ਗੁਰੂ ਦੇ ਦੁਲਾਰੇ ਪੰਜ ਪਿਆਰੇ.......... ਲੇਖ / ਰਣਜੀਤ ਸਿੰਘ ਪ੍ਰੀਤ

ਜਦੋਂ ਅਪੀਲ ਦਲੀਲ ਵਕੀਲ ਦੀ ਗੱਲ ਨੇ ਬੁਰਕਾ ਪਹਿਨ ਲਿਆ, ਨਿਆਂ ਦੇ ਸਾਰੇ ਰਸਤੇ ਅਨਿਆਇ ਦੇ ਕੰਡਿਆਂ ਨਾਲ ਭਰ ਗਏ, ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਰਾਇ ਜੀ ਨੇ ਇਸ ਦੇ ਸਖ਼ਤ ਵਿਰੋਧ ਦਾ ਰਸਤਾ ਅਖ਼ਤਿਆਰ ਕਰ ਲਿਆ । ਪਰ ਜੋ ਸ਼ਕਤੀ ਉਹਨਾਂ ਨੇ ਮੁਗ਼ਲ ਹਕੂਮਤ ਦੇ ਜ਼ਾਲਮ ਸ਼ਾਸ਼ਕਾਂ ਵਿਰੁੱਧ ਵਰਤਣੀ ਸੀ । ਉਹ ਸ਼ਕਤੀ ਉਹਨਾਂ ਨੂੰ ਪਹਾੜੀ ਰਾਜਿਆਂ ਖ਼ਿਲਾਫ਼ ਵੀ ਵਰਤਣੀ ਪਈ । ਜਿਸ ਦੀ ਉਹਨਾਂ ਨੂੰ ਉਮੀਦ ਨਹੀਂ ਸੀ । ਕਿਓਂਕਿ ਇਹਨਾਂ ਰਾਜਿਆਂ ’ਤੇ ਵੀ ਜ਼ਾਲਮ ਲੋਕਾਂ ਨੇ ਬਹੁਤ ਜ਼ੁਲਮ ਕੀਤੇ ਸਨ । ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲੈਂਦਿਆਂ ਗੁਰੂ ਸਾਹਿਬ ਨੇ ਸੇਵਕਾਂ ਨੂੰ ਜੰਗੀ ਲੋੜਾਂ ਵਾਲਾ ਸਾਮਾਨ ਹੀ ਭੇਂਟਾ ਵਜੋਂ ਲਿਆਉਣ ਲਈ ਕਿਹਾ । ਰਣਜੀਤ ਨਗਾਰਾ ਬਣਵਾਇਆ । ਸ਼ਿਕਾਰ ਖੇਡਣ ਲੱਗੇ ਅਤੇ ਸ਼ਿਕਾਰੀ ਪੰਛੀ ਬਾਜ਼ ਰੱਖਣਾ ਸ਼ੁਰੂ ਕੀਤਾ । ਕਿਲ੍ਹਾ ਪਾਉਂਟਾ ਸਾਹਿਬ ਦੀ ਨੀਂਹ ਰੱਖੀ ।

ਸ਼੍ਰੀ ਆਨੰਦਪੁਰ ਸਾਹਿਬ ਵਿਖੇ  ਕੇਸਗੜ੍ਹ ਕਿਲ੍ਹੇ ਦੇ ਸਥਾਨ ‘ਤੇ ਆਪਣੀ ਸੋਚ ਨੂੰ ਪ੍ਰਪੱਕਤਾ ਪਰਦਾਨ ਕਰਨ ਲਈ  30 ਮਾਰਚ 1699 ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਨੰਗੀ ਤਲਵਾਰ ਲਹਿਰਾਉਂਦਿਆਂ ਇੱਕ ਸੀਸ ਦੀ ਮੰਗ ਰੱਖੀ । ਅਜੇ ਸਾਰੇ ਹੈਰਾਨ ਹੋ ਹੀ ਰਹੇ ਸਨ ਕਿ ਦਇਆ ਰਾਮ ਹੱਥ ਬੰਨ੍ਹ ਖੜੋਤਾ । ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ । ਕੁਝ ਦੇਰ ਬਾਅਦ ਫਿਰ ਬਾਹਰ ਆਏ, ਲਹੂ ਭਿੱਜੀ ਤਲਵਾਰ ਨਾਲ ਇੱਕ ਸਿਰ ਦੀ ਹੋਰ ਮੰਗ ਕੀਤੀ ਤਾਂ ਧਰਮ ਦਾਸ ਉਠਿਆ । ਤੀਜੀ ਵਾਰ ਇੱਕ ਹੋਰ ਸੀਸ ਦੀ ਮੰਗ ਸਮੇ ਲਹੂ ਨੁਚੜਦੀ ਤਲਵਾਰ ਵੇਖ ਸੇਵਕਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ । ਪਰ ਏਸੇ ਦੌਰਾਨ ਹਿੰਮਤ ਰਾਇ ਗੁਰੂ ਜੀ ਕੋਲ ਜਾ ਪਹੁੰਚੇ । ਚੌਥੀ ਵਾਰੀ ਫਿਰ ਸੀਸ ਦੀ ਮੰਗ ਕੀਤੀ ਇਹ ਵੇਖ ਕਮਜ਼ੋਰ ਦਿਲ-ਡਰਪੋਕ ਖਿਸਕਣ ਲੱਗੇ । ਇਸ ਮੌਕੇ ਮੋਹਕਮ ਚੰਦ ਜੀ ਸੀਸ ਦੇਣ ਲਈ ਅੱਗੇ ਵਧੇ । ਪੰਜਵੇਂ ਸੀਸ ਦੀ ਮੰਗ ਸਮੇ ਸਾਹਿਬ ਚੰਦ ਜੀ ਨਿੱਤਰੇ ।

ਇਸ ਪਿੱਛੋਂ ਗੁਰੂ ਗੋਬਿੰਦ ਰਾਇ ਜੀ ਨੇ ਨਵੇਂ ਨਿਖਰੇ ਰੂਪ ਵਿੱਚ ਉਹਨਾਂ ਪੰਜਾਂ ਨੂੰ ਤੰਬੂ ਤੋਂ ਬਾਹਰ ਲਿਆਂਦਾ । ਖੰਡੇ ਪਾਹੁਲ ਤਿਆਰ ਕਰਦਿਆਂ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਫਿਰ ਉਹਨਾਂ ਅੱਗੇ ਨਿਉਂ ਕੇ ਉਹਨਾਂ ਤੋਂ ਖ਼ੁਦ ਅੰਮ੍ਰਿਤ ਪਾਨ ਕੀਤਾ । ਚੇਲਾ ਗੁਰੂ ਅਤੇ ਗੁਰੂ ਚੇਲਾ ਅਖਵਾਇਆ । ਇਹਨਾਂ ਦੇ ਨਾਂ ਬਦਲਣ ਦੇ ਨਾਲ ਨਾਲ ਆਪਣਾ ਆਪ ਦਾ ਨਾਅ ਵੀ ਗੁਰੂ ਗੋਬਿੰਦ ਸਿੰਘ ਕਰ ਲਿਆ ।
 
ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜ ਪਿਆਰਿਆਂ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ ਵੇਖਿਆ ਜਾਂਦਾ ਹੈ । ਜੇ ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਅਨੁਸਾਰ ਹੀ ਅਰਥਾਂ ਨੂੰ ਸਮਝਿਆ ਜਾਵੇ ਤਾਂ ਬਹੁਤ ਹੈਰਾਨੀਜਨਕ ਅਤੇ ਬਹੁਤ ਮਹੱਤਵ ਪੂਰਨ ਸਿਖਿਆ ਮਿਲਦੀ ਹੈ । ਪਹਿਲੇ ਸੀਸ ਦੇਣ ਵਾਲੇ ਸਨ ਭਾਈ ਦਇਆ ਸਿੰਘ ਜੀ, ਦਇਆ ਨੂੰ ਧਰਮ ਦੀ ਮਾਂ ਕਿਹਾ ਜਾਂਦਾ ਹੈ । ਜਿਸ ਆਦਮੀ ਦੇ ਦਿਲ-ਦਿਮਾਗ ਵਿੱਚ ਦਇਆ ਨਹੀਂ ਹੈ, ਉਹਦੇ ਕੋਲ ਧਰਮ ਨਹੀਂ ਹੋ ਸਕਦਾ । ਦੂਜੇ ਸਥਾਨ ‘ਤੇ ਸੀਸ ਦੇਣ ਵਾਲੇ ਸਨ ਭਾਈ ਧਰਮ ਸਿੰਘ ਜੀ, ਜਦੋਂ ਮਨੁੱਖ ਕੋਲ ਦਇਆ ਆ ਵਸਦੀ ਹੈ ਤਾਂ ਉਸ ਕੋਲ ਧਰਮ ਆਪਣੇ ਆਪ ਆ ਜਾਂਦਾ ਹੈ । ਤੀਜੇ ਸਥਾਨ ’ਤੇ ਸੀਸ ਭੇਂਟਾ ਕਰਨ ਵਾਲੇ ਹਿੰਮਤ ਸਿੰਘ ਦਾ ਅਰਥ ਬਣਦਾ ਹੈ ,ਧਰਮ ਦਾ ਸਹੀ ਪਾਲਣ ਉਹੀ ਕਰ ਸਕਦਾ ਹੈ, ਜਿਸ ਵਿੱਚ ਹਿੰਮਤ ਹੋਵੇ । ਮੋਹਕਮ ਸਿੰਘ ਅਰਥਾਤ ਮੋਹ+ਕਮ, ਮੋਹ, ਪਿਆਰ ਨੂੰ ਕਮ (ਘੱਟ) ਕਰਨਾ, ਅਰਥਾਤ ਪੰਜ ਦੁਰ ਵਿਵਹਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਘਟਾਉਣਾ, ਖ਼ਤਮ ਕਰਨਾ ਧਰਮ ਪਾਲਣ ਲਈ ਸਹਾਈ ਹੁੰਦਾ ਹੈ । ਇਹਨਾਂ ਤੱਥਾਂ ਨੂੰ ਮਿਲਾਕੇ ਅਰਥ ਬਣਦੇ ਹਨ ਸਾਹਿਬ ਦਾ ਤਿਆਰ ਹੋਣਾ ।

ਪੰਜ ਪਿਆਰੇ :
ਭਾਈ ਦਇਆ ਸਿੰਘ ਜੀ 
ਸਭ ਤੋਂ ਪਹਿਲਾਂ ਸੀਸ ਭੇਂਟ ਕਰਨ ਵਾਲਾ 

 • ਮੁੱਢਲਾ ਨਾਅ : ਭਾਈ ਦਇਆ ਰਾਮ
 • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
 • ਅਮ੍ਰਿਤਪਾਨ ਪਿੱਛੋਂ : ਭਾਈ ਦਇਆ ਸਿੰਘ
 • ਜਨਮ : 1661 ਲਾਹੌਰ, ਸੋਬਤੀ ਖੱਤਰੀ
 • ਪਿਤਾ ਦਾ ਨਾਅ : ਭਾਈ ਸੁੱਢਾ ਜੀ
 • ਮਾਤਾ ਦਾ ਨਾਅ : ਮਾਈ ਦਿਆਲੀ ਜੀ
 • ਦੀਨਾ ਸਾਹਿਬ ਠਹਿਰਨ ਦੌਰਾਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਧਰਮ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
 • 7 ਅਤੇ 8 ਦਸੰਬਰ 1705 ਦੀ ਦਰਮਿਆਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਧਰਮ ਸਿੰਘ ਸੀ ।
 • ਅਕਾਲ ਚਲਾਣਾ : 47 ਸਾਲ ਦੀ ਉਮਰ ਵਿੱਚ 1708 ਨੂੰ ਨੰਦੇੜ ਸਾਹਿਬ (1768 ਬਿਕਰਮੀ ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ )

ਭਾਈ ਧਰਮ ਸਿੰਘ ਜੀ
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ
 • ਮੁੱਢਲਾ ਨਾਂਅ : ਧਰਮ ਦਾਸ
 • ਅੰਮ੍ਰਿਤ ਪਾਨ ਕਰਨ ਉਪਰੰਤ : ਭਾਈ ਧਰਮ ਸਿੰਘ
 • ਖ਼ਾਲਸਾ ਦੀ ਸਾਜਨਾ ਸਮੇ ਉਮਰ 33 ਸਾਲ ਸੀ ।
 • ਜਨਮ : 1666 ਹਸਤਨਾਪੁਰ (ਉਤਰ ਪ੍ਰਦੇਸ਼), ਜੱਟ, (13 ਵਿਸਾਖ਼, 1727 ਬਿਕਰਮੀ)
 • ਪਿਤਾ ਦਾ ਨਾਅ :  ਭਾਈ ਸੰਤ ਰਾਮ (ਪਰਮ ਸੁਖ )
 • ਮਾਤਾ ਦਾ ਨਾਅ :  ਸੱਭੋ ਜੀ (ਅਨੰਤੀ ਜੀ )
 • ਦੀਨਾ ਸਾਹਿਬ ਠਹਿਰਨ ਦੌਰਾਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਦਇਆ ਸਿੰਘ ਦੇ ਨਾਲ ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ ।
 • 7 ਅਤੇ 8 ਦਸੰਬਰ 1705 ਦੀ ਦਰਮਿਆਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ । ਨਾਲ ਹੀ ਭਾਈ ਦਇਆ ਸਿੰਘ ਸਨ ।
 • ਅਕਾਲ ਚਲਾਣਾ : 42 ਸਾਲ ਦੀ ਉਮਰ ਵਿੱਚ 1708 ਨੂੰ, ਨੰਦੇੜ ਸਾਹਿਬ । (1768 ਬਿਕਰਮੀ: ਨੂੰ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜੀ ਵਿਖੇ)

ਭਾਈ ਹਿੰਮਤ ਸਿੰਘ ਜੀ
ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ।

 • ਮੁੱਢਲਾ ਨਾਂਅ : ਹਿੰਮਤ ਰਾਇ
 • ਅੰਮ੍ਰਿਤ ਪਾਨ ਕਰਨ ਉਪਰੰਤ :  ਭਾਈ ਹਿੰਮਤ ਸਿੰਘ
 • ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ ।
 • ਜਨਮ : 1661 ਮੂਲ ਵਾਸੀ ਜਗਨਨਾਥਪੁਰੀ (ਉੜੀਸਾ), ਝਿਓਰ, (ਜਨਮ ਮਿਤੀ 15 ਜੇਠ 1721 ਬਿਕਰਮੀ (ਜਨਮ ਸਥਾਨ ਬਕਾਲਾ ਕਿਓਂਕਿ ਇਹਨਾਂ ਦੇ ਮਾਤਾ-ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਇਥੇ ਰਹਿੰਦੇ ਸਨ)
 • ਪਿਤਾ ਦਾ ਨਾਅ :  ਗੁਲਜ਼ਾਰੀ ਜੀ (ਮਾਲ ਦੇਊ )
 • ਮਾਤਾ ਦਾ ਨਾਅ :  ਧੰਨੋ ਦੇਈ (ਦੇਈ )
 • ਅਕਾਲ ਚਲਾਣਾ :  ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 44 ਸਾਲ ਦੀ ਉਮਰ ਵਿੱਚ ਦਸੰਬਰ 1705 (1761 ਬਿਕਰਮੀ) ਨੂੰ ਸ਼ਹੀਦੀ ਪ੍ਰਾਪਤ ਕੀਤੀ।
 • ਇਹਨਾਂ ਦੀ ਯਾਦ ਵਿੱਚ ਤਰਨ ਤਾਰਨ ਵਿਖੇ ਬਾਬਾ ਹਿੰਮਤ ਸਿੰਘ ਜੀ ਹਾਲ / ਬੁੰਗਾ ਬਣਾਇਆ ਗਿਆ ਹੈ, ਜਿੱਥੇ ਹਰ ਸਾਲ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ।

 ਭਾਈ ਮੋਹਕਮ ਸਿੰਘ ਜੀ
ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਸੀਸ ਦੇਣ ਵਾਲੇ ਚੌਥੇ ਸਥਾਨ ‘ਤੇ ਸਨ।
 
 • ਮੁੱਢਲਾ ਨਾਅ : ਮੋਹਕਮ ਚੰਦ
 • ਅੰਮ੍ਰਿਤ ਪਾਨ ਕਰਨ ਉਪਰੰਤ : ਭਾਈ ਮੋਹਕਮ ਸਿੰਘ
 • ਖ਼ਾਲਸਾ ਦੀ ਸਾਜਨਾ ਸਮੇਂ ਉਮਰ : 36 ਸਾਲ
 • ਜਨਮ : 1663 ਦਵਾਰਕਾ (ਗੁਜਰਾਤ) (5 ਚੇਤ 1736 ਬਿਕਰਮੀ)
 • ਪਿਤਾ ਦਾ ਨਾਅ :  ਭਾਈ ਤੀਰਥ ਚੰਦ (ਜਗਜੀਵਨ ਰਾਮ)
 • ਮਾਤਾ ਦਾ ਨਾਅ :  ਦੇਵੀ ਬਾਈ ( ਸੰਭਲੀ ਜੀ)
 • ਅਕਾਲ ਚਲਾਣਾ :  ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 42 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ

ਭਾਈ ਸਾਹਿਬ ਸਿੰਘ ਜੀ
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ।
 
 • ਮੁੱਢਲਾ ਨਾਅ : ਸਾਹਿਬ ਚੰਦ
 • ਅੰਮ੍ਰਿਤ ਪਾਨ ਕਰਨ ਉਪਰੰਤ : ਭਾਈ ਸਾਹਿਬ ਸਿੰਘ
 • ਖ਼ਾਲਸਾ ਦੀ ਸਾਜਨਾ ਸਮੇ ਉਮਰ : 37 ਸਾਲ
 • ਜਨਮ : 1662 ਬਿਦਰ (ਕਰਨਾਟਕਾ) ਨਾਈ (5 ਮੱਘਰ 1732 ਬਿਕਰਮੀ)
 • ਪਿਤਾ ਦਾ ਨਾਂਅ :  ਭਾਈ ਗੁਰ ਨਰਾਇਣ
 • ਮਾਤਾ ਦਾ ਨਾਂਅ :  ਅਨਕਾਮਾ ਬਾਈ
 • 11 ਸਾਲ ਦੀ ਉਮਰ ਵਿੱਚ ਇਸ ਦੇ ਮਾਤਾ ਪਿਤਾ ਇਸ ਨੂੰ ਦਸਮ ਗੁਰੂ ਜੀ ਦੇ ਸਪੁਰਦ ਕਰ ਗਏ ਸਨ ।
 • ਅਕਾਲ ਚਲਾਣਾ :  ਚਮਕੌਰ ਸਾਹਿਬ ਵਿਖੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ 43 ਸਾਲ ਦੀ ਉਮਰ ਵਿੱਚ 7 ਦਸੰਬਰ 1705 (1761 ਬਿਕਰਮੀ) ਨੂੰ ਗੁਰਪੁਰੀ ਜਾ ਬਿਰਾਜੇ ।

****

No comments: