ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਬੇਵਸ ਹਨ ਨੌਜ਼ਵਾਨ ਅਤੇ ਮਾਪੇ.......... ਲੇਖ / ਅਮਨਪ੍ਰੀਤ ਸਿੰਘ ਛੀਨਾ

ਨੌਕਰੀਆਂ ਹਾਸਿਲ ਕਰਨ ਲਈ ਸਿਆਸੀ ਬਜ਼ਾਰ ਵਿੱਚ ਲਗਦੀਆਂ ਹਨ ਕਰੋੜਾਂ ਰੁਪਏ ਦੀਆਂ  ਬੋਲੀਆਂ  
 

ਇਕਵੀਂ ਸਦੀ ਵਿੱਚ ਉਹ ਕਿਹੜੇ ਬਦਨਸੀਬ ਮਾਂ-ਬਾਪ ਹੋਣਗੇ ਜੋ ਇਹ ਤਮੰਨਾ ਰੱਖਦੇ ਹੋਣ ਕਿ ਉਹਨਾਂ ਦਾ ਬੱਚਾ ਇਸ ਤੇਜ਼ ਰਫ਼ਤਾਰ ਜ਼ਿੰਦਗੀ  ਵਿੱਚ  ਅਨਪੜ੍ਹ ਜਾਂ ਬੇਰੁਜ਼ਗਾਰ ਰਹਿ ਜਾਵੇ ਵਧਦੀ ਆਬਾਦੀ ਅਤੇ ਮਹਿੰਗਾਈ ਨੇ ਆਮ-ਆਦਮੀ ਦੀ ਕਮਰ ਤੋੜੀ ਹੋਈ ਹੈ ਅਤੇ ਸਰਕਾਰਾਂ ਵੀ ਆਪਣੇ  ਮੁੱਢਲੇ ਫ਼ਰਜਾਂ ਤੋਂ ਕੰਨੀ ਕਤਰਾਉਂਦੀਆਂ ਫਿਰਦੀਆਂ ਹਨ ਜਿਸ ਨਾਲ ਆਮ-ਆਦਮੀ ਦਾ ਬੱਚਾ ਜਾਂ ਤਾ ਮੁੱਢਲੀ-ਸਿਖਿਆ ਲੈਣ ਤੋਂ ਵਾਂਝਾ ਰਹਿ  ਜਾਂਦਾ ਹੈ ਜਾਂ ਪੜ੍ਹ-ਲਿੱਖ ਕੇ ਬੇਰੁਜਗਾਰ ਹੋ ਜਾਂਦਾ ਹੈ ਆਉ ਇਸ ਲੇਖ ਰਾਹੀਂ ਇਹ ਜਾਨਣ ਦੀ ਕੋਸ਼ਿਸ ਕਰੀਏ ਕਿ ਉਹ ਕਿਹੜੇ ਹਾਲਾਤ ਹਨ ਜਿਨਾਂ ਸਦਕਾ ਮਾਂ-ਬਾਪ ਬੇਵਸ ਅਤੇ ਬੱਚੇ ਅਨਪੜ੍ਹ ਜਾਂ ਬੇਰੁਜ਼ਗਾਰ ਹੋ ਕੇ ਆਪਣੀ ਜ਼ਿੰਦਗੀ ਗੁਰਬਤ ਵਿੱਚ ਬਤੀਤ ਕਰ ਰਹੇ ਹਨ

ਪੁਰਾਤਨ ਸਮੇਂ ਵਿੱਚ ਕੰਧਾਰ ਦੀ ਰਾਜਧਾਨੀ ਤਕਸ਼ਿਲਾ (ਭਾਰਤ-ਪਾਕਿਸਤਾਨ ਪੰਜਾਬ ਦੀ ਧਰਤੀ) ਵਿੱਚ ਗੁਰੂਕੁਲ ਨਾਮ ਦਾ ਇਕ ਸਕੂਲ ਹੋਇਆ ਕਰਦਾ ਸੀ ਜਿਸ ਵਿੱਚ ਰਾਜ-ਕੁਮਾਰ ਆਪਣੀ ਸਲਤਨਤ ਸੰਭਾਲਣ ਦੀ ਸਿਖਿਆ ਲਿਆ ਕਰਦੇ ਸਨ ਇਸ ਸਕੂਲ ਵਿੱਚ ਕੋਈ ਵੀ ਆਮ-ਆਦਮੀ ਦਾ ਬੱਚਾ ਸਿਖਿਆ ਨਹੀਂ ਸੀ ਲੈ ਸਕਦਾ ਅਤੇ ਦਾਖਲਾ ਦੇਣ ਸਮੇਂ ਵਿਦਿਆਰਥੀ ਦੇ ਪਰਿਵਾਰਕ ਪਿਛੋਕੜ ਅਤੇ ਖੂਨ ਦੀ ਪਰਖ ਕਰਨ ਤੋਂ ਬਾਅਦ ਹੀ ਉਹਨਾਂ ਨੂੰ  ਗੁਰੂਕੁਲ ਵਿੱਚ  ਦਾਖਲਾ ਮਿਲਦਾ ਸੀ ਉਸ ਸਮੇਂ ਵਿੱਚ ਆਮ-ਆਦਮੀ ਲਈ ਵਿਦਿਆ ਹਾਸਲ ਕਰਨਾ ਅਸੰਭਵ ਸੀ ਅਤੇ ਉਹ ਪਿੰਡ ਦੇ ਬ੍ਰਾਹਮਣ ਤੋਂ ਧਰਮਿਕ ਸਿਖਿਆ ਹਾਸਿਲ ਕਰਨ ਤੱਕ ਹੀ ਸੀਮਤ ਰਹਿ  ਜਾਂਦਾ ਸੀ ਅੱਜ ਵੀ ਉੱਚ-ਘਰਾਣਿਆਂ ਦੇ ਬੱਚੇ ਆਪਣੀ ਵਿਦਿਆ ਸਰਕਾਰੀ ਜਾਂ ਆਮ ਨਿੱਜੀ  ਅਦਾਰਿਆਂ ਵਿਚੋਂ ਮੁਕੰਮਲ  ਨਹੀਂ ਕਰਦੇ ਬਲਕਿ ਉਹ ਆਪਣੀ ਵਿਦਿਆ ਦੇਸ਼ ਦੇ ਚੋਟੀ ਦੇ ਸਕੂਲਾਂ ਜਾਂ ਵਿਦੇਸ਼ੀ ਯੁਨੀਵਰਸਿਟੀਆਂ ਤੋਂ ਹਾਸਲ ਕਰਦੇ ਹਨ ਇਹ ਲੋਕ ਆਪਣੀ ਪੜ੍ਹਾਈ ਮੁਕੰਮਲ ਹੁੰਦਿਆਂ ਹੀ ਮੌਜ਼ੂਦਾ ਸਮਾਜ ਦੀ ਸਤ੍ਹਾ, ਉੱਚ ਨੌਕਰੀਆਂ, ਵੱਡੇ ਵਪਾਰ ਅਤੇ ਕਾਰੋਬਾਰਾਂ ਉੱਤੇ ਆਪਣਾ ਕਬਜ਼ਾ ਜਮਾ ਲੈਂਦੇ ਹਨ ਉਸ ਤੋਂ ਉਲਟ ਅੱਜ ਦੇ ਮਹਿੰਗਾਈ  ਦੇ ਜ਼ਮਾਨੇ ਵਿੱਚ ਆਮ-ਆਦਮੀ ਦੀ ਲੜਾਈ ਰੋਟੀ, ਕੱਪੜਾ ਅਤੇ ਮਕਾਨ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ  ਅਤੇ ਉੱਚ ਕੋਟੀ ਦੇ ਵਿਦਿਅਕ ਅਦਾਰੇ ਆਮ-ਆਦਮੀ ਦੀ ਪਹੁੰਚ ਅਤੇ ਸੋਚ ਤੋਂ ਕੋਹਾਂ ਦੂਰ ਹੁੰਦੇ ਹਨ   

ਦੁਨੀਆਂ ਦੀ ਸੱਭ ਤੋਂ ਪੁਰਾਤਨ ਵਿਦਿਅਕ ਸੰਸਥਾਨਾਲੰਦਾਵਿਸ਼ਵ ਵਿਦਿਆਲਾ ਵੀ ਭਾਰਤ (ਬਿਹਾਰ) ਵਿੱਚ ਹੀ ਸੀ ਗਿਆਰਵੀਂ ਸਦੀ ਤੱਕ ਉੱਚ ਕੋਟੀ ਦੇ ਵਿਦਵਾਨ ਅਤੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਤੋਂ ਭਾਰਤ ਆਉਂਦੇ ਸਨ   ਉਸ ਸਮੇਂ ਦੇ ਸਿੰਘਾਸਨ ਤੇ ਵਿਰਜਮਾਨ ਰਾਜਿਆ - ਮਹਾਰਾਜਿਆ ਦਾ ਮੰਨਣਾ ਸੀ ਕਿ ਜੇ ਵਿਦਿਆ ਆਮ-ਆਦਮੀ ਤੱਕ ਪਹੁੰਚ ਕਰ ਗਈ ਤਾਂ ਆਮ-ਆਦਮੀ ਨੂੰ ਸੂਝ-ਬੂਝ ਜਾਵੇਗੀ ਅਤੇ ਉਹਨਾਂ  ਦਾ ਸਿੰਘਾਸਨ ਉਹਨਾਂ  ਦੇ ਹੇਠੋਂ ਨਿਕਲ ਕੇ ਆਮ-ਆਦਮੀ ਕੋਲ ਚਲਾ ਜਾਵੇਗਾ ਇਸ ਸੋਚ ਸਦਕਾ ਇਹ ਵਿਸ਼ਵ ਵਿਦਿਆਲਾ ਸਮਾਂ ਪੈਣ ਤੇ ਆਪਣੀ ਹੋਂਦ ਗਵਾ ਗਿਆ

ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਦੀ ਸਤ੍ਹਾ ਦਾ ਵੋਟ ਰੂਪੀ ਤੀਰ-ਕਮਾਨ ਆਮ-ਆਦਮੀ ਦੇ ਹੱਥ ਆਇਆ ਅਤੇ ਹਰ ਨਾਗਰਿਕ ਨੂੰ ਇਕ ਆਸ ਦੀ ਕਿਰਨ ਨਜ਼ਰ ਆਈ ਕਿ ਸਦੀਆਂ ਤੋਂ ਵਿਦਿਆ ਦੇ ਖੇਤਰ ਵਿੱਚ ਵਾਂਝਾ ਰਿਹਾ ਆਮ-ਆਦਮੀ ਆਜ਼ਾਦ ਭਾਰਤ ਵਿੱਚ ਪੜ੍ਹ-ਲਿਖ ਕੇ ਸਮਾਜ ਵਿੱਚ ਬਰਾਬਰਤਾ ਨਾਲ ਸੋਹਣੀ ਜ਼ਿੰਦਗੀ ਬਸਰ ਕਰੇਗਾ ਇੱਥੇ ਸਵਾਲ ਇਹ ਉਠਦਾ ਹੈ ਕਿ ਕੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਦਿਆ ਆਮ-ਆਦਮੀ ਤੱਕ ਪਹੁੰਚ ਬਣਾ ਸਕੀ ਜਾਂ ਅੱਜ ਵੀ ਸਤ੍ਹਾ ਤੇ ਕਾਬਜ਼ ਸਤ੍ਹਾ-ਧਾਰੀਆਂ ਦੀਆਂ ਬਦਨੀਤੀਆਂ ਕਾਰਨ ਆਮ-ਆਦਮੀ ਦਾ ਬੱਚਾ ਅਨਪੜ੍ਹ ਜਾਂ ਬੇਰੁਜ਼ਗਾਰ ਅਤੇ ਮਾਂ-ਬਾਪ ਬੇਵਸ ਹਨ ? ਆਉ ਵੇਖਦੇ ਹਾਂ ਕਿ ਕੀ ਕਿਤੇ ਅੱਜ ਦੇ ਸਤ੍ਹਾ-ਧਾਰੀਆਂ ਦੀਆਂ ਨੀਤੀਆਂ ਵੀ ਆਮ-ਆਦਮੀ ਨੂੰ ਵਿਦਿਆ ਤੋ ਦੂਰ ਰੱਖ ਕੇ ਸਤ੍ਹਾ ਤੇ ਕਬਜ਼ਾ ਜਮਾਈ ਰੱਖਣਾ ਤਾਂ ਨਹੀਂ


ਅੱਜ ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਅਦ ਜਦ ਸਰਕਾਰੀ ਅਦਾਰਿਆ ਵਲ ਝਾਤੀ ਮਾਰੀਏ  ਤਾਂ ਕਰੋੜਾਂ ਰੁਪਏ ਗਰਾਂਟ ਲੱਗਣ ਦੇ ਬਾਵਜ਼ੂਦ ਵੀ ਇਹਨਾਂ ਅਦਾਰਿਆਂ ਵਿੱਚ ਅਕਸਰ ਅਧਿਆਪਕ, ਇਮਾਰਤ, ਬੈਂਚ, ਬਿਜਲੀ, ਪੀਣ ਵਾਲਾ ਸਾਫ਼ ਪਾਣੀ, ਖੇਡਾਂ ਦੇ ਮੈਦਾਨ, ਕਿਤਾਬਾਂ ਜਾਂ ਲਾਇਬਰੇਰੀਆਂ ਆਦਿ ਨਜ਼ਰ ਨਹੀਂ ਆਉਂਦੀਆਂ ਫਿਰ ਮਨ ਵਿੱਚ ਸਵਾਲ ਉਠਦਾ ਹੈ ਕਿ ਕੀ ਇੱਥੇ ਪੜ੍ਹ ਰਹੇ ਬੱਚੇ  ਦੇਸ਼-ਵਿਦੇਸ਼ ਦੇ ਬੱਚਿਆਂ  ਦਾ ਮੁਕਾਬਲਾ ਕਿਵੇਂ ਕਰ ਪਾਉਣਗੇ ਕੀ ਇਹਨਾਂ ਬੱਚਿਆਂ  ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਰਾਸ਼ਟਰੀ-ਅੰਤਰਰਾਸ਼ਟਰੀ ਕੰਪਨੀਆਂ ਵਿੱਚ ਬਣਦੀ ਤਨਖਾਹ ਤੇ ਕੰਮ ਮਿਲ ਪਾਵੇਗਾ ਜਾਂ ਇਹ ਬੱਚੇ ਬੇਰੁਜ਼ਗਾਰੀ ਕਾਰਨ ਆਪਣੀ ਜ਼ਿੰਦਗੀ ਗੁਰਬਤ ਵਿੱਚ  ਬਤੀਤ ਕਰ  ਸਤ੍ਹਾ ਤੇ ਕਾਬਜ਼ ਲੋਕਾਂ ਦੀਆਂ ਨਲਾਇਕੀਆਂ ਕਾਰਨ ਆਪਣੇ ਆਖਰੀ ਸਾਹਾਂ ਤੱਕ ਇਸ ਧਰਤੀ ਉੱਤੇ ਨਰਕ ਭੋਗਣਗੇ   ਸੱਭ  ਤੋਂ ਵਧ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਚੁਣੇ ਹੋਏ ਲੋਕ ਨੁਮਾਇੰਦੇ ਅਤੇ ਅਫ਼ਸਰਾਂ ਦੀ ਮਿਲੀ-ਭੁਗਤ ਕਾਰਨ ਭੁੱਖੇ-ਭਾਣੇ ਮਾਸੂਮ ਗਰੀਬ ਬੱਚਿਆਂ  ਦਾ ਦੁਪਹਿਰ ਦਾ ਖਾਣਾ ਵੀ ਲੁੱਟ ਕੇ ਖਾ ਜਾਂਦੇ ਹਨ ਅਤੇ ਗਰੀਬ ਬੱਚਾ ਹੋਰ ਭਾਰੀ ਕਪੋਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ

ਲੋਕਹਿੱਤ ਰਾਜ (ਵੈਲਫਿਅਰ ਸਟੇਟ)  ਵਿੱਚ ਜੇਕਰ ਨਿੱਜੀ  ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ  ਦੀ ਗਿਣਤੀ ਸਰਕਾਰੀ ਅਦਾਰਿਆਂ ਨਾਲੋਂ ਵਧ ਜਾਵੇ ਅਤੇ ਆਮ-ਆਦਮੀ ਦਾ ਬੱਚਾ ਇਹਨਾਂ ਨਿੱਜੀ  ਅਦਾਰਿਆਂ  ਦੀਆਂ ਫੀਸਾਂ ਭਰਕੇ ਦਾਖਲਾ ਲੈਣ ਵਿਚ ਅਸਮਰਥ ਹੋਵੇ ਤਾਂ ਇਸ ਦਾ ਸਿੱਧਾ ਭਾਵ ਇਹ ਨਿਕਲਦਾ ਹੈ ਕਿ ਉਸ ਰਾਜ-ਕਾਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ   ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਿੱਜੀ  ਅਦਾਰਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਇਹ ਅਦਾਰੇ ਸਮਾਜ ਵਿੱਚ ਵਿਦਿਆ ਦੇ ਨਾਮ ਉੱਤੇ ਵਪਾਰ ਕਰ ਰਹੇ ਹਨ ਇਹਨਾਂ ਨਿੱਜੀ  ਅਦਾਰਿਆਂ ਵਿੱਚ ਮਿਹਨਤਮਜ਼ਦੂਰੀ ਕਰਕੇ ਦਿਹਾੜੀ ਕਮਾਕੇ ਪੇਟ ਪਾਲਣ ਵਾਲੇ ਪਰਿਵਾਰ ਦਾ ਬੱਚਾ ਕਦੀ ਵੀ ਸਿਖਿਆ ਪ੍ਰਾਪਤ ਨਹੀਂ ਕਰ ਸਕਦਾ  

ਪਿਛਲੇ ਤੀਹਾਂ ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਸਮਾਜ ਵਿੱਚ ਬੱਚਿਆਂ ਦੀ ਚੰਗੀ ਪਰਵਰਿਸ਼ ਪ੍ਰਤੀ ਆਪਣੇ ਬਣਦੇ ਫ਼ਰਜਾਂ ਨੂੰ ਭੁੱਲ ਕੇ ਉਹਨਾਂ ਨੂੰ ਨਾ ਹੀ ਚੰਗੀ ਵਿਦਿਆ ਦਿਵਾਉਣ ਵਿੱਚ ਕਾਮਯਾਬ  ਹੋ ਸਕੀਆਂ ਅਤੇ ਨਾ ਹੀ ਸੂਬੇ ਵਿੱਚ ਕਾਰੋਬਾਰ ਖੋਲ ਕੇ ਬਣਦੀਆਂ ਨੌਕਰੀਆਂ ਪ੍ਰਦਾਨ ਕਰਵਾ ਸਕੀਆਂ ਹਨ ਇਸ ਸਦਕਾ ਸਮਾਜ ਵਿੱਚ ਅਮੀਰੀ ਅਤੇ ਗਰੀਬੀ ਦਾ ਪਾੜਾ ਬਹੁਤ ਵਧ ਚੁੱਕਾ ਹੈ ਅੱਜ ਜਦੋਂ ਮਾਂ-ਬਾਪ ਦੀ ਸਾਰੀ ਉਮਰ ਦੀ ਦਸਾਂ ਨਹੁੰਆਂ ਦੀ ਕਿਰਤ-ਕਮਾਈ ਬੱਚਿਆਂ ਉੱਤੇ ਲਗੀ ਹੁੰਦੀ ਹੈ ਅਤੇ ਉਹਨਾਂ ਦੇ ਬੱਚੇ ਪੜ੍ਹਨ-ਲਿਖਣ ਤੋਂ ਬਾਅਦ ਨੌਕਰੀ ਜਾਂ ਕਿਸੇ ਕਾਰੋਬਾਰ ਵਾਲੇ ਬੰਨੇ ਨਹੀਂ ਲਗਦੇ ਤਾਂ ਫਿਰ ਮਾਂ ਦਾ ਹਿਰਦਾ ਜਾਣਦਾ ਹੁੰਦਾ ਹੈ ਜਾਂ ਬਾਪ ਦਾ ਦਿਲ ਹੀ ਸਮਝ ਸਕਦਾ ਹੁੰਦਾ ਕਿ ਉਹਨਾਂ ਉੱਤੇ ਕੀ ਬੀਤਦੀ ਹੈ ਇਥੇ ਸਵਾਲ ਇਹ ਉਠਦਾ ਹੈ ਕਿ ਜੇ ਬੱਚਿਆਂ ਨੂੰ  ਪੜ੍ਹਨ-ਲਿਖਣ ਤੋਂ ਬਾਅਦ ਨੌਕਰੀ ਨਹੀਂ ਮਿਲਦੀਆਂ ਤਾ ਗਲਤੀ ਕਿਸਦੀ ਹੈ ? ਕਸੂਰਵਾਰ ਕੋਣ ਹੈ ? ਮਾਂ - ਬਾਪ ਜਾਂ ਬੱਚੇ ? ਅੱਜ ਕਸੂਰਵਾਰ ਨਾ ਮਾਂ- ਬਾਪ ਅਤੇ  ਨਾ ਹੀ ਬੱਚਾ ਹੈ, ਬਲਕਿ ਉਹ ਹਰ ਵੋਟਰ ਕਸੂਰਵਾਰ ਹੈ, ਜਿਸ ਨੇ ਆਪਣੀ ਵੋਟ ਦਾ ਮੁੱਲ੍ਹ ਵੱਟਿਆ ਅਤੇ ਸਿਆਸੀ ਵਪਾਰੀਆਂ ਦੀ ਚੋਣ ਕਰਕੇ ਆਪਣੀਆਂ ਆਉਣ ਵਾਲੀਆਂ ਪੀਹੜੀਆਂ ਦੀਆਂ ਖੁਸ਼ੀਆਂ ਦਾ ਗਲ੍ਹਾ ਘੁੱਟਿਆ     

ਪੰਜਾਬ ਵਿੱਚ ਵਧਦੀ ਮਿਡਲ ਕਲਾਸ ਕਾਰਨ ਥਾਂ-ਥਾਂ ਮੈਕਡੋਨਲ ਖੁੱਲੇ ਅਤੇ ਮੱਕੀ ਦੀਆਂ ਰੋਟੀਆਂ ਅਤੇ ਲੱਸੀ ਦੀ ਥਾਂ ਪੰਜਾਬੀਆਂ ਨੂੰ ਬੱਰਗਰ ਅਤੇ ਕੋਕ ਮਿਲਣੇ ਸ਼ੁਰੂ ਹੋ ਗਏ ਹਨ ਉਸੇ ਹੀ ਤਰ੍ਹਾਂ  ਥਾਂ-ਥਾਂ ਨਿੱਜੀ  ਯੁਨੀਵਰਸਿਟੀਆਂ,  ਕਾਲਜ ਅਤੇ ਸਕੂਲ ਖੁਲਣ ਕਾਰਨ ਵਿਦਿਆ ਦਾ ਮਿਆਰ ਹੇਠਾਂ ਡਿੱਗ ਰਿਹਾ ਹੈ ਅਤੇ ਇਹ ਅਦਾਰੇ ਬੱਚਿਆਂ  ਨੂੰ ਵਿਦਿਆ ਦੇਣ ਦੀ ਥਾਂ ਆਪਣਾ ਧਿਆਨ ਬੱਚਿਆਂ  ਨੂੰ ਇਮਤਿਹਾਨ ਪਾਸ ਕਰਵਾ ਕੇ ਪੈਸੇ ਇਕੱਠੇ ਕਰਨ ਤਕ ਹੀ ਸੀਮਤ ਰਖੀ ਬੈਠੇ ਹਨ ਬਹੁਤ ਸਾਰੇ ਵਿਦਿਆਂਰਥੀਆਂ ਕੋਲ ਵੱਡੀਆਂ-ਵੱਡੀਆਂ ਡਿਗਰੀਆਂ ਹੋਣ ਦੇ ਬਾਵਜ਼ੂਦ ਯੋਗ ਗਿਆਨ ਨਾ ਹੋਣ ਕਾਰਨ ਨੌਕਰੀਆਂ ਨਹੀਂ ਮਿਲਦੀਆਂ  ਅੱਜ ਕੱਲ੍ਹ ਆਮ ਹੀ ਗਲ੍ਹ ਮਸ਼ਹੂਰ ਹੈ ਕਿ ਜੇ ਕਿਸੇ ਨੂੰ ਇਕ ਸਾਲ ਵਿੱਚ ਨੌਕਰੀ ਨਹੀਂ ਮਿਲਦੀ ਤਾਂ ਜਿਸ ਤਰ੍ਹਾਂ ਗਾਹਕ ਨਾ ਆਉਣ ਕਾਰਨ ਮੈਕਡੋਨਲ ਵਾਲੇ ਦਸ ਮਿੰਟਾਂ ਬਾਅਦ ਵਾਧੂ ਬਣੇ ਬੱਰਗਰ ਸੁੱਟ ਦਿੰਦੇ ਹਨ ਉਸੇ ਹੀ ਤਰ੍ਹਾਂ ਪੰਜਾਬ ਦੇ ਪੜ੍ਹੇ-ਲਿਖੇ   ਬੇਰੁਜ਼ਗਾਰ ਵਿਦਿਆਰਥੀਆਂ ਨੂੰ ਮਾਂ-ਬਾਪ ਆਪਣੀ ਪੁਸ਼ਤਾਨੀ ਜ਼ਮੀਨ ਗਿਰਵੀ ਰੱਖ ਏਜੇਂਟਾ ਰਾਹੀਂ ਵਿਦੇਸ਼ਾਂ ਵਿੱਚ ਸੁੱਟ ਦਿੰਦੇ ਹਨ ਅਤੇ ਐਮ ਪਾਸ ਵਿਦਿਆਰਥੀ ਪ੍ਰਦੇਸਾਂ ਵਿੱਚ ਕੇ ਸਾਰੀ ਉਮਰ ਪਿਜ਼ੇ ਅਤੇ ਬੱਰਗਰ ਬਣਾਉਦਾ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ  

ਬੇਰੁਜ਼ਗਾਰ ਨੌਜ਼ਵਾਨ ਅੱਜ ਨੌਕਰੀਆਂ ਦੀ ਭਾਲ ਵਿੱਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਮੌਜ਼ੂਦਾ ਸਿਆਸੀ ਪਾਰਟੀਆਂ ਸੂਬੇ ਵਿੱਚ ਕਾਰਖਾਨੇ ਖੋਲਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਥਾਂ  ਉਹਨਾਂ ਦੀ ਭਰਤੀ ਆਪਣੀਆ ਪਾਰਟੀਆਂ ਦੇ ਯੂਥ ਵਿੰਗ ਵਿੱਚ ਕਰ ਕੇ ਆਪਣਾ ਸਿਆਸੀ ਲਾਹਾ ਲੈ ਰਹੀਆਂ ਹਨ ਸਿਆਸੀ ਪਾਰਟੀਆਂ ਵਿੱਚ ਆਮ ਹੀ ਗਲ੍ਹ ਪ੍ਰਚਲਤ ਹੈਅਸੀਂ ਕਿਹੜੀ ਤਨਖਾਹ ਦੇਣੀ ਹੈ ਵੱਧ-ਤੋਂ-ਵੱਧ ਰੁੱਤਬੇ ਦੇ ਕੇ ਨੌਜ਼ੁਵਾਨ ਸ਼ਕਤੀ ਨੂੰ ਤਲਵਾਰ ਬਣਾਕੇ ਪਾਰਟੀ ਹਿੱਤ ਲਈ ਵਰਤੋ  ਇਹ ਸਿਆਸੀ ਪਾਰਟੀਆਂ ਇਹਨਾਂ ਨੌਜ਼ਵਾਨਾਂ ਨੂੰ ਦਿਨ ਰਾਤ ਸਿਆਸੀ ਹਿਤਾਂ ਲਈ ਵਰਤ ਕੇ ਇਹਨਾਂ ਵਿਚੋਂ ਬਹੁਤ ਸਾਰਿਆਂ ਦੀਆਂ ਜਾਇਦਾਦਾਂ ਤੱਕ  ਵਿਕਾ ਕੇ ਆਪਣੇ ਰਾਜਨੀਤਕ ਮਹਿਲ ਉਸਾਰਦੀਆਂ ਹਨ

ਅੱਜ ਬੇਰੁਜ਼ਗਾਰਾਂ ਨੂੰ ਨੌਕਰੀਆਂ ਹਾਸਿਲ ਕਰਨ ਲਈ ਚੰਗੀ ਤਾਲੀਮ ਤੋਂ ਕਿਤੇ ਵੱਧ ਕਰੋੜਾਂ ਰੁਪਏ ਰਿਸ਼ਵਤ ਦੀ ਲੋੜ  ਪੈਂਦੀ ਹੈ ਸਿਆਸੀ ਲੋਕ ਮੰਹਿਗੇ ਲੋਕਤੰਤਰ ਵਿੱਚ ਕਰੋੜਾਂ ਰੁਪਏ ਖਰਚ ਕਰਨ ਤੋਂ ਬਾਅਦ ਹਾਸਿਲ ਕੀਤੀ ਕੁਰਸੀ ਦੀ ਤਾਕਤ ਦਾ ਮੁੱਲ ਵੱਟਦੇ ਹਨ ਨੌਕਰੀ ਹਾਸਿਲ ਕਰਨ ਲਈ ਉਮੀਦਵਾਰਾਂ ਦੇ ਮਾਂ-ਬਾਪ ਸਿਆਸੀ ਬਜ਼ਾਰ ਵਿੱਚ ਕਰੋੜਾਂ ਰੁਪਈਆਂ ਦੀ ਬੋਲੀ ਲਗਾਉਂਦੇ ਹਨ ਅਤੇ ਜੋ ਵੱਧ ਬੋਲੀ ਲਗਾਉਂਦਾ ਹੈ ਸਰਕਾਰੀ ਨੌਕਰੀ ਉਸ ਨੂੰ ਮਿਲ ਜਾਂਦੀ ਹੈ   ਉਸ ਤੋਂ ਉਲਟ ਦਿਨ ਰਾਤ ਮਿਹਨਤ ਕਰ ਕੇ ਚੰਗੇ ਨੰਬਰ ਹਾਸਿਲ ਕਰਨ ਵਾਲਾ ਵਿਦਿਆਥੀ ਘੱਟੋ-ਘੱਟ ਤਨਖਾਹ ਤੇ ਕੰਮ ਲਭਣ ਵਿੱਚ ਵੀ ਅਸਮਰਥ ਹੋ ਜਾਂਦਾ ਹੈ ਅਤੇ ਪੰਡਤਾਂ ਕੋਲ ਆਪਣੇ ਟੇਵੇ ਵਿਖਾਉਂਦਾ ਪੁੱਛਦਾ ਫਿਰਦਾ ਹੈ ਕਿ ਮੇਰੇ ਮੱਥੇ ਦੀਆਂ ਤਕਦੀਰਾਂ ਅਤੇ ਹੱਥ ਦੀਆਂ ਲਕੀਰਾ ਵਿੱਚ ਵਿਦੇਸ਼ ਜਾ ਕੰਮ ਕਰਨ ਦੀ ਕੋਈ ਰੇਖਾ ਹੈ ਕਿ ਨਹੀਂ ?         

ਇੰਗਲੈਂਡ ਵਿੱਚ ਪਚਾਨਵੇਂ ਪ੍ਰਤੀਸ਼ਤ ਬੱਚੇ ਸਰਕਾਰੀ ਅਦਾਰਿਆਂ ਤੋਂ ਤਾਲੀਮ ਹਾਸਲ ਕਰ ਕੇ ਦੁਨੀਆਂ ਉੱਤੇ  ਅਪਣਾ ਨਾਮ ਰੌਸ਼ਨ ਕਰਦੇ ਹਨ ਆਮ-ਆਦਮੀ ਨੂੰ ਭਾਰਤ ਵਿੱਚ ਬਰਾਬਰਤਾ ਤਾਂ ਹੀ ਮਿਲ ਸਕਦੀ ਹੈ ਜੇ ਉਹਨਾਂ  ਨੂੰ ਬਾਹਰਲੇ ਮੁਲਕਾਂ ਵਾਂਗ ਸਰਕਾਰੀ ਅਦਾਰਿਆਂ ਤੋਂ ਪੜ੍ਹ-ਲਿਖ ਕੇ ਸਮਾਜ ਵਿੱਚ ਬਰਾਬਰਤਾ ਨਾਲ ਆਪਣਾ ਜੀਵਨ ਬਸਰ ਕਰ ਕੇ ਆਪਣੀ ਹਰ ਖਾਹਿਸ਼ ਪੂਰੀ ਕਰਨ ਦਾ ਮੋਕਾ ਮਿਲ ਸਕੇ ਅੱਜ ਪੰਜਾਬ ਦੇ ਬੱਚਿਆਂ  ਨੂੰ ਸਾਇਕਲ ਅਤੇ ਕਮਪਿਊਟਰ ਨਾਲੋਂ ਕਿਤੇ ਵੱਧ ਲੋੜ ਬਰਾਬਰਤਾ ਨਾਲ ਬੁਨਿਆਦੀ ਸਿਖਿਆ ਪ੍ਰਦਾਨ ਕਰਨ ਦੀ ਹੈ ਤਾਂ ਜੋ ਪੰਜਾਬ ਦਾ ਹਰ ਨੌਜਵਾਨ ਪੜ੍ਹ-ਲਿਖ ਕੇ ਆਪਣੇ ਮਾਂ-ਬਾਪ ਦਾ ਬੁਢਾਪੇ ਵਿੱਚ ਸਹਾਰਾ ਬਣ ਕੇ ਪਿੰਡ ਅਤੇ ਸੂਬੇ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰ ਸਕੇ   ਸਿਆਸੀ ਪਾਰਟੀਆਂ ਨੌਜ਼ਵਾਨਾਂ ਨੂੰ ਪਾਰਟੀ ਵਿੱਚ ਰੁਤਬੇ  ਦੇਣ ਦੀ ਥਾਂ ਉਹਨਾਂ ਦੀ ਕਾਬਲੀਅਤ ਮੁਤਾਬਿਕ ਬਣਦੇ ਰੁਜ਼ਗਾਰ ਮੁਹੱਈਆਂ ਕਰਵਾਉਣ ਵੱਲ ਧਿਆਨ ਦੇਣ ਅੱਜ ਸਿਆਸਤਦਾਨਾਂ  ਨੂੰ ਆਪਣੀ ਤਾਕਤ ਦੀ ਦੁਰ-ਵਰਤੋਂ ਬੰਦ ਕਰ ਕੇ ਆਪਣੇ ਨਿੱਜੀ  ਸਕੂਲ, ਕਾਲਜ ਆਦਿ ਖੋਲ ਕੇ ਡਿਗਰੀਆਂ ਵੇਚਣ ਤੋਂ ਵੱਧ ਧਿਆਨ ਆਮ-ਆਦਮੀ ਨੂੰ ਸਰਕਾਰੀਆ ਅਦਾਰਿਆਂ ਤੋਂ ਬਰਾਬਰਤਾ ਨਾਲ ਸਿਖਿਆ ਪ੍ਰਦਾਨ  ਕਰਵਾਉਣ ਵਲ ਦੇਣਾ ਚਾਹਿਦਾ ਹੈ ਮਾਂ-ਬਾਪ ਨੂੰ ਆਪਣੇ ਬੱਚਿਆਂ  ਦੀਆਂ  ਵਿਆਹ-ਸ਼ਾਦੀਆਂ ਉੱਤੇ ਭਾਰੀ ਖਰਚ ਬੰਦ ਕਰ ਕੇ ਬੱਚਿਆਂ  ਦੀ ਤਾਲੀਮ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਸ ਸਮਾਜ ਵਿੱਚ ਆਪਣੇ ਪੈਰਾਂ ਉੱਤੇ  ਖੜੇ ਹੋ ਕੇ ਆਪਣੀਆਂ ਬੁਨਿਆਦੀ ਖਾਹਿਸ਼ਾਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਪੂਰੀਆਂ ਕਰ ਸਕਣ    ਜੇ ਸਰਕਾਰਾਂ ਪੜ੍ਹਾਈ ਅਤੇ ਰੋਜ਼ਗਾਰ ਪ੍ਰਤੀ ਆਪਣੇ ਬਣਦੇ ਮੁੱਢਲੇ ਫ਼ਰਜਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਰਹੀਆਂ ਤਾਂ ਆਮ-ਆਦਮੀ ਦਾ ਬੱਚਾ ਇਕਵੀਂ ਸਦੀ ਵਿੱਚ ਹਾਲਾਤ ਹਥੋਂ ਮਜ਼ਬੂਰ ਹੋ ਕੇ ਸਤ੍ਹਾ-ਧਾਰੀਆਂ ਅੱਗੇ ਹਮੇਸ਼ਾਂ ਹੱਥ ਫੈਲਾ ਕੇ ਮਦਦ ਦੀ ਭੀਖ ਮੰਗੇਗਾ ਅਤੇ ਆਪਣਾ ਜੀਵਨ ਗਰੀਬੀ ਵਿੱਚ ਬਸਰ ਕਰ ਆਪਣੇ ਪਿਛਲੇ ਕਰਮਾ ਨੂੰ ਕੋਸੇਗਾ

****

No comments: