ਧੀਆਂ ਨੂੰ ਮਾਰੋ ਨਾ……… ਗੀਤ / ਮਲਕੀਅਤ ਸਿੰਘ ਸੁਹਲ

ਮਾਰੋ ਨਾ  ਮਾਰੋ ਲੋਕੋ! ਧੀਆਂ ਨੂੰ ਮਾਰੋ ਨਾ।
ਖ਼ੂਨ ਦੇ ਨਾਲ ਇਹਦੀ ਡੋਲੀ ਸ਼ਿੰਗਾਰੋ  ਨਾ।

ਕੰਜਕਾਂ ਨੂੰ  ਪੂਜਦੇ ਨੇ  ਸੰਤ  ਮਹਾਤਮਾ ।
ਇਹਨਾਂ 'ਚ ਵਸਦਾ ਹੈ  ਸਚਾ  ਪ੍ਰਮਾਤਮਾ ।
ਦੁਖੀ ਨਾ ਕਰੋ ਕਦੇ  ਧੀਆਂ ਦੀ  ਆਤਮਾ
ਆਪਣੀ ਹੀ ਕੁੱਲ ਦਾ ਕਰਿਉ ਨਾ ਖਾਤਮਾ।
ਦਾਜ ਦੀ ਅੱਗ ਵਿਚ ਇਨ੍ਹਾ ਨੂੰ ਸਾੜੋ ਨਾ,
ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।

ਉਚਾ ਤੇ ਸੁੱਚਾ ਲੋਕੋ! ਧੀਆਂ ਦਾ ਦਾਨ ਹੈ।
ਭੈਣਾਂ ਦੀ ਰੱਖੜੀ ਤਾਂ  ਵੀਰਾ ਦੀ ਸ਼ਾਨ ਹੈ।
ਨਾਰੀ ਦੇ ਨਾਲ ਸਾਰਾ, ਵਧਿਆ ਜਹਾਨ ਹੈ
ਏਸੇ ਲਈ ਨਾਰੀ ਲੋਕੋ! ਜੱਗ ਤੇ ਮਹਾਨ ਹੈ।
ਇਨ੍ਹਾਂ ਤੇ ਐਵੇਂ ਤੁਸੀਂ, ਕਹਿਰ ਗੁਜ਼ਾਰੋ ਨਾ,
ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।

ਧੀਆਂ ਨੂੰ ਪਿੱਛੇ ਤੁਸੀਂ  ਰਖਿਆ ਬੇਸ਼ਕ ਹੈ।
ਪੁੱਤਰਾਂ ਵਾਂਗ ਇਹਨੂੰ ਜੀਊਣ ਦਾ ਹੱਕ ਹੈ।
ਧੀਆਂ ਧਿਆਣੀਆਂ ਮਨੁੱਖ਼ਤਾ ਦਾ ਨੱਕ ਹੈ,
ਘਰ ਨੂੰ ਬਣਾਉਂਦੀਆਂ ਧੀਆਂ ਅਣਥੱਕ ਹੈ।
ਸ਼ੋਸ਼ਣਾਂ ਵਿਚ ਏਹਦੀ ਮਿੱਟੀ ਨੂੰ ਉਭਾਰੋ ਨਾ,
ਮਾਰੋ ਨਾ ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।

ਧੀਆਂ ਦੇ ਵੈਣ ਪੈਂਦੇ ਸੁਣੇ ਤਾਂ ਜਾਂਦੇ ਨਹੀਂ।
ਧੀਆਂ ਦੀ ਸੌਂਹ ਲੋਕੀਂ ਕਦੇ ਵੀ ਖਾਂਦੇ ਨਹੀਂ।
ਧੀਆਂ ਦੀ ਘੋੜੀ ਵੇਖੋ! ਗਾਇਕ ਵੀ ਗਾਂਦੇ ਨਹੀਂ,
ਧੀਆਂ ਦੀ ਲੋਹੜੀ ਕਿਉਂ ਮਾਪੇ ਮਨਾਂਦੇ ਨਹੀਂ।
ਇਨ੍ਹਾਂ ਦੀ  ਆਬਰੂ ਨੂੰ, ਬਹੁਤਾ ਵੰਗਾਰੋ ਨਾ,
ਮਾਰੋ ਨਾ  ਮਾਰੋ ਲੋਕੋ ! ਧੀਆਂ ਨੂੰ ਮਾਰੋ ਨਾ।

ਸਾਰਾ  ਸੰਸਾਰ  ਉਪਜੇ, ਇਹਨਾ ਦੀ ਕੁੱਖ ਤੋਂ।
ਆਸ ਨਹੀ ਹੁੰਦੀ ਲੋਕੋ, ਸਿੰਬਲ ਦੇ ਰੁੱਖ਼ ਤੋਂ।
ਮੁਕਤੀ ਦਵਾਉਂਦੀਆਂ ਨੇ ਜੀਵਨ ਦੇ ਦੁੱਖ ਤੋਂ,
ਸੁੱਖ ਦੀ ਅਰਦਾਸ ਨਿਕਲੇ ਧੀਆਂ ਦੇ ਮੁੱਖ ਤੋਂ।
ਰੇਤਾ ਦੇ ਘਰ "ਸੁਹਲ", ਭੁੱਲ ਕੇ  ਉਸਾਰੋ ਨਾ,
ਮਾਰੋ ਨਾ  ਮਾਰੋ ਲੋਕੋ !  ਧੀਆਂ ਨੂੰ ਮਾਰੋ ਨਾ।

****

No comments: