ਇਹ ਕੁੜੀਆਂ......... ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਇਹ ਕੁੜੀਆਂ ਇਹ ਚਿੜੀਆਂ, ਇਹ ਚਿੜੀਆਂ ਇਹ ਕੁੜੀਆਂ
ਇਹ ਬਿਨ ਕਰਮਾਂ ਵਾਲੜੀਆਂ, ਇਹ  ਬਿਨ ਖੰਬਾਂ ਵਾਲੜੀਆਂ 
ਇਹ ਸੁਹਰਿਆਂ ਵਾਲੜੀਆਂ, ਇਹ ਪੇਕਿਆਂ ਵਾਲੜੀਆਂ
ਪਰ ਅੱਜ ਤੱਕ ਨਾ ਕੋਈ ਆਪਣਾ ਟਿਕਾਣਾ
ਲਭ ਸਕੀਆਂ ਇਹ ਬਾਲੜੀਆਂ
ਇਹ ਜਿਸ ਘਰ ਜੰਮੀ, ਇਹ ਜਿਸ ਘਰ ਜਾਈ
ਉਨ੍ਹਾਂ ਨੇ ਹੀ ਨਾਮ ਏਸ ਨੂੰ ਦਿੱਤਾ ਪਰਾਈ
ਸਮਝ ਸਦਾ ਇਸ ਨੂੰ ਆਪਣੇ ਕੋਈ ਸਿਰ ਦਾ ਬੋਝ
ਬਸ ਇਸ ਨੂੰ ਤੋਰਨ ਖਾਤਿਰ ਕੀਤੀ ਕਮਾਈ
ਕਦੇ ਪੁੱਤਾਂ ਵਾਂਗ ਨਾ ਲਾਡ ਇਹਨਾਂ  ਨੂੰ ਲਡਾਏ
ਕਦੇ ਨਾ ਦੇ ਦੇ ਲੋਰੀਆਂ ਸਵਾਲੜੀਆਂ
ਇਹ ਕੁੜੀਆਂ ਇਹ ਚਿੜੀਆਂ ...
ਸੋਚਾਂ ਇਹੀ ਸੋਚ ਇਹ ਜਵਾਨ ਹੋਈ
ਕਿ ਅਗਲੇ ਘਰ ਜਾ ਕੇ ਤਾਂ ਮਿਲ ਜਾਏ ਢੋਈ
ਆਪਣੀ ਜੋ ਕਹੇਗਾ ਤੇ ਆਪਣਾ ਹੀ ਰਹੇਗਾ
ਫਿਰ ਨਾ ਮੈਨੂੰ ਕਦੇ ਪਰਾਈ ਕਹੂ ਕੋਈ
ਪਰ ਦਿਲ ਵਿਚ ਹੀ ਸੜ ਜਾਣ  ਆਸਾਂ ਸੰਭਾਲੜੀਆਂ
ਇਹ ਕੁੜੀਆਂ ਇਹ ਚਿੜੀਆਂ ...
ਪਤੀ ਚੰਗਾ ਮਿਲਿਆ ਤਾਂ ਸੱਸ ਮਾਂ ਨਾ ਬਣਦੀ
ਤਦੇ ਬੈਠੀ ਸੋਚੇ ਮਾਂ ਮੈਨੂੰ ਹੀ ਨਾ ਜਣਦੀ
ਉਮਰ ਮੇਰੀ ਏਦਾਂ ਬਸ ਲੰਘ ਜਾਣੀ ਹੁਣ ਤਾਂ
ਟੋਟੇ ਗੰਢ ਗੰਢ ਜਿੰਦ ਦੇ ਰਹੂੰ ਤਾਣਾ ਤਣਦੀ
ਪਤਾ ਨਹੀਂ ਕਿਨੀਆਂ ਉਮਰਾਂ ਮੈਂ ਏਦਾਂ ਹੀ ਗਾਲੜੀਆਂ
ਇਹ ਕੁੜੀਆਂ ਇਹ ਚਿੜੀਆਂ ...
ਕੋਈ ਤਾਂ ਇਹਨਾਂ ਦੇ ਦਿਲ ਵਿਚ ਵੜ ਕੇ ਦੇਖੇ
ਦੂਰ ਹੋ ਜਾਵਣ ਫਿਰ ਸਾਰੇ ਭੁਲੇਖੇ
ਕੋਈ ਤਾਂ ਇਹਨਾਂ ਨੂੰ ਦੇਵੇ ਦੋ ਪਲ ਜਿੰਦਗੀ ਦੇ
ਲਾਉਣ ਆਪਣਾ ਜੋ ਜੀਵਨ ਸਦਾ ਦੂਜੇ ਲੇਖੇ
ਨਾ ਏਧਰ ਨਾ ਓਧਰ ਇਹ ਸਦਾ ਹੀ ਵਿਚਾਲੜੀਆਂ
ਇਹ ਕੁੜੀਆਂ ਇਹ ਚਿੜੀਆਂ ...
ਇਹ ਰੁੱਖ ਬਚਾਓ ਤੇ ਧੀਆਂ ਬਚਾਓ
ਇਹ ਛਾਵਾਂ ਬਚਾਓ ਤੇ ਤੀਆਂ  ਬਚਾਓ
ਇਹ ਨਾਅਰੇ ਬਣੇ ਸਿਰਫ ਜੋ ਸ਼ਾਨ ਦੀਵਾਰਾਂ ਦੀ
‘ਕੇਵਲ’ ਇਹਨਾਂ ਤੇ ਕੋਈ ਗੌਰ ਵੀ ਫੁਰਮਾਓ
ਕਦੋਂ ਅਸੀਂ ਵਰਤਾਂਗੇ ਅਕਲਾਂ ਸੰਭਾਲੜੀਆਂ
ਇਹ ਕੁੜੀਆਂ ਇਹ ਚਿੜੀਆਂ, ਇਹ ਚਿੜੀਆਂ ਇਹ ਕੁੜੀਆਂ
ਇਹ ਬਿਨ ਕਰਮਾਂ ਵਾਲੜੀਆਂ  ਇਹ ਬਿਨ ਖੰਭਾਂ ਵਾਲੜੀਆਂ 

****


No comments: