ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ……… ਗੀਤ / ਬਲਵਿੰਦਰ ਸਿੰਘ ਮੋਹੀ

ਕਦੇ ਇਹਦੀ ਜੱਗ ਤੇ ਸੀ ਸ਼ਾਨ ਵੱਖਰੀ,
ਹੁੰਦੀ ਸੀ ਪੰਜਾਬ ਦੀ ਪਛਾਣ ਵੱਖਰੀ,
ਝਾਕਦਾ ਨਹੀਂ ਸੀ ਜੀਹਦੀ ਵਾਅ ਵੱਲ ਕੋਈ
ਸ਼ਰੇਆਮ ਢਾਹ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਹਰ ਪਿੰਡ ਵਿੱਚ ਹੁਣ ਠੇਕਾ ਖੁੱਲਿਆ,
ਦੁੱਧ ਦਹੀਂ ਲੱਸੀ ਦਾ ਸੁਆਦ ਭੁੱਲਿਆ,
ਵੱਡਿਆਂ ਸ਼ਿਕਾਰੀਆਂ ਨੇ ਨਸ਼ੇ ਦੇ ਸ਼ੌਕੀਨੋ
ਥੋਡਾ ਭੇਤ ਪਾ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਗੀਤਕਾਰਾਂ ਬੇੜੀ ਡੋਬਤੀ ਪੰਜਾਬ ਦੀ,
ਗਾਣਿਆਂ ‘ਚ ਗੱਲ ਕੁੜੀ ਤੇ ਸ਼ਰਾਬ ਦੀ ,
ਛੱਡ ਦੋ ਕੁਚੱਜੇ ਗੀਤ ਗਾਉਣੇ ਗਾਉਣ ਵਾਲਿਉ
ਬਥੇਰਾ ਗਾ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਫਸਲਾਂ ਨੂੰ ਨਸ਼ਾ ਲਾਇਆ ਸਪਰੇਆਂ ਦਾ
ਖੇਤਾਂ ਨੂੰ ਵੀ ਨਸ਼ਾ ਚ੍ਹਾੜ ਦਿੱਤਾ ਰੇਹਾਂ ਦਾ,
ਖੁਸ਼ੀ-ਗ਼ਮੀ ਸਾਰੇ ਹੀ ਮਨਾਉਣ ਨਸ਼ੇ ਨਾਲ
ਕੇਹਾ ਰੋਗ ਲਾ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

ਵੱਡੇ ਛੋਟੇ ਵਾਲਾ ਵੀ ਲਿਹਾਜ ਭੁੱਲ ਗਏ ,
ਪੈਲਿਸੀ ਵਿਆਹਾਂ ‘ਚ ਰਿਵਾਜ਼ ਰੁਲ ਗਏ,
ਮੁੱਲ ਵਾਲੇ ਗਿੱਧੇ ਅਤੇ ਭੰਗੜੇ ਨੇ ‘ਮੋਹੀ’
ਮਨ ਭਰਮਾ ਲਿਆ,
ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।
ਸਾਡਾ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ………।

****

No comments: