ਬਰਾੜ ਨੇ ਸਾਊਥ ਆਸਟ੍ਰੇਲੀਆ ‘ਚ ਜਿੱਤਿਆ ਲਗਾਤਾਰ ਦੂਜੀ ਵਾਰੀ ਬੈਸਟ ਤਕਨੀਸ਼ੀਅਨ ਦਾ ਐਵਾਰਡ.......... ਸਲਾਨਾ ਸਮਾਗਮ /ਰਿਸ਼ੀ ਗੁਲਾਟੀ

ਐਡੀਲੇਡ : ਪੰਜਾਬੀਆਂ ਦੀ ਮਿਹਨਤ ਤੇ ਸਿਰੜ ਕਿਸੇ ਤੋਂ ਗੁੱਝੀ ਨਹੀਂ ਹੈ । ਹਮੇਸ਼ਾਂ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਸਦਕਾ ਮੱਲਾਂ ਮਾਰੀਆਂ ਨੇ ਤੇ ਸਿਖਰਾਂ ਨੂੰ ਛੋਹਿਆ ਹੈ । ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਦੀ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਐਡੀਲੇਡ ਨਿਵਾਸੀ ਪੰਜਾਬੀ ਸਾਹਿਤਕਾਰ ਮਿੰਟੂ ਬਰਾੜ ਨੇ ਆਪਣੇ ਕਾਰਜ ਖੇਤਰ ‘ਚ ਲਗਾਤਾਰ ਦੂਜੇ ਸਾਲ “ਬੈਸਟ ਤਕਨੀਸ਼ੀਅਨ” ਦਾ ਐਵਾਰਡ ਜਿੱਤ ਕੇ “ਔਸਟਾਰ” ਕੰਪਨੀ ਦੇ ਇਤਿਹਾਸ ‘ਚ ਨਵਾਂ ਪੰਨਾ ਜੜਿਆ ਹੈ । ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਪੇ ਟੀ.ਵੀ. ਕੰਪਨੀ ਔਸਟਾਰ (ਫ਼ੌਕਸਟੈਲ) ਨੇ ਪਿਛਲੇ ਦਿਨੀਂ ਹੋਏ ਸਲਾਨਾ ਸਮਾਗਮ ‘ਚ ਲਗਾਤਾਰ ਦੂਜੀ ਵਾਰ ਇਹ ਐਵਾਰਡ ਜਿੱਤਣ ਦੇ ਮੌਕੇ ‘ਤੇ ਮਿੰਟੂ ਬਰਾੜ ਨੂੰ ਸਨਮਾਨਿਤ ਕੀਤਾ । ਆਮ ਲੋਕਾਂ ‘ਚ ਇਹ ਧਾਰਨਾ ਵੀ ਹੈ ਕਿ ਸਾਹਿਤਕਾਰਤਾ, ਸਮਾਜ ਸੇਵਾ ਆਦਿ ਵਿਹਲੜ ਲੋਕਾਂ ਦੇ ਕੰਮ ਹਨ ਪਰ ਮਿੰਟੂ ਬਰਾੜ ਨੇ ਲਗਾਤਾਰ ਦੂਜੀ ਵਾਰ ਇਹ ਐਵਾਰਡ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਲੇਖਣੀ ਤੇ ਸਮਾਜ ਸੇਵਾ ਦੇ ਨਾਲ਼ ਨਾਲ਼ ਆਪਣੇ ਕਾਰਜ ਖੇਤਰ ‘ਚ ਵੀ ਨਿਪੁੰਣਤਾ ਹਾਸਲ ਕਰਨਾ, ਲਗਨ ਤੇ ਮਿਹਨਤ ਦਾ ਨਤੀਜਾ ਹੈ । ਇਸ ਮੌਕੇ ‘ਤੇ ਬਰਾੜ ਨੂੰ ਦੁਨੀਆਂ ਭਰ ‘ਚ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ ।
****

1 comment:

Anonymous said...

ਬਹੁਤ-ਬਹੁਤ ਵਧਾਈ !