ਅਮਰੀਕਾ ਦੀ ਫੇਰੀ ( ਭਾਗ 2 )........... ਸਫ਼ਰਨਾਮਾ / ਯੁੱਧਵੀਰ ਸਿੰਘ

ਮੈਲਬੌਰਨ ਤੋਂ  ਸਿਡਨੀ ਦੀ ਦੂਰੀ ਤਕਰੀਬਨ 710 ਕਿ.ਮੀ. ਹੈ ਜਹਾਜ਼ ਦੀ ਰਫਤਾਰ 650 ਕਿਲੋਮੀਟਰ ਪ੍ਰਤੀ ਘੰਟਾ ਸੀ । ਸਵਾ ਘੰਟੇ ਦਾ ਸਫਰ ਹੈ ਮੈਲਬੌਰਨ ਤੋਂ  ਸਿਡਨੀ ਦਾ । ਜਿ਼ਆਦਾ ਟਾਇਮ ਤਾਂ ਜਹਾਜ਼ ਨੂੰ ਚੜਾਉਣ, ਉਤਾਰਣ ਤੇ ਏਅਰਪੋਰਟ ਦੀ ਸੁਰੰਗ ਤੇ ਲੈ ਕੇ ਜਾਣ ਵਿਚ ਲੱਗ ਜਾਂਦਾ ਹੈ, ਹਵਾ ਵਿਚ ਤਾਂ ਟਾਇਮ ਬਹੁਤ ਜਲਦੀ ਲੰਘਦਾ ਹੈ । ਲੋਕਲ ਚੱਲਣ ਵਾਲੀ ਫਲਾਈਟ ਜਿਆਦਾ ਉਚੀ ਵੀ ਨਹੀ ਉਡਦੀ । ਇਹ ਤਜ਼ਰਬਾ ਮੈਂ ਉਡਦੇ ਜਹਾਜ਼ ਦੇ ਵਿਚ ਬਾਹਰ ਦੀ  ਫੋਟੋ ਖਿੱਚ ਕੇ ਉਸ ਨੂੰ ਫੇਸਬੁੱਕ ਤੇ ਚਾੜ੍ਹ ਕੇ ਕੀਤਾ । ਮੋਬਾਇਲ ਦਾ ਸਿਗਨਲ ਵੀ ਵੱਡੇ ਪਿੰਡਾਂ ਤੋਂ  ਟੱਪਦੇ ਸਮੇਂ ਕਾਫੀ ਸਹੀ ਹੋ ਜਾਂਦਾ ਸੀ । ਅੰਤਰਾਸ਼ਟਰੀ ਫਲਾਈਟ ਵਿਚ ਖਾਣ ਪੀਣ ਖੁੱਲਾ ਮਿਲਦਾ ਹੈ । ਬੀਅਰ, ਵਿਸਕੀ, ਜੂਸ, ਕੋਲਡ ਡਰਿੰਕ ਤੇ ਹਲਕੇ ਸਨੈਕਸ ਛੋਟੀ ਫਲਾਈਟ ਵਿਚ ਵੀ ਦਿੰਦੇ ਹਨ । ਜਹਾਜ਼ ਨਿਊ ਸਾਊਥ ਵੇਲਜ਼ ਪਹੁੰਚ ਗਿਆ ਸੀ । ਸਿਡਨੀ ਸ਼ਹਿਰ ਦੂਰ ਤੋਂ ਹੀ ਦਿਖਣ ਲੱਗ ਗਿਆ ਸੀ । ਸਿਡਨੀ ਦੇ ਮਸ਼ਹੂਰ ਉਪੇਰਾ ਥੀਏਟਰ ਦੇ ਵੀ ਜਹਾਜ਼ ਦੇ ਵਿਚੋਂ ਦਰਸ਼ਨ ਕਰ ਲਏ ਸੀ । ਜਹਾਜ਼ ਦੇ ਪਾਇਲਟ ਨੇ ਸਿਡਨੀ ਦੇ ਕਿੰਗ ਸਮਿੱਥ ਏਅਰਪੋਰਟ ਤੇ ਉਤਰਨ ਦੀ ਸੂਚਨਾ ਦਿੱਤੀ । ਨਾਲ ਹੀ ਦੱਸ ਦਿੱਤਾ ਕਿ ਜਿਸ ਨੇ ਲਾਸ ਏਂਜਲਸ ਜਾਂ ਸੈਨ ਫਰਾਂਸਿਸਕੋ ਜਾਣਾ ਹੈ, ਉਹਨਾਂ ਨੇ ਸਿਡਨੀ ਏਅਰਪੋਰਟ ਤੋਂ ਅਗਲਾ ਜਹਾਜ਼ ਕਿਵੇਂ ਫੜਨਾ ਹੈ । ਜਹਾਜ਼ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ ਹੀ  ਸੁਰੰਗ ਨਾਲ ਲਿਆ ਕੇ ਲਗਾ ਦਿੱਤਾ ।  ਹੈਂਡਬੈਗ ਸੰਭਾਲ ਕੇ ਸੁਰੰਗ ਦੇ ਵਿਚੋਂ ਨਿਕਲੇ ਤਾਂ ਅੱਗੇ ਏਅਰਲਾਈਨਜ ਸਟਾਫ਼ ਨੇ ਦੱਸ ਦਿੱਤਾ ਕਿ ਲਾਸ ਏੇਂਜਲਸ ਜਾਣ ਵਾਲਾ ਜਹਾਜ਼, ਨਾਲ ਦੇ ਗੇਟ ਤੇ ਹੀ ਖੜਾ ਹੈ  ਤੇ 320 ਤੇ ਸਿਡਨੀ ਤੋਂ  ਚੱਲੇਗਾ । ਮੈਂ ਸੋਚਿਆ ਕਿ ਫਲਾਈਟ ਇਕ ਘੰਟੇ ਤੱਕ ਹੈ,  ਸੋ ਦੋ ਘੁੱਟ ਕੌਫੀ ਦੇ ਮਾਰਦੇ ਹਾਂ, ਨਾਲੇ ਸਿਡਨੀ ਏਅਰਪੋਰਟ ਦੇਖਦੇ ਹਾਂ । ਫਿਰ ਫੇਸਬੁੱਕ ਤੇ ਸਿਡਨੀ ਦਾ ਸਟੇਟਸ ਕਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕਿੱਥੇ ਜਾ ਰਿਹਾ ਹਾਂ । ਇੱਥੇ ਹੋਰ ਕਾਫੀ ਲੋਕ ਐਲ ਏ ਦੀ ਫਲਾਈਟ ਲਈ ਪਹੁੰਚ ਰਹੇ ਸਨ ।
ਅਮਰੀਕਾ ਨੂੰ ਹਰ ਰੋਜ਼ ਕਈ ਏਅਰਲਾਈਨਜ਼ ਦੀ ਸਿੱਧੀ ਫਲਾਈਟ ਹੈ । ਕੋਈ ਬਿਜ਼ਨਸ ਲਈ ਜਾ ਰਿਹਾ ਹੈ, ਕੋਈ ਘੁੰਮਣ ਲਈ  । ਅੱਧੇ ਘੰਟੇ ਬਾਦ ਅਨਾਊਂਸਮੈਂਟ ਹੋ ਗਈ ਕਿ  ਜਹਾਜ਼ ਤਿਆਰ ਹੈ  । ਸਵਾਰੀਆਂ ਜਹਾਜ਼ ਵਿਚ ਜਾਣਾ ਸ਼ੁਰੂ ਹੋ ਗਈਆਂ । ਸੀਟਾਂ ਤੇ ਪਹਿਲਾਂ ਹੀ ਕੰਬਲ ਤੇ ਸਿਰਾਣੇ ਰੱਖੇ ਹੋਏ ਸਨ । ਜਹਾਜ਼ ਵਿਚ 3-4-3 ਸੀਟ ਸਟਾਇਲ ਸੀ । ਮੈਨੂੰ ਪਤਾ ਸੀ ਕਿ ਐਡੇ ਲੰਮੇ ਸਫ਼ਰ ਵਿਚ ਜਹਾਜ਼ ਨੇ ਸਮੁੰਦਰ ਤੇ ਹੀ ਰਹਿਣਾ ਹੈ ਸੋ ਮੈਂ  ਏਸਲ ਸੀਟ ਲਈ ਸੀ ਤਾਂ ਕਿ ਜੇ ਤੁਰਨਾ ਫਿਰਨਾ ਹੋਵੇ ਤਾਂ ਕਿਸੇ ਨੂੰ ਵਾਰ ਵਾਰ ਤੰਗ ਨਾ ਕਰਨਾ ਪਏ । ਜਹਾਜ਼ ਵਿਚ ਸਭ ਯਾਤਰੀ ਪਹੁੰਚ ਚੁੱਕੇ ਸੀ । ਜਹਾਜ਼ 90% ਫੁੱਲ ਸੀ, ਮੇਰੇ ਨਾਲ ਦੀਆਂ ਦੋ ਸੀਟਾਂ ਵੀ ਖਾਲੀ ਸਨ । ਐਧਰ ਮੇਰੀਆਂ ਵਾਛਾਂ ਖਿਲ ਗਈਆਂ ਕਿ ਮਜ਼ਾ ਹੀ ਆ ਗਿਆ ਹੁਣ ਤਾਂ ਤਿੰਨ ਸੀਟਾਂ ਦੇ ਮਾਲਿਕ ਹਾਂ ਤੇ ਅਰਾਮ ਦੇ ਨਾਲ ਸੌਂ ਕੇ ਜਾਵਾਂਗੇ । ਨਾਲ ਹੀ ਸੁਨੇਹੇ ਵੀ ਪਹੁੰਚੇ ਹੋਏ ਸੀ ਕਿ ਸਿਡਨੀ ਵਿਚ ਦੋਸਤਾਂ ਨੂੰ ਜਰੂਰ ਮਿਲ ਕੇ ਜਾਵਾਂ । ਮੈਂ ਗੱਲ ਗੋਲਮੋਲ ਕਰ ਦਿੱਤੀ । ਉਧਰੋਂ ਜਹਾਜ਼ ਦੇ ਪਾਇਲਟ ਨੇ ਮੋਬਾਇਲ, ਲੈਪਟਾਪ ਬੰਦ ਕਰਨ ਲਈ ਆਖ ਦਿੱਤਾ ਤੇ ਜਹਾਜ਼ ਰਨ-ਵੇਅ ਤੇ ਬਾਹਵਾਂ ਖਿਲਾਰ ਕੇ ਦੌੜਨ ਲੱਗ ਪਿਆ ਤੇ ਪਾਇਲਟ ਨੇ ਸਾਰਾ ਜੋਰ ਲਗਾ ਕੇ ਜਹਾਜ਼ ਬੱਦਲਾਂ ਦੇ ਉੱਤੇ ਕਰ ਦਿੱਤਾ । ਸਿਡਨੀ ਤੋਂ  ਲਾਸ ਏਂਜਲਸ ਤਕਰੀਬਨ 12060 ਕਿਲੋਮੀਟਰ ਦੂਰ ਹੈ । ਜਹਾਜ਼ ਦੀ ਰਫ਼ਤਾਰ ਤਕਰੀਬਨ 900 ਕਿਲੋਮੀਟਰ ਪ੍ਰਤੀ ਘੰਟਾ ਸੀ । ਇਹ ਸਫ਼ਰ 14 ਘੰਟੇ ਦਾ ਸੀ । ਹਵਾਈ ਸਫ਼ਰ ਦਾ ਸਮਾਂ ਮੌਸਮ ਤੇ ਜਿ਼ਆਦਾ ਨਿਰਭਰ ਕਰਦਾ ਹੈ । ਜੇ ਮੌਸਮ ਠੀਕ ਹੈ ਤਾਂ ਜਹਾਜ਼ ਜਲਦੀ ਪਹੁੰਚ ਜਾਂਦਾ ਹੈ ਤੇ ਜੇ ਕਰ ਖਰਾਬ ਹੈ ਤਾਂ ਟਾਇਮ ਲੱਗ ਜਾਂਦਾ ਹੈ ।  37000 ਫੁੱਟ ਦੀ ਉਚਾਈ ਤੇ ਉਡ ਰਹੇ ਜਹਾਜ਼ ਵਿਚੋਂ ਥੱਲੇ ਸਿਵਾਏ ਸਮੁੰਦਰ ਦੇ ਕੁਝ ਵੀਂ ਨਹੀਂ ਦਿਖਦਾ । ਖਾਣੇ ਵਿਚ ਮੈਂ ਹਿੰਦੂ ਵੈਜੀਟੇਰੀਅਨ ਲਿਖਵਾਇਆ ਸੀ । ਕਿਉਂਕਿ ਮੈਨੂੰ ਪਤਾ ਸੀ ਕਿ ਇਸ ਰੂਟ ਵਿਚ ਇਹਨਾਂ ਨੇ ਖਾਣੇ ਦੇ ਨਾਮ ਤੇ ਉਬਲੇ, ਬੇਸਵਾਦੇ ਤੇ ਬਕਬਕੇ ਖਾਣੇ ਖਵਾਉਣੇ ਹਨ । ਸੋ, ਆਪਣੇ ਲਈ ਰਾਤ ਦੇ ਖਾਣੇ ਵਿਚ ਵਧੀਆ ਸਲਾਦ, ਰਾਜਮਾਂਹ ਤੇ ਚਾਵਲ ਮਿਲ ਗਏ । ਰਸਤੇ ਵਿਚ ਕੁਝ ਥਾਵਾਂ ਤੇ ਮੌਸਮ ਖਰਾਬ ਹੋਣ ਕਾਰਣ ਜਹਾਜ਼ ਕਈ ਵਾਰ ਜ਼ੋਰਦਾਰ ਤਰੀਕੇ ਨਾਲ ਹਿਲਿਆ। ਪਰ ਸਭ ਵਧੀਆ ਰਿਹਾ । ਖਾਣੇ ਤੋਂ ਬਾਦ ਮੈਂ ਤਿੰਨੇ ਸੀਟਾਂ ਤੇ ਲੱਤਾਂ ਸੁੱਟ ਕੇ ਸੌਂ ਗਿਆ । ਪਰ ਘੰਟਾ ਜਾਂ ਦੋ ਘੰਟੇ ਤੋਂ  ਵੱਧ ਕਿਤੇ ਨੀਂਦ ਨਹੀਂ ਆਉਂਦੀ । ਜਹਾਜ਼ ਜਦੋਂ  ਹਿਲਦਾ ਸੀ ਤਾਂ ਇੰਝ ਲੱਗਦਾ ਸੀ ਕਿ ਪੰਜਾਬ ਵਿਚ ਰੇਲਗੱਡੀ ਵਿਚ ਬੈਠੇ ਹਾਂ । ਸਾਰੇ ਰਸਤੇ ਕੋਸ਼ਿਸ ਕੀਤੀ ਕਿ ਸ਼ਾਇਦ ਕੁਝ ਵੇਖਣ ਨੂੰ ਮਿਲੇ ਪਰ ਸਭ ਵਿਅਰਥ ਸੀ । ਥੱਲੇ ਪਾਣੀ ਵੀ ਨਜ਼ਰ ਨਹੀਂ ਆਉਂਦਾ ਸੀ,  ਇਸ ਤਰਾਂ ਲੱਗ ਰਿਹਾ ਸੀ ਕਿ ਚਿੱਟੀ ਰੂੰ ਤੇ ਜਹਾਜ਼ ਰੇਂਗ ਰਿਹਾ ਹੈ ।  ਵਾਰ ਵਾਰ ਖਿੜਕੀ ਉਤਾਂਹ ਕਰਨੀ ਫਿਰ ਥੱਲੇ ਕਰ ਲੈਂਦਾ ਸੀ । ਹਰ 3-4 ਘੰਟੇ ਬਾਦ ਜੂਸ ਤੇ ਸਨੈਕਸ ਵਰਤਾਏ ਜਾ ਰਹੇ ਸੀ । ਸਵੇਰੇ ਹੋਈ ਤਾਂ ਬਰੇਕਫਾਸਟ ਵਰਤਾਉਣ ਤੋਂ  ਬਾਦ ਇੰਮੀਗਰੇਸ਼ਨ ਨਾਲ ਸਬੰਧਿਤ ਫਾਰਮ ਫੜਾ ਦਿੱਤੇ ਗਏ, ਜੋ ਕਿ ਲਾਸ ਏੇਂਜਲਸ ਏਅਰਪੋਰਟ ਤੇ ਦੇਣੇ ਸੀ । 10 ਵੱਜਣ ਨੂੰ ਆ ਗਏ ਸੀ ਪਰ ਧਰਤੀ ਦਿਖਣ ਦਾ ਨਾਮ ਹੀਂ ਨਹੀਂ ਲੈ ਰਹੀ ਸੀ ।  ਦਸ ਮਿੰਟ ਬਾਦ ਪਾਇਲਟ ਨੇ ਸੂਚਨਾ ਦਿੱਤੀ ਕਿ ਜਹਾਜ਼ 25 ਮਿੰਟ ਤੱਕ ਲਾਸ ਏਂਜਲਸ ਦੇ ਅੰਤਰਾਸ਼ਟਰੀ ਏਅਰਪੋਰਟ ਤੇ ਉਤਰ ਜਾਵੇਗਾ ।  ਪੰਜ ਮਿੰਟਾਂ ਬਾਦ ਜ਼ਮੀਨ ਤੇ ਬਣੇ ਨਿੱਕੇ ਨਿੱਕੇ ਘਰ ਨਜ਼ਰ ਆਉਣ ਲੱਗ ਗਏ । ਅਮਰੀਕਾ ਦੇ ਵੱਡੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦਾ ਦੁਨੀਆਂ ਵਿਚ ਵੱਖਰਾ ਹੀ ਮੁਕਾਮ ਹੈ । ਦੁਨੀਆਂ ਇਸ ਨੂੰ ਹਾਲੀਵੁੱਡ ਵੀ ਕਹਿੰਦੀ ਹੈ । ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਹਾਲੀਵੁੱਡ ਕਲਾਕਾਰ ਇੱਥੇ ਆਮ ਹੀ ਬਾਜਾਰ ਵਿਚ ਜਾਂ ਰੈਸਟੋਰੈਂਟ ਵਿਚ ਮਿਲ ਜਾਂਦੇ ਹਨ । ਹਾਲੀਵੁੱਡ ਦੇ ਬਾਰੇ ਹੋਰ ਜਾਣਕਾਰੀ ਅੱਗੇ ਸਾਂਝੀ ਕਰਾਂਗਾ । 10:35 ‘ਤੇ ਜਹਾਜ਼ ਐਲ। ਏ. ਏਅਰਪੋਰਟ ਤੇ ਆ ਗਿਆ । ਦਿਮਾਗ ਵਿਚ ਵਿਚਾਰ ਘੁੰਮਣੇ ਸ਼ੁਰੂ ਹੋ ਗਏ ਕਿ ਪਤਾ ਨਹੀ ਇੰਮੀਗਰੇਸ਼ਨ ਨੇ ਕੀ ਕੀ ਸਵਾਲ ਕਰਨੇ ਹਨ ਜਾਂ ਕਿਸ ਤਰਾਂ ਨਾਲ ਤਲਾਸ਼ੀ ਹੋਵੇਗੀ । ਮੈਂ ਹੈਂਡਬੈਗ ਨਾਲ ਲੈ ਕੇ ਇੰਮੀਗਰੇਸ਼ਨ ਦੀ ਲਾਈਨ ਵਿਚ ਆ ਗਿਆ । ਜਿ਼ਆਦਾ ਭੀੜ ਨਹੀਂ ਸੀ, ਲਾਈਨ ਵਿਚ ਸਿਰਫ ਸਾਡੀ ਫਲਾਈਟ ਹੀ ਸੀ । ਮੈਂ ਦੇਖਿਆ ਕਿ ਇੰਮੀਗਰੇਸ਼ਨ ਅਫਸਰਾਂ ਦੇ ਵੱਲੋਂ ਹਰ ਇਕ ਦੇ ਫਿੰਗਰ ਪਰਿੰਟ ਵੀ ਲਏ ਜਾ ਰਹੇ ਸਨ । ਮੇਰੀ ਵਾਰੀ ਆਈ । ਮੈਂ ਫਾਰਮ ਦਿੱਤਾ । ਅਫਸਰ ਨੇ ਹੱਸ ਕੇ ਗੁੱਡ ਮਾਰਨਿੰਗ ਕਿਹਾ ਤਾਂ ਮੈਂ ਵੀ ਕੱਚਾ ਜਿਹਾ ਹੱਸ ਕੇ ਗੁੱਡ ਮਾਰਨਿੰਗ ਕਿਹਾ । ਪਰ ਦਿਮਾਗ ਦੇ ਵਿਚਾਰ ਕਾਫੀ ਹੱਦ ਤੱਕ ਸ਼ਾਂਤ ਹੋ ਗਏ ਸਨ । ਕੁਝ ਸਵਾਲਾਂ ਤੋਂ ਬਾਅਦ ਮੇਰੇ ਫਿੰਗਰ ਪਰਿੰਟ ਤੇ ਫੋਟੋ ਤੋਂ  ਬਾਦ ਵੇਲਕਮ ਟੂ ਅਮੈਰਿਕਾ ਕਿਹਾ ।
ਹਰ ਜਗ੍ਹਾ ਤੇ ਅਮਰੀਕੀ ਪੁਲਿਸ ਦਾ ਮੁਸਤੈਦੀ ਨਾਲ ਪਹਿਰਾ ਸੀ । ਮੈਂ ਸੂਟਕੇਸ ਪਟੇ ਤੋਂ  ਚੁੱਕ ਕੇ ਅਗਲੇ ਪਟੇ ਤੇ ਰੱਖ ਦਿੱਤਾ ਤੇ ਸ਼ਿਕਾਗੋ ਜਾਣ ਵਾਲੀ ਫਲਾਈਟ ਵਾਲੇ ਪਾਸੇ ਹੋ ਤੁਰਿਆ । ਨਾਲੇ ਸੋਚ ਰਿਹਾ ਸੀ ਕਿ ਸ਼ਾਇਦ ਉਰਲੈਂਡੋ ਵਿਚ ਸਖ਼ਤੀ ਨਾਲ ਚੈਕਿੰਗ ਹੋਵੇਗੀ, ਇਥੇ ਤਾਂ ਮੈਂ ਸਿਰਫ਼ ਜਹਾਜ਼ ਬਦਲਣਾ ਸੀ ਤਾਂ ਚੰਗੀ ਤਰਾਂ ਚੈਕ ਨਹੀਂ ਕੀਤਾ । ਸ਼ਿਕਾਗੋ ਦੀ ਫਲਾਈਟ ਵਿਚ ਅਜੇ ਦੋ ਘੰਟੇ ਪਏ ਸੀ ।  ਸੋਚਿਆ ਇੱਥੇ ਤਾਂ ਕੋਈ ਜਾਣ ਪਹਿਚਾਣ ਵੀ ਨਹੀਂ ਹੈ, ਜਿੰਦਗੀ ਵਿਚ ਕਦੇ ਫਿਰ ਮੌਕਾ ਮਿਲਿਆ ਤਾਂ ਲਾਸ ਏਂਜਲਸ ਵੀ ਦੇਖਾਂਗੇ । ਹੁਣ ਏਅਰਪੋਰਟ ਦੇਖ ਕੇ ਹੀ ਸਾਰ ਲਈਏ  ਪਰ ਏਅਰਪੋਰਟ ਤੇ ਦੁਕਾਨਾਂ ਤੋਂ  ਬਿਨਾਂ ਦੇਖਣ ਨੂੰ ਕੁਝ ਵੀ ਨਹੀਂ ਮਿਲਿਆ । ਥੱਕ ਕੇ ਆਪਣੇ ਸ਼ਿਕਾਗੋ ਵਾਲੇ ਟਰਮੀਨਲ ਤੇ ਜਾ ਪਹੁੰਚਿਆ ਤੇ ਮੋਬਾਇਲ ਚਾਰਜ ਤੇ ਲਗਾ ਕੇ ਵਾਈ ਫਾਈ ਇੰਟਰਨੈੱਟ ਦੀ ਤਲਾਸ਼ ਕਰਨ ਲੱਗਾ । ਵਾਈ ਫਾਈ ਦੀ ਸਹੂਲਤ ਤਾਂ ਮੌਜੂਦ ਸੀ ਪਰ ਉਸ ਦੇ ਪੈਸੇ ਦੇਣੇ ਪੈਣੇ ਸੀ, ਸੋ ਗਾਣੇ ਸੁਣ ਕੇ ਹੀ ਟਾਇਮ ਟਪਾ ਲਿਆ । ਸ਼ਿਕਾਗੋ ਵਾਲੇ ਜਹਾਜ਼ ਵਿਚ ਚੜ੍ਹਨ ਦੀ ਹਦਾਇਤ ਸਟਾਫ ਨੇ ਮਾਇਕ ਤੇ ਕਰ ਦਿੱਤੀ । ਸਭ ਤੋਂ  ਪਹਿਲਾਂ ਬਿਜ਼ਨਸ ਕਲਾਸ, ਫਸਟ ਕਲਾਸ, ਫਿਰ ਏਅਰਲਾਈਨਜ ਦੇ ਕਰੈਡਿਟ ਕਾਰਡ  ਵਾਲਿਆਂ ਨੂੰ ਜਹਾਜ਼ ਵਿਚ ਪਹਿਲ ਦਿੱਤੀ ਗਈ । ਅੰਤ ਵਿਚ ਆਪਣੀ ਵਾਰੀ ਸੀ । ਇਹ ਸਿਸਟਮ ਹਰ ਫਲਾਈਟ ਤੇ ਸੀ । ਸੀਟ ਬਾਰੀ ਦੇ ਨਾਲ ਵਾਲੀ ਸੀ । ਸਭ ਸੀਟਾਂ ਦੇ ਥੱਲੇ ਬਿਜਲੀ ਦੇ ਸਵਿੱਚ ਲੱਗੇ ਹੋਏ ਸਨ, ਲੋਕਾਂ ਨੇ ਬੈਠਦੇ ਸਾਰ ਹੀ ਆਪਣੇ ਲੈਪਟਾਪ ਤੇ ਮੋਬਾਇਲ ਦੇ ਪਲੱਗ ਸਵਿੱਚ ਨਾਲ  ਜੋੜ ਦਿੱਤੇ । ਇੱਥੇ ਘੁਟਨ ਮਹਿਸੂਸ ਹੋ ਰਹੀ ਸੀ । ਜਿ਼ਆਦਾ ਵਾਰ ਸੀਟ ਤੋਂ ਬਾਹਰ ਵੀ ਨਹੀਂ ਨਿਕਲ ਸਕਦਾ ਸੀ ।  ਲਾਸ ਏਂਜਲਸ ਤੋਂ ਸ਼ਿਕਾਗੋ ਤਕਰੀਬਨ 2800 ਕਿ। ਮੀ। ਤੇ ਹੈ । ਚਾਰ ਘੰਟੇ ਦਾ ਰਸਤਾ ਸੀ ਸ਼ਿਕਾਗੋ ਦੇ ਲਈ । ਇਸ ਫਲਾਈਟ ਵਿਚ ਸਿਰਫ ਇਕ ਵਾਰ ਹੀ ਜੂਸ, ਚਾਹ ਜਾਂ ਕੋਲਡ ਡਰਿੰਕ ਮਿਲਣਾ ਸੀ ਜੇ ਕਰ ਕੁਝ ਹੋਰ ਲੈਣਾ ਹੈ ਤਾਂ ਅਮਰੀਕਨ ਡਾਲਰ ਜਾਂ ਕਰੈਡਿਟ ਕਾਰਡ ਨਾਲ ਪੈਸੇ ਦੇਣੇ ਪੈਣੇ । ਸਭ  ਲੋਕਲ ਫਲਾਇਟਾਂ ਵਿਚ ਇਹੀ ਕੁਝ ਚਲਦਾ ਹੈ । ਕਿਉਂਕਿ ਏਅਰਲਾਈਨਜ਼ ਟਿਕਟ ਬਹੁਤ ਸਸਤੀ ਹੈ ।  ਤਕਰੀਬਨ 12:15 ਤੇ ਜਹਾਜ਼ ਨੇ ਐਲ। ਏ. ਏਅਰਪੋਰਟ ਤੋਂ  ਉਡਾਨ ਭਰੀ ਤੇ ਸ਼ਿਕਾਗੋ ਜਾਣ ਵਾਲੇ ਰਸਤੇ ਤੇ ਪੈ ਗਿਆ । ਸ਼ਿਕਾਗੋ ਅਮਰੀਕਾ ਦੇ ਰਾਜ ਇਲੀਨੌਇਸ  ਦਾ  ਮਸ਼ਹੂਰ ਸ਼ਹਿਰ ਹੈ  ਤੇ ਕੈਨੇਡਾ ਵਾਲੇ ਪਾਸੇ ਇਕ ਕੋਨੇ ਤੇ ਸਥਿਤ ਹੈ । ਸ਼ਿਕਾਗੋ ਦਾ ਮੌਸਮ ਆਮ ਤੌਰ ਤੇ ਠੰਡਾ ਹੀ ਰਹਿੰਦਾ ਹੈ । ਇਸ ਗੱਲ ਦਾ ਅੰਦਾਜ਼ਾ ਜਹਾਜ਼ ਦੇ ਵਿਚੋਂ ਬਾਹਰ ਦਾ ਨਜ਼ਾਰਾ ਦੇਖ ਕੇ ਹੀ ਹੋ ਗਿਆ ਸੀ । ਬਰਫ਼ ਨਾਲ ਲੱਦੇ ਪਹਾੜਾਂ ਦੇ ਉੱਤੋਂ  ਦੀ ਜਹਾਜ਼ ਲੰਘ ਰਿਹਾ ਸੀ । ਰਸਤਾ ਬੇਹੱਦ ਖਰਾਬ ਸੀ, ਜਿਸ ਕਾਰਨ ਜਹਾਜ਼ ਨੂੰ ਰੋਡਵੇਜ਼ ਦੀ ਬੱਸ ਵਾਂਗ ਝਟਕੇ ਲੱਗ ਰਹੇ ਸੀ । 6 ਵਜੇ ਜਹਾਜ਼ ਸ਼ਿਕਾਗੋ ਦੇ ਉਹਾਰੇ ਏਅਰਪੋਰਟ ਤੇ ਪਹੁੰਚ ਗਿਆ ਸੀ । 2 ਘੰਟੇ ਦਾ ਸਮਾਂ ਅੱਗੇ ਸੀ । ਮੇਰੀ ਅਗਲੀ ਫਲਾਈਟ 6:55  ਤੇ ਸੀ ਮੇਰੇ ਕੋਲ ਕਰੀਬ 50-55 ਮਿੰਟ ਸਨ । ਅਗਲੇ ਟਰਮੀਨਲ ਤੇ ਪਹੁੰਚਣ ਲਈ ਫੁਰਤੀ ਨਾਲ ਜਹਾਜ਼ ਵਿਚੋਂ ਬਾਹਰ ਆ ਕੇ ਮੈਂ ਸਟਾਫ਼ ਦੀ ਸਹਾਇਤਾ ਲਈ ਤੇ ਉਰਲੈਂਡੋ ਜਹਾਜ਼ ਦੇ ਟਰਮੀਨਲ ਦੇ ਕੋਲ ਪੁੱਜਿਆ । ਯਾਤਰੀ ਜਹਾਜ਼ ਦੇ ਅੰਦਰ ਜਾਣੇ ਸ਼ੁਰੂ ਹੋ ਗਏ ਸਨ । ਸ਼ਿਕਾਗੋ ਦੇ ਠੰਡੇ ਮੌਸਮ ਵਿਚ ਚਾਹੁੰਦੇ ਹੋਏ ਵੀ ਕੌਫੀ ਨਾ ਪੀ ਸਕਿਆ ਤੇ ਜਹਾਜ਼ ਵਿਚ ਪੁੱਜ ਕੇ ਹੀ ਸਾਹ ਆਇਆ । ਬਾਰੀ ਦੇ ਨਾਲ ਦੀ ਸੀਟ ਬੁੱਕ ਸੀ । ਹੈਂਡਬੈਗ ਨੂੰ ਉੱਪਰ ਟਿਕਾ ਕੇ ਸੀਟ ਤੇ ਬੈਠ ਗਿਆ । ਵੀਹ ਘੰਟੇ ਦਾ ਸਫ਼ਰ ਜਹਾਜ਼ ਵਿਚ ਬੀਤ ਚੁੱਕਾ ਸੀ ਤੇ ਉਰਲੈਂਡੌ ਪਹੁੰਚਣ ਵਿਚ ਢਾਈ ਘੰਟੇ ਦਾ ਸਫ਼ਰ ਬਾਕੀ ਸੀ । ਥੋੜੀ ਥਕਾਵਟ ਹੋ ਰਹੀ ਸੀ ਪਰ ਮੈਂ ਥਕਾਵਟ ਨੂੰ ਆਪਣੇ ਸਰੀਰ ਤੇ ਹਾਵੀ ਹੋਣ ਨਹੀਂ ਦੇ ਰਿਹਾ ਸੀ । ਠੀਕ ਸਮੇਂ ਤੇ ਫਲਾਈਟ ਰਵਾਨਾ ਹੋ ਗਈ । ਥੱਲੇ ਵੇਖਿਆ ਤਾਂ ਝੀਲਾਂ ਕਾਫੀ ਦਿਖਾਈ ਦੇ ਰਹੀਆਂ ਸਨ, ਜਿਨਾਂ ਦੇ ਆਸ ਪਾਸ ਘਰ ਬਣੇ ਹੋਏ ਸੀ ।  ਸ਼ਿਕਾਗੋ ਤੋਂ  ਉਰਲੈਂਡੌ ਦੀ ਦੂਰੀ 1582 ਕਿ। ਮੀ। ਹੈ  ਤੇ ਜਹਾਜ਼ ਨੇ ਇੰਡੀਆਨਾ, ਕੈਨਟਕੀ ਤੇ ਜਾਰਜੀਆ ਸਟੇਟ ਤੋਂ  ਲੰਘਦੇ ਹੋਏ ਸਿੱਧਾ ਉਰਲੈਂਡੌ ਪਹੁੰਚਣਾ ਸੀ । ਕੁਦਰਤ ਦੇ ਨਜ਼ਾਰੇ ਦੇਖਦੇ ਦੇਖਦੇ ਨੀਂਦ ਦਾ ਐਸਾ ਝਟਕਾ ਲੱਗਾ ਕਿ ਅੱਖ ਉਸ ਸਮੇਂ ਖੁੱਲੀ ਜਦੋਂ ਪਾਇਲਟ ਨੇ ਉਰਲੈਂਡੌ ਏਅਰਪੋਰਟ ਤੇ ਦਸ ਮਿੰਟਾਂ ਵਿਚ ਉਤਰਨ ਦਾ ਸੰਦੇਸ਼ ਦਿੱਤਾ ।  ਐਥੇ ਵੀ ਜਦੋਂ ਥੱਲੇ ਵੇਖਿਆ ਤਾਂ ਖੂਬਸੂਰਤ ਝੀਲਾਂ ਦੇ ਨਾਲ ਨਾਲ ਘਰ ਬਣੇ ਦਿਖ ਰਹੇ ਸੀ ।
ਉਰਲੈਂਡੌ ਦਾ ਮੈਂ ਜਿ਼ਆਦਾਤਰ ਨਾਮ ਨਹੀਂ ਸੁਣਿਆ ਸੀ  । ਇਹ ਅਮਰੀਕਾ ਦੇ ਸਾਊਥ ਕੌਸਟ ਵਿਚ ਹੈ । ਜਿ਼ਆਦਾ ਮਸ਼ਹੂਰ ਫਲੌਰਿਡਾ ਵਿਚ ਮਿਆਮੀ  ਸ਼ਹਿਰ  ਹੈ । ਪਰ ਵਿਸ਼ਵ ਦੇ ਮਸ਼ਹੂਰ ਆਕਰਸ਼ਣ ਉਰਲੈਂਡੌ ਵਿਚ ਹੀ ਹਨ । ਇੱਥੇ ਅੰਤਰਰਾਸ਼ਟਰੀ ਏਅਰਪੋਰਟ ਬਣਿਆ ਹੋਇਆ ਹੈ । ਰਾਤ 10:30 ਹੋ ਗਏ ਸੀ, ਏਅਰਪੋਰਟ ਜਿ਼ਆਦਾ ਬਿਜ਼ੀ ਨਹੀਂ ਸੀ । ਮੈਂ ਆਪਣਾ ਸੂਟਕੇਸ ਸੰਭਾਲ ਕੇ ਅੱਗੇ ਵੱਧ ਰਿਹਾ ਸੀ ਕਿ ਦੇਖਦੇ ਹਾਂ ਅੱਗੇ ਇੰਮੀਗਰੇਸ਼ਨ ਜਾਂ ਪੁਲਿਸ ਵੱਲੋਂ ਕੀ ਚੈਕਿੰਗ ਹੋਵੇਗੀ । ਪਰ ਉਸ ਸਮੇਂ ਕਮਾਲ ਹੀ ਹੋ ਗਈ, ਜਦੋਂ ਮੈਂ ਤੁਰਦਾ ਤੁਰਦਾ ਟਰਮੀਨਲ ਦੇ ਬਾਹਰ  ਪਹੁੰਚ ਗਿਆ ਤੇ ਕੋਈ ਚੈਕਿੰਗ ਜਾਂ ਕੋਈ ਇੰਮੀਗਰੇਸ਼ਨ  ਅਫ਼ਸਰ ਨਜ਼ਰ ਹੀ ਨਹੀਂ ਆਇਆ । ਮੈਂ ਸੋਚਿਆ ਕਿ ਜਿਹੜੇ ਫਿਲਮ ਵਾਲੇ ਕਲਾਕਾਰ ਜਾਂ ਲੀਡਰ ਅਮਰੀਕਾ ਜਾ ਕੇ ਕਿਸ ਵਜਾ ਰੌਲਾ ਪਾਉਂਦੇ ਨੇ, ਕਿ ਉਹਨਾਂ ਦੀ ਬਹੁਤ ਸਖਤ ਚੈਕਿੰਗ ਹੋਈ ਜਾਂ ਉਹਨਾਂ ਦੀ ਕਮਰੇ ਵਿਚ ਲਿਜਾ ਕੇ ਤਲਾਸ਼ੀ ਹੋਈ, ਕਿਉਂ ਕਿ ਜਿੰਨੀ ਕੁ ਗੱਲਬਾਤ ਲਾਸ ਏਂਜਲਸ ਵਿਚ ਮੇਰੇ ਨਾਲ ਹੋਈ, ਉਹ ਸਭ ਨਾਲ ਹੀ ਹੋਈ ਸੀ । ਫਿਰ ਸਮਝ ਆਈ ਕਿ ਇਹ ਲੀਡਰ ਤੇ ਕਲਾਕਾਰ ਬਿਨਾਂ ਗੱਲ ਤੋਂ ਮਸ਼ਹੂਰ ਹੋਣ ਦੇ ਲਈ ਸਟੰਟ ਕਰਦੇ ਨੇ ਕਿ ਅਮਰੀਕਾ ਪੁਲਿਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ।  ਏਅਰਪੋਰਟ ਉੱਤੇ ਸਕਿਉਰਟੀ ਅਫ਼ਸਰ ਹੀ ਕੰਮ ਕਰਦੇ ਨੇ, ਪੁਲਿਸ ਜਾਂ ਆਰਮੀ ਵਾਲੇ ਤਾਂ ਇਕ ਜਾਂ ਦੋ ਹੀ ਹੁੰਦੇ ਹਨ । ਇਸ ਬਾਰੇ ਮੇਰਾ ਬਹੁਤ ਵੱਡਾ ਭੁਲੇਖਾ ਦੂਰ ਹੋ ਗਿਆ । ਉਧਰੋਂ ਉਰਲੈਂਡੌ ਏਅਰਪੋਰਟ ਤੇ ਮੇਰਾ ਆਸਟ੍ਰੇਲੀਆ ਵਾਲਾ ਮੋਬਾਇਲ ਤਾਂ ਕੰਮ ਨਹੀ ਕਰ ਰਿਹਾ ਸੀ, ਪਰ ਵਾਈ ਫਾਈ ਮੁਫਤ ਸੀ । ਵਾਈ ਫਾਈ ਨਾਲ ਮੋਬਾਇਲ ਕੁਨੈਕਟ ਕਰ ਕੇ ਮੈਂ ਪਰਾਂਜਲ ਨੂੰ  ਵਾਇਬਰ ਤੇ ਕਾਲ ਕੀਤੀ ਪਰ ਉਹ ਆਪਣਾ ਫੋਨ ਘਰ ਰੱਖ ਆਇਆ ਸੀ ਤੇ ਦੂਜਾ ਨੰਬਰ ਲੈ ਆਇਆ ਸੀ । ਕਿਸਮਤ ਨਾਲ ਵਿੱਕੀ ਸ਼ਰਮਾ ਨੇ ਮੈਨੂੰ ਵਾਈਬਰ ਤੇ ਕਾਲ ਕਰ ਕੇ, ਪਰਾਂਜਲ ਨੂੰ  ਦੱਸਿਆ । ਮਿਲਣ ਤੇ ਪਰਾਂਜਲ ਨੇ ਦੱਸਿਆ ਕਿ ਇਸ ਏਅਰਪੋਰਟ ਤੇ ਟੈਲੀਫੋਨ  ਦੀ ਸੁਵਿਧਾ ਵੀ ਮੁਫਤ ਹੈ । ਕਿਉਂਕਿ ਇੱਥੇ ਦੁਨੀਆ ਭਰ ਤੋਂ  ਲੋਕ ਘੁੰਮਣ ਆਉਂਦੇ ਹਨ । ਇਸ ਲਈ ਉਰਲੈਂਡੌ ਦੇ ਏਅਰਪੋਰਟ ਤੇ ਇਹ ਸੇਵਾ ਮੁਫਤ ਵਿਚ ਦਿੱਤੀ ਜਾਂਦੀ ਹੈ ।  ਪਰਾਂਜਲ ਨੇ ਸਮਾਨ ਕਾਰ ਵਿਚ ਰੱਖ ਕੇ ਕਾਰ ਘਰ ਵੱਲ ਨੂੰ ਤੋਰ ਦਿੱਤੀ ।
...ਚਲਦਾ

No comments: