ਸਾਹਿਤਕ ਖੇਤਰ ਵਿਚ ਗਹਿਰੀ ਛਾਪ ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ.......... ਸਲਾਨਾ ਸਮਾਗਮ / ਬਲਜਿੰਦਰ ਸੰਘਾ

ਕੈਲਗਰੀ ਦੇ 13ਵੇਂ ਸਲਾਨਾ ਸਮਾਗਮ ਵਿਚ ਸਾਧੂ ਬਿਨਿੰਗ ਦਾ ਸਨਮਾਨਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ 26 ਮਈ 2012 ਦਿਨ ਸ਼ਨੀਵਾਰ ਨੂੰ ਫਾਲਕਿਨਰਿੱਜ / ਕੈਸਲਰਿੱਜ ਕਮਿਊਨਟੀ ਹਾਲ ਕੈਲਗਰੀ, ਕੈਨੇਡਾ ਵਿਚ ਹੋਇਆ। ਤਾੜੀਆਂ ਦੀ ਗੂੰਜ਼ ਵਿਚ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਮੁੱਖ ਮਹਿਮਾਨ ਸਾਧੂ ਬਿਨਿੰਗ ਜੀ, ਜਗਦੀਸ਼ ਕੌਰ ਬਿਨਿੰਗ, ਰਘਬੀਰ ਸਿੰਘ ਸਿਰਜਣਾ ਅਤੇ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਸ਼ੁਰੂ ਵਿਚ ਬੱਚਿਆਂ ਵੱਲੋਂ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੰਗਾਰੰਗ ਝਲਕ ਪੇਸ਼ ਕੀਤੀ ਗਈ, ਜਿਸਨੂੰ ਭਰੇ ਹੋਏ ਹਾਲ ਦੇ ਦਰਸ਼ਕਾਂ ਨੇ ਖੂ਼ਬ ਪਸੰਦ ਕੀਤਾ। ਬਲਵੀਰ ਗੋਰੇ ਅਤੇ ਤਰਲੋਚਨ ਸੈਂਭੀ ਵੱਲੋਂ ਬੁਲੰਦ ਅਵਾਜ਼ ਵਿਚ ਬਲਵੀਰ ਗੋਰੇ ਦੀ ਰਚਨਾ ਸੁਣਾਕੇ ਸਾਹਿਤਕ ਸਮਾਗਮ ਦਾ ਆਰੰਭ ਕੀਤਾ ਗਿਆ, ਜਿਸਦੇ ਬੋਲ ਸਨ ‘ਲੁੱਟ ਸਾਧ ਪਖੰਡੀ ਨੇ ਲੋਕਾਂ ਨੂੰ ਧਰਮ ਦੀ ਆੜ ‘ਚੋਂ ਖਾਗੇ’। ਇਸਤੋਂ ਬਾਅਦ ਸਭਾ ਵੱਲੋਂ ਪਹਿਲਾਂ ਕਰਵਾਏ ਗਏ ਬੱਚਿਆਂ ਦੇ ਪ੍ਰੋਗਰਾਮ ਦੀ ਡੀ.ਵੀ.ਡੀ. ਸਾਧੂ ਬਿਨਿੰਗ, ਮਹਿੰਦਰਪਾਲ ਐਸ. ਪਾਲ, ਜ਼ੋਰਾਵਰ ਬਾਂਸਲ ਅਤੇ ਰਣਜੀਤ ਲਾਡੀ ਵੱਲੋਂ ਰੀਲੀਜ਼ ਕੀਤੀ ਗਈ।
ਪ੍ਰਧਾਨ ਮਹਿੰਦਰਪਾਲ ਐਸ.ਪਾਲ ਨੇ ਦੂਰ-ਦੁਰਾਡੇ ਤੋਂ ਪਹੁੰਚੇ ਲੇਖਕਾਂ, ਦਰਸ਼ਕਾਂ ਅਤੇ ਸਹਿਯੋਗੀਆਂ ਨੂੰ ਜੀ ਆਇਆਂ ਆਖਿਆ ਅਤੇ ਇਸ ਪ੍ਰੋਗਰਾਮ ਦੇ ਸਪਾਂਸਰਜ਼ ਅਤੇ ਮੀਡੀਆ ਦਾ ਧੰਨਵਾਦ ਕੀਤਾ, ਜਿਹਨਾਂ ਦੇ ਸਹਿਯੋਗ ਤੋਂ ਬਿਨਾਂ ਅਜਿਹੇ ਪ੍ਰੋਗਰਾਮ ਉਲੀਕਣੇ ਅਸੰਭਵ ਹਨ । ਬਾਨੀ ਮੈਬਰਾਂ ਵਿਚੋਂ ਜਸਵੰਤ ਸਿੰਘ ਗਿੱਲ ਨੇ ਸਵ : ਇਬਾਲ ਅਰਪਨ ਦੇ ਯਤਨਾਂ ਨਾਲ ਹੋਂਦ ਵਿਚ ਆਈ ਇਸ ਸਭਾ ਦੇ 12 ਸਾਲ ਦੇ ਕੀਤੇ ਕੰਮਾਂ ਤੇ ਝਾਤ ਪੁਆਈ, ਜਿਸ ਵਿਚ ਡਰੱਗ ਜਾਗਰੂਕਤਾ ਸੈਮੀਨਾਰ, ਬੱਚਿਆਂ ਦੇ ਪ੍ਰੋਗਰਾਮ, ਪਰਿਵਾਰਿਕ ਹਿੰਸਾ ਅਤੇ ਸਿਹਤ ਸੰਬੰਧੀ ਜਾਣਕਾਰੀ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਕੈਲਗਰੀ ਸ਼ਾਮਿਲ ਸੀ। ਇਸ ਤੋਂ ਬਾਅਦ ਪ੍ਰਸਿੱਧ ਲੇਖਕ ਅਤੇ ਕੈਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਲਈ ਕੰਮ ਕਰਨ ਵਾਲੇ ਸਾਧੂ ਬਿਨਿੰਗ ਜੀ ਦਾ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨ ਸਮਾਰੋਹ ਸ਼ੁਰੂ ਹੋਇਆ, ਜਿਸ ਵਿਚ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ ਅਤੇ ਪਾਲੀ ਵਿਰਕ ਵੱਲੋਂ ਇਕਬਾਲ ਅਰਪਨ ਯਾਦਗਾਰੀ ਐਵਾਰਡ ਦੀ ਪਲੈਕ ਭੇਂਟ ਕੀਤੀ ਗਈ। ਸਭਾ ਦੇ ਖ਼ਜ਼ਾਨਚੀ ਬਲਵੀਰ ਗੋਰੇ ਵੱਲੋਂ ਇਕ ਹਜ਼ਾਰ ਡਾਲਰ ਕੈਨੇਡੀਅਨ ਦਾ ਚੈੱਕ, ਜੋਗਿੰਦਰ ਸਿੰਘ ਸੰਘਾ ਵੱਲੋਂ ਸਭਾ ਦੀਆਂ ਕਿਤਾਬਾਂ ਦਾ ਸੈੱਟ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋਂ ਉਹਨਾਂ ਦੁਅਰਾ ਬਣਾਈ ਸਾਧੂ ਬਿਨਿੰਗ ਦੀ ਤਸਵੀਰ ਭੇਂਟ ਕੀਤੀ ਗਈ ਤਾਂ ਸਾਰਾ ਹਾਲ ਤਾੜੀਆਂ ਦਾ ਨਾਲ ਗੂੰਜ ਉੱਠਿਆ।
ਮੀਤ ਪ੍ਰਧਾਨ ਹਰੀਪਾਲ ਨੇ ਸਾਧੂ ਬਿਨਿੰਗ ਬਾਰੇ ਆਪਣਾ ਵਿਸਥਾਰਿਤ ਲੇਖ ਪੜ੍ਹਦਿਆਂ ਕਿਹਾ ਕਿ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵੱਲੋਂ ਬਹੁਤ ਲੰਬੇ ਸਮੇਂ ਤੋਂ ‘ਵਤਨ’ ਮੈਗਜ਼ੀਨ ਬੜੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਸਾਧੂ ਬਿਨਿੰਗ ਪਿਛਲੇ ਦੋ ਦਹਾਕੇ ਤੋਂ ਪੰਜਾਬੀ ਬੋਲੀ ਨੂੰ ਕੈਨੇਡੀਅਨ ਭਾਸ਼ਾ ਦਾ ਦਰਜਾ ਦਿਵਾਉਣ ਲਈ ਯਤਨਸੀਲ ਹੈ। ਡਾ. ਸਾਧੂ ਸਿੰਘ ਨੇ ਬਿਨਿੰਗ ਜੀ ਦੀ ਜਿੰਦਗੀ ਦੇ ਸਮੁੱਚੇ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਨਾਲ ਦੱਸਦਿਆ ਕਿਹਾ ਕਿ ਉਹਨਾਂ ਦੀ ਸਮੁੱਚੀ ਜਿੰਦਗੀ ਪੰਜਾਬੀ ਬੋਲੀ ਦੇ ਵਿਕਾਸ ਨੂੰ ਸਮਰਪਿਤ ਹੈ ਅਤੇ ਰਘਬੀਰ ਸਿੰਘ ਸਿਰਜਣਾ ਨੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਸਾਧੂ ਬਿਨਿੰਗ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਭਾ ਵੱਲੋਂ ਸਾਧੂ ਬਿਨਿੰਗ ਦੀ ਇਕਬਾਲ ਅਰਪਨ ਯਾਦਗਾਰੀ ਐਵਰਾਡ ਲਈ ਚੋਣ ਨੂੰ ਬਹੁਤ ਵਧੀਆ ਉਪਰਾਲਾ ਅਤੇ ਸਹੀ ਚੋਣ ਦੱਸਦਿਆਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੂੰ ਵਧਾਈ ਦਿੱਤੀ। ਜਰਨੈਲ ਸਿੰਘ ਆਰਟਿਸਟ ਨੇ ਆਪਣੇ ਵੱਲੋਂ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਸਭਾ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ। ਇਸਤੋਂ ਬਾਅਦ ਸਾਧੂ ਬਿਨਿੰਗ ਜੀ ਨੇ ਆਪਣੇ ਡੂੰਘੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਬੋਲੀ ਲਈ ਕੀਤੇ ਜਾ ਚੁੱਕੇ ਅਤੇ ਹੋਣ ਵਾਲੇ ਕੰਮਾਂ ਬਾਰੇ ਦੱਸਦਿਆ ਆਖਿਆ ਕਿ ਸਾਨੂੰ ਹੋਰ ਜ਼ੁਬਾਨਾਂ ਵੀ ਸਿੱਖਣੀਆਂ ਚਾਹੀਦੀਆਂ ਹਨ ਪਰ ਕਿਸੇ ਵੀ ਕੀਮਤ ਤੇ ਆਪਣੀ ਮਾਂ ਬੋਲੀ ਦਾ ਸੌਦਾ ਨਹੀਂ ਕਰਨਾ ਚਾਹੀਦਾ ਅਤੇ ਇਸਦੇ ਵਿਕਾਸ ਲਈ ਹਰ ਯੋਗ ਸਾਧਨ ਵਰਤਦੇ ਹੋਏ ਇਕ ਕਾਫਲਾ ਬਣਕੇ ਚੱਲਣਾ ਚਾਹੀਦਾ ਹੈ। ਹਾਲ ਤਾੜੀਆਂ ਨਾਲ ਗੂੰਜ ਉਠਿਆ, ਜਦੋਂ ਉਹਨਾਂ ਆਪਣੇ ਵਿਸ਼ਾਲ ਲੇਖਣੀ ਅਤੇ ਗਤੀਵਿਧੀਆਂ ਲਈ ਆਪਣੀ ਪਤਨੀ ਜਗਦੀਸ਼ ਕੌਰ ਬਿਨਿੰਗ ਦੇ ਅਣਮੁੱਲੇ ਯੋਗਦਾਨ ਦੀ ਚਰਚਾ ਕੀਤੀ। ਸਭਾ ਦੇ ਸਕੱਤਰ ਸੁਖਪਾਲ ਪਰਮਾਰ ਨੇ ਇਸ ਸਮਾਗਮ ਦੇ ਗੀਤ, ਗਜ਼ਲਾਂ ਅਤੇ ਕਵਿਤਾਵਾਂ ਦੇ ਦੌਰ ਦੀ ਸ਼ੁਰੂਆਤ ਕੀਤੀ। ਜਿਸ ਵਿਚ ਅਵਨਿੰਦਰ ਨੂਰ, ਜ਼ੋਰਾਵਰ ਬਾਂਸਲ, ਸੁਰਿੰਦਰ ਗੀਤ, ਹਰਮਿੰਦਰ ਕੌਰ ਢਿੱਲੋਂ, ਸੁਰਜੀਤ ਸਿੰਘ ਪੰਨੂ, ਦਲਜੀਤ ਸੰਧੂ, ਮੰਗਾ ਬਾਸੀ, ਤਰਲੋਚਨ ਸੈਂਭੀ, ਜਗਜੀਤ ਸੰਧੂ, ਬਲਜਿੰਦਰ ਸੰਘਾ, ਮਹਿੰਦਰਪਾਲ ਐਸ. ਪਾਲ, ਗੁਰਮੀਤ ਸਰਪਾਲ (ਪ੍ਰਧਾਨ ਰੁਇਲ ਵੂਮੇਨ ਸੁਸਾਇਟੀ), ਸੁਖਵੰਤ ਹੁੰਦਲ ਆਦਿ ਨੇ ਭਾਗ ਲਿਆ। ਸਭਾ ਵਲੋਂ ਆਪਣੇ ਲੇਖਕਾਂ ਅਤੇ ਚੇਤਨਾ ਪ੍ਰਕਾਸ਼ਨ ਦੀਆਂ ਕਿਤਾਬਾਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਹਰਪ੍ਰਕਾਸ਼ ਜ਼ਨਾਗਲ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਨੂੰ ਲੋਕਾਂ ਨੇ ਉਤਸ਼ਾਹ ਨਾਲ ਵੇਖਿਆ। ਮਾ. ਭਜਨ ਸਿੰਘ ਗਿੱਲ ਅਤੇ ਸੋਹਨ ਮਾਨ ਨੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਕਿਤਾਬਾਂ ਦੀ ਪ੍ਰਰਦਰਸ਼ਨੀ ਲਗਾਈ। ਵੈਨਕੂਵਰ ਤੋਂ ਪਹੁੰਚੇ ਗੁਰੂਮੇਲ, ਦਿਲਬਰ ਕੰਗ ਤੋਂ ਇਲਾਵਾ ਸਭਾ ਦੇ ਮੈਂਬਰ ਬੀਜਾ ਰਾਮ, ਪਰਮਜੀਤ ਸੰਦਲ, ਸਿਮਰ ਚੀਮਾ, ਸੁਰਿੰਦਰ ਚੀਮਾ, ਸਰਬਣ ਸੰਧੂ, ਮੰਗਲ ਚੱਠਾ, ਜਰਨੈਲ ਤੱਗੜ, ਗੁਰਬਚਨ ਬਰਾੜ, ਪਵਨਦੀਪ ਬਾਂਸਲ, ਗੁਰਲਾਲ ਰੁਪਲੋਂ, ਜਗਦੀਪ ਰੰਧਾਵਾ, ਚੰਦ ਸਿੰਘ ਸਦਿਓੜਾ, ਬਲਜਿੰਦਰ ਢਿਲੋਂ, ਲਖਵੀਰ ਸਿੰਘ ਅਤੇ ਹਰਜੀਤ ਕੌਰ ‘ਅਰਪਨ’ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹੋਰਾਂ ਵਿਚੋਂ  ਜਸਵੀਰ ਸਿਹੋਤਾ ਪ੍ਰਧਾਨ ਸਹਿਤ ਸਭਾ, ਜੱਸ ਚਾਹਲ ਸਕੱਤਰ ਰਾਈਟਰ ਫੋਰਮ, ਬਿੱਲ ਕਾਹਲੋ ਪ੍ਰਧਾਨ ਡਰੱਗ ਅਵੇਅਰਨੈਸ ਫਾਊਡੇਸ਼ਨ, ਹਰਪਿੰਦਰ ਸਿੰਘ ਸਿੱਧੂ (ਪੰਜਾਬ ਇਸ਼ੋਰੈਸ਼), ਹਰਚਰਨ ਸਿੰਘ ਪਰਹਾਰ, ਬ੍ਰਹਮ ਪ੍ਰਕਾਸ਼ ਲੁੱਡੂ, ਜਗਪ੍ਰੀਤ ਸ਼ੇਰਗਿੱਲ ਤੋਂ ਇਲਾਵਾ ਮੀਡੀਆ ਦੇ ਬਹੁਤ ਸਾਰੇ ਸੱਜਣ ਹਾਜ਼ਰ ਸਨ। ਦਿਲਬਰ ਕੰਗ ਦੀ ਅਗਵਾਈ ਹੇਠ ਓਮਨੀ ਟੀ.ਵੀ. ਵੱਲੋਂ ਸਮਾਗਮ ਦੀ ਵਿਸ਼ੇਸ਼ ਕਵਰੇਜ਼ ਕੀਤੀ ਗਈ। ਅਖੀਰ ਵਿਚ ਪ੍ਰਧਾਨ ਮਹਿੰਦਰਪਾਲ ਐਸ.ਪਾਲ ਨੇ ਸਭ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ 17 ਜੂਨ 2012 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਪ੍ਰਧਾਨ ਮਹਿੰਦਰਪਾਲ ਐਸ.ਪਾਲ ਨੂੰ 403-880-1677 ਜਾਂ ਜਰਨਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।  

****

No comments: