ਵਹੁਟੀ ਦਾ ਫੋਨ………. ਲਾਵਿ ਵਿਅੰਗ / ਮਲਕੀਅਤ ਸੁਹਲ

ਅੱਧੀ ਰਾਤੀਂ  ਵਹੁਟੀ ਜੀ  ਦਾ,
ਆ ਗਿਆ ਯਾਰੋ  ਮੈਨੂੰ  ਫੋਨ ।
ਉੱਚੀ - ਉੱਚੀ  ਰੋਵਣ  ਲਗੀ,
ਆ ਗਿਆ ਮੈਨੂੰ ਵੀ ਫਿਰ ਰੋਣ।

ਕਹਿੰਦੀ  ਮੈਥੋਂ  ਸੱਸ-ਸਿਆਪਾ,
ਰੋਜ ਨਹੀਂ ਹੈ  ਕਰਿਆ ਜਾਂਦਾ।
ਮਾਂ  ਤੇਰੀ ਹੈ  ਬੜੀ  ਕਪੱਤੀ,
ਰੋਜ਼ ਨਹੀਂ ਹੈ ਲੜਿਆ ਜਾਂਦਾ।

ਸੁਭ੍ਹਾ- ਸਵੇਰੇ   ਸ਼ਾਮੀਂ  ਵੇਖੋ,
ਰਹਿੰਦਾ ਤੇਰਾ  ਪਿਉ  ਸ਼ਰਾਬੀ।
ਉਹ ਪੀ ਕੇ ਦਾਰੂ ਚੀਕਾਂ ਮਾਰੇ,
ਗਾਲਾਂ  ਕਢ੍ਹੇ  ਕਰੇ  ਖਰਾਬੀ।

ਮੈਂ  ਬੜੀ ਹਾਂ  ਔਖੀ  ਢੋਲਾ,
ਤੱਤੜੀ ਦਾ ਵੀ ਕਰ ਖਿਆਲ।
ਜੇਠ ਹਾੜ ਦੀ ਗਰਮੀ ਵਾਂਗਰ,
ਮੇਰੇ ਦਿਲ ਨੂੰ ਆਉਣ ਉਬਾਲ।

ਸੜੀਆਂ-ਬਲੀਆਂ, ਸਭੇ ਗੱਲਾਂ,
ਕਹਿ ਕੇ ਤੈਨੂੰ ਅੱਕ ਗਈ ਹਾਂ।
ਮਾਂ ਤੇਰੀ ਦੀ  ਕਰ-ਕਰ ਸੇਵਾ,
ਹੁਣ ਮੈਂ ਚੰਨਾ ਥੱਕ ਗਈ ਹਾਂ।

ਤੋਬਾ ਰੱਬ ਦੀ!  ਕੀ ਮੈਂ ਦੱਸਾਂ,
ਜੀਊਣਾ ਹੋਇਆ ਬੜਾ ਹਰਾਮ।
ਬੇਬੇ ਕੁੜ-ਕੁੜ ਕਰਦੀ ਰਹਿੰਦੀ,
ਦੇਂਦੀ ਨਾ ਉਹ ਕਰਨ ਆਰਾਮ।

ਹੁਣ ਮੈਂ ਆਪਣੇ  ਬੱਚੇ  ਸਾਂਭ੍ਹਾਂ,
ਜਾਂ ਸਾਂਭ੍ਹਾਂ ਫਿਰ ਤੇਰਾ  ਪਰਵਾਰ।
ਮੇਰੇ ਤੋਂ ਇਹ ਕੁਝ ਨਹੀਂ ਹੁੰਦਾ,
ਹੁਣ ਤੂੰ ਵੀ ਹੋ ਜਾ ਖ਼ਬਰਦਾਰ।

ਮੈਂ ਵੀ ਧੀ  ਸਰਦਾਰਾਂ  ਦੀ ਹਾਂ,
ਨੌਕਰ - ਚਾਕਰ  ਸਾਡੇ  ਕੋਲ।
ਖੁੰਬ ਤੇਰੀ ਉਹ  ਠੱਪ  ਦੇਣਗੇ,
ਬਹੁਤਾ ਨਾ  ਤੂੰ  ਉਚੀ  ਬੋਲ।

ਮਾਂ ਮੇਰੀ ਵੀ ਪੜ੍ਹੀ- ਲਿਖੀ ਹੈ,
ਮੈ ਵੀ ਉਸਤੋਂ ਨਹੀਂ ਹਾਂ ਘੱਟ।
ਚੂੰ-ਚਾਂ  ਜੇ  ਕੀਤੀ  ਤੂੰ  ਵੀ,
ਮੈਂ ਡਢ੍ਹ ਦਿਆਂਗੀ  ਤੇਰੇ ਵੱਟ।

ਦੋ ਬੱਚਿਆਂ ਦੀ,  ਮੈਂ  ਹਾਂ ਮਾਂ,
ਮੈਨੂੰ  ਤੇਰੀ  ਨਹੀਂ  ਪਰਵਾਹ।
ਜੇ ਤੂੰ ਮੇਰੀ ਗੱਲ ਨਹੀਂ ਸੁਣਨੀ
ਤਾਂ ਫਿਰ ਕਰ ਲੈ ਹੋਰ ਵਿਆਹ।

ਹੁਣ ਤੂੰ ਬੰਦਾ  ਬਣਕੇ ਸੁਣ ਲੈ,
ਤੇਰੇ ਨਾਲ ਮੈਂ ਨਹੀਂਉਂ ਰਹਿਣਾ।
ਬੱਸੇ ਬਹਿ ਕੇ  ਤੁਰ ਚੱਲੀ  ਹਾਂ,
ਲੈ ਕੇ ਸਾਰਾ  ਗੱਟਾ- ਗਹਿਣਾ।

ਤੇਰੇ ਮਾਂ-ਪਿਉ  ਦੀਆਂ  ਗੱਲਾਂ,
ਮੇਰੇ ਤੋਂ  ਨਾ ਹੁੰਦੀਆਂ ਸਹਿਣ।
ਮੈਨੂੰ ਨਾ ਉਹ  ਚੰਗੇ  ਲੱਗਣ,
ਬੇਸ਼ਕ  ਭਾਵੇਂ ਕੁਝ ਨਾ ਕਹਿਣ।

ਨਣਦਾਂ  ਤੇ ਨਣਦੋਈਏ  ਸਾਰੇ,
ਮੈਨੂੰ ਵਢ੍ਹ -ਵਢ੍ਹ  ਪੈਂਦੇ ਖਾਣ।
ਤੇਰੇ ਘਰ ਵਿਚ  ਮੇਰੇ ਤੋਂ ਵੀ,
ਉਹਨਾਂ ਦੀ ਹੈ  ਉਚੀ  ਸ਼ਾਨ।

ਛੋਟੀ-ਛੋਟੀ  ਗੱਲ ਉਤੇ ਵੀ,
ਮੇਰੇ ਤੇ ਉਹ  ਪਾਉਂਦੇ ਰੋਹਬ।
ਐਹੋ ਜਿਹੀ ਉ ਲੂੱਤੀ ਲਉਂਦੇ,
ਦਿਲ ਵਿਚ ਛੁਰਾ ਦੇਂਦੇ ਖ੍ਹੋਬ।

ਤੇਰੇ ਘਰ ਵਿਚ  ਮੇਰਾ  ਏਥੇ,
ਚਲਦਾ ਨਹੀਉਂ  ਮੇਰਾ ਜ਼ੋਰ।
ਆਪਣੇ ਨਾਲ  ਲੈ ਜਾ ਮੈਨੂੰ,
ਹੁਣ ਤੇਰੇ ਹੱਥ ਹੈ ਮੇਰੀ ਡੋਰ।

ਤਰਲੇ ਤੇਰੇ ਨਹੀਂ ਮੈਂ ਕਰਨੇ,
ਮੈਨੂੰ ਤੇਰੀ  ਨਹੀਂ ਪਰਵਾਹ।
ਫਿਰ ਲੋਕ ਤਮਾਸ਼ਾ ਵੇਖਣਗੇ
ਤੇ ਪੈਣੀ ਤੇਰੇ ਸਿਰ ਸਵਾਹ।

ਹੁਣ ਛੁੱਟੀ, ਜਦ ਵੀ ਆਵਾਂ
ਤੈਨੂੰ ਨਾਲ ਲੈ ਆਊਂ ਜਰੂਰ।
ਹੱਥ ਜੋੜ ਕੇ ਅਰਜ਼ ਗੁਜ਼ਾਰਾਂ
"ਸੁਹਲ"ਦੀ ਮੰਨ ਲਉ ਹਜ਼ੂਰ।

ਮੋਬਾਈਲ ਉਤੇ ਕਹਿਕੇ ਸੌਰੀ,
ਗੱਭਰੂ ਨੇ ਸੀ ਜਾਨ ਛੁਡਾਈ।
ਕੰਪੀਊਟਰ ਉਤੇ ਫੇਸਬੁੱਕ ਨੇ,
ਸਾਰੇ ਘਰ ਦੀ ਖੇਹ ਉਡਾਈ।

****

No comments: