ਿਤਾਬ ਆਪਣੀ ਝੋਲੀ ਚ ਪਾਉਣ ਚ ਕਾਮਯਾਬ ਰਹੇ। ਪਰ ਇੱਥੇ ਇਹ ਜ਼ਿਕਰਯੋਗ ਗਲ ਹੈ ਕਿ ਲੋਕਾਂ ਵਿਚ ਇਹ ਵਿਸ਼ਾ ਚਰਚਾ ਚ ਸੀ ਕਿ ਸਿੰਘ ਸਭਾ ਵੱਲੋਂ ਮੋਟਾ ਪੈਸਾ ਲਾ ਕੇ ਸਥਾਪਿਤ ਕੀਤੇ ਖਿਡਾਰੀ ਨੂੰ ਇੰਝ ਕਲੱਬ ਨੂੰ ਵਿਚੇ ਛੱਡ ਕੇ ਦੂਜੇ ਕਲੱਬ ਲਈ ਖੇਡਣ ਲੱਗਣਾ ਕੀ ਸਹੀ ਕਦਮ ਹੈ। ਕੀ ਇਹ ਕਬੱਡੀ ਲਈ ਚੰਗੇ ਭਵਿੱਖ ਦਾ ਸੰਕੇਤ ਹੈ। ਪਰ ਇਸ ਦਾ ਫ਼ੈਸਲਾ ਤਾਂ ਆਉਣ ਵਾਲਾ ਕੱਲ੍ਹ ਹੀ ਕਰੇਗਾ ਤੇ ਦੂਜਾ ਪੱਖ ਜਾਣਨ ਲਈ ਸੰਬੰਧਿਤ ਖਿਡਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਕ ਪੱਖ ਜਾਣਨ ਤੋਂ ਬਾਅਦ ਤਾਂ ਬੂਟੇ ਨੂੰ ਹੀ ਕਸੂਰਵਾਰ ਸਮਝਿਆ ਜਾ ਰਿਹਾ ਹੈ । ਖੇਡ ਦੌਰਾਨ ਬੂਟੇ ਤਲਬਨ ਦੇ ਪ੍ਰਦਰਸ਼ਨ ਵਿਚ ਵੀ ਇਸ ਸਾਰੇ ਕਾਂਡ ਦਾ ਅਸਰ ਸਾਫ਼ ਦਿਖਾਈ ਦਿੱਤਾ। ਜਿਹੜਾ ਬੂਟਾ ਬੈੱਸਟ ਜਾਫੀ ਹੁੰਦਾ ਸੀ, ਕੱਲ੍ਹ ਉਹ ਉਹੀ ਜਿਹੀ ਖੇਡ ਨਹੀਂ ਦਿਖਾ ਸਕਿਆ। ਪਰ ਉਮੀਦ ਕਰਦੇ ਹਨ ਕਿ ਛੇਤੀ ਹੀ ਇਹਨਾਂ ਮਸਲਿਆਂ ਦਾ ਹੱਲ ਨਿਕਲੇਗਾ ਅਤੇ ਦਰਸ਼ਕ ਬੂਟੇ ਦੀ ਖੇਡ ਦਾ ਆਨੰਦ ਮਾਣ ਸਕਣਗੇ। ਸੋਨੀ ਕਾਉਂਕੇ, ਗੱਲੀਂ ਪੱਤੋਂ ਅਤੇ ਰੋਮੀ ਨੂੰ ਬੈੱਸਟ ਰੇਡਰ ਚੁਣਿਆ ਗਿਆ। ਸੌਕਰ ਚ ਵੀ ਸਿੰਘ ਸਭਾ ਸਪੋਰਟਸ ਦੀ ਝੰਡੀ ਕਾਇਮ ਰਹੀ। ਆਸਟ੍ਰੇਲੀਆ ਦੇ ਉਭਰ ਰਹੇ ਗਾਇਕ ਵੀਰ ਭੰਗੂ ਨੇ ਆਪਣੀ ਬੁਲੰਦ ਆਵਾਜ਼ ਦੇ ਜੌਹਰ ਦੋਨੇਂ ਦਿਨ ਮੈਦਾਨ ਵਿਚ ਬਿਖੇਰ ਕੇ ਸਾਰੇ ਮਾਹੌਲ ਨੂੰ ਰੰਗਮਈ ਕਰ ਦਿੱਤਾ । ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਦੀਪੀ ਗਿੱਲ ਨੇ ਸਾਰੇ ਮੇਲੇ ਦੌਰਾਨ ਤਕਰੀਬਨ ਬਾਰਾਂ ਸੌ ਫ਼ੋਟੋ ਖਿੱਚ ਕੇ ਇਸ ਮੇਲੇ ਨੂੰ ਸੱਦਾ ਲਈ ਕੈਦ ਕਰ ਲਿਆ।

ਹਰਭਜਨ ਖੈਰਾ, ਸਤਿਨਾਮ ਪਾਬਲਾ, ਰਣਜੀਤ ਸ਼ੇਰਗਿੱਲ, ਅਜੀਤ ਸਿੰਘ, ਜਗਜੀਤ ਸਿੰਘ ਗੁਰਮ, ਕੁਲਦੀਪ ਬਾਸੀ, ਸੁੱਖਾ ਜੌਹਲ, ਰਵਿੰਦਰ ਸਿੰਘ ਹਨੀ, ਸਰਤਾਜ ਧੌਲ਼, ਤੇਜਸਦੀਪ ਅਜਨੋਦਾ, ਪ੍ਰੋਫੈਸਰ ਨਿਰਮਲ ਸਿੰਘ, ਤੇਜਪਾਲ ਢਿੱਲੋਂ, ਜਰਨੈਲ ਸ਼ੌਕਰ, ਮੇਜਰ ਸਿੰਘ ਸ਼ੌਕਰ, ਦਾਰਾ ਸਿੰਘ ਔਜਲਾ, ਸਰਬਜੀਤ ਜੌਹਲ, ਸਕੱਤਰ ਸਿੰਘ ਗਿੱਲ, ਮੁਖ਼ਤਿਆਰ ਸਿੰਘ ਗਿੱਲ, ਸੁਰਿੰਦਰ ਜੌਹਲ, ਗੁਰਦੀਪ ਸਿੰਘ, ਪਰਮਜੀਤ ਜੌਹਲ, ਸੁਰਜੀਤ ਪਾਂਗਲੀ, ਆਹਲੂਵਾਲੀਆ, ਜਤਿੰਦਰ ਨਿੱਝਰ, ਲਖਬੀਰ ਸਿੱਧੂ, ਮਨਦੀਪ ਸੈਣੀ, ਕੁਲਦੀਪ ਔਲਖ ਆਦਿ ਪਤਵੰਤੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਰਹੇ ਸਨ।

ਲਓ ਜੀ! ਹੁਣ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰ ਲਈਏ। ਯਾਨੀ ਮੀਡੀਆ ਦੀ ਗੱਲ ਕਰ ਲਈਏ। ਹਰ ਵਾਰ ਦੀ ਤਰ੍ਹਾਂ ਮੀਡੀਆ ਗੱਜ-ਵੱਜ ਕੇ ਪਿਛਲੇ ਇਕ ਮਹੀਨੇ ਤੋਂ ਗ੍ਰਿਫ਼ਥ ਖੇਡਾਂ ਦਾ ਢੋਲ ਆਪੋ ਆਪਣੀ ਤਾਲ ਚ ਵਜਾ ਰਿਹਾ ਸੀ। ਬਹੁਤ ਸਾਰੇ ਅਖ਼ਬਾਰਾਂ ਤੇ ਰੇਡੀਉ ਦੇ ਨੁਮਾਇੰਦੇ ਇੱਥੇ ਹਾਜ਼ਰ ਸਨ। ਉਘਾ ਕਾਲਮ ਨਵੀਸ ਗੱਜਣ ਵਾਲਾ ਸੁਖਮਿੰਦਰ ਪਿਛਲੇ ਸਾਲ ਦਾ ਗਿੱਝਿਆ ਗਿਝਾਇਆ ਇਸ ਵਾਰ ਫਿਰ ਵਿਆਹ ਚ ਆਏ ਮੇਲ ਵਾਂਗ ਘੁਕਦਾ ਫਿਰਦਾ ਸੀ। ਪ੍ਰਬੰਧਕਾਂ ਵੱਲੋਂ ਮੀਡੀਆ ਲਈ ਸਨਮਾਨ ਚਿੰਨ੍ਹ ਵੀ ਬਣਾਏ ਹੋਏ ਸਨ। ਭਾਵੇਂ ਪ੍ਰਬੰਧਕਾਂ ਨੇ ਪਹਿਲੇ ਦਿਨ ਹੀ ਸਾਰੇ ਮੀਡੀਆ ਦੇ ਨੁਮਾਇੰਦਿਆਂ ਦੀ ਲਿਸਟ ਬਣਾ ਰੱਖੀ ਸੀ। ਪਰ "ਸਾਡੇ ਵਾਰੀ ਰੰਗ ਮੁੱਕਿਆ, ਹੋਲੀ ਗ਼ੈਰਾਂ ਨਾਲ ਖੇਡੀ ਤੂੰ ਬਥੇਰੀ" ਵਾਲੀ ਗੱਲ ਅਕਸਰ ਹੀ ਮੀਡੀਆ ਨਾਲ ਹੁੰਦੀ ਰਹੀ ਹੈ। ਮਾਈਕ ਧਾਰੀ, ਕੁਝ ਇਕ ਬੰਦਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਮੀਡੀਆ ਨੂੰ ਨਜ਼ਰ ਅੰਦਾਜ਼ ਕਰ ਰਹੇ ਸਨ। ਇਕ ਦੋ ਵਾਰ ਇਹ ਆਵਾਜ਼ਾਂ ਤਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਉਹ ਕਿਧਰ ਗਏ ਮੀਡੀਆ ਵਾਲਿਓ! ਗਰਾਊਂਡ ਚ ਆ ਜੋ, ਫ਼ੋਟੋ ਖਿੱਚਣੀ ਹੈ। ਇਹ ਸੁਣ ਕੇ ਮੀਡੀਆ ਵਾਲਿਆਂ ਨੂੰ ਇੰਝ ਲਗ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਦਿਹਾੜੀ ਤੇ ਲਿਆਂਦਾ ਗਿਆ ਹੋਵੇ। ਪਰ ਇਹ ਕਿਸੇ ਤੋਂ ਛੁਪਿਆ ਨਹੀਂ ਕਿ ਖ਼ਾਸ ਕਰ ਵਿਦੇਸ਼ ਚ ਮੀਡੀਆ ਘਰ ਫ਼ੂਕ ਤਮਾਸ਼ੇ ਤੋਂ ਵੱਧ ਹੋਰ ਕੁਝ ਨਹੀਂ। ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਗਰਾਊਂਡ ਦੇ ਨਾਲ-ਨਾਲ ਇਕ ਮਾਈਕ ਸਟੇਜ ਤੇ ਵੀ ਚੱਲ ਰਿਹਾ ਸੀ। ਪਰ ਕਿਸੇ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਦਿੱਤੀ ਲਿਸਟ ਦਾ ਜ਼ਿਕਰ ਨਹੀਂ ਕੀਤਾ ਗਿਆ। ਸ਼ਾਇਦ ਖੇਡਾਂ ਚ ਹੀ ਏਨੇ ਵਿਅਸਤ ਸਨ ਕਿ ਉਨ੍ਹਾਂ ਨੂੰ ਮੀਡੀਆ ਵੱਲੋਂ ਕੀਤੀ ਗਈ ਸੇਵਾ ਦਿਖਾਈ ਨਹੀਂ ਦਿੱਤੀ।

ਇਹ ਵੀ ਜ਼ਿਕਰਯੋਗ ਹੈ ਕਿ ਕੁਝ ਇਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ, ਜਦੋਂ ਉਹ ਕਿਸੇ ਕੋਲ ਆ ਜਾਣ ਤਾਂ ਇਨਸਾਨ ਦੀਆਂ ਜਿੰਮੇਵਾਰੀਆਂ ਚ ਕਾਫ਼ੀ ਵਾਧਾ ਹੋ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਚੀਜ਼ ਮਾਈਕ ਵੀ ਹੈ। ਭਾਵੇਂ ਹਰ ਵਾਰ ਦੀ ਤਰ੍ਹਾਂ ਮਾਈਕ ਬਹੁਤ ਹੀ ਹੰਢੇ ਵਰਤੇ ਬੰਦਿਆਂ ਰਣਜੀਤ ਸਿੰਘ ਖੇੜਾ ਅਤੇ ਚਰਨਾਮਤ ਸਿੰਘ ਦੇ ਹੱਥ ਸੀ। ਪਰ ਫੇਰ ਵੀ ਉਹ ਪਤਾ ਨਹੀਂ ਕਿਉਂ ਕੁਝ ਇਕ ਗੱਲਾਂ ਨੂੰ ਅੱਖੋਂ ਪਰੋਖੇ ਕਰ ਰਹੇ ਸਨ। ਮੈਂ ਇੱਥੇ ਆਪਣੀ ਗੱਲ ਨਹੀਂ ਕਰ ਰਿਹਾ ਕਿ ਮੈਨੂੰ ਉਨ੍ਹਾਂ ਨੇ ਸਤਿਕਾਰ ਨਹੀਂ ਦਿੱਤਾ। ਉਲਟਾ ਮੇਰਾ ਜ਼ਿਕਰ ਤਾਂ ਇਕ ਦੋ ਵਾਰ ਹੋਇਆ ਪਰ ਉਥੇ ਅਜੀਤ, ਜੱਗ ਬਾਣੀ, ਪੰਜਾਬੀ ਟ੍ਰਿਬਿਊਨ, ਦੀ ਪੰਜਾਬ, ਚੜ੍ਹਦੀਕਲਾ, ਹਰਮਨ ਰੇਡੀਉ, ਆਪਣਾ ਪੰਜਾਬ ਟੀ ਵੀ, ਪੰਜਾਬੀ ਜਾਗਰਨ, ਪੰਜਾਬੀ ਨਿਊਜ਼ ਆਨਲਾਈਨ, ਦੀ ਟਾਈਮਜ਼ ਆਫ਼ ਪੰਜਾਬ, ਸਪਾਈਸ ਰੇਡੀਉ ਤੇ ਸ਼ਬਦ ਸਾਂਝ ਆਦਿ ਤੋਂ ਵੀ ਬੰਦੇ ਹਾਜ਼ਰ ਸਨ। ਮੈਂ ਉਨ੍ਹਾਂ ਦਾ ਜ਼ਿਕਰ ਪ੍ਰਬੰਧਕਾਂ ਕੋਲ ਪਈ ਲਿਸਟ ਚ ਤਾਂ ਦੇਖਿਆ ਸੀ ਪਰ ਕਿਤੇ ਹੋਰ ਹੁੰਦਾ ਨਹੀਂ ਸੁਣਿਆ। ਇਹਨਾਂ ਸਾਰੇ ਨੁਮਾਇੰਦਿਆਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਭਾਵੇਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਫੇਰ ਵੀ ਜਦੋਂ ਦੋ ਚਾਰ ਬੰਦਿਆਂ ਨੂੰ ਛੱਡ ਕੇ ਸਭ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੋਵੇ ਤਾਂ ਇਹ ਸਹੀ ਗੱਲ ਨਹੀਂ ਹੈ।

ਇਕ ਗੱਲ ਹੋਰ ਜ਼ਿਕਰਯੋਗ ਹੈ ਕਿ ਇਹ ਵਰਤਾਰਾ ਕੋਈ ਖ਼ਾਸ ਨਹੀਂ ਅਕਸਰ ਹੀ ਇੰਝ ਹੁੰਦਾ ਰਹਿੰਦਾ ਹੈ। ਇੱਥੇ ਬੱਸ ਏਨਾ ਕੁ ਫ਼ਰਕ ਸੀ ਕਿ ਪ੍ਰਬੰਧਕਾਂ ਦਾ ਕਸੂਰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇੱਥੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਖੇਡ ਹੀ ਏਨੀ ਵਿਅਸਤ ਸੀ ਕਿ ਫ਼ਾਲਤੂ ਦੀਆਂ ਗੱਲਾਂ ਨੂੰ ਟਾਈਮ ਹੀ ਨਹੀਂ ਸੀ ਕਿਉਂਕਿ ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲਦਾ ਜਦੋਂ ਕੁਲਦੀਪ ਬਾਸੀ ਹੋਰਾਂ ਨੇ ਕਮੈਂਟਰੀ ਕਰਨ ਵਾਲਿਆਂ ਨੂੰ ਆਪਣਾ ਧਿਆਨ ਸਿਰਫ਼ ਖੇਡ ਤੇ ਕੇਂਦਰਿਤ ਕਰਨ ਨੂੰ ਕਿਹਾ, ਨਾ ਕਿ ਬੀਬੀਆਂ ਦੇ ਸੂਟਾਂ ਅਤੇ ਹੋਰ ਚੁਟਕਲਿਆਂ ਚ ਵਕਤ ਬਰਬਾਦ ਕਰਨ ਤੇ । ਭਾਵੇਂ ਹਰ ਇਕ ਖੇਡ ਮੇਲੇ ਚ ਬਾਸੀ ਹੋਰਾਂ ਤੇ ਟਰਬਲ ਮੇਕਰਹੋਣ ਦੇ ਦੋਸ਼ ਲੱਗਦੇ ਹਨ ਪਰ ਜੇ ਰਾਣੀ ਨੂੰ ਅੱਗਾ ਢੱਕਣ ਲਈ ਕਹਿਣਾ ਗ਼ਲਤ ਹੈ ਤਾਂ ਇਸ ਵਾਰ ਵੀ ਬਾਸੀ ਕਸੂਰਵਾਰ ਹੈ।

ਇੱਥੇ ਇਕ ਗੱਲ ਹੋਰ ਹੈ ਕਿ ਰਣਜੀਤ ਸਿੰਘ ਖੇੜਾ ਅਤੇ ਚਰਨਾਮਤ ਸਿੰਘ ਮੇਰੇ ਚੰਗੇ ਮਿੱਤਰ ਹਨ ਅਤੇ ਜਦੋਂ ਕਿਸੇ ਮਿੱਤਰ ਦੀ ਬੁਰਾਈ ਕਿਸੇ ਤੋਂ ਪਿੱਠ ਪਿੱਛੇ ਸੁਣੀਏ ਤਾਂ ਚੰਗਾ ਨਹੀਂ ਲਗਦਾ। ਦੂਜੀ ਗੱਲ ਇਹ ਹੈ ਕਿ ਭਾਵੇਂ ਮੈਂ ਨਿੱਜੀ ਤੌਰ ਤੇ ਇਨ੍ਹਾਂ ਦੀ ਕੁਮੈਂਟਰੀ ਤੇ ਨਿੱਕੀਆਂ ਨਿੱਕੀਆਂ ਹਾਸੇ ਭਰਪੂਰ ਗੱਲਾਂ ਪਸੰਦ ਕਰਦਾ ਹਾਂ ਪਰ ਨਾਲ ਦੀ ਨਾਲ ਮੇਰੇ ਕੋਲ ਕਲਮ ਦੀ ਜਿੰਮੇਵਾਰੀ ਵੀ ਹੈ ਤੇ ਕਲਮ ਲੇਖਕ ਦੀ ਨਿੱਜੀ ਪਸੰਦ ਨਾਪਸੰਦ ਲਿਖਣ ਲਈ ਵਾਜਿੱਦ ਨਹੀਂ ਹੁੰਦੀ ਤੇ ਉਸ ਨੂੰ ਲੋਕਾਂ ਦੀ ਗੱਲ ਹੀ ਕਰਨੀ ਪੈਂਦੀ ਹੈ । ਅਜਿਹਾ ਹੀ ਕੁਝ ਇਸ ਮੇਲੇ ਚ ਵੀ ਵਾਪਰਿਆ ਜਦੋਂ ਇਹਨਾਂ ਨੇ ਮਾਈਕ ਤੇ ਮਾਲਵੇ ਨੂੰ ਟਾਰਗੈਟ ਕਰ ਕੇ ਕਾਫ਼ੀ ਤਵੇ ਲਾਏ ਕਿ ਮਾਲਵੇ ਚ ਬਾਬੇ ਨੇ ਤੇ ਮਾਲਵੇ ਦੇ ਲੋਕ ਬਾਬਿਆਂ ਨੂੰ ਵਧਾਵਾ ਦਿੰਦੇ ਹਨ। ਮੈਨੂੰ ਵੀ ਇਹ ਗੱਲ ਉਸ ਵਕਤ ਚੁੱਭੀ ਸੀ ਭਾਵੇਂ ਇਹ ਗੱਲ ਨਹੀਂ ਕਿ ਮੈਂ ਮਾਲਵੇ ਨਾਲ ਸੰਬੰਧ ਰੱਖਦਾ ਹਾਂ । ਮੈਂ ਤਾਂ ਪੰਜਾਬ ਨੂੰ ਹੋਰ ਵੰਡਿਆ ਨਹੀਂ ਦੇਖਣਾ ਚਾਹੁੰਦਾ। ਬਾਕੀ ਇਸ ਗੱਲ ਨੂੰ ਜਦੋਂ ਮਰਜ਼ੀ ਵਧਾ ਲਵੋ ਤੇ ਕਹਿ ਦਿਓ ਕਿ ਨੂਰ ਮਹਿਲ ਤਾਂ ਮਾਲਵੇ ਚ ਨਹੀਂ ਜਾਂ ਫੇਰ ਹੋਰ ਬਹੁਤ ਸਾਰੇ ਉਦਾਹਰਨ ਹਨ ਮੇਰੇ ਕੋਲ।

ਮੇਲੇ ਦੀ ਸਮਾਪਤੀ ਤੋਂ ਬਾਅਦ ਜਦੋਂ ਅਸੀਂ ਐਡੀਲੇਡ ਨੂੰ ਵਾਪਸ ਆਉਣ ਦੀ ਤਿਆਰੀ ਚ ਸਾਂ ਤਾਂ ਪਾਰਕਿੰਗ ਚ ਸਾਡਾ ਇੰਤਜ਼ਾਰ ਕਰ ਰਹੇ, ਇਕ ਕਾਫ਼ੀ ਵੱਡੇ ਗਰੁੱਪ ਨਾਲ ਸਾਹਮਣਾ ਹੋਇਆ । ਉਨ੍ਹਾਂ ਵਿਚ ਤਕਰੀਬਨ ਸਾਰੇ ਸੁਲਝੇ ਹੋਏ ਮੁੰਡੇ ਸਨ। ਉਨ੍ਹਾਂ ਨੇ ਸਾਨੂੰ ਇਹ ਸਾਰੇ ਮੁੱਦੇ ਮੀਡੀਆ ਰਾਹੀਂ ਉਠਾਉਣ ਲਈ ਕਿਹਾ। ਉਨ੍ਹਾਂ ਇੱਥੇ ਇਕ ਹੋਰ ਗੱਲ ਦੱਸੀ ਕਿ ਜਦੋਂ ਇਕ ਨਵੇਂ ਮੁੰਡੇ ਨੇ ਮਾਈਕ ਤੇ ਕਮੈਂਟਰੀ ਕਰਨੀ ਸ਼ੁਰੂ ਕੀਤੀ ਤੇ ਜਦੋਂ ਹਰਮਨ ਰੇਡੀਉ ਦਾ ਨਾਂ ਲਿਆ ਤਾਂ ਇਕ ਮਿੰਟ ਚ ਹੀ ਉਸ ਤੋਂ ਮਾਈਕ ਫੜ ਲਿਆ ਗਿਆ। ਇਸ ਗੱਲ ਬਾਰੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਨਾਲ ਹਰਮਨ ਰੇਡੀਉ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ ਕਿਉਂਕਿ ਹਰਮਨ ਰੇਡੀਉ ਦੇ ਕੰਮ ਖ਼ੁਦ ਬੋਲ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਈਕ ਵਿਚ ਕਹੀ ਹਰ ਗੱਲ ਦਾ ਦਰਸ਼ਕ ਜਾਂ ਸਰੋਤੇ ਚੀਰ ਫਾੜ ਕਰਦੇ ਹਨ ਤੇ ਇਹ ਵਿਸ਼ਲੇਸ਼ਣ ਮਾਈਕ ਹੱਥ ਚ ਫੜ ਕੇ ਨਹੀਂ ਬਲਕਿ ਦਰਸ਼ਕ ਗੈਲਰੀ ਚ ਦਰਸ਼ਕ ਦੀ ਜੁੱਤੀ ਪਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ।

ਉਂਝ ਤਾਂ ਹਾਲੇ ਬਹੁਤ ਕੁਝ ਬਾਕੀ ਹੈ ਪਰ ਟਾਈਮ ਦੀ ਕਮੀ ਕਰ ਕੇ ਬੱਸ ਇਕ ਗੱਲ ਹੋਰ; ਇਕ ਪਾਸੇ ਕਬੱਡੀ ਦਾ ਫਾਈਨਲ ਚੱਲ ਰਿਹਾ ਸੀ ਤੇ ਦੂਜੇ ਪਾਸੇ ਇਕ ਸੱਠ ਕੁ ਸਾਲ ਦੇ ਬਜ਼ੁਰਗ ਸਤੀਸ਼ ਕੁਮਾਰ ਗਰਾਊਂਡ ਵਿਚੋਂ ਬੋਤਲਾਂ, ਕੈਨ, ਕਾਗਜ਼, ਪਲਾਸਟਿਕ ਦੇ ਚਮਚੇ ਆਦਿ ਕੂੜਾ ਇਕੱਠਾ ਕਰ ਰਹੇ ਸਨ। ਮੈਂ ਉਨ੍ਹਾਂ ਦੀ ਫ਼ੋਟੋ ਖਿੱਚ ਲਈ। ਜਦੋਂ ਉਹ ਰੁਕ ਗਏ ਤਾਂ ਮੈਂ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਿਕ ਉਨ੍ਹਾਂ ਤੋਂ ਇਜਾਜ਼ਤ ਮੰਗੀ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਕਿ ਮੈਂ ਇਹ ਫ਼ੋਟੋ ਅਖ਼ਬਾਰ ਚ ਲੱਗਾ ਸਕਦਾਂ? ਤਾਂ ਉਨ੍ਹਾਂ ਸਹਿਮਤੀ ਦੇ ਦਿੱਤੀ। ਮੈਂ ਪੁੱਛਿਆ ਕਿ ਤੁਸੀਂ ਮੈਚ ਕਿਉਂ ਨਹੀਂ ਦੇਖ ਰਹੇ ਤਾਂ ਉਹ ਕਹਿੰਦੇ ਕਿ ਨਹੀਂ ਜੀ ਮੈਚ ਨਾਲੋਂ ਮੇਰੇ ਲਈ ਇਹ ਜ਼ਰੂਰੀ ਹੈ। ਜਿਸ ਨਾਲ ਸਾਡੇ ਭਾਈਚਾਰੇ ਦੀ ਇੱਜ਼ਤ ਜੁੜੀ ਹੋਈ ਹੈ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਸੋਚ ਕਿਵੇਂ ਆਈ ਤਾਂ ਕਹਿੰਦੇ ਅਸੀਂ ਦ ਪੰਜਾਬਦੇ ਪਾਠਕ ਹਾਂ ਤੇ ਇਕ ਵਾਰ ਉਸ ਵਿਚ ਇਕ ਲੇਖ ਮੈਨੂੰ ਕੀਪੜ੍ਹਿਆ ਸੀ ਤਾਂ ਅਸੀਂ ਕੁਝ ਮਿੱਤਰਾਂ ਨੇ ਸੌਂਹ ਖਾਧੀ ਕਿ ਮੈਨੂੰ ਕਿਉਂ ਨਹੀਂ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਸ ਲੇਖ ਦੇ ਲੇਖਕ ਨੂੰ ਮਿਲਣਾ ਚਾਹੋਗੇ? ਤਾਂ ਕਹਿੰਦੇ ਬਿਲਕੁਲ ਜੀ। ਮੇਰੇ ਇਹ ਕਹਿਣ ਤੇ ਲਉ ਜੀ ਮਿਲੋ ਫੇਰ ਤਾਂ ਉਨ੍ਹਾਂ ਧਿਆਨ ਨਾਲ ਮੇਰੇ ਵੱਲ ਦੇਖਿਆ ਤੇ ਕਹਿੰਦੇ ਕਿ ਤੁਹਾਡੇ ਸਿਰ ਦੇ ਵਾਲ ਕਿੱਧਰ ਗਏ। ਮੈਂ ਕਿਹਾ ਆਹ ਫ਼ਾਲਤੂ ਦੀਆਂ ਟਿੱਡੇ ਵਾਲੀਆਂ ਜਿੰਮੇਵਾਰੀਆਂ ਨੇ ਝਾੜ ਦਿੱਤੇ। ਉਹ ਕਹਿੰਦੇ ਇੱਕ ਮਿੰਟ ਰੁਕੋ ਮੈਂ ਆਪਣੇ ਦੂਜੇ ਮਿੱਤਰਾਂ ਨੂੰ ਵੀ ਸੱਦ ਕੇ ਲਿਆਉਂਦਾ ਹਾਂ ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਕਿਹਾ ਨਹੀਂ ਤੁਸੀਂ ਨਾ ਜਾਓ ਮੈਂ ਤੁਹਾਡੇ ਨਾਲ ਹੀ ਚੱਲਦਾਂ।

ਉਨ੍ਹਾਂ ਸਾਰੇ ਰਿਟਾਇਰ ਬੰਦਿਆਂ ਨੂੰ ਮਿਲ ਕੇ ਮੇਰੀ ਖ਼ੁਸ਼ੀ ਤਾਂ ਕੋਈ ਟਿਕਾਣਾ ਨਹੀਂ ਸੀ ਕਿ ਮੇਰੀ ਮਿਹਨਤ ਦਾ ਫਲ ਮੇਰੇ ਸਾਹਮਣੇ ਸੀ। ਮੇਰੇ ਇਕ ਲੇਖ ਨੇ ਇਹਨਾਂ ਵਿਚ ਇਹ ਜਜ਼ਬਾ ਖੜਾ ਕੀਤਾ ਸੀ। ਮੇਰੀ ਇਕ ਖ਼ੁਸ਼ੀ ਆਪਣੇ ਸਿਰ ਤੇ ਬਜ਼ੁਰਗਾਂ ਦਾ ਹੱਥ ਟਿਕਣ ਦੀ ਵੀ ਸੀ। ਜਦੋਂ ਸਤੀਸ਼ ਕੁਮਾਰ ਨਾਮੀ ਇਸ ਬਜ਼ੁਰਗ ਨੇ ਮੇਰਾ ਮੋਢਾ ਥਪਥਪਾਇਆ ਤਾਂ ਮੇਰੀਆਂ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਚੱਲ ਪਏ ਤੇ ਯਾਦ ਆਈਆਂ ਫ਼ਿਰੋਜ਼ ਖਾਨ ਦੇ ਗੀਤ ਦੀਆਂ ਸਤਰਾਂ ਕਿ

ਜਦ ਕੋਈ ਵਿੱਚ ਪਰਦੇਸੀ ਮੋਢਾ ਥਪਥਪਾ ਦੇਵੇ ਜਾਂ
ਕੋਈ ਸਿਆਣਾ ਬੰਦਾ ਪੁੱਤਰ ਆਖ ਬੁਲਾ ਦੇਵੇ,
ਜਦ ਹਿੱਕ ਨਾਲ ਲਾ ਕੇ ਕੋਈ ਬਜ਼ੁਰਗ ਪਿਆਰ ਜਿਤਾਉਂਦਾ ਹੈ,
ਫੇਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਹੈ।

ਉਸ ਵਕਤ ਮੈਂ ਆਪਣੇ ਗੁਆ ਚੁੱਕੇ ਬਾਪ ਨੂੰ ਉਨ੍ਹਾਂ ਚ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਕੀ ਮੇਰੇ ਅੱਥਰੂਆਂ ਦੀ ਜੇ ਗੱਲ ਕਰਾਂ ਤਾਂ ਗ੍ਰਿਫ਼ਥ ਖੇਡਾਂ ਦੌਰਾਨ ਪਤਾ ਨਹੀਂ ਕਿਉਂ ਇਹ ਕਈ ਬਾਰ ਛਲਕੇ, ਜਦੋਂ ਵੀ ਕੋਈ ਮੇਰਾ ਪਾਠਕ ਜਾਂ ਹਰਮਨ ਰੇਡੀਉ ਦੇ ਜ਼ਰੀਏ ਸੁਣਨ ਵਾਲਾ ਆ ਕੇ ਮੇਰੇ ਕੰਮ ਦੇ ਮੁੱਲ ਚ ਮੇਰੇ ਤੋਂ ਲੱਖਾਂ ਮਣ ਪਿਆਰ ਨਸ਼ਾਵਰ ਕਰ ਦਿੰਦਾ ਸੀ ਤਾਂ ਇਹ ਝੱਲੇ ਅੱਥਰੂ ਮਲੋ ਮੱਲੀ ਤੁਰ ਪੈਂਦੇ ਸਨ ਜਿੰਨਾ ਨੂੰ ਲੁਕਾਉਣ ਲਈ ਮੈਨੂੰ ਆਪਣਾ ਮੂੰਹ ਲੁਕੋਣਾ ਪੈਂਦਾ ਸੀ।

****

1 comment:

Jatt_chandigarh said...

Very good work.. Keep it up mintu brar ji... Jeet grewal from Melbourne..