ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ - ਡਾ. ਦਰਸ਼ਨ ਸਿੰਘ ਬੈਂਸ ………… ਸ਼ਰਧਾਂਜਲੀ / ਦਰਸ਼ਨ ਸਿੰਘ ਪ੍ਰੀਤੀਮਾਨ


20 ਮਈ 2012 ਦਾ ਦਿਨ ਸੀ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਈਕਲ ਚੁੱਕਿਆ ਤੇ ਬੱਸ ਸਟੈਂਡ ਤੇ ਪਹੁੰਚ ਗਿਆ। ਸਾਈਕਲ ਦਾ ਸਟੈਂਡ ਲਾਇਆ ਤੇ ਅਖਬਾਰਾਂ ਵਾਲੇ ਤੋਂ ਐਤਵਾਰ ਹੋਣ ਕਰਕੇ ਪੰਜਾਬੀ ਦੇ ਸਾਰੇ ਹੀ ਅਖਬਾਰ ਖਰੀਦ ਲਏ। ਐਤਵਾਰ ਨੂੰ ਮੈਗਜ਼ੀਨ ਹੋਣ ਕਰਕੇ ਮੈਂ ਪੰਜਾਬੀ ਦੇ ਸਾਰੇ ਹੀ ਅਖਬਾਰ ਪੜ੍ਹਦਾ ਹਾਂ। ਮੈਂ ਅਖਬਾਰਾਂ ਵਾਲੇ ਨੂੰ ਪੈਸੇ ਦਿੱਤੇ ਤੇ ਅਖਬਾਰ ਸਾਈਕਲ ਦੀ ਟੋਕਰੀ 'ਚ ਰੱਖ ਪਿੰਡ ਨੂੰ ਸਾਈਕਲ ਤੇ ਚੜ੍ਹ ਗਿਆ।

ਘਰ ਆ ਕੇ ਵਾਰੋ ਵਾਰੀ ਅਖਬਾਰ ਵੇਖ ਰਿਹਾ ਸੀ। ਜਦ ਇੱਕ ਪੰਨੇ ਤੇ 'ਅਜੀਤ ਵੀਕਲੀ ਦੇ ਸੰਪਾਦਕ ਦਰਸ਼ਨ ਸਿੰਘ ਬੈਂਸ ਨਹੀਂ ਰਹੇ, ਪੜ੍ਹਿਆ ਤਾਂ ਮਨ ਇੱਕ ਦਮ ਉਦਾਸ ਹੋ ਗਿਆ। ਜੁੱਸੇ ਨੂੰ ਕੰਬਨੀ ਜਿਹੀ ਚੜ੍ਹ ਗਈ। ਅੱਖੀਆਂ 'ਚੋਂ ਹੰਝੂਆਂ ਦਾ ਦਰਿਆ ਹੀ ਚੱਲ ਪਿਆ। ਕਿਉਂਕਿ ਫਰਵਰੀ 2012 ਦੇ ਅਖੀਰ 'ਚ ਹੀ ਉਨ੍ਹਾਂ ਨੇ ਤਾਂ ਮੇਰੀ ਜ਼ਿੰਦਗੀ ਨੂੰ ਬਦਲਣ ਦਾ ਮੈਨੂੰ ਐਡਾ ਵੱਡਾ ਹੌਸ਼ਲਾ ਦਿੱਤਾ ਸੀ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੇ ਮੁਤਾਬਿਕ ਤਾਂ ਜਿਵੇਂ ਖੁਦਾ ਹੀ ਧਰਤੀ ਤੇ ਉਤਰ ਆਇਆ ਹੋਵੇ ਜਿਸ ਦਾ ਮੈਂ ਅੱਗੇ ਜਾ ਕੇ ਵਰਨਣ ਕੀਤਾ ਹੈ।

ਮੇਰੀਆਂ ਕਈ ਰਚਨਾਵਾਂ, ਆਪ ਬੀਤੀਆਂ ਤੇ ਲੇਖਕਾਂ ਦੇ ਆਰਟੀਕਲ ਮੇਰੇ ਬਾਰੇ ਅਜੀਤ ਵੀਕਲੀ 'ਚ ਛਪੇ। ਇੱਕ ਦਿਨ ਡਾ. ਦਰਸ਼ਨ ਸਿੰਘ ਬੈਂਸ ਦੀ ਈਮੇਲ ਆਈ। ਛੋਟੇ ਵੀਰ 'ਪ੍ਰੀਤੀਮਾਨ' ਜੀ, ਕੁਝ ਸੈਟ ਹੋ ਗਏ ਹੋਵੋਗੇ, ਕੁਝ ਦੱਸਿਆ ਹੀ ਨਹੀਂ ?' ਮੈਂ ਜੀ ਆਪਣੀ ਆਪ ਬੀਤੀ, 'ਕਿਵੇਂ ਕਰਾਂ ਧੰਨਵਾਦ, ਮੈਂ, ਵਿਦੇਸ਼ੀ ਵੀਰਾਂ ਦਾ ?' ਵਿੱਚ ਸਭ ਵਿਦੇਸ਼ੀ ਵੀਰਾਂ ਭੈਣਾਂ ਦਾ ਧੰਨਵਾਦ ਕਰਾਂਗਾ ਅਤੇ ਮੌਕੇ ਤੇ ਦੂਜੇ ਦਿਨ ਮੈਂ ਮੋਟੀ-ਮੋਟੀ ਜਾਣਕਾਰੀ ਈਮੇਲ ਕਰ ਦਿੱਤੀ। ਜਦੋਂ ਮੈਂ ਆਪਣੀ ਆਪ ਬੀਤੀ ਭੇਜੀ, 'ਮੈਂ ਨਹੀਂ ਰੋਂਦਾ, ਮੇਰੀ ਕਲਮ ਰੋਂਦੀ ਐ! ਤੇ ਡਾ. ਦਰਸ਼ਨ ਸਿੰਘ ਬੈਂਸ ਜੀ ਨੇ ਮੇਰੀ ਆਰਥਿਕਤਾ ਬਾਰੇ ਚਾਨਣ ਪਾ ਕੇ 'ਅਜੀਤ ਵੀਕਲੀ' ਦੇ ਸਾਰੇ ਪਾਠਕਾਂ ਨੂੰ ਪੁਰਜ਼ੋਰ ਸਿਫਾਰਿਸ਼ ਮੇਰੀ ਮੱਦਦ ਕਰਨ ਲਈ ਕੀਤੀ ਤਾਂ ਸਾਡੀ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਬਠਿੰਡਾ ਨੇ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਆਪਣੇ ਲਈ ਤਾਂ ਹਰ ਇੱਕ ਮੰਗ ਕਰਦਾ ਪਰ ਅਸਲ ਵਿੱਚ 'ਬੈਂਸ ਸਾਹਿਬ ਜੀ' ਇਨਸਾਨੀਅਤ ਦਾ ਦੇਵਤਾ ਹੀ ਹੈ ਜਿੰਨ੍ਹਾਂ ਨੇ ਇੱਕ ਗਰੀਬ ਲੇਖਕ ਲਈ ਪੁਰਜ਼ੋਰ ਸਿਫਾਰਿਸ਼ ਕੀਤੀ ਹੈ।

ਇੱਕ ਦਿਨ ਮੈਂ ਫੋਨ ਕੀਤਾ ਤਾਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਕੰਵਲਜੀਤ ਕੌਰ ਨੇ ਫੋਨ ਚੁੱਕ ਲਿਆ। 'ਹੈਲੋ ਕੌਣ'? 'ਮੈਂ ਜੀ ਪੰਜਾਬ ਤੋਂ ਲੇਖਕ 'ਪ੍ਰੀਤੀਮਾਨ' ਬੋਲਦੇ', 'ਹਾਂ ਦੱਸੋ ਜੀ ਕੰਮ?' 'ਮੈਂ ਜੀ ਸਰਦਾਰ ਦਰਸ਼ਨ ਸਿੰਘ ਬੈਂਸ ਜੀਆ ਨਾਲ ਗੱਲ ਕਰਨੀ ਸੀ'। 'ਉਹ ਇਸ ਵੇਲੇ ਮੀਟਿੰਗ ਵਿੱਚ ਹਨ, ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਿਓ ਜੇ ਉਨ੍ਹਾਂ ਨਾਲ ਕੋਈ ਗੱਲ ਕਰਨੀ ਹੈ ਤਾਂ ਕੱਲ ਇਸੇ ਵੇਲੇ ਫੋਨ ਕਰ ਲੈਣਾ।' 'ਅੱਛਾ ਜੀ, ਮੈਂ ਕੱਲ ਫੋਨ ਕਰ ਲਵਾਂਗਾ।' ਮੈਂ ਕਿਹਾ, 'ਠੀਕ ਏ' ਭੈਣ ਜੀਆ ਨੇ ਆਖ ਫੋਨ ਕੱਟ ਦਿੱਤਾ।

ਰੁਝੇਵਿਆਂ ਵਿੱਚ ਕਈ ਦਿਨ ਗੁਜ਼ਰ ਗਏ। ਇੱਕ ਦਿਨ ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ ਫੋਨ ਆਇਆ। ਮੈਂ ਫੋਨ ਚੁੱਕਿਆ 'ਕੌਣ ਸਾਹਿਬ'? ਮੈਂ ਕਿਹਾ। 'ਮੈਂ ਦਰਸ਼ਨ ਸਿੰਘ ਬੈਂਸ ਬੋਲਦੈ ਹਾਂ', 'ਅੱਛਾ-ਅੱਛਾ ਵੀਰ ਜੀ, ਵੀਰ ਜੀ ਸਤਿ ਸ਼੍ਰੀ ਅਕਾਲ' ਮੈਨੂੰ ਇੱਕ ਦਮ ਇੱਕ ਅਨੋਖੀ ਖੁਸ਼ੀ ਨੇ ਹੁਲਾਰਾ ਦਿੱਤਾ। 'ਅੱਛਾ ਛੋਟੇ ਵੀਰ ਪ੍ਰੀਤੀਮਾਨ ਜੀ, ਤੁਹਾਡੀ ਆਪ-ਬੀਤੀ 'ਮੈਂ ਨਹੀਂ ਰੋਦਾਂ, ਮੇਰੀ ਕਲਮ ਰੋਂਦੀ ਐ' 'ਅਜੀਤ ਵੀਕਲੀ' 'ਚ ਲੱਗ ਚੁੱਕੀ ਹੈ। 'ਹਾਂ ਵੀਰ ਜੀ, ਮੈਂ ਨੈੱਟ 'ਤੇ ਵੇਖ ਲਿਆ ਹੈ? 'ਮੈਂ ਕਿਹਾ 'ਤੁਹਾਨੂੰ ਕੋਈ ਫੋਨ ਆਇਆ ਪਾਠਕਾਂ ਦਾ ਮੱਦਦ ਕਰਨ ਲਈ?' 'ਹਾਂ ਜੀ ਮੈਨੂੰ ਕਈ ਫੋਨ ਆਏ ਹਨ', ਮੈਂ ਦੱਸਿਆ। 'ਮੈਨੂੰ ਵੀ ਪਾਠਕਾਂ ਦੇ ਬਹੁਤ ਸਾਰੇ ਫੋਨ ਆਏ ਹਨ ਤੇ ਸਭ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਦੀ ਮੱਦਦ ਕਰਨ ਲਈ ਸਿਫਾਰਿਸ਼ ਕਰਕੇ ਤੁਸੀਂ ਪੁੰਨ ਦਾ ਕੰਮ ਕੀਤਾ ਹੈ। ਵਿਚਾਰਾ ਪ੍ਰੀਤੀਮਾਨ ਸੈੱਟ ਹੋ ਜਾਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਰਥਿਕ ਤੌਰ 'ਤੇ ਪੂਰੇ ਸੈੱਟ ਹੋ ਜਾਵੋਗੇ'। ਵੀਰ ਜੀ ਨੇ ਕਿਹਾ, 'ਅੱਛਾ ਵੀਰ ਜੀ', ਮੈਂ ਐਨੀ ਕੁ ਗੱਲ ਕਹੀ ਤਾਂ ਡਾ. ਦਰਸ਼ਨ ਸਿੰਘ ਬੈਂਸ ਜੀਅ ਨੇ ਅੱਗੇ ਕਹਿਣਾ ਸ਼ੁਰੂ ਕੀਤਾ 'ਵੀਰ ਪ੍ਰੀਤੀਮਾਨ ਅਸੀਂ ਤੁਹਾਨੂੰ 'ਅਜੀਤ ਵੀਕਲੀ' ਦਾ ਪ੍ਰਤੀਨਿਧ ਚੁਣ ਲਿਆ ਹੈ, ਅਸੀਂ ਤੇਰੇ ਨਾਲ ਹਾਂ, ਹੁਣ ਸਾਡਾ ਤੇਰੇ ਸਿਰ 'ਤੇ ਹੱਥ ਰਹੇਗਾ।ਕੋਠੀਆਂ ਛੱਡ ਭਾਵੇਂ ਮਹਿਲ ਪਾ ਲਵੀਂ, ਤੈਨੂੰ ਹੁਣ ਪਹਿਰੇਦਾਰੀ ਕਰਨ ਦੀ ਲੋੜ ਨਹੀਂ। ਅਸੀਂ ਤੈਨੂੰ ਆਪਣਾ 'ਅਜੀਤ ਵੀਕਲੀ' ਦਾ ਅਡੈਂਟੀ ਕਾਰਡ ਭੇਜਾਂਗੇ ਤੇ ਦੱਸਾਂਗੇ ਕਿ 'ਅਜੀਤ ਵੀਕਲੀ' ਲਈ ਕੀ ਲਿਖਣਾ ਹੈ, ਤੈਨੂੰ ਕਾਲਮ ਦੇਵਾਂਗੇ, ਨਿੰਦਰ ਘੁਗਿਆਣਵੀ ਦੀ ਤਰ੍ਹਾਂ, ਬਾਕੀ ਪੰਜਾਬ ਦੀਆਂ ਵੱਡੀਆਂ ਖਬਰਾਂ ਭੇਜ ਦਾ ਰਿਹਾ ਕਰੀਂ। ਛੇਤੀ ਹੀ ਤੈਨੂੰ ਕੈਨੇਡਾ ਬੁਲਾਵਾਂਗੇ। ਅੱਜ ਤੋਂ ਬਾਅਦ ਤੁਸੀਂ ਬਿਲਕੁਲ ਫਿਕਰ ਨਹੀਂ ਕਰਨਾ'। ਵੀਰ ਜੀ ਨੇ ਹੋਰ ਵੀ ਗੱਲਾਂ ਕੀਤੀਆਂ, ਜਿਹੜੀਆਂ ਚੇਤੇ 'ਚੋਂ ਵਿਸਰ ਗਈਆਂ, 'ਅੱਛਾ ਪ੍ਰੀਤੀਮਾਨ', 'ਅੱਛਾ ਵੀਰ ਜੀ' ਵੀਰ ਜੀ ਨੇ ਫੋਨ ਕੱਟ ਦਿੱਤਾ।

ਮੈਨੂੰ ਵੀਰ ਦਰਸ਼ਨ ਸਿੰਘ ਬੈਂਸ ਜੀ ਦੀਆਂ ਗੱਲਾਂ ਸੁਣਕੇ ਹੱਦੋ ਵੱਧ ਖੁਸ਼ੀ ਹੋਈ। ਜਦ ਉਨ੍ਹਾਂ ਨੇ ਕਿਹਾ ਤੈਨੂੰ ਕੈਨੇਡਾ ਬੁਲਾਵਾਂਗੇ ਤਾਂ ਮੇਰੇ ਝੱਟ 'ਭੈਣ ਫੁਲਵੰਤ ਕੌਰ ਵੈਨਕੂਵਰ ਸਰੀ ਦੀ ਗੱਲ ਚੇਤੇ ਆ ਗਈ, 'ਵੀਰ ਪ੍ਰੀਤੀਮਾਨ ਹੁਣ ਤੇਰੇ ਤੇ ਕੁਦਰਤ ਮੇਹਰਬਾਨ ਹੋਈ ਹੈ। ਹੁਣ ਤੂੰ ਜਰੂਰ ਛੇਤੀ ਕੈਨੇਡਾ ਦੀ ਧਰਤੀ ਦਾ ਚੱਕਰ ਲਾਏਗਾ। ਤੈਨੂੰ ਜ਼ਰੂਰ ਪੰਜਾਬੀ ਕਾਨਫੰਰਸ ਤੇ ਬੁਲਾਵਾਂਗੇ। ਮੈਨੂੰ ਮੇਰੇ ਸੁਪਨੇ ਸਾਕਾਰ ਹੁੰਦੇ ਜਾਪਣ ਲੱਗੇ।

ਡਾ. ਦਰਸ਼ਨ ਸਿੰਘ ਬੈਂਸ ਜੀ ਵੱਲੋਂ ਮੈਨੂੰ ਆਪਣੇ ਅਖਬਾਰ 'ਅਜੀਤ ਵੀਕਲੀ' ਦਾ ਪ੍ਰੀਤੀਨਿਧ ਚੁਣ ਲਿਆ ਤੇ ਕੈਨੇਡਾ ਬੁਲਾਉਣ ਬਾਰੇ ਜਦੋਂ ਮੈਂ, ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦੱਸਿਆ ਤਾਂ ਸਭ ਨੇ ਬਹੁਤ ਖੁਸ਼ੀ ਮਨਾਈ ਕਿ ਚੰਗਾ ਹੋਇਆ ਤੇਰੀ ਸਾਰੀ ਉਮਰ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਦੀ ਲੰਘ ਗਈ। ਚੰਗਾ ਹੋਇਆ ਪ੍ਰਮਾਤਮਾ ਕਿਸੇ ਦੇ ਤਾਂ ਦਿਲ 'ਚ ਵਸਿਆ ਹੈ।

ਹੁਣ ਮੈਂ ਪਿਛਲੇ ਦੋ ਮਹੀਨਿਆਂ ਤੋਂ ਡਾਕ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ ਕਿ ਕਦੋਂ 'ਅਜੀਤ ਵੀਕਲੀ' ਦਾ ਅਡੈਂਟੀਕਾਰਡ ਜਾਂ ਚਿੱਠੀ ਆਵੇ । ਦੋਸਤ, ਰਿਸ਼ਤੇਦਾਰ ਵੀ ਅਡੈਂਟੀਕਾਰਡ ਆਉਣ ਬਾਰੇ ਪੁੱਛਦੇ ਰਹਿੰਦੇ ਕਿ ਅਡੈਂਟੀਕਾਰਡ ਮਿਲ ਗਿਆ ਹੈ ਜਾ ਨਹੀਂ? 'ਅਜੇ ਆਇਆ ਨਹੀਂ', ਮੈਂ ਐਨੀ ਗੱਲ ਆਖ ਛੱਡਦਾ। 'ਮੈਂ ਇਸ ਕਰਕੇ ਨਾ ਫੋਨ ਕੀਤਾ ਕਿ ਵੀਰ ਜੀ, ਫੀਲ ਨਾ ਕਰ ਜਾਣ ਕਿ ਬਹੁਤਾ ਹੀ ਕਾਹਲਾ ਹੋਇਆ ਪਿਆ ਹੈ, ਪ੍ਰੀਤੀਮਾਨ। ਮੈਂ ਸੋਚਦਾ ਵੀਰ ਜੀ ਦੀ ਜੁੰਮੇਵਾਰੀ ਬਹੁਤ ਵੱਡੀ ਹੈ, ਰੁਝੇਵੇਂ ਬਹੁਤ ਹਨ, ਆਪੇ ਭੇਜ ਦੇਣਗੇ।

20 ਮਈ 2012 ਦਿਨ ਐਤਵਾਰ ਦਾ ਅਖਬਾਰ ਪੜ੍ਹਿਆ ਤਾਂ ਸਾਹ ਹੀ ਸੁੱਕਗੇ ਕਿ ਭਾਰਤੀ ਸਮੇਂ ਮੁਤਾਬਿਕ ਸ਼ਨੀਵਾਰ ਨੂੰ 4:05 ਵਜੇ ਡਾ. ਦਰਸ਼ਨ ਸਿੰਘ ਬੈਂਸ ਜੀ ਦਾ ਦੇਹਾਂਤ ਹੋ ਗਿਆ। ਮੈਂ ਇੱਕ ਦਮ ਘਬਰਾ ਗਿਆ ਕਿ ਰੱਬਾ ਇਹ ਕੀ ਭਾਣਾ ਵਰਤਾ ਦਿੱਤਾ। ਝੱਟ ਮੇਰੀ ਧਰਮ ਪਤਨੀ ਨੇ ਮੈਨੂੰ ਪੁੱਛਿਆ, 'ਤੁਸੀਂ ਜੀ ਪੜ੍ਹਦੇ-ਪੜ੍ਹਦੇ ਇੱਕ ਦਮ ਉਦਾਸ ਕਿਉਂ ਹੋ ਗਏ, ਕੀ ਗੱਲ ਹੋ ਗਈ?' ਤਾਂ ਮੈਂ, ਛਿੰਦਰਪਾਲ ਕੌਰ 'ਛਿੰਦੋ' ਨੂੰ ਵੀਰ ਜੀ ਦੀ ਫੋਟੋ ਵਿਖਾਈ ਕਿ ਡਾ. ਦਰਸ਼ਨ ਸਿੰਘ ਬੈਂਸ ਤਾਂ ਇਹ ਦੁਨੀਆਂ ਤੋਂ ਚੱਲ ਵਸੇ। ਤਾਂ ਉਹ ਮੇਰੀ ਗੱਲ ਸੁਣ ਕੇ ਵੀਰ ਦਰਸ਼ਨ ਸਿੰਘ ਬੈਂਸ ਜੀ ਦੀ ਫੋਟੋ ਵੱਲ ਕਿੰਨਾਂ ਹੀ ਚਿਰ ਤੱਕਦੀ ਰਹੀ ਤੇ ਅੱਥਰੂ ਪੂੰਝਦੀ ਰਹੀ। ਕਿਉਂਕਿ ਛਿੰਦਰਪਾਲ ਕੌਰ ਅਨਪੜ੍ਹ ਹੈ, ਉਸਨੂੰ ਪੜ੍ਹਨਾਂ ਤਾਂ ਆਉਂਦਾ ਨਹੀਂ ਇਸ ਕਰਕੇ ਉਸਨੇ ਅਖਬਾਰ ਦੀ ਖਬਰ ਮੇਰੇ ਕੋਲੋਂ ਸੁਣੀ ਤੇ ਕਿਹਾ, 'ਰੱਬ ਚੰਗੇ ਬੰਦਿਆਂ ਦਾ ਹੀ ਭੁੱਖਾ ਹੈ'! ਐਨੀ ਗੱਲ ਆਖ ਉਸਨੇ ਹੌਂਕਾ ਲਿਆ ਤੇ ਨਾਲ ਹੀ ਮੈਨੂੰ ਕੰਬਣੀ ਚੜ੍ਹੀ ਨਹੀਂ ਉਤਰ ਰਹੀ ਸੀ।

ਕੈਂਸਰ ਦੀ ਨਾ ਮੁਰਾਦ ਬਿਮਾਰੀ ਨੇ ਚਾਨਣ ਦੇ ਵਨਜਾਰੇ ਡਾ. ਦਰਸ਼ਨ ਸਿੰਘ ਬੈਂਸ ਜੀ ਨੂੰ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਹੈ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਬੀਬੀ ਕੰਵਲਜੀਤ ਕੌਰ ਤੇ ਦੋਵੇਂ ਪੁੱਤਰ ਵਿੰਨੀ ਬੈਂਸ ਤੇ ਸੰਨੀ ਬੈਂਸ ਨੂੰ ਛੱਡ ਗਏ ਹਨ।

ਵੱਡੀਆਂ ਸਫਲ ਕਾਨਫੰਰਸਾਂ ਦੇ ਸਰਪ੍ਰਸਤ, ਅਤੇ 'ਅਜੀਤ ਵੀਕਲੀ' ਦੇ ਮੁੱਖ ਸੰਪਾਦਕ ਦੇ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਹੜਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ । ਪ੍ਰਮਾਤਾਮਾ ਡਾ. ਦਰਸ਼ਨ ਸਿੰਘ ਬੈਂਸ ਜੀ ਦੇ ਪਰਿਵਾਰ ਨੂੰ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ। ਅਸੀਂ ਸਾਰੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਵੀਰ ਜੀ ਲਈ ਇਹੀ ਸੱਚੀ ਸ਼ਰਧਾਂਜਲੀ ਹੈ।

ਨਹੀਓਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।
   
****

No comments: