ਜ਼ਿੰਦਗੀ......... ਨਜ਼ਮ/ਕਵਿਤਾ / ਮਨਜੀਤ ਪੁਰੀ

ਜ਼ਿੰਦਗੀ
ਮਹਿਜ਼ ਸਾਹਾਂ ਦਾ ਵਗਣਾ ਹੀ ਨਹੀਂ ਹੁੰਦੀ
ਕਦੇ ਕਦੇ
ਪਲ ਦੋ ਪਲ ਸਾਹਾਂ ਦਾ ਰੁਕ ਜਾਣਾ
ਤੇ ਫਿਰ
ਸਾਹਾਂ ‘ਚ ਅੱਗ ਸੁਲਘ ਪੈਣੀ
ਵੀ ਜ਼ਿੰਦਗੀ ਹੈ…

ਜ਼ਿੰਦਗੀ
ਦਰਿਆਵਾਂ ਵਾਂਗ ਵਗਣਾ ਵੀ ਨਹੀਂ ਹੁੰਦੀ
ਅੱਥਰੇ ਦਰਿਆਵਾਂ ਦੇ
ਵਹਿਣ ਪੁੱਠਿਆਂ ਮੋੜ ਦੇਣਾ
ਵੀ ਜ਼ਿੰਦਗੀ ਹੈ…

ਜ਼ਿੰਦਗੀ
ਖੌਲਦੇ ਸਾਗਰਾਂ ਨੂੰ ਤੈਰ ਕੇ
ਪਾਰ ਲੰਘ ਜਾਣਾ ਵੀ ਨਹੀਂ ਹੁੰਦੀ
ਸਾਗਰਾਂ ਦੇ ਧੁਰ ਅੰਦਰ ਤੱਕ ਡੁੱਬ ਜਾਣਾ
ਖੁਦ ਨੂੰ ਸਾਗਰਾਂ ‘ਚ ਵਿਲੀਨ ਕਰਕੇ
ਸਾਗਰਾਂ ਜਿਹੇ ਹੋ ਜਾਣਾ
ਵੀ ਜ਼ਿੰਦਗੀ ਹੈ…

ਬੜੇ ਅਰਥ ਹਨ
ਜ਼ਿੰਦਗੀ ਦੇ
ਕਦੇ ਤੱਤੀ ਤਵੀ… ਤੇ ਕਦੇ ਠੰਡਾ ਬੁਰਜ
ਕਦੇ ਖੂਹ ‘ਚ ਪੁੱਠਿਆਂ ਲਮਕਣਾ… ਤੇ ਕਦੇ ਸੀਨਾ ਤਾਣ ਸਲੀਬ ‘ਤੇ ਚੜ੍ਹਨਾ
ਕਦੇ ਬਲਬਨਾਂ ਦਾ ਰਾਜ ਠੁਕਰਾ ਦੇਣਾ
ਤੇ ਕਦੇ ਰਾਜਗੱਦੀ ‘ਤੇ ਬੈਠ ਸੰਤ ਸਿਪਾਹੀ ਬਣ ਜਾਣਾ
ਬੜੇ ਅਰਥ ਹਨ
ਜ਼ਿੰਦਗੀ ਦੇ
ਜਿਹੜੇ ਇੱਕ ਅਰਥ ਤੋਂ
ਦੂਸਰੇ ਅਰਥ ਵੱਲ ਤੁਰ ਪੈਂਦੇ ਹਨ…

ਬੜੇ ਰਾਹ ਨੇ
ਜ਼ਿੰਦਗੀ ਦੇ
ਕਦੇ ਨਨਕਾਣੇ ਤੋਂ ਬਗ਼ਦਾਦ ਤੱਕ
ਤੇ ਕਦੇ ਅਨੰਦਪੁਰ ਤੋਂ ਨਾਂਦੇੜ ਤੱਕ ਦੇ
ਲੰਮੇ ਪੈਂਡੇ
ਤੇ ਕਦੇ ਖਟਕੜ ਕਲਾਂ ਤੋਂ
ਹੁਸੈਨੀ ਵਾਲਾ ਤੱਕ ਦੀ ਛੋਟੀ ਜਿਹੀ ਵਾਟ
ਬੜੇ ਰਾਹ ਨੇ ਜ਼ਿੰਦਗੀ ਦੇ
ਜਿਹੜੇ ਮੰਜ਼ਿਲਾਂ ‘ਤੇ ਪਹੁੰਚ ਕੇ ਵੀ
ਫਿਰ ਰਾਹ ਹੋ ਜਾਂਦੇ ਨੇ…

ਜ਼ਿੰਦਗੀ
ਮਹਿਜ਼ ਸਾਹਾਂ ਦਾ ਵਗਣਾ ਹੀ ਨਹੀਂ ਹੁੰਦੀ
****

No comments: