ਅੱਗ ਸੁੱਲਗਦੀ ਪਈ ਏ……… ਨਜ਼ਮ/ਕਵਿਤਾ / ਮਲਕੀਅਤ ਸਿੰਘ ਸੁਹਲ


ਮੈਨੂੰ ਅਜੇ ਨਾ ਬੁਲਾਉ ਅੱਗ ਸੁੱਲਗਦੀ ਪਈ ਏ।
ਹੋਰ  ਤੇਲ ਨਾ  ਪਾਉ, ਅੱਗ ਸੁੱਲਗਦੀ ਪਈ ਏ।

ਢਲ ਲੈਣ  ਦਿਉ  ਸ਼ਾਮ , ਤਾਰੇ  ਵੇਖ  ਲੈਣਗੇ,
ਮੈਨੂੰ ਵੈਣ ਨਾ ਸੁਣਾਉ, ਅੱਗ ਸੁੱਲਗਦੀ ਪਈ ਏ।

ਅੱਜ ਮਸਿਆ ਦੀ ਰਾਤ, ਚੰਨ ਚੜ੍ਹਨਾ ਤਾਂ ਨਹੀ,
ਮੋਮ ਬੱਤੀਆਂ ਜਗਾਉ, ਅੱਗ ਸੁੱਲਗਦੀ ਪਈ ਏ।
 
ਦਰਵਾਜੇ ਖੁਲ੍ਹ ਜਾਣਗੇ, ਜਦ ਅਉਣਗੇ ਜਮਦੂਤ,
ਤਿੱਪ,ਤੇਲ ਤਾਂ ਚੁਆਉ,ਅੱਗ ਸੁੱਲਗਦੀ ਪਈ ਏ।

ਪਾਠ ਕਰ ਕੇ  ਵਜਾਉ,  ਵਾਜੇ, ਢੋਲਕੀ , ਛੈਣੇਂ,
ਆ ਕੇ ਰਾਗਨੀ ਗਾਉ,  ਅੱਗ ਸੁੱਲਗਦੀ ਪਈ ਏ।

ਯਾਰ ਬੇਲੀਆਂ ਦੇ ਸੰਗ,  ਦੁਸ਼ਮਣ ਵੀ ਆਉਣਗੇ,
ਰੁੱਸੇ ਯਾਰ ਨਾ ਮਨਾਉ,  ਅੱਗ ਸੁੱਲਗਦੀ ਪਈ ਏ।

ਵਿਰੋਧ ਕਰ ਕੇ ਮੇਰਾ ,  ਤੁਸੀਂ 'ਮਾਫ਼ ਨਾ ਕਰਿਉ,
ਮੇਰੇ ਐਬ ਨਾ ਲੁਕਾਉ,  ਅੱਗ ਸੁੱਲਗਦੀ ਪਈ ਏ।
            
ਉਲਫ਼ਤ ਕਰੋ ਨਾ ਝੂੱਠੀ,  ਦੁਨੀਆਂ ਦੇ  ਸਾਹਮਣੇ,
ਐਵੇਂ ਮਨ ਨਾ ਪਰਚਾਉ, ਅੱਗ ਸੁਲਗਦੀ ਪਈ ਏ।

ਕਿਉਂ ਹੋਏ ਹੋ  ਉਦਾਸ,  ਮੇਰੇ  ਕੋਲ ਤਾਂ  ਆਉ,
ਸੱਚਾ ਧਰਮ ਤਾਂ ਕਮਾਉ, ਅੱਗ ਸੁੱਲਗਦੀ ਪਈ ਏ।

"ਸੁਹਲ" ਮੁੱਕਿਆ ਹਨੇਰਾ,  ਚੜ੍ਹ ਜਾਊਗਾ ਸਵੇਰਾ,
ਗੱਲ ਏਥੇ ਹੀ  ਮੁਕਾਉ, ਅੱਗ ਸੁੱਲਗਣੋਂ ਗਈ ਏ। 

****

No comments: