ਹੁਣ ਸਮਾਂ ਹੈ ਸਮੇਂ ਦੇ ਜਖ਼ਮਾਂ ਤੇ ਮਰ੍ਹਮ ਲਾਉਣ ਦਾ.......... ਲੇਖ / ਤਰਸੇਮ ਬਸ਼ਰ

ਪੰਜਾਬ ਵੰਡਿਆ ਗਿਆ 1947 ਵਿੱਚ । ਇਹ ਸੱਚ ਜਦੋਂ ਲੋਕਾਂ ਸਾਹਮਣੇ ਆਇਆ ਹੋਵੇਗਾ ਤਾਂ ਖ਼ੁਦ ਉਹਨਾਂ ਦੀ ਹਸਤੀ ਨੂੰ ਵੀ ਨਹੀਂ ਪਤਾ ਹੋਣਾ ਕਿ ਉਹ ਇਸ ਸੱਚ ਨੂੰ ਕਿਵੇਂ ਜਜ਼ਬ ਕਰੇ । ਬਹੁਤੇ ਪੰਜਾਬੀਆਂ ਦੇ ਆਪਣੇ ਉਹਨਾਂ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ ਹੋਣੇ ਹੈ, ਆਸਾਂ ਮੁਰਝਾ ਕੇ ਖਾਕ ਬਣ ਗਈਆਂ ਹੋਣੀਆਂ ਐ ਤੇ ਇਹ ਵਰਤਾਰਾ ਉਹਨਾਂ ਦੀ ਰੂਹ ਨੇ ਸਵੀਕਾਰ ਕਰ ਲਿਆ ਹੋਣੈ ਪਰ ਪੰਜਾਬ ਵੰਡਿਆ ਗਿਆ । ਇਸ ਸੱਚ ਨੂੰ ਕਬੂਲਣ ਵਾਲਾ ਤੱਤ ਸ਼ਾਂਇਦ ਉਹਨਾਂ ਦੇ ਵਜੂਦ ਵਿੱਚ ਵੀ ਮੌਜੂਦ ਨਹੀਂ ਹੋਣੈ। ਇਹ ਜ਼ਖਮ ਵਕਤ ਦੇ ਜਿਸਮ ਤੇ ਉੱਭਰ ਆਇਆ ਸੀ ਸ਼ਾਇਦ ।

ਮਾਂ ਜਿਹੇ ਮੁਕੱਦਸ ਸ਼ਬਦ ਨੂੰ ਤਿੰਨ ਰਿਸ਼ਤਿਆਂ ਨਾਲ ਜੋੜਿਆ ਜਾਂਦਾ ਹੈ ਜਨਮ ਦੇਣ ਵਾਲੀ ਮਾਂ, ਜਨਮ ਭੂਮੀ ਤੇ ਮਾਂ ਬੋਲੀ । ਆਦਮੀ ਦੀ ਹਯਾਤੀ ਵਿੱਚ ਪਛਾਣ ਦਾ ਬਾਇਸ ਇਹ ਤਿੰਨੋ ਮਾਵਾਂ ਹੁੰਦੀਆਂ ਹਨ । ਕਿਸੇ ਨਾ ਕਿਸੇ ਮਰਹਲੇ ਤੇ ਜਨਮ ਦੇਣ ਵਾਲੀ ਮਾਂ ਤੇ ਜਨਮ ਭੂਮੀ ਇਨਸਾਨ ਦੀ ਜਿੰਦਗੀ 'ਚੋ ਦੂਰ ਹੋ ਜਾਂਦੀਆਂ ਹਨ ਪਰ ਮਾਂ ਬੋਲੀ ਆਖਰੀ ਸਾਹ ਤੱਕ ਇਨਸਾਨ ਦਾ ਨਾ ਸਿਰਫ ਸਹਾਰਾ ਬਣਦੀ ਹੈ ਬਲਕਿ ਉਸਨੂੰ ਜਿੰਦਗੀ ਦੇ ਮਕਸਦ ਵੱਲ ਵਧਣ ਵਾਸਤੇ ਪਲ ਪਲ ਤੇ ਮੱਦਦ ਕਰਦੀ ਹੈ ਤੇ ਇਸੇ ਪੰਜਾਬੀ ਮਾਂ ਬੋਲੀ ਦਾ 1947 ਵਿੱਚ ਬਟਵਾਰਾ ਹੋ ਗਿਆ ਸੀ । ਇਹ ਸ਼ਾਂਇਦ ਦੁਨੀਆਂ ਦੀ ਵੱਡੀਆਂ ਤਰਾਸਦੀਆਂ ਵਿੱਚੋਂ ਇੱਕ ਸੀ ਤੇ ਇਸ ਤੋਂ ਬਾਅਦ ਵਿਡੰਬਣਾ ਇਹ ਵੀ ਰਹੀ ਕਿ ਰਾਜਨੀਤਿਕ ਕਾਰਨਾਂ ਕਰਕੇ ਲੋਹੇ ਦੀਆਂ ਤਾਰਾਂ ਦੇ ਨਾਲ ਨਾਲ ਨਫਰਤ ਦੀ ਇੱਕ ਦੀਵਾਰ ਵੀ ਖੜ੍ਹੀ ਕਰ ਦਿੱਤੀ ਗਈ । ਕਿਸੇ ਸ਼ਾਂਇਰ ਨੇ ਪੂਰੀ ਤਰਾਸਦੀ ਤੇ ਚੋਟ ਕਰਦਿਆਂ ਬਹੁਤ ਖੂਬ ਲਿਖਿਆ ਹੈ ਕਿ ਪੰਛੀਆਂ , ਹਵਾ, ਧੁੱਪ ਤੇ ਪਾਣੀ ਵੰਡ ਨੂੰ ਨਹੀ ਮੰਨਦੇ ਤੇ ਨਾ ਹੀ ਉਹਨਾਂ ਦੀ ਜਹਿਨੀਅਤ ਤੇ ਇਸ ਵੰਡ ਦਾ ਕੋਈ ਅਸਰ ਹੁੰਦਾ ਹੈ । ਇਹ ਇਨਸਾਨ ਹੀ ਹੈ ਜੋ ਵੰਡਾਂ ਨੂੰ ਨੇਪਰੇ ਚਾੜ੍ਹਦਾ ਹੈ ਤੇ ਇਹ ਇਨਸਾਨ ਹੀ ਹੈ ਜੋ ਇਸ ਦਾ ਤਸੀਹਾ ਝੱਲਦਾ ਹੈ ।

ਹਾਂ ! ਇਹ ਸੱਚ ਹੀ ਤਾਂ ਹੈ ਪਾਕਿਸਤਾਨੀ ਕਲਾਕਾਰਾਂ ਦੇ ਗਾਏ ਗੀਤਾਂ ਨੂੰ ਅਸੀਂ ਮਾਣਦੇ ਹਾਂ ਉਹਨਾਂ ਦੇ ਸੁਰਾਂ ਨਾਲ ਵਹਿ ਜਾਂਦੇ ਹਾਂ ਉਦੋਂ ਸਾਡੀਆਂ ਅੱਖਾਂ ਦੇ ਹੁੰਝੂ ਵੀ ਤਾਂ ਏਸ ਵੰਡ ਨੂੰ ਨਕਾਰ ਰਹੇ ਹੁੰਦੇ ਹਨ । ਸਾਡੇ ਕਲਾਕਾਰਾਂ ਦੇ ਮਜਾਹੀਆ ਫ਼ਨ  ਉੱਤੇ ਪਾਕਿਸਤਾਨੀ ਚਿਹਰੇ ਜਦੋਂ ਹੱਸ ਹੱਸ ਕੇ ਲੋਟ ਪੋਟ ਹੋ ਰਹੇ ਹੁੰਦੇ ਹਨ ਤਾਂ ਇਹ ਮੁਸਕਾਨ ਜਿਵੇਂ ਇਨਸਾਨੀਅਤ ਦੀ ਉਸ ਵੰਡ ਦਾ ਮਜਾ਼ਕ ਉਡਾ ਰਹੀ ਹੁੰਦੀ ਹੈ । ਇਹ ਇੱਕ ਗੈਰ ਕੁਦਰਤੀ , ਗੈਰ ਵਿਵਹਾਰਿਕ ਤੇ ਅਣਮਨੁੱਖੀ ਵੰਡ ਸੀ ਜਿਸ ਦੇ ਜਖਮ ਪੰਜਾਬੀ ਮਾਂ ਦੇ ਜਿਸਮ ਵਿੱਚੋਂ ਸ਼ਾਂਇਦ ਹੀ ਕਦੇ ਭਰੇ ਜਾਣ । ਛੋਟੇ ਹੁੰਦਿਆਂ ਮੈਨੂੰ ਯਾਦ ਹੈ ਟੈਲੀਵਿਜ਼ਨ ਉਪਰ ਜਲੰਧਰ ਦੂਰਦਰਸ਼ਨ ਦੇਖਣ ਲਈ ਬਹੁਤ ਉੱਚਾ ਐਨਟੀਨਾ ਲਾਉਣਾ ਪੈਂਦਾ ਸੀ ਪਰ ਪੀ.ਟੀ.ਵੀ. ਬਿਨਾਂ ਕਿਸੇ ਤਰੱਦਦ ਤੋਂ ਆਪਣੇ ਆਪ ਬਹੁਤ ਸਾਫ ਸਾਫ ਚੱਲਦਾ ਸੀ । ਪ੍ਰੋਗਰਾਮ ਦੇਖਦਿਆਂ ਚੇਹਰੇ ਪੜ੍ਹਣ ਦੀ ਕੋਸਿ਼ਸ਼ ਕਰਦਿਆਂ ਮੈ ਇਹੀ ਫ਼ਰਕ ਲੱਭਣ ਦਾ ਯਤਨ ਕਰਦਾ ਰਹਿੰਦਾ ਕਿ ਸਾਡੇ ਤੇ ਉਹਨਾਂ 'ਚ ਕੀ ਫ਼ਰਕ ਐ । ਬਾਲ ਮਨ ਵਿੱਚ ਉਪਜੇ ਇਸ ਸਵਾਲ ਦਾ ਜਵਾਬ ਉਦੋਂ ਵੀ ਓਹੀ ਸੀ ਤੇ ਅੱਜ ਵੀ ਇਹੋ ਹੈ ਕਿ ਕੋਈ ਫ਼ਰਕ ਨਹੀਂ । ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣਾ ਚਾਹੁੰਦੇ ਹਨ, ਕਿਤੇ ਕੋਈ ਸਮੱਸਿਆ ਹੈ ਤਾਂ ਉਹ ਰਾਜਨੀਤਿਕ ਹੈ । ਜ਼ਜਬਾਤੀ ਸਮੱਸਿਆ ਹੈ ਤਾਂ ਸਹੀ ਪਰ ਇਹ ਨਫਰਤ ਨਾਲ ਜੁੜੀ ਹੋਈ ਨਹੀਂ । ਇਸ ਦਾ ਸੰਬੰਧ ਹੈ ਉਸ ਦੁੱਖ ਨਾਲ ਜਿਸ ਨੇ ਉਪਰ ਕਹੇ ਅਨੁਸਾਰ ਸਮੇਂ ਨੂੰ ਵੀ ਜ਼ਖ਼ਮ ਦਿੱਤੇ ਸਨ ।

ਦੋਹਾਂ ਮੁਲਕਾਂ ਵਿੱਚ ਜੋ ਰਿਸ਼ਤਾ ਹੈ, ਉਹ ਇੱਕ ਵੱਖਰਾ ਵਿਸ਼ਾਂ ਹੈ ਪਰ ਦੋਹੇ ਪੰਜਾਬ ਜ਼ਜ਼ਬਾਤਾਂ ਦੇ ਇੱਕ ਧਾਗੇ ਨਾਲ ਬੰਨ੍ਹੇ ਹੋਏ ਹਨ ਤੇ ਸਮੇਂ ਸਮੇਂ ਤੇ ਕੋਸਿ਼ਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਕਿ ਇਸ ਧਾਗੇ ਨੂੰ ਹੋਰ ਮਜਬੂਤ ਤੇ ਮੋਕਲਾ ਕੀਤਾ ਜਾਵੇ । ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਪਾਕਿਸਤਾਨ ਦੀ ਯਾਤਰਾ ਕੀਤੀ ਹੈ । ਸ: ਸੁਖਬੀਰ ਸਿੰਘ ਬਾਦਲ ਦੀ ਯਾਤਰਾ ਦੀ ਮੀਡੀਆ ਵਿੱਚ ਵੱਡੀ ਚਰਚਾ ਰਹੀ ਤੇ ਆਮ ਪੰਜਾਬੀ ਇਹ ਯਾਤਰਾ ਤੋਂ ਬਹੁਤ ਉਮੀਦਾਂ ਵੀ ਕਰ ਰਿਹਾ ਹੈ । ਇਹ ਚੰਗਾ ਸੁਨੇਹਾ ਹੈ ਕਿ ਦੋਹੇਂ ਪੰਜਾਬ ਵਪਾਰ ਵਿੱਚ ਵਾਧਾ ਚਾਹੁੰਦੇ ਹਨ । ਆਉਣ ਜਾਣ ਵਾਸਤੇ ਨਿਯਮਾਂ ਨੂੰ ਨਰਮ ਕਰਨਾ ਲੋਚਦੇ ਹਨ , ਇਸ ਤੋਂ ਵੱਡੀ ਗੱਲ ਕਿ ਵਪਾਰ ਨਾਲ ਨਾਲ ਪਿਆਰ ਵਿੱਚ ਵਾਧੇ ਦੀ ਗੱਲ ਵੀ ਕੀਤੀ ਜਾ ਰਹੀ ਹੈ । ਮੇਰੇ ਵਰਗੇ ਜ਼ਜ਼ਬਾਤੀ ਬੰਦੇ ਗੈਰ ਵਿਵਹਾਰਿਕ ਸੋਚ ਦੇ ਚਲਦਿਆਂ ਸ਼ਾਂਇਦ ਉਮੀਦਾਂ ਕੁਝ ਜਿਆਦਾ ਲਾ ਲੈਂਦੇ ਹਨ ਪਰ ਇਹ ਅਸੰਭਵ ਵੀ ਨਹੀਂ ਹੈ । ਸ: ਸੁਖਬੀਰ ਸਿੰਘ ਬਾਦਲ ਇਸ ਵਾਸਤੇ ਕੁਝ ਹੋਰ ਉੱਦਮ ਕਰ ਸਕਣ ਤੇ ਕੇਂਦਰ ਸਰਕਾਰ ਮਾਨਵਤਾ ਦੇ ਆਧਾਰ ਤੇ ਆਪਣੀ ਪਹੁੰਚ ਵਿੱਚ ਕੁੱਝ ਨਰਮੀ ਲਿਆਉਦਿਆਂ ਵਪਾਰ ਅਤੇ ਪਿਆਰ ਵਿੱਚ ਵਾਧੇ ਲਈ ਠੋਸ ਉਪਰਾਲੇ ਕਰੇ ,ਤਾਂ ਇਹ ਕਦਮ ਸਮੇਂ ਦੇ ਜਖਮ ਤੇ ਮਰ੍ਹਮ ਲਾਉਣ ਬਰਾਬਰ ਅਸਾਧਾਰਨ ਹੋਵੇਗਾ । ਕਮ-ਸੇ-ਕਮ ਦੋਵੇਂ ਪੰਜਾਬ ਦੀਆਂ ਸਰਕਾਰਾਂ ਕਲਾ ਅਤੇ ਸਾਹਿਤ ਵਿੱਚ ਸਾਂਝੀਵਾਲਤਾ ਵਧਾਉਣ ਲਈ ਕੁਝ ਠੋਸ ਐਲਾਨ ਤਾਂ ਕਰ ਹੀ ਸਕਦੀਆਂ ਹਨ ਕਿਉਂਕਿ ਇਸ ਨਾਲ ਦੋਹਾਂ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਤੇ ਕੋਈ ਵੱਡਾ ਪ੍ਰਭਾਵ ਨਹੀਂ ਪੈਣਾ ।

ਅੱਜ ਸੰਸਾਰ ਦੇ ਹਰ ਕੋਨੇ ਵਿੱਚ ਆਪਣੇ ਵਿਰਸੇ ਅਤੇ ਸੱਭਿਆਚਾਰ ਪ੍ਰਤੀ ਚੇਤਨਾ ਵਧੀ ਹੈ । ਸਮਾਜ ਇਸ ਪਰਿਪੇਖ ਵਿੱਚ ਆਪਣੀ ਭੂਮਿਕਾ ਲੱਭ ਰਿਹਾ ਹੈ ਤਾਂ ਇਹ ਮੌਕਾ ਹੈ ਕਿ ਜਦੋਂ ਪੰਜਾਬੀ ਭਾਸ਼ਾਂ ਦੀ ਹੋਂਦ ਤੇ ਸਵਾਲ ਖੜ੍ਹਾ ਹੋ ਰਿਹਾ ਕਿ ਦੋਹੇਂ ਪੰਜਾਬਾਂ ਦੇ ਆਗੂ ਦਲੇਰਾਨਾ ਅਤੇ ਇਤਿਹਾਸਿਕ ਫੈਸਲੇ ਲੈਂਦਿਆਂ ਮਾਂ ਬੋਲੀ ਦੀ ਸੇਵਾ ਦਾ ਸ਼ਰਫ ਵੀ ਹਾਸਲ ਕਰਨ । 

****

No comments: