ਪਾਰਖੂ ਅੱਖ……… ਅਭੁੱਲ ਯਾਦਾਂ / ਦਰਸ਼ਨ ਸਿੰਘ ਪ੍ਰੀਤੀਮਾਨ

ਅੱਜ ਤੜਕੇ 4 ਵਜੇ ਦਾ ਬਲਦਾਂ ਨਾਲ ਨਰਮਾਂ ਸੀਲ ਰਿਹਾ ਸੀ। ਮੈਨੂੰ ਪੂਰੀ ਉਮੀਦ ਸੀ ਕਿ ਆਥਣ ਨੂੰ ਚਾਰੇ ਕਿਲਿਆਂ 'ਤੇ ਤਰਪਾਈ ਮਾਰ ਦੇਵਾਂਗਾਂ। ਬੈੜਕੇ ਨਾਲ ਬੁੱਢੇ ਬਲਦ ਦੀ ਤੋਰ ਵੀ ਤੇਜ਼ ਸੀ ਕਿਉਂਕਿ ਖੁਰਾਕ ਦੇ ਕਾਰਨ ਅਜੇ ਤਕੜਾ ਪਿਆ ਸੀ। ਮੈਂ ਵੀ ਜਵਾਨੀ 'ਚ ਸਾਂ। ਜਵਾਨੀ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ, ਜਿਸ ਪਾਸੇ ਵੱਲ ਦਿਲਚਸਪੀ ਹੋ ਜਾਵੇ, ਜਵਾਨ ਖੂਨ ਧੂੰਮਾਂ ਪਾ ਦਿੰਦਾ ਹੈ। ਮੇਰਾ ਧਿਆਨ ਹੁਣ ਖੇਤੀ 'ਚ ਲੱਗ ਚੁੱਕਿਆ ਸੀ। ਕੰਮ ਨੂੰ ਇਕੱਲਾ ਹੀ ਦੋ ਵਰਗਾ ਸੀ। ਨਰਮੇ ਦੀ ਡੁੱਸ ਵੇਖ ਕੇ ਹੋਰ ਵੀ ਨਸ਼ਾ ਚੜ੍ਹ ਜਾਂਦਾ  ਕਿ ਐਤਕੀ ਤਾਂ ਸੁਰਖਰੂ ਹੋ ਜਵਾਂਗੇ।

ਗਿਆਰਾਂ ਕੁ ਵਜੇ ਘਰੋਂ ਸੁਨੇਹਾ ਪਹੁੰਚ ਗਿਆ ਕਿ ਮਾਂ ਨੂੰ ਤੇਜ਼ ਬੁਖਾਰ ਹੋ ਗਿਆ ਹੈ। ਸ਼ਹਿਰ ਦੇ ਹਸਪਤਾਲ 'ਚ ਲੈ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਜਾਣੀ ਪਵੇਗੀ। ਮੈਂ ਗੁਆਂਢੀਆਂ ਦੇ ਮੁੰਡੇ ਦੇ ਮੂੰਹੋਂ ਐਨੀ ਗੱਲ ਸੁਣ ਕੇ ਝੱਟ ਬਲਦਾਂ ਦੇ ਗਲੋਂ ਪੰਜਾਲੀ ਲਾਹ ਦਿੱਤੀ ਤੇ ਲਿਆ ਕੇ ਦੋਵੇਂ ਬਲਦ ਟਿਊਬਵੈੱਲ ਦੇ ਕੋਲ ਟਾਹਲੀ ਨਾਲ ਬੰਨ੍ਹ ਦਿੱਤੇ। ਗੱਡੀ 'ਚੋ ਚੁੱਕੇ ਕੱਖਾਂ ਵਾਲੀ ਪੱਲੀ ਬਲਦਾਂ ਦੇ ਅੱਗੇ ਖੋਲ੍ਹ ਦਿੱਤੇ। ਬਿਨ੍ਹਾਂ ਪੈਰ ਹੱਥ ਧੋਤੇ ਤੋਂ ਹੀ ਚਾਦਰਾ ਬੰਨਿਆ, ਜੋੜੇ ਪਾਏ ਅਤੇ ਮੁੱਕਾ (ਪਰਨਾ) ਸਿਰ ਤੇ ਲਪੇਟ ਕੇ ਨਾਲ ਦੇ ਗੁਆਂਢੀ ਨੂੰ ਕਿਹਾ ਕਿ ਸ਼ਾਮ ਨੂੰ ਹਰਾ ਵੱਢ ਗੱਡੀ ਜੋੜ ਲ਼ਿਆਵੀ, ਮੈਂ ਪਿੰਡ ਨੂੰ ਤੁਰ ਪਿਆ।

ਜਦ ਘਰ ਆ ਕੇ ਮਾਂ ਦੀ ਹਾਲਤ ਵੇਖੀ ਤਾਂ ਸੋਚਿਆ, ਮਾਂ ਨੂੰ ਤਾਂ ਕਾਫੀ ਬੁਖਾਰ ਹੈ। ਸ਼ਹਿਰ ਹੀ ਲਿਜਾਣੀ ਪਏਗੀ। ਮੈਂ ਝੱਟ ਗਲੀ 'ਚ ਜਾਂਦੇ ਰਿਕਸ਼ੇ ਵਾਲੇ ਨੂੰ ਅਵਾਜ਼ ਦਿੱਤੀ। ਰਿਕਸ਼ੇ ਵਾਲੇ ਨੇ ਲਿਆ ਰਿਕਸ਼ਾ ਖੜ੍ਹਾ ਕਰ ਦਿੱਤਾ। ਮੈਂ ਤੇ ਮੇਰੇ ਘਰਵਾਲੀ ਨੇ ਮਾਂ ਰਿਕਸ਼ੇ ਵਿੱਚ ਬਿਠਾਇਆ ਤੇ ਸ਼ਹਿਰ ਵੱਲ ਰਿਕਸ਼ਾ ਚਾਲੇ ਪੈ ਗਿਆ। ਸ਼ਿੰਦੋ ਨੂੰ ਪਤਾ ਸੀ ਕਿ ਘਰ ਪੈਸਾ ਕੋਈ ਨਹੀਂ। ਉਸਨੇ ਮੇਰੀ ਬੈਂਕ ਵਾਲੀ ਕਾਪੀ ਵੀ ਝੋਲੇ 'ਚ ਪਾ ਲਈ।

ਸ਼ਹਿਰ ਦੇ ਇੱਕ ਹਸਪਤਾਲ 'ਚ ਮਾਂ ਨੂੰ ਰਿਕਸ਼ੇ ਤੋਂ ਉਤਾਰਿਆ ਤੇ ਹੌਲੀ-ਹੌਲੀ ਫੜਕੇ ਡਾਕਟਰ ਦੇ ਪਾਸ ਲੈ ਗਏ। ਡਾਕਟਰ ਨੇ ਚੰਗੀ ਤਰ੍ਹਾਂ ਚੈੱਕ ਕਰਕੇ ਦੱਸਿਆ ਕਿ ਮਾਈ ਨੂੰ 102 ਤਾਪ ਹੈ। ਮਾਂ ਨੂੰ ਹਸਪਤਾਲ ਦੇ ਇੱਕ ਕਮਰੇ 'ਚ ਪਾ ਦਿੱਤਾ ਅਤੇ ਡਾਕਟਰ ਨੇ ਗਲੀਆਂ, ਟੀਕੇ ਅਦਿ ਸ਼ੁਰੂ ਕਰ ਦਿੱਤੇ ਅਤੇ ਇੱਕ ਪਰਚੀ 'ਤੇ ਕੁਝ ਗੋਲੀਆਂ, ਕੈਪਸੂਲ ਅਤੇ ਟੀਕੇ ਲਿਖ ਮੈਨੂੰ ਫੜਾ ਦਿੱਤੀ ਕਿ ਮੈਡੀਕਲ ਸਟੋਰ ਤੋਂ ਲਿਆ। ਡਾਕਟਰ ਤੋਂ ਪਰਚੀ ਫੜ੍ਹ ਮੈਂ ਛਿੰਦੋ ਨੂੰ ਪਾਸੇ ਕਰਕੇ ਪੁੱਛਿਆ 'ਪੈਸੇ'?

ਉਸਨੇ 200 ਰੁ: ਫੜਾਉਂਦੀ ਨੇ ਕਿਹਾ 'ਘਰ ਤਾਂ ਐਨੇ ਹੀ ਸਨ। ਆਹ ਆਪਣੀ ਬੈਂਕ ਦੀ ਕਾਪੀ ਵੀ ਨਾਲ ਲਿਆਈ ਹਾਂ ਇਸ ਵਿੱਚੋਂ ਕੱਢਵਾ ਲਿਆਇਓ'।

ਮੈਂ ਕਾਪੀ ਫੜ੍ਹ ਕੇ ਖੋਲ੍ਹੀ ਤਾਂ ਉਸ ਵਿੱਚ ਸਿਰਫ ਤਿੰਨ ਸੌ ਰੁਪਏ ਹੀ ਸਨ। ਮੈਂ ਪਹਿਲਾਂ ਮੈਡੀਕਲ ਸਟੋਰ 'ਤੇ ਜਾ ਕੇ ਦਵਾਈ ਲਈ ਅਤੇ ਡਾਕਟਰ ਨੂੰ ਲਿਆ ਫੜਾਈ ਤੇ ਫਿਰ ਮੁੜ ਬੈਂਕ 'ਚੋਂ ਪੈਸੇ ਕਢਵਾਉਣ ਲਈ ਚਲਾ ਗਿਆ। ਬੈਂਕ ਨੇੜੇ ਹੀ ਸੀ। ਸੜਕ 'ਤੇ ਜਾਂਦੇ ਨੇ ਨਿਗ੍ਹਾ ਆਪਣੇ ਕੱਪੜਿਆਂ ਵੱਲ ਮਾਰੀ ਤਾਂ, ਖੱਲ ਦੇ ਟੁੱਟੇ ਜੋੜੇ, ਪੁਰਾਣਾ ਚਾਦਰਾ, ਫੱਟਿਆ ਹੋਇਆ ਕਮੀਜ਼ ਤੇ ਮੈਲ ਨਾਲ ਭਰਿਆ ਮੁੱਕਾ। ਮੈਂ ਸੋਚਿਆ ਬੈਂਕ 'ਚ ਜਾਣਾ ਕੱਪੜੇ ਬਹੁਤ ਖਰਾਬ ਹਨ। ਨਾਲ ਹੀ ਸੋਚਿਆ ਡਾਕਟਰ ਦੇ ਵੀ ਤਾਂ ਗਏ ਹੀ ਸੀ। ਇਹੋ ਜਿਹੇ ਟਾਈਮ ਕੱਪੜੇ ਕੀ ਸੋਹੰਦੇ ਹਨ ਨਾਲੇ ਬੈਂਕ 'ਚ ਕਿਹੜਾ ਆਪਾਂ ਨੂੰ ਕੋਈ ਜਾਣਦਾ ਹੈ।

ਮੈਂ ਬੈਂਕ 'ਚ ਜਾ ਕੇ ਡਪੋਜਿਟ ਸਲਿਪ ਭਰ ਕੇ ਕਾਪੀ ਸਲਿਪ ਕੈਸ਼ੀਅਰ ਨੂੰ ਫੜਾ ਦਿੱਤੀ। ਕੈਸ਼ੀਅਰ ਨੇ ਕਾਪੀ ਤਾਂ ਕਾਪੀ 'ਚ 300 ਰੁਪਏ ਵੇਖ ਕੇ ਉਸਨੇ ਕਿਹਾ 'ਕਾਪੀ' 'ਚ ਤਿੰਨ ਸੌ ਰੁਪਏ ਹਨ ਤੁਸੀਂ 200 ਰੁ: ਕਢਵਾਉਣ ਲਈ ਆਖ ਰਹੇ ਹੋ, 200 ਰੁਪਏ ਤਾਂ ਨਿਕਲਨੇ ਨਹੀਂ 200 ਰੁਪਏ ਤਾਂ ਕਾਪੀ 'ਚ ਰੱਖਣੇ ਜਰੂਰੀ ਹਨ। 'ਤੁਸੀਂ 200 ਰੁਪਏ ਕੱਢ ਕੇ ਦੇ ਦਿਉ ਕੋਈ ਜਰੂਰੀ ਲੋੜ ਹੋਵੇਗੀ, ਕੋਈ ਗੱਲ ਨਹੀਂ' ਮੈਨੇਜਰ ਨੇ ਕੈਸ਼ੀਅਰ ਨੂੰ ਕਿਹਾ।

ਕੈਸ਼ੀਅਰ ਨੇ 200 ਰੁਪਏ ਮੈਨੂੰ ਫੜਾ ਦਿੱਤੇ ਅਤੇ ਕਾਪੀ 'ਚ ਬਾਕੀ 100 ਰੁਪਏ ਲਿਖ ਕਾਪੀ ਮੈਨੂੰ ਮੋੜ ਦਿੱਤੀ। ਮੈਂ 200 ਰੁਪਏ ਬੱਟੂਏ 'ਚ ਪਾ, ਬੱਟੂਆ ਤੇ ਕਾਪੀ ਜੇਬ 'ਚ ਪਾ ਕੇ ਤੁਰਨ ਲੱਗਿਆ ਤਾਂ ਗੇਟ ਅੱਗੇ ਖੜ੍ਹੇ ਗੰਨਮੈਨ ਨੇ ਮੈਨੂੰ ਕਿਹਾ। 'ਭਾਈ ਸਾਹਿਬ ਆਪ ਨੂੰ ਮੈਨੇਜਰ ਸਾਹਿਬ ਬੁਲਾ ਰਹੇ ਹਨ। 'ਮੈਂ ਮੈਨੇਜਰ ਸਾਹਿਬ ਕੋਲ ਜਾ ਉਨ੍ਹਾਂ ਨੂੰ ਫਤਹਿ ਬੁਲਾਈ। ਮੈਨੇਜਰ ਸਾਹਿਬ ਨੇ ਫਤਿਹ ਦਾ ਜਵਾਬ ਦਿੰਦਿਆਂ ਉਨ੍ਹਾਂ ਮੈਨੂੰ ਕੁਰਸੀ 'ਤੇ ਬੈਠਣ ਲਈ ਇਸ਼ਾਰਾ ਕੀਤਾ। ਮੈਂ ਬੈਂਕ ਮੈਨੇਜਰ ਦੇ ਕਹੇ 'ਤੇ ਕੁਰਸੀ ਤੇ ਬੈਠ ਗਿਆ ਪਰ ਆਪਣੇ ਕੱਪੜਿਆਂ ਵੱਲ ਵੇਖ ਕੇ ਸਰਮਿੰਦਾ ਹੋ ਰਿਹਾ ਸੀ। ਮੇਰੇ ਬੈਠਦਿਆਂ ਹੀ ਇੱਕ ਮੁੰਡਾ ਦੋ ਗਲਾਸ ਟਰੇ 'ਚ ਠੰਡੇ ਪਾਣੀ ਦੇ ਲਿਆਇਆ ਇੱਕ ਮੈਨੇਜਰ ਨੇ ਚੁੱਕ ਲਿਆ ਅਤੇ ਮੇਰੇ ਵੱਲ ਇਸ਼ਰਾ ਕਰਦੇ ਨੇ ਕਿਹਾ 'ਪਾਣੀ ਪੀਉ' ਮੈਂ ਬਿਨ੍ਹਾਂ ਕੁਝ ਬੋਲੇ ਟਰੇ ਵਿੱਚੋਂ ਪਾਣੀ ਵਾਲਾ ਗਲਾਸ ਚੁੱਕ ਲਿਆ ਅਤੇ ਖਾਲੀ ਗਲਾਸ ਵਾਪਸ ਮੇਜ 'ਤੇ ਰੱਖ ਦਿੱਤਾ। ਮੈਨੇਜਰ ਸਾਹਿਬ ਰਜਿਸਟਰ ਫਰੋਲ ਰਹੇ ਸਨ। ਮੈਂ ਸੋਚ ਰਿਹਾ ਸੀ, ਮੈਂ ਇਸ ਬੈਂਕ ਵਿੱਚੋਂ ਕਰਜ਼ਾ ਲਿਆ ਨਹੀਂ। ਇਹ ਠੰਡਾ ਪਾਣੀ ਕਾਹਦਾ ਪਿਲਾਇਆ। ਬੈਂਕ ਮੈਨੇਜਰ ਤਾਂ ਕੋਈ ਹੋਰ ਅੱਧਮੂਲ ਖੜ੍ਹਾ ਕਰੂ! ਐਨੇ ਨੂੰ ਦੋ ਕੱਪ ਟਰੇ 'ਚ ਮੁੰਡਾ ਚਾਹ ਲੈ ਕੇ ਆ ਗਿਆ। ਇੱਕ ਮੈਨੇਜਰ ਸਾਹਿਬ ਦੇ ਅੱਗੇ ਰੱਖ ਦਿੱਤਾ ਤੇ ਦੂਸਰਾ ਮੇਰੇ ਅੱਗੇ। ਮੈਨੇਜਰ ਸਾਹਿਬ ਨੇ ਉਸ ਮੁੰਡੇ ਨੂੰ ਡੱਬੇ ਬਾਰੇ ਕਿਹਾ। ਮੈਂ ਸੋਚਿਆ ਡੱਬਾ ਕੋਈ ਕਿਸੇ ਕੰਮ ਵਾਲਾ ਹੋਵੇਗਾ। ਆਪਾਂ ਕੀ ਲੈਣੇ ਪਰ ਝੱਟ ਕੁ ਪਿੱਛੋਂ ਉਹ ਮੁੰਡਾ ਡੱਬਾ ਲੈ ਕੇ ਆ ਹਾਜ਼ਰ ਹੋਇਆ ਅਤੇ ਡੱਬਾ ਖੋਲ੍ਹ ਮੈਨੇਜਰ ਸਾਹਿਬ ਅੱਗੇ ਕਰ ਦਿੱਤਾ। ਮੈਨੇਜਰ ਸਾਹਿਬ ਨੇ ਡੱਬੇ 'ਚ ਇੱਕ ਟੁੱਕੜਾ ਬਰਫੀ ਦਾ ਚੁੱਕ ਲਿਆ। ਮੁੰਡੇ ਨੇ ਫੇਰ ਡੱਬਾ ਮੇਰੇ ਵੱਲ ਘੁਮਾਇਆ। 'ਨਹੀਂ ਬੱਸ' ਮੈਂ ਨਾਂਹ ਕਰ ਦਿੱਤੀ। 'ਨਾਂਹ ਕਿਉਂ, ਕਰੋ ਮੂੰਹ ਮਿੱਠਾ' ਮੈਨੇਜਰ ਸਾਹਿਬ ਨੇ ਕਿਹਾ। ਮੈਂ ਉਨ੍ਹਾਂ ਦੇ ਕਹੇ ਤੋਂ ਇੱਕ ਟੁਕੜਾ ਚੁੱਕ ਲ਼ਿਆ। ਚਾਹ ਦਾ ਕੱਪ ਚੁਕਦਿਆਂ ਮੈਨੇਜਰ ਸਾਹਿਬ ਨੇ ਮੈਨੂੰ ਚਾਹ ਦੇ ਕੱਪ ਵੱਲ ਇਸ਼ਾਰਾ ਕਰਦੇ ਨੇ ਕਿਹਾ, 'ਚੁੱਕੋ ਜੀਉ ਚਾਹ' ਮੈਂ ਬਰਫੀ ਦੇ ਨਾਲ ਚਾਹ ਚੁੱਕ ਕੇ ਪੀਣ ਲੱਗ ਪਿਆ ਪਰ ਮੈਂ ਇਹ ਸਭ ਕੁਝ ਵੇਖ ਕੇ ਅੰਦਰੋ-ਅੰਦਰੀ ਹੈਰਾਨ ਹੋ ਰਿਹਾ ਸੀ ਕਿ ਮੈਨੇਜਰ ਸਾਹਿਬ ਮੇਰੀ ਐਨੀ ਕਿਉਂ ਆਓ-ਭਗਤ ਕਰ ਰਹੇ ਹਨ। ਉਨ੍ਹਾਂ ਨੇ ਤੇ ਮੈਂ, ਜਦ ਚਾਹ ਪੀ ਕੇ ਖਾਲੀ ਗਲਾਸ ਮੇਜ 'ਤੇ ਧਰ ਦਿੱਤੇ ਤਾਂ ਮੈਨੇਜਰ ਸਾਹਿਬ ਨੇ ਮੇਰੇ ਚਿਹਰੇ ਵੱਲ ਤੱਕਦਿਆਂ ਕਿਹਾ। 'ਕੱਲ੍ਹ ਜੋ ਆਪਦੀ ਰਚਨਾ 'ਵੱਡੀ ਬਹੂ' ਅਖਬਾਰ 'ਚ ਛਪੀ ਸੀ, ਕਾਬਲੇ ਤਾਰੀਫ ਸੀ। ਕੀ ਹੈ ਵਿਚਾਰੇ ਲੇਖਕਾਂ ਦੀ ਜ਼ਿੰਦਗੀ, ਸਮਾਜ ਨੂੰ ਰਾਹ ਵਿਖਾਉਣ ਵਾਲਿਆਂ ਦੀ।" ਕਹਾਣੀ ਦੀ ਤਾਰੀਫ ਕਰਦਾ ਉਹ ਲੇਖਕਾਂ 'ਤੇ ਜਿਵੇਂ ਤਰਸ ਖਾ ਰਿਹਾ ਸੀ।

ਇੱਕ ਬੈਂਕ ਮੈਨੇਜਰ ਦੇ ਮੂੰਹੋ ਆਪਣੀ ਕਹਾਣੀ ਦੀ ਤਾਰੀਫ ਸੁਣ ਕੇ ਮੈਂ ਫੁੱਲਿਆ ਨਹੀਂ ਸਮਾਉਂਦਾ ਸੀ ਕਿ ਮੇਰੇ ਇੱਕ ਮਾਮੂਲੀ ਜਿਹੇ ਲੇਖਕ ਦੀਆਂ ਰਚਨਾਵਾਂ ਨੂੰ ਵੱਡੇ ਵੱਡੇ ਅਫਸਰ ਵੀ ਪੜ੍ਹਦੇ ਹਨ। ਉਸ ਦੀ ਤਰਸ ਦੀ ਭਾਵਨਾ ਦੇ ਹੋਰ ਵੀ ਬਲਿਹਾਰੇ ਜਾਂਦਾ ਸੀ।

'ਅੰਗਰੇਜ਼ੀ ਅਤੇ ਹੋਰ ਭਾਸ਼ਵਾਂ ਦੇ ਲੇਖਕ ਸਭ ਤੋਂ ਅਮੀਰ ਅਤੇ ਪੰਜਾਬੀ ਦੇ ਲੇਖਕ ਸਭ ਤੋਂ ਗਰੀਬ। ਧੰਨ ਹਨ ਕਲਮਾਂ ਜੋ ਸਦਾ ਸਮਾਜ ਲਈ ਸੋਚਦੇ ਐ। ਹਰ ਇਨਸਾਨ ਦੀ ਪੀੜ ਨੂੰ ਕਲਮਬੰਦ ਕਰਦੇ ਐ", ਨਿੱਤ ਨਵਾਂ ਇਤਿਹਾਸ ਸਿਰਜਦੇ ਐ, ਸਾਡੀ ਤਾਂ ਸਰਕਾਰ ਵੀ ਨਹੀਂ ਲੇਖਕਾਂ ਤੇ ਲੇਖਕਾਂ ਦੇ ਪਰਿਵਾਰਾਂ ਬਾਰੇ ਸੋਚਦੀ।" ਐਨੀ ਗੱਲ ਕਹਿੰਦਾ ਮੈਨੇਜਰ ਸਾਹਿਬ ਉਦਾਸ ਹੋ ਗਿਆ।

'ਮੁੱਢ ਤੋਂ ਲੈ ਕੇ ਹੀ ਮੈਨੇਜਰ ਸਾਹਿਬ ਖਾਸ ਕਰਕੇ ਪੰਜਾਬੀ ਲੇਖਕ ਨੂੰ ਨਿਆਂ ਨਹੀਂ ਮਿਲਿਆ’ ਮੈਂ ਵੀ ਵਿਚਕਾਰ ਦੀ ਆਪਣੀ ਚਲਾ ਗਿਆ 'ਸਰਕਾਰੀ ਨੂੰ ਨਹੀਂ ਪਤਾ ਜੋ ਅਸੀਂ ਇਤਿਹਾਸ ਨਿੱਤ ਪੜ੍ਹਦੇ ਹਾਂ, ਇਹ ਲੇਖਕਾਂ ਦਾ ਹੀ ਲਿਖਿਆ ਹੁੰਦੈ। ਜੋ ਸਾਡੇ ਬੱਚੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਕਿਤਾਬਾਂ ਪੜ੍ਹਦੇ ਹਨ ਉਹ ਕਿੰਨ੍ਹਾਂ ਦੀਆਂ ਲਿਖੀਆਂ ਹੁੰਦੀਆਂ ਹਨ। ਪਰ ਧੰਨ ਹਨ ਲੇਖਕ ਵਿਚਾਰੇ ਜਿੰਨ੍ਹਾਂ ਨੂੰ ਥੋੜ੍ਹਾ ਲੈਣਾ ਤੇ ਬਹੁਤਾ ਦੇਣਾ ਪੈਂਦੈ। ਇਹ ਲੇਖਕ ਹੀ ਹਨ ਜਿੰਨ੍ਹਾਂ ਨੂੰ ਮਾਰੂਥਲਾਂ 'ਚ ਪੈਰ ਮਚਾਉਣੇ ਪੈਂਦੇ ਹਨ। ਜਿੰਨ੍ਹਾਂ ਨੂੰ ਪਹਾੜਾਂ 'ਤੇ ਚੜ੍ਹਨਾ ਪੈਂਦਾ ਹੈ। ਲਿਖਣ ਲਈ ਦਰਿਆ ਪਾਰ ਕਰਨੇ ਪੈਂਦੇ ਹਨ। ਸਮਾਜ ਸੁੱਤਾ ਹੁੰਦੈ, ਲੇਖਕ ਜਾਗਦੈ। ਧੰਨ ਹਨ ਮਾਂ ਦੇ ਜਾਏ, ਜਿਹੜੇ ਲੱਖਾਂ, ਮੁਸੀਬਤਾਂ ਦਾ ਸਾਹਮਣਾ ਕਰਕੇ ਫਿਰ ਵੀ ਕਲਮ ਚਲਦੀ ਰੱਖਦੇ ਹਨ।

ਧੰਨ ਲਿਖਾਰੀ ਨਾਨਕਾ ਜਿੰਨ੍ਹਾਂ ਨਾਮ ਲਿਖਿਆ ਸੱਤਾ। ਇੱਕੋ ਸਾਹੇ ਐਨਾ ਕੁਝ ਆਖ ਮੈਨੇਜਰ ਸਾਹਿਬ ਨੇ ਦੰਮ ਭਰਿਆ ਜਦ ਮੈਂ ਉਸਦੇ ਚੇਹਰੇ ਵੱਲ ਵੇਖਿਆ ਤਾਂ ਚੇਹਰਾ ਉਦਾਸ ਤੇ ਉਸਦੀਆਂ ਪਲਕਾਂ 'ਤੇ ਅੱਥਰੂ ਨੱਚ ਰਹੇ ਸਨ।

'ਮੈਨੇਜਰ ਸਾਹਿਬ ਇੱਕ ਤੁਸੀਂ ਹੀ ਮੈਨੂੰ ਪਹਿਲੇ ਅਫਸਰ ਮਿਲੇ ਜਿੰਨ੍ਹਾਂ ਨੇ ਲੇਖਕਾਂ ਦੇ ਦਰਦ ਨੂੰ ਪਛਾਣਿਐ।' ਮੈਂ ਮੈਨੇਜਰ ਸਾਹਿਬ ਨੂੰ ਕਿਹਾ।

'ਸਰਦਾਰ ਜੀ, ਮੈਂ ਬਹੁਤ ਕਿਤਾਬਾਂ ਪੜ੍ਹੀਆਂ ਹਨ।' ਉਸਨੇ ਦੱਸਿਆ।

'ਤੁਸੀਂ ਆਪ ਨਹੀਂ ਜੀ ਕੋਈ ਕਿਤਾਬ ਲਿਖੀ, ਜਿਵੇਂ ਤੁਸੀਂ ਐਨੀਆਂ ਕਿਤਾਬਾਂ ਪੜ੍ਹੀਆਂ? ਮੈਂ, ਸੁਭਾਵਿਕ ਹੀ ਪੁੱਛਿਆ।

'ਕਿਤਾਬ ਲਿਖਣੀ ਕੋਈ ਖਾਲਾ ਜੀ ਦਾ ਵਾੜੈ, ਇਹ ਹਰ ਇੱਕ ਦੇ ਵੱਸ ਦਾ ਰੋਗ ਥੋੜੈ' ਮੈਨੇਜਰ ਮੇਰੇ ਵੱਲ ਤੱਕ ਮੁਸਕਰਾਇਆ।

'ਚੰਗਾ ਜੀ ਮੈਂ ਜਾਨੈ'? ਮੈਂ ਕੁਰਸੀ ਤੋਂ ਉਠਦੇ ਨੇ ਕਿਹਾ।

'ਬੈਠੋ, ਹੋਰ ਤੁਹਾਡੀ ਕੀ ਸੇਵਾ ਕਰੀਏ?' ਉਸ ਨੇ ਕਿਹਾ।

'ਅੱਜ ਕਾਹਲੀ 'ਚ ਹਾਂ ਜੀ, ਮਾਤਾ ਜੀ ਚਾਣਚੱਕ ਬਿਮਾਰ ਹੋ ਗਏ, ਹਸਪਤਾਲ ਲੈ ਕੇ ਆਏ ਹਾਂ'

'ਚਲੋ ਫੇਰ ਤਾਂ ਜਲਦੀ ਜਾਓ, ਬਾਕੀ ਆਉਂਦੇ ਜਾਂਦੇ ਮਿਲਦੇ ਰਿਹਾ ਕਰੋ' ਮੇਰੇ ਨਾਲ ਹੱਥ ਮਿਲਾਉਂਦੇ ਮੈਨੇਜਰ ਸਾਹਿਬ ਨੇ ਕਿਹਾ।

'ਅੱਛਾ ਜੀ ਜ਼ਰੂਰ' ਮੈਂ ਐਨੀ ਗੱਲ ਆਖ ਹਸਪਤਾਲ ਵੱਲ ਚੱਕਵੇਂ ਪੈਰੀਂ ਹੋ ਗਿਆ। ਮੇਰੇ ਆਉਂਦੇ ਨੂੰ ਮਾਂ ਨੂੰ ਬੁਖਾਰ ਤੋਂ ਕੁਝ ਰਾਹਤ ਮਿਲ ਗਈ ਸੀ। ਸ਼ਾਮ ਹੁੰਦਿਆਂ ਮਾਂ ਠੀਕ ਹੋ ਗਈ। ਅਸੀਂ ਡਾਕਟਰ ਤੋਂ ਛੁੱਟੀ ਲੈ ਕੇ ਅਤੇ ਗੋਲੀਆਂ, ਕੈਪਸੂਲ, ਦਵਾਈ ਲੈ ਕੇ, ਰਿਕਸ਼ੇ 'ਤੇ ਆਪਣੇ ਘਰ ਪਹੁੰਚ ਗਏ।

*****

1 comment:

Gurdip Singh said...

ਬਹੁਤ ਸੋਹਣੀ ਕਹਾਣੀ ਹੈ, ...... ਹੰਝੂ ਲਿਆ ਦਿਤੇ, ਤੇ ਕਹਾਣੀ ਦੇ ਅੰਤ ਤੱਕ ਅੱਖਾਂ ਪੁਛੱਦੀਆਂ ਹਨ ਕਿ ਰੱਖਾਂ ਜਾਂ ਵਗਾਵਾਂ......। ਵਧਾਈ...

ਗੁਰਦੀਪ ਸਿੰਘ ਭਮਰਾ

WWW.WORDNWIND.BLOGSPOT.COM