ਢੁੱਕਵਾਂ ਵਾਕ.......... ਮਿੰਨੀ ਕਹਾਣੀ / ਭੁਪਿੰਦਰ ਸਿੰਘ

ਸਟੋਰ ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ। ਅੱਜ ਸਵੇਰੇ ਇਕ ਤੀਹ-ਬੱਤੀ ਕੁ ਸਾਲ ਦੀ ਔਰਤ ਸਟੋਰ ਵਿੱਚ ਸੌਦਾ ਖਰੀਦਣ ਲਈ ਆਈ। ਲਾਈਨ ਵਿੱਚ ਖੜੀ ਉਹ ਮੈਨੂੰ ਕੁਝ ਅਜੀਬ ਜਿਹੀ ਲੱਗ ਰਹੀ ਸੀ। ਜਦੋਂ ਉਸ ਦੀ ਵਾਰੀ ਆਈ ਤਾਂ ਸਟੋਰ ਵਿੱਚੋਂ ਇਕੱਠਾ ਕੀਤਾ ਸਾਰਾ ਸਾਮਾਨ ਉਸ ਨੇ ਕਾਊਂਟਰ ਤੇ ਰੱਖ ਦਿੱਤਾ।

“ਗੁੱਡ-ਮੌਨਿੰਗ... ਹਊ ਯੂ ਡੂ?” ਮੈਂ ਉਸ ਨਾਲ ਸਵੇਰ ਵਾਲੀ ਔਪਚਾਰਿਕਤਾ ਕੀਤੀ।

“ਗੁੱਡ-ਮੌਨਿੰਗ... ਆਮ ਗੁਡ ਥੈਂਕਿਉ... ਆਹ ਸਾਰਾ ਫੂਡ ਸਟੈਂਪ ਤੇ ਐ... ਪਲੀਜ਼...” ਪਰਸ ਵਿੱਚੋਂ ਫੂਡ ਸਟੈਂਪ ਕੱਢ ਕੇ ਮੇਰੇ ਵੱਲ ਵਧਾਉਂਦਿਆਂ ਉਸ ਨੇ ਆਖਿਆ।

ਰਜਿਸਟਰ ਤੇ ਸਾਰਾ ਸਾਮਾਨ ਰਿੰਗ ਕਰਕੇ ਮੈਂ ਸਟੈਂਪ ਨੂੰ ਮਸ਼ੀਨ ਵਿੱਚੋਂ ਲੰਘਾਉਣ ਹੀ ਲੱਗਿਆਂ ਸੀ ਕਿ ਅਚਾਨਕ ਮੇਰੀ ਨਜ਼ਰ ਸਟੈਂਪ ਵਾਲੀ ਫ਼ੋਟੋ ਤੇ ਪਈ।

“ਐ ਫੂਡ ਸਟੈਂਪ ਤੁਹਾਡੀ ਤਾਂ ਨਹੀਂ। ਇਸ ਔਰਤ ਨੂੰ ਤਾਂ ਮੈਂ ਚੰਗੀ ਤਰਾਂ ਜਾਣਦਾ ਹਾਂ। ਇਹ ਮੇਰੀ ਪੱਕੀ ਗਾਹਕ ਹੈ।” ਮੈਂ ਸਵਾਲੀਆ ਜਹੇ ਲਹਿਜੇ ਨਾਲ ਆਖਿਆ।

“ਉਹ ਆਮ ਸੌਰੀ... ਇਹ “ਮੇਰੀ ਪਤੀ” ਹੈ। ਵੀ ਆਰ ਜਸਟ ਮੈਰਿਡ।” ਉਸ ਨੇ ਬੜੇ ਮਾਣ ਨਾਲ ਜਵਾਬ ਦਿੱਤਾ।

“ਨੀਂ ਹਾਅ... ਤੇਰੇ ਰੱਖੇ ਜਾਣ ਨੀਂ।”

ਉਸ ਵੇਲੇ ਮਨ-ਹੀ-ਮਨ ਫੁਰਿਆ ਇਹ ਵਾਕ ਮੈਨੂੰ ਬੜਾ ਢੁੱਕਵਾਂ ਜਿਹਾ ਲੱਗਾ ਅਤੇ ਮੈਂ ਬੇਵਾਕ ਜਿਹੇ ਨੇ ਫੂਡ ਸਟੈਂਪ ਮਸ਼ੀਨ ਚੋ ਲੰਘਾਉਣ ਲਈ ਨੀਵੀਂ ਪਾ ਲਈ।

****

No comments: