ਕਿਉਂ........... ਨਜ਼ਮ/ਕਵਿਤਾ / ਦੀਪ ਜ਼ੀਰਵੀ

ਗਊ ਸ਼ਾਲਾ  ਦੇ ਹੁੰਦਿਆਂ-ਸੁੰਦਿਆਂ ਸੜਕਾਂ ਉੱਤੇ ਗਾਵਾਂ ਕਿਓਂ
ਪੁੱਤ ਧੀਆਂ ਦੇ ਹੁੰਦਿਆਂ ਸੁੰਦਿਆਂ ਅਵਾਜ਼ਾਰ ਕਈ ਮਾਵਾਂ ਕਿਓਂ

ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ
ਜੇ ਵਢਣੇ ਹਨ ਬੂਟੇ, ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ

ਨੇੜ-ਭਵਿੱਖ ਦੀ ਮਾਂ ਨੂੰ ਹੱਥੀਂ ਕੁੱਖੀਂ ਕਤਲ ਕਰ ਛੱਡੋ
ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ

ਦਲ ਤੇ ਰਾਜ ਨਹੀ ਸੀ ਓਹਦਾ ਓਹ ਤਾਂ ਦਿਲਾਂ ਦਾ ਰਾਜਾ ਹੈ
ਭਗਤ ਸਿੰਘ ਸਰਦਾਰ ਦੇ ਮੂਹਰੇ ਤਾਹਿਓਂ ਸੀਸ ਝੁਕਾਵਾਂ ਇਓਂ


ਮੈਨੂੰ ਕਿਸ਼ਤੀ ਸਾਲਮ ਰਖਨੀ ਆਓਂਦੀ ਹੈ ਮੈਂ ਰੱਖ ਲਾਂਗਾ
ਮੈਂ ਮਲਾਹ ਹਾਂ ਖੁਦ ਕਿਸ਼ਤੀ ਦਾ ਚੱਪੂ ਗੈਰ ਫੜਾਵਾਂ ਕਿਓਂ

ਉਸਦੇ ਮੇਰੇ ਨਾਤੇ ਵਾਲੀ ਗੱਲ ਦੱਸ ਦਾ ਵਾਂ; ਦੱਸਿਓ ਨਾ
ਮਿਰਗਛਲੀ ਓਹ, ਮੈਂ ਤਿਰਹਾਇਆ; ਓਹਦਾ ਸੰਗ ਨਾ ਚਾਹਵਾਂ ਕਿਓਂ

****


Post a Comment