ਦਾਤੀ ਨੂੰ ਲਵਾ ਦੇ ਘੁੰਗਰੂ.......... ਲੇਖ / ਰਣਜੀਤ ਸਿੰਘ ਪ੍ਰੀਤ

ਪਹਿਲਾਂ ਜਦੋਂ ਖੇਤੀ ਦਾ ਮੂੰਹ-ਮੁਹਾਂਦਰਾ ਅਜੇ ਥੋੜਾ ਹੀ ਵਿਕਸਤ ਹੋਇਆ ਸੀ, ਤਾਂ ਮੁੱਖ ਤੌਰ ‘ਤੇ ਦੋ ਫ਼ਸਲਾਂ ਹਾੜੀ ਅਤੇ ਸਾਉਣੀ ਹੀ ਹੋਇਆ ਕਰਦੀਆਂ ਸਨ। ਹਾੜੀ ਦੀ ਫ਼ਸਲ ਕਣਕ ਨੂੰ ਰਾਣੀ ਫ਼ਸਲ ਦਾ ਦਰਜਾ ਪ੍ਰਾਪਤ ਸੀ, ਕਿਓਂਕਿ ਇਸ ਨਾਲ ਹੀ ਹਰੇਕ ਘਰ ਦੀ ਰੋਟੀ ਚਲਦੀ ਸੀ। ਔਰਤਾਂ ਦਾ ਅਖਾਣ ਸੀ “ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ”। ਨਰਮਾ, ਚੌਲ, ਸੂਰਜਮੁਖੀ ਦੀ ਬੀਜ ਬਿਜਾਈ ਨਹੀਂ ਸੀ ਹੁੰਦੀ। ਕਪਾਹ ਬੀਜੀ ਜਾਂਦੀ ਸੀ ਅਤੇ “ਮੇਰੀ ਕੱਲ ਨੂੰ ਕਪਾਹ ਦੀ ਵਾਰੀ, ਵੇ ਡੰਡੀ ‘ਤੇ ਉਡੀਕੀਂ ਮਿੱਤਰਾ” ਵੀ ਕਿਹਾ ਜਾਂਦਾ ਸੀ। ਕਮਾਦ (ਗੰਨਾ) “ਗੁੜ ਖਾਂਦੀ ਗੰਨੇ ਚੂਪਦੀ ,ਆਈ ਜਵਾਨੀ ਸ਼ੂਕਦੀ” ਜਾਂ “ਕਾਲੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ ਪੈ ਗਿਆ” ਵੀ ਗਾਇਆ ਕਰਦੇ ਸਨ। ਬਾਜਰਾ, ਮੱਕੀ, ਸਣ, ਗੁਆਰਾ, ਚਰੀ, ਸਰ੍ਹੋਂ, ਤਾਰਾਮੀਰਾ, ਮੂੰਗੀ ਆਦਿ ਫ਼ਸਲਾਂ ਦਾ ਜ਼ੋਰ ਹੁੰਦਾ ਸੀ। ਪਰ ਸਭ ਤੋਂ ਦਿਲਚਸਪ ਗੱਲ ਹੁੰਦੀ ਸੀ, “ਕਣਕ  ਦੀ ਵਾਢੀ” ।  ਉਦੋਂ ਅੱਜ ਵਾਂਗ ਨਾ ਤਾਂ ਬਹੁ-ਫ਼ਸਲੀ ਚੱਕਰ ਸੀ, ਨਾ ਹੀ ਜ਼ਮੀਨ ਨਸ਼ਿਆਂ ਦੀ ਆਦੀ ਸੀ, ਨਾ ਹੀ ਕਣਕ ਦੇ ਨਾੜ ਨੂੰ ਅੱਗ ਲਾ ਕੇ ਜ਼ਮੀਨ ਦਾ ਉਪਜਾਊ ਸੀਨਾ ਸਾੜਿਆ ਜਾਂਦਾ ਸੀ। ਬਲਦਾਂ ਵਾਲੇ ਗੱਡਿਆਂ ‘ਤੇ ਲਿਜਾ ਕੇ ਰੂੜੀ ਦੀ ਖ਼ਾਦ ਖੇਤ ਵਿੱਚ ਪਾਇਆ ਕਰਦੇ ਸਨ ਜਾਂ ਖਾਲੀ ਹੋਏ ਵਾਹਣ ਵਿੱਚ 5-7 ਦਿਨ ਲਈ ਇੱਜੜ ਬਿਠਾ ਲਿਆ ਜਾਂਦਾ ਸੀ। ਹਰੀ ਖ਼ਾਦ ਲਈ ਸਣ ਜਾਂ ਗੁਆਰਾ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਸੀ। ਮੁੱਛ ਫ਼ੁੱਟ ਆਜੜੀ ਟਿੱਚਰ ਕਰਨੋਂ ਵੀ ਟਾਲਾ ਨਹੀਂ ਸਨ ਵੱਟਿਆ ਕਰਦੇ, “ਹਾਕਾਂ ਮਾਰਦੇ ਬੱਕਰੀਆਂ ਵਾਲੇ, ਬੱਲੀਏ ਰੁਮਾਲ ਭੁੱਲ ਗਈ” । ਆਜੜੀ ਦੀ ਰੋਟੀ-ਚਾਹ-ਪਾਣੀ ਕਿਸਾਨ ਨੇ ਹੀ ਦੇਣਾ ਹੁੰਦਾ ਸੀ। ਕਣਕ ਵੱਢਣੀ, ਫ਼ਲ੍ਹਾ, ਖੁਰਗੋ, ਸਲੰਘ, ਤੰਗਲੀ, ਦੋ-ਸਾਂਗਾ, ਪੈਰੀ ਵਰਗੇ ਸ਼ਬਦਾਂ ਤੋਂ ਬੱਚਾ ਬੱਚਾ ਜਾਣੂੰ ਸੀ। ਵਾਢੀ ਸਿਰ ‘ਤੇ ਆਈ ਵੇਖ ਕਿਸਾਨ ਪਹਿਲਾਂ ਹੀ ਗਿੱਲੀ ਕੀਤੀ ਦੱਭ, ਕਾਹੀ ਤੋਂ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਬੇੜਾਂ ਤਿਆਰ ਕਰ ਲਿਆ ਕਰਦੇ ਸਨ, ਇਸ ਮੌਕੇ ਉਹਨਾਂ ਦੇ ਬੁੱਲ੍ਹ ਵੀ ਇਓਂ ਫਰਕਣੋਂ ਨਹੀਂ ਸਨ ਰੁਕਿਆ ਕਰਦੇ :

“ਚਾੜ੍ਹ ਦਿਓ ਬੇੜਾਂ ਨੂੰ ਦੁਬੱਲੇ ਵੱਟ ਮਿੱਤਰੋ,
ਕਣਕ ਚੱਲੀ ਐ ਦਿਨਾਂ ‘ਚ ਪੱਕ ਮਿੱਤਰੋ” ।

ਵਿਸਾਖੀ ਅਤੇ ਕਣਕ ਦਾ ਸੰਬੰਧ ਸਕੀਆਂ ਭੈਣਾਂ ਵਰਗਾ ਹੈ, ਤਾਂ ਹੀ ਇਹ ਪ੍ਰਸਿੱਧ ਹੈ “ਓ ਜੱਟਾ ਆਈ ਵਿਸਾਖੀ, ਕਣਕ ਨੂੰ ਪੈਗੀ ਦਾਤੀ” ਜਾਂ “ਜੱਟਾ ਆਈ ਵਿਸਾਖੀ, ਕਣਕਾਂ ਨੂੰ ਲਾਈ ਦਾਤੀ” ਖ਼ਾਲਸਾ ਪੰਥ ਦੀ ਸਾਜਨਾ ਦਾ ਵੀ ਇਹ ਦਿਨ ਹੈ ਅਤੇ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਵਾਲਾ ਵੀ:

“ਆਈ ਹੈ ਵਿਸਾਖੀ, ਰਿਹਾ ਨਾ ਕੋਈ ਸ਼ੱਕ ਮਿੱਤਰੋ,
ਪੁੱਤਾਂ ਵਾਂਗ ਪਾਲ਼ੀ ਹਾੜੀ ਗਈ ਪੱਕ ਮਿੱਤਰੋ,
ਵਾਢੀ ਕਰਨ ਲਈ ਬੰਨ੍ਹ ਲਓ ਲੱਕ ਮਿੱਤਰੋ” ।
ਕਣਕ ਦੀ ਪੱਕੀ ਫ਼ਸਲ ਨੂੰ ਕੋਈ ਨੁਕਸਾਨ ਨਾ ਪੁਚਾ ਜਾਵੇ ਜਾਂ ਕੋਈ ਪਸ਼ੂ ਆ ਕੇ ਖ਼ਰਾਬ ਨਾ ਕਰ ਜਾਵੇ। ਇਸ ਲਈ ਰਾਖੀ ਵੀ ਕੀਤੀ ਜਾਂਦੀ ਸੀ। ਇੱਥੋਂ ਤੱਕ ਕਿ ਪੱਕੀ ਫ਼ਸਲ ਵਿੱਚ ਕੋਈ ਆਦਮੀ ਗੰਦ–ਮੰਦ ਵੀ ਨਹੀਂ ਸੀ ਖਿਲਾਰਦਾ।  ਰਾਤ ਨੂੰ ਵੀ ਕਿਸਾਨ ਅਵਾਰਾ ਪਸ਼ੂਆਂ ਤੋਂ ਰਖਵਾਲੀ ਲਈ ਸੰਮਾਂ ਵਾਲੀ ਡਾਂਗ ਮੋਢੇ ਰੱਖ ਖੇਤ ਦਾ ਗੇੜਾ ਲਾਇਆ ਕਰਦਾ ਸੀ। ਇਹਨਾਂ ਦਿਨਾਂ ਵਿੱਚ ਇਹ ਵੀ ਕਿਹਾ ਜਾਂ ਗੁਣ-ਗਣਾਇਆ ਜਾਂਦਾ ਸੀ:

“ਜੱਟਾ ਆਈ ਵਿਸਾਖੀ ,ਕਣਕਾਂ ਦੀ ਮੁੱਕ ਗਈ ਰਾਖੀ”

ਜਾਂ ਫਿਰ ਇਹ ਨਜ਼ਾਕਤ ਵੀ ਪ੍ਰਵਾਨ ਚੜ੍ਹਿਆਂ ਕਰਦੀ ਸੀ:

“ਕਦੀ ਉਡਾਵਾਂ ਤਿਤੱਰ ਬਟੇਰੇ ਅਤੇ ਕਦੀ ਉਡਾਵਾਂ ਕਾਂ,
ਜਿੰਦ ਮਲੂਕ ਜਿਹੀ ਏ ਮੇਰੀ, ਵੇ ਮੈਂ ਕਿੱਧਰ ਕਿੱਧਰ ਜਾਂ,
ਮਾਰ ਕੇ ਛਾਲਾਂ ਜਾਵਾਂ ਤਾਂ ਮੇਰੀ ਝਾਂਜਰ ਲਹਿੰਦੀ,
ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈ ਨਾ ਬਹਿੰਦੀ” ।

ਵਾਢੀ ਲਈ ਤਿਆਰ ਸੁਨਹਿਰੀ ਰੰਗ ਦੀ ਹੋਈ ਕਣਕ ਬਾਰੇ ਇਓਂ ਵੀ ਕਹਿ ਲਿਆ ਕਰਦੇ ਸਨ “ਡੁੱਬ ਜਾਣੀਏ ਗਵਾਚ ਨਾ ਜਾਵੀ, ਕਣਕਾਂ ਦੇ ਰੰਗ ਪੱਕ ਗਏ” । ਵਿਸਾਖੀ ਦੀ ਆਮਦ ਵਾਢੀ ਲਈ ਦਸਤਕ ਹੁੰਦੀ। ਭਾਵੇਂ ਕਿਸਾਨ ਇਸ ਤੋਂ ਪਹਿਲਾਂ ਹੀ ਸੇਪੀ ਵਾਲੇ ਮਿਸਤਰੀ ਤੋਂ ਕਮਾਨੀ ਦੀਆਂ ਦਾਤੀਆਂ ਬਣਵਾ ਲਿਆ ਕਰਦੇ ਸਨ। ਦਾਤੀ ਦੇ ਦਸਤੇ  ਨੂੰ ਪਿੱਤਲ ਅਤੇ ਕੋਕਿਆਂ ਨਾਲ ਸ਼ਿੰਗਾਰਨ ਦਾ ਰਿਵਾਜ਼ ਵੀ ਸੀ। ਸਾਰੀ ਵਾਢੀ ਹੱਥੀਂ ਕੀਤੀ ਜਾਂਦੀ ਸੀ। ਪੰਜਾਬਣ ਜਿੱਥੇ ਨਵੀਂ ਆ ਰਹੀ ਫ਼ਸਲ ਦੇ ਚਾਅ ਵਜੋਂ ਘਰ ਨੂੰ ਨਿਖ਼ਾਰਦੀ-ਸੰਵਾਰਦੀ ਸੀ, ਘਰ ਵਿੱਚ ਦਾਣੇ ਸਾਂਭਣ ਵਾਲੇ ਭੜੋਲੇ ਦੀ ਸਫ਼ਾਈ ਕਰਦੀ ਸੀ, ਉਥੇ ਵਾਢੀ ਵਿੱਚ ਵੀ ਮਦਦਗਾਰ ਬਣਿਆ ਕਰਦੀ ਸੀ। ਹੱਥੀਂ ਤਿਆਰ ਕੀਤੀ ਦਾਤੀ ਦੇ ਦੰਦੇ ਕੱਢਣ ਲਈ ਮਿਸਤਰੀ ਅੱਧੀ ਅੱਧੀ ਰਾਤ ਤੱਕ ਬੈਠਿਆ ਕਰਦਾ ਸੀ। ਫਿਰ ਆਰੀ ਦੀ ਦਾਤੀ ਹੋਂਦ ਵਿੱਚ ਆ ਗਈ ਅਤੇ ਦੰਦੇ ਕੱਢਣ ਲਈ ਮਸ਼ੀਨ। ਜਿਸ ਨੂੰ ਇੱਕ ਜਣਾ ਘੁੰਮਾਇਆ ਕਰਦਾ ਸੀ ਅਤੇ ਮਿਸਤਰੀ ਦਾਤੀ ਨੂੰ ਰਤਾ ਕੁ ਤਿਰਛੀ ਕਰਕੇ ਗੋਲ ਚੱਕਰ ‘ਚ ਘੁੰਮਦੀ ਭੰਬੀਰੀ ‘ਤੇ ਰੱਖ ਕੇ ਦੰਦੇ ਕੱਢਿਆ ਕਰਦਾ ਸੀ। ਜਿਸ ਨਾਲ ਜਿੱਥੇ ਕੰਮ ਸੌਖਾ ਹੋ ਗਿਆ ਸੀ, ਉਥੇ ਸਮੇਂ ਦੀ ਵੀ ਬੱਚਤ ਰਹਿਣ ਲੱਗ ਪਈ ਸੀ। ਜਿੱਥੇ ਇਹ ਸਚਾਈਆਂ ਸਨ “ਪੁਲਿਸ ਨਾਲ ਪੰਗਾ, ਬਲੈਕ ਦਾ ਧੰਦਾ, ਦਾਤੀ ਨੂੰ ਦੰਦਾ, ਲੱਕੜ ਨੂੰ ਰੰਦਾ, ਜੁਆਕਾਂ ਵਾਲਾ ਰੰਡਾ” । ਉਥੇ ਦਾਤੀ ਦੀ ਪ੍ਰਸਿੱਧੀ ਬਾਬਤ ਵੀ ਇਹ ਪ੍ਰਚੱਲਤ ਸੀ:

“ਰੌਂਤੇ ਦੇ ਵਿੱਚ ਬਣਦੇ ਕੂੰਡੇ, ਸ਼ਹਿਰ ਭਦੌੜ ਦੀ ਚਾਟੀ,
ਹਿੰਮਤਪੁਰੇ ਬਣਦੀਆਂ ਕਹੀਆਂ, ਕਾਸਾਪੁਰ ਦੀ ਦਾਤੀ,
ਬਹਿ ਜਾ ਬੋਤੇ ‘ਤੇ ਮੰਨ ਲੈ ਭੌਰ ਦੀ ਆਖੀ” ।
ਪਰ ਫਿਰ ਵੀ ਕਈ ਵਾਰ ਲੋੜ ਅਨੁਸਾਰ ਲਾਵੇ (ਮਜ਼ਦੂਰ) ਲਾਉਣੇ ਪਿਆ ਕਰਦੇ ਸਨ। ਜਿੰਨਾ ਨੂੰ ਮਜ਼ਦੂਰੀ ਬਦਲੇ ਨਕਦ ਰਕਮ ਦੀ ਬਜਾਏ ਕਣਕ ਦੀ ਹੀ ਇੱਕ ਭਰੀ ਦੇ ਦਿੱਤੀ ਜਾਂਦੀ ਸੀ। ਵਾਢੀ ਦੇ ਜ਼ੋਰ ਸਮੇਂ ਸਾਂਝ ਵਜੋਂ ਮੰਗ ਪਾਉਣ ਦਾ ਰਿਵਾਜ ਵੀ ਪ੍ਰਚੱਲਤ ਸੀ। ਵੱਢੀ ਗਿਣਤੀ ਵਿੱਚ ਲਾਗਲੇ ਪਿੰਡਾਂ ਤੋਂ ਵਾਢੇ ਆਉਂਦੇ, ਜਿਵੇਂ ਜਿਵੇਂ ਸੂਰਜ ਤਪਦਾ, ਤਿਵੇਂ ਤਿਵੇਂ ਦਾਤੀਆਂ ਤੇਜ਼ ਹੋਈ ਜਾਂਦੀਆਂ । ਇਸ ਤੇਜ਼ੀ ਸਮੇਂ ਜਦ ਕਿਸੇ ਦੇ ਉਂਗਲ ‘ਤੇ ਦਾਤੀ ਵੱਜ ਜਾਣੀ ਤਾਂ, ਦੂਜਿਆਂ ਨੇ ਦੁਆਈ ਦੱਸਦਿਆਂ ਕਹਿਣਾ ਕਿ ਪਾਸੇ ਜਾ ਕੇ ਇਹਦੇ ਉਤੇ ਪਿਸ਼ਾਬ ਕਰ ਲੈ ।

ਕਈ ਵਾਰ ਸਾਂਭ ਸੰਭਾਈ ਦਾ ਕੰਮ ਦੇਰ ਰਾਤ ਤੱਕ ਵੀ ਚੱਲੀ ਜਾਇਆ ਕਰਦਾ ਸੀ। ਖੇਤ ਵਿੱਚ ਢੋਲ ਵੱਜਣਾ,ਖੇਤ ਹੀ ਕੜਾਹੇ ਵਿੱਚ ਬੱਕਰਾ ਰਿਝਣਾ, ਸ਼ਰਾਬ ਦਾ ਦੌਰ ਚੱਲੀ ਜਾਣਾਂ,ਭੰਗੜਾ ਪਈ ਜਾਣਾ, ਜਿਦ ਜਿਦ ਕੇ ਹਾੜੀ ਵੱਢਣਾ, ਮਿਰਜ਼ਾ, ਹੀਰ ਜਿਸ ਨੂੰ ਯਾਦ ਹੋਣੀ ਉਸ ਨੇ ਨਾਲੋ ਨਾਲ ਉਚੀ ਉਚੀ ਗਾਈ ਜਾਣੀ, ਬੋਲੀਆਂ ਪਾਈ ਜਾਣੀਆਂ। ਪਿੰਡ ਦੇ ਕਿਰਤੀ (ਲਾਗੀ) ਝਿਓਰ, ਨਾਈ, ਸੇਪੀ ਵਾਲਾ ਮਿਸਤਰੀ, ਬਾਜ਼ੀਗਰ, ਮਰਾਸੀ ਆਦਿ ਵੀ ਇਸ ਮੌਕੇ ਜਾ ਪਹੁੰਚਦੇ । ਛਿਲਤਾਂ ਕੱਢਣੀਆਂ, ਭੌਰੀਆਂ ਕੱਟਣੀਆਂ, ਪਾਣੀ ਪਿਲਾਉਣਾ, ਦੰਦੇ ਕੱਢਣੇ ਵਰਗੇ ਕੰਮ ਖੇਤਾਂ ਵਿੱਚ ਹੀ ਹੋਈ ਜਾਇਆ ਕਰਦੇ ਸਨ। ਮੰਗ ਦੀ ਰੌਣਕ ਵਿਆਹ ਵਾਂਗ ਹੁੰਦੀ ਸੀ । ਭਾਈਚਾਰਕ ਸਾਂਝ ਦੀ ਪ੍ਰਤੀਕ।

ਵਾਢੀ ਦਾ ਕੰਮ ਸਫਲਤਾ ਨਾਲ ਨੇਪਰੇ ਚੜ੍ਹਨ ਮਗਰੋਂ ਕਿਸਾਨ ਖੇਤ ਵਿੱਚ ਕੁੱਝ ਕਣਕ ਵੱਢਣੀ ਛੱਡ ਦਿੰਦਾ ਸੀ, ਤਾਂ ਜੋ ਪੰਛੀਆਂ ਜਾਂ ਕਿਸੇ ਹੋਰ ਗਰੀਬ-ਗੁਰਬੇ ਦੇ ਮੂੰਹ ਪੈ ਸਕੇ । ਫਿਰ ਇਸ ਛੱਡੀ ਕਣਕ ਅੱਗੇ ਝੁਕ ਕਿ ਉਹ ਕਿਹਾ ਕਰਦਾ ਸੀ:

“ਸੁੱਖ ਸਮੇ ਦੀਏ ਵਾਢੀਏ, ਅਗਲੇ ਸਾਲ ਫਿਰ ਆਵੀਂ,
ਰਿਜ਼ਕ ਦੇ ਗੱਡੇ ਭਰ ਕੇ ਫਿਰ ਲਿਆਵੀਂ”

ਸਾਰਾ ਕੁਝ ਸਹੀ–ਸਲਾਮਤ ਹੋਣ ਪਿੱਛੋਂ “ਮਾਰਦਾ ਦਮਾਮੇ ਜੱਟ ਮੇਲੇ ਆ ਗਿਆ” ਵਾਲੀਆਂ ਸਤਰਾਂ ਕਿਸਾਨ ਦੀ ਖੁਸ਼ੀ ਨੂੰ ਜ਼ਾਹਿਰ ਕਰਦੀਆਂ ਹਨ ਕਿ ਕਿਵੇਂ ਉਹ ਸਾਰੇ ਹਿਸਾਬ ਕਿਤਾਬ ਤੋਂ ਵਿਹਲਾ ਹੋ ਕੇ ਵਧੀਆ ਫ਼ਸਲ ਤੋਂ ਹੋਈ ਵਧੀਆਂ ਆਮਦਨ ਨਾਲ ਮੇਲੇ ਆਇਆ ਹੈ। ਵਾਢੀ ਦਾ ਵੱਢਾ ਕੰਮ ਨਿਬੜਨ ਮਗਰੋਂ ਘਰ ਵਿੱਚ ਕਈ ਕਿਸਮ ਦੇ ਪਕਵਾਨ ਤਿਆਰ ਕੀਤੇ ਜਾਂਦੇ ਸਨ । ਦਾਤੀਆਂ ਦੇ ਵਿਆਹ ਦੀ ਰਸਮ ਕੀਤੀ ਜਾਂਦੀ ਸੀ। ਮੱਲਾਂ ਵਾਂਗ ਮਲੂਕੜੇ ਜਿਹੇ ਪੈਰ ਧਰਦੀ ਜੱਟੀ ਦੀਆਂ ਵੀ ਕਈ ਮੰਗਾਂ-ਸ਼ਿਫ਼ਾਰਸ਼ਾਂ ਸਿਰੇ ਚੜ੍ਹਨ ਦਾ ਯੋਗ ਬਣਿਆ ਕਰਦਾ ਸੀ। ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ ਨਾਂ ਤਾਂ ਪਹਿਲਾਂ ਵਰਗੀ ਭਾਈਚਾਰਕ ਸਾਂਝ ਰਹੀ ਹੈ, ਨਾ ਹੀ ਫ਼ਸਲ ਸਾਂਭਣ ਦੇ ਉਹ ਢੰਗ-ਤਰੀਕੇ ,ਜਿੱਥੇ ਪ੍ਰਵਾਸੀ ਮਜ਼ਦੂਰਾਂ ਦਾ ਬੋਲ-ਬਾਲਾ ਹੈ, ਉਥੇ ਸਿੰਡੀਕੇਟ, ਹੜੰਬਿਆਂ ਤੋਂ ਲੰਘ ਕੇ ਦਾਣੇ ਕੱਢਣ ਦਾ ਢੰਗ ਕੰਬਾਈਨਾਂ ਤੱਕ ਆ ਪਹੁੰਚਿਆ ਹੈ । ਅਨਾਜ ਮੰਡੀਆਂ ਅਤੇ ਖ਼ਰੀਦਦਾਰੀ ਨਾਲ ਕਣਕ ਸੰਭਾਲਣ ਦੀ ਲੋੜ ਵੀ ਘਟ ਗਈ ਹੈ । ਮਸ਼ੀਨਾਂ ਦੇ ਨਾਲ ਨਾਲ ਜ਼ਿੰਦਗੀ ਵੀ ਮਸ਼ੀਨੀ ਬਣ ਗਈ ਹੈ । ਪਿਆਰ, ਸਾਂਝ ਦੀਆਂ ਤੰਦਾਂ ਦਾ ਨਾ ਤਾ ਤਾਣਾ ਰਿਹਾ ਹੈ ਅਤੇ ਨਾ ਹੀ ਪੇਟਾ । ਨਾ ਹੀ ਬਰੋਬਰ ਹਾੜੀ ਵੱਢਣ ਦੀਆਂ ਗੱਲਾਂ, ਨਾ ਹੀ ਦਾਤੀ ਨਾਲ ਘੁੰਗਰੂ ਬੰਨਣ ਦੀ ਮੰਗ ਅਤੇ ਹੁਣ ਨਾ ਹੀ ਇਹ ਬੋਲ ਕੰਨਾਂ ਵਿੱਚ ਰਸ ਘੋਲਿਆ ਕਰਦੇ ਹਨ:

“ਹੱਥ ਦਾਤੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ
ਦਾਤੀ ਨੂੰ ਲਵਾ ਦੇ ਘੁੰਗਰੂ, ਹਾੜੀ ਵਢੂੰਗੀ ਬਰੋਬਰ ਤੇਰੇ”

****

No comments: