ਮਲਾਲਾ ਦੇ ਬਹਾਨੇ-ਆਪਣੇ ਅਫ਼ਸਾਨੇ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’

ਪਾਕਿਸਤਾਨ ਦੀ ਅਫ਼ਗ਼ਾਨਿਸਤਾਨ ਨਾਲ ਲੱਗਦੀ ਸਰਹੱਦ ਦੇ ਆਸ-ਪਾਸ ‘ਸਵਾਤ ਘਾਟੀ’ ਨਾਂਅ ਦਾ ਇਲਾਕਾ ਹੈ, ਜਿੱਥੇ ਸੰਵਿਧਾਨ ਦੇ ਪੋਥਿਆਂ ਵਿੱਚ ਲਿਖੇ ਹੋਏ ਜਾਂ ਪਾਰਲੀਮੈਂਟ ਦੇ ਘੜੇ ਹੋਏ ਕਨੂੰਨ ਨਹੀਂ ਚੱਲਦੇ, ਸਗੋਂ ਉੱਥੇ ਤਾਲਿਬਾਨ ਦੀਆਂ ਸਟੇਟਗੰਨਾਂ ਹੀ ਕਨੂੰਨ ਬਣਾਉਂਦੀਆਂ ਹਨ ਤੇ ਹਕੂਮਤ ਚਲਾਉਂਦੀਆਂ ਹਨ। ਯਾਦ ਰਹੇ ਕਿ ਇਹ ਉਹੋ ਇਲਾਕਾ ਹੈ, ਜਿੱਥੇ ਸਿੱਖ ਰਾਜ ਵੇਲੇ ਸ੍ਰ: ਹਰੀ ਸਿੰਘ ਨਲੂਏ ਦੀ ਫ਼ੌਜ ਨਾਲ ਵਾਪਰੀ ਇੱਕ ਘਟਨਾ ਨੂੰ ਲੈ ਕੇ ਪ੍ਰੋ: ਮੋਹਨ ਸਿੰਘ ਨੇ ‘ਦੇਸ ਪਿਆਰ’ ਨਾਂਅ ਦੀ ਕਵਿਤਾ ਲਿਖੀ ਹੋਈ ਹੈ, ਜਿਸ ਵਿੱਚ ਇੱਕ ਬੁੱਢੇ ਅਫ਼ਗ਼ਾਨ ਦੀ ਦੇਸ਼ਭਗਤੀ ਦਾ ਵਰਨਣ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ, ਜੋ ਸਿੱਖ ਸੈਨਕਾਂ ਹੱਥੋਂ ਅੱਖਾਂ ਸਾਹਵੇਂ ਆਪਣਾ ਪੁੱਤ ਮਰਦਾ ਤਾਂ ਦੇਖ ਲੈਂਦਾ ਹੈ, ਪਰ ਆਪਣੇ ਹਾਕਮਾਂ ਦੇ ਪਹਾੜੀ ਕਿਲ੍ਹੇ ਬਾਰੇ ਕੋਈ ਥਹੁ-ਪਤਾ ਨਹੀਂ ਦੱਸਦਾ। ਨਲੂਏ ਸਰਦਾਰ ਦੀਆਂ ਸੰਗੀਨਾਂ ਦਾ ਖੌਫ਼ ਦਿਲੋਂ ਭੁਲਾ ਕੇ ਉਹ ਲਲਕਾਰਦਾ ਕਹਿੰਦਾ ਹੈ :
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ।
ਉਸ ਇਲਾਕੇ ਦੇ ਤਾਲਿਬਾਨ, ਜਿਨ੍ਹਾਂ ਨੂੰ ਆਪਾਂ ਆਪਣੀ ਬੋਲੀ ’ਚ ਪਾੜ੍ਹੇ ਜਾਂ ‘ਪਾੜ੍ਹਿਆਂ ਦੀ ਪਾਰਟੀ’ ਕਹਿ ਸਕਦੇ ਹਾਂ, ਨੇ ਹੁਕਮ ਚਾੜ੍ਹਿਆ ਹੋਇਐ ਕਿ ਕੁੜੀਆਂ ਦੀ ਪੜ੍ਹਾਈ ਬੰਦ ਕੀਤੀ ਜਾਵੇ, ਕਿਉਂਕਿ ਜੇ ਇਹ ਪੜ੍ਹ-ਲਿਖ ਜਾਣ ਤਾਂ ਇਹਨਾਂ ’ਤੇ ਪੱਛਮੀ ਸੱਭਿਅਤਾ ਦਾ ਰੰਗ ਚੜ੍ਹ ਜਾਂਦਾ ਹੈ। ਉਹ ਪੱਛਮੀ ਵਰਤੋਂ-ਵਿਹਾਰ ਨੂੰ ਸਥਾਨਕ ਕਲਚਰ ਲਈ ਖ਼ਤਰਾ ਮੰਨਦੇ ਹਨ। ਉਥੋਂ ਦੀ ਇੱਕ ਚੌਦਾਂ ਸਾਲਾ ਬਾਲੜੀ ਮਲਾਲਾ ਪੜ੍ਹਾਈ ਜਾਰੀ ਰੱਖਣ ਦੀ ਜ਼ਿੱਦ ਦੇ ਨਾਲ-ਨਾਲ ਹਿਜਾਬ ਜਾਂ ਬੁਰਕਾ ਪਹਿਨਣ ਤੋਂ ਵੀ ਬਗ਼ਾਵਤੀ ਤੇਵਰ ਦਿਖਾਉਣ ਲੱਗੀ। ਇਸੇ ਗੁਨਾਹ ਹੇਠ ਗੁਸੈਲ ਤਾਲਿਬਾਨ ਨੇ ਉਸ ਦੀ ਸਕੂਲ ਬੱਸ ਘੇਰ ਲਈ ਤੇ ‘ਮਲਾਲਾ ਕਿਹੜੀ ਹੈ?’ ਪੁੱਛ ਕੇ ਉਹਦੇ ’ਤੇ ਗੋਲ਼ੀ ਚਲਾ ਦਿੱਤੀ। ਖ਼ੁਦਾ ਦਾ ਲੱਖ-ਲੱਖ ਸ਼ੁਕਰ ਕਿ ਉਸ ਬਹਾਦਰ ਕੁੜੀ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਮਿਲ ਗਈ ਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਉਹ ਹੁਣ ਸਿਹਤਯਾਬ ਹੋ ਰਹੀ ਹੈ।
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲੇ ਸੱਜਣ ਦੱਸਿਆ ਕਰਦੇ ਹਨ ਕਿ ਪਾਕਿਸਤਾਨ ਸਾਡੇ ਦੇਸ਼ ਨਾਲੋਂ ਲੱਗਭੱਗ ਅੱਧੀ ਸਦੀ ਪਛੜਿਆ ਹੋਇਆ ਹੈ। ਇਹ ‘ਅੱਧੀ ਸਦੀ’ ਵਾਲਾ ਅੰਕੜਾ ਬਿਲਕੁੱਲ ਦਰੁੱਸਤ ਜਾਪਦਾ ਹੈ, ਕਿਉਂਕਿ ਪੰਜਾਹ-ਸੱਠ ਸਾਲ ਪਹਿਲਾਂ ਜੇ ਪੂਰੇ ਪੰਜਾਬ ’ਚ ਨਹੀਂ ਤਾਂ ਸਾਡੇ ਦੁਆਬੇ ਵਿੱਚ ਵੀ ਕੁੜੀਆਂ ਨੂੰ ਸਕੂਲੇ ਭੇਜਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਇਹ ਵਿਰੋਧਤਾ ਗੰਨਾਂ-ਰਾਈਫ਼ਲਾਂ ਨਾਲ ਨਹੀਂ ਸੀ ਕੀਤੀ ਜਾਂਦੀ, ਜਿਵੇਂ ਅੱਜ ਤਾਲਿਬਾਨੀਏ ਕਰ ਰਹੇ ਹਨ। ਹਾਂ, ਕੁੜੀਆਂ ਨੂੰ ਪੜ੍ਹਾਉਣ ਵਿਰੁੱਧ ਲਿਖਤੀ ਤੇ ਮੌਖਿਕ ਪ੍ਰਚਾਰ ਜ਼ਰੂਰ ਹੁੰਦਾ ਰਿਹਾ।
ਪਾਕਿਸਤਾਨ ਦੀ ਜੰਮ-ਪਲ ਮੇਰੀ ਮਾਂ ਦੱਸਿਆ ਕਰਦੀ ਸੀ ਕਿ ’47 ਤੋਂ ਬਾਅਦ ਜਦੋਂ ਦੇਸ਼ ਵਿੱਚ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਤਾਂ ਕੁੜੀਆਂ ਨੂੰ ਸਕੂਲਾਂ ’ਚ ਭੇਜਣ ਖ਼ਿਲਾਫ਼ ਬੜੀ ਤਕੜੀ ਮੁਹਿੰਮ ਚੱਲੀ। ਉਨ੍ਹਾਂ ਸਮਿਆਂ ਦੇ ਕਿਸੇ ‘ਅਣਖੀਲੇ ਸ਼ਾਇਰ’ ਦਾ ਲਿਖਿਆ ਕਿੱਸਾ ਸਾਡੀ ਮਾਂ ਨੂੰ ਜ਼ਬਾਨੀ ਯਾਦ ਸੀ। ਬੈਂਤ ਛੰਦ ਵਿੱਚ ਰਚੇ ਹੋਏ ਉਸ ਕਿੱਸੇ ਵਿੱਚ ਉਹ ਸਾਰੀਆਂ ‘ਖ਼ਰਾਬੀਆਂ’ ਅਤੇ ‘ਬਰਬਾਦੀਆਂ’ ਵਰਨਣ ਕੀਤੀਆਂ ਹੋਈਆਂ ਸਨ, ਜੋ ਪੜ੍ਹ-ਲਿਖ ਜਾਣ ਵਾਲੀਆਂ ਕੁੜੀਆਂ ਵਿੱਚ ਖ਼ੁਦ-ਬ-ਖ਼ੁਦ ਆ ਜਾਣੀਆਂ ਸਨ। ਸਾਡੀ ਮਾਂ ਬੜੇ ਰਹਾ ਨਾਲ ਇਹ ਕਿੱਸਾ ਗਾਇਆ ਕਰਦੀ ਸੀ। ਉਸ ਦੀਆਂ ਦੋ ਕੁ ਸਤਰਾਂ ਮੈਨੂੰ ਹੁਣ ਤੱਕ ਵੀ ਯਾਦ ਹਨ :
ਸੋਲ਼ਾਂ ਸਾਲ ਦੀ ਕੰਨਿਆ ਪੜ੍ਹਨੇ ਪਈ ਸਕੂਲ!
ਉਸ ਦੇ ਮਾਈ-ਬਾਪ ਨੂੰ ਸ਼ਰਮ ਨਾ ਆਈ ਮੂਲ!
ਜਦੋਂ ਕੁ ਮੈਂ ਸੁਰਤ ਸੰਭਾਲੀ, ਸੰਨ 66 ਤੋਂ 68-69 ਦੇ ਸਮਿਆਂ ਦੌਰਾਨ ਨਰਿੰਦਰ ਬੀਬਾ ਤੇ ਉਹਦੇ ਕਿਸੇ ਜੋਟੀਦਾਰ ਦਾ ਗਾਇਆ ਇੱਕ ਗੀਤ ਬੜਾ ਮਕਬੂਲ ਹੋਇਆ ਸੀ, ਜਿਸ ਵਿੱਚ ਗੁਰਮੁਖੀ ਦੀ ਸਾਰੀ ‘ਪੈਂਤੀ’ ਬੋਲਣ ਦੇ ਨਾਲ-ਨਾਲ ਪੜ੍ਹਨ-ਪੜ੍ਹਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਸੀ। ਉਸ ਗੀਤ ਵਿੱਚ ਵੀ ਮਰਦ ਕਲਾਕਾਰ ਕੁੜੀ ਨੂੰ ਸਕੂਲੇ ਜਾਣ ਤੋਂ ਵਰਜਦਾ ਹੋਇਆ ਆਪਣਾ ਇਹ ‘ਤੌਖਲਾ’ ਜ਼ਾਹਰ ਕਰਦਾ ਹੈ :
ਜੇ ਤੂੰ ਜਾ ਕੇ ਸਕੂਲੇ ਪੜ੍ਹ-ਲਿਖ ਜਾਏਂਗੀ,
ਨੀਂ ਤੂੰ ਚਿੱਠੀਆਂ ‘ਬਿਗਾਨਿਆਂ’ ਨੂੰ ਲਿਖ ਪਾਏਂਗੀ।
ਸਮੇਂ ਨੇ ਥੋੜ੍ਹੀ ਕਰਵਟ ਬਦਲੀ ਤਾਂ ਸਾਡੇ ਇਲਾਕੇ ਦੀਆਂ ਕੁੜੀਆਂ ਨੂੰ ਏਨੀ ਕੁ ‘ਖੁੱਲ੍ਹ’ ਮਿਲੀ ਕਿ ਉਹ ਪੰਜਵੀਂ ਪਾਸ ਕਰਨ ਲੱਗ ਪਈਆਂ। ਇਹ ਫਰਾਖ਼ਦਿਲੀ ਵੀ ਵਿਰਲੇ-ਵਿਰਲੇ ਘਰਾਂ ਨੇ ਹੀ ਦਿਖਾਉਣੀ ਸ਼ੁਰੂ ਕੀਤੀ ਸੀ। ਮੈਨੂੰ ਆਪਣੇ ਪਿੰਡ ਦਾ ਚੇਤਾ ਹੈ ਕਿ ਪ੍ਰਾਇਮਰੀ ਦੀ ‘ਡਿਗਰੀ’ ਲੈ ਚੁੱਕੀਆਂ ਕੁੜੀਆਂ ਪੰਜ ਗ੍ਰੰਥੀ ਅਤੇ ਰੇਹਲ ਚੁੱਕ ਕੇ ਸਾਡੇ ਘਰ ਆਉਂਦੀਆਂ ਹੁੰਦੀਆਂ ਸਨ। ਮੇਰਾ ਬਾਪ ਜਾਂ ਸਾਡੀ ਮਾਤਾ ਉਹਨਾਂ ਨੂੰ ਜਪੁਜੀ ਸਾਹਿਬ, ਸੁਖਮਣੀ ਸਾਹਿਬ ਦੀਆਂ ਬਾਣੀਆਂ ਦੀ ਸੰਥਿਆ ਦਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਅਕਸਰ ਬਹੁਤੀਆਂ ਕੁੜੀਆਂ ਨੂੰ ਮੂਲ-ਮੰਤਰ ਵਿਚਲਾ ‘ਸੈਭੰ’ ਨਹੀਂ ਸੀ ਉਚਾਰਣ ਕਰਨਾ ਆਉਂਦਾ। ਵਿਚਾਰੀਆਂ ‘ਭੰਗ-ਭੰਗ’ ਹੀ ਕਹਿੰਦੀਆਂ ਰਹਿੰਦੀਆਂ। ਵਿੱਚ-ਵਿਚਾਲੇ ਮੇਰੀ ਮਾਂ ਉਹਨਾਂ ਨੂੰ ਸੁਚੱਜੇ ਵਰਤੋਂ-ਵਿਹਾਰ ਦੀ ਸਿੱਖਿਆ ਵੀ ਦਿਆ ਕਰਦੀ ਸੀ, ਕਿਉਂਕਿ ਪੰਜ ਗ੍ਰੰਥੀ ਸੰਪੂਰਨ ਕਰ ਲੈਣ ਵਾਲੀਆਂ ਕੁੜੀਆਂ ਲਈ ਅਗਲਾ ‘ਸਟੈੱਪ’ ਬਿਗਾਨੇ ਘਰ ਤੋਰ ਦੇਣ ਦਾ ਹੀ ਹੁੰਦਾ ਸੀ। ਇੱਕ-ਦੋ ਸਾਲਾਂ ਦੇ ਅੱਗੜ-ਪਿੱਛੜ ਨਾਲ ਇਹਨਾਂ ਕੁੜੀਆਂ ਦੇ ਹੱਥ ਪੀਲੇ ਕਰ ਹੀ ਦਿੱਤੇ ਜਾਂਦੇ ਸਨ। ‘ਪੇਕੀਂ ਕੱਸੀਆਂ ਸਹੁਰੀਂ ਵੱਸੀਆਂ’ ਵਾਲੀ ਕਹਾਵਤ ਦਾ ਉਹਨਾਂ ਸਮਿਆਂ ਵਿੱਚ ਡਕੇ ਦੀ ਚੋਟ ਨਾਲ ਪਾਲਣ ਕੀਤਾ ਜਾਂਦਾ ਸੀ।
ਮੈਨੂੰ ਆਪਣੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵੇਲੇ ਦੀ ਇੱਕ ਘਟਨਾ ਯਾਦ ਹੈ, ਜਦੋਂ ਇੱਕ ‘ਤਾਲਿਬਾਨੀ ਸਰਪੰਚ’ ਸਾਡੇ ਸਕੂਲ ਆ ਵੜਿਆ ਸੀ। ਉਸ ਨੂੰ ਅਧਿਆਪਕਾਂ ਨੇ ਰਲ-ਮਿਲ ਕੇ ਬੜੀ ਮੁਸ਼ਕਲ ਨਾਲ ‘ਠੰਢਾ’ ਕੀਤਾ ਸੀ। ਗੱਲ ਇੰਜ ਹੋਈ ਕਿ ਸਾਡੇ ਸਕੂਲ ਵਿੱਚ ਰਾਹੋਂ ਕਸਬੇ ਦਾ ਇੱਕ ਅਧਿਆਪਕ ਆ ਲੱਗਿਆ। ਨਵੀਂ-ਨਵੀਂ ਜੇ ਬੀ ਟੀ ਕਰ ਕੇ ਆਏ ਨੂੰ ਉਸ ਨੂੰ ‘ਵਿੱਦਿਆ ਫੈਲਾਉਣ’ ਦਾ ਜਨੂੰਨ ਚੜ੍ਹਿਆ ਹੋਇਆ ਹੋਣੈ। ਯਸ਼ਪਾਲ ‘ਪਾਠਕ’ ਨਾਮ ਵਾਲੇ ਇਸ ਮਾਸਟਰ ਨੇ ਸਕੂਲ ਵਿੱਚ ਥੋੜ੍ਹੇ ਜਿਹੇ ਵਿਦਿਆਰਥੀ ਦੇਖ ਕੇ ਇਹਨਾਂ ਦੀ ਗਿਣਤੀ ਵਧਾਉਣ ਲਈ ਇੱਕ ਸਕੀਮ ਬਣਾਈ। ਉਸ ਨੇ ਲਾਗੇ-ਲਾਗੇ ਦੇ ਪਿੰਡਾਂ ਦੇ ਸਰਪੰਚਾਂ-ਲੰਬੜਦਾਰਾਂ ਦੀ ਇੱਕ ਮੀਟਿੰਗ ਸਕੂਲ ਵਿੱਚ ਰੱਖ ਲਈ। ਸਾਡੇ ਗੁਆਂਢੀ ਪਿੰਡ ਅਟਾਰੀ ਦਾ ਸਰਪੰਚ ਹਜ਼ਾਰਾ ਸਿੰਘ ਵੀ ਪਹੁੰਚ ਗਿਆ। ਨਿਆਣਿਆਂ ਨੂੰ ਸਕੂਲ ’ਚ ਦਾਖ਼ਲ ਕਰਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਸ੍ਰੀ ਪਾਠਕ ਨੇ ਦਿਲ-ਟੁੰਬਵੇਂ ਲਫ਼ਜ਼ਾਂ ’ਚ ਭੂਮਿਕਾ ਬੰਨ੍ਹੀ।
ਮਾੜੀ ਕਿਸਮਤ ਨੂੰ ਉਸ ਨੇ ਸਭ ਤੋਂ ਪਹਿਲਾਂ ਬਜ਼ੁਰਗ ਹਜ਼ਾਰਾ ਸਿੰਘ ਨੂੰ ਕੁਝ ਕਹਿਣ ਲਈ ‘ਬੇਨਤੀ’ ਕਰ ਦਿੱਤੀ। ਪੂਰੇ ਜੋਸ਼ ਵਿੱਚ ਆਏ ਹਜ਼ਾਰਾ ਸਿੰਘ ਨੇ ਮੇਜ਼ ’ਤੇ ਮੁੱਕਾ ਮਾਰ ਕੇ ਆਖਿਆ : ‘‘ਏ ਮਾਸਟਰ ਜੀ, ਆਾਹ ਜਿਹੜੀਆਂ ਤੁਸੀਂ ਸਾਨੂੰ ਪੁੱਠੀਆਂ ਮੱਤਾਂ ਦੇਨੇ ਓਂ, ਸਾਨੂੰ ਨਹੀਂ ਮੰਜ਼ੂਰ...ਤੂੰ ਕਹਿਨੈ ਸਾਰੇ ਨਿਆਣੇ ਸਕੂਲੇ ਭੇਜੀਓ?... ਮੇਰਾ ਵੱਸ ਚੱਲੇ ਤਾਂ ਐ ਜਿਹੜੇ ਤਪੜੀਆਂ ’ਤੇ ਬੈਠੇ ਐ, ਇਹਨਾਂ ਨੂੰ ਵੀ ਘਰਾਂ ਨੂੰ ਤੋਰ ਦਿਆਂ...।’’
ਸਾਡੀ ਜਮਾਤ ਵਿੱਚ ਬੈਠੇ ਆਪਣੇ ਦੋਹਤੇ ਵੱਲ ਹੱਥ ਕਰ ਕੇ ਹਜ਼ਾਰਾ ਸਿੰਘ ਗਰਜਿਆ : ‘‘ਅਹਿ ਬਾਂਦਰ ਜਿਹੇ ਨੂੰ ਅਸੀਂ ਜਿਹੜਾ ਕੰਮ ਕਹੀਏ, ਮੋਹਰਿਉਂ ਟੀਟਣੇ ਮਾਰਦਾ ਪਰੇ ਭੱਜ ਜਾਂਦੈ।  ਜਿਹੜਾ ਮੇਰਾ ਦੋਹਤਾ ਘਰੇ ਰਹਿੰਦੈ, ਉਹ ਨਿਰਾ ਈ ਸਰਵਣ ਪੁੱਤ ਐ।  ਮੱਝਾਂ ਚਰਾਉਣ ਜਾਂਦੈ, ਖੇਤਾਂ ’ਚੋਂ ਬਾਲਣ ’ਕੱਠਾ ਕਰ ਕੇ ਲਿਆਉਂਦੈ...ਹਰ ਕੰਮ ਨੂੰ ਆਖੇ ਲੱਗਦੈ, ਪਰ ਆਹ ਪੜ੍ਹਾਕੂ?... ਨਿਰੀ, ਗਦੂਤ! ਕਿਆ ਗੱਡਾ ਖੜੈ ਇਹਨਾਂ ਨੂੰ ਪੜ੍ਹਨੇ ਪਾਉਣ ਖੁਣੋ?’’
ਲੱਗਦੇ ਹੱਥ ਹੀ ਹਜ਼ਾਰਾ ਸਿੰਘ ਨੇ ਮੱਥੇ ’ਤੇ ਹਜ਼ਾਰ ਤਿਊੜੀ ਪਾਉਂਦਿਆਂ ਲਾਗੇ ਕੁਰਸੀ ’ਤੇ ਬੈਠੀ ਉਸ ਮਾਸਟਰਨੀ ’ਤੇ ਤਵਾ ਲਾ’ਤਾ, ਜੋ ਉਸ ਦੇ ਪਿੰਡ ਦੀ ਨੂੰਹ ਸੀ ਅਤੇ ਸਾਡੇ ਸਕੂਲ ਪੜ੍ਹਾਉਂਦੀ ਸੀ ‘‘ਐਹ ਦੇਖ ਲਉ ‘ਪੜ੍ਹੀਆਂ’ ਦੇ ਚਾਲੇ! ਪਿੰਡ ’ਚ ਮਿਲੇ ਤਾਂ ਝੁੰਡ ਕੱਢ ਲੈਂਦੀ ਆ, ਐਥੇ ਆ ਕੇ ਨੰਗੇ ਮੂੰਹ ਐਉਂ ਬੈਠੀ ਐ ਜਿਮੇ ਪੇਕੇ ਆਈ ਹੁੰਦੀ ਹੈ।... ਹੇ ਖਾਂ!’’
‘ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ’ ਵਾਲੀ ਹਾਲਤ ਵਿੱਚ ਫਸੇ ਅਧਿਆਪਕਾਂ ਨੇ ਬੜੀ ਜੁਗਤ ਨਾਲ ਹਜ਼ਾਰਾ ਸਿੰਘ ਦਾ ਚੜ੍ਹਿਆ ਪਾਰਾ ਹੇਠਾਂ ਲਿਆਂਦਾ ਸੀ।
ਉਦੋਂ ਸਾਡੇ ਪੰਜਾਬ ਵਿੱਚ ਅਤੇ ਹੁਣ ਸਵਾਤ ਘਾਟੀ ਵਿੱਚ ਕੁੜੀਆਂ ਨੂੰ ਪੜ੍ਹਾਉਣ ਦੇ ਵਿਰੋਧੀਆਂ ਦਾ ਸ਼ਾਇਦ ਇਹੋ ਤਰਕ ਹੋਵੇਗਾ, ਜੋ ਇੱਕ ਸਮੇਂ ਡਾ: ਮੁਹੰਮਦ ਇਕਬਾਲ ਨੇ ਹਾਸੇ-ਹਾਸੇ ’ਚ ਬਿਆਨਿਆ ਸੀ। ਕਹਿੰਦੇ ਹਨ ਕਿ ਸਕੂਲ ’ਚ ਪੜ੍ਹਦੇ ਇੱਕ ਅਲੂੰਏਂ ਜਿਹੇ ਮੁਸਲਿਮ ਲੜਕੇ ਨੇ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇੰਗਲੈਂਡ ’ਚ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਮੁਸਲਿਮ ਕੁੜੀਆਂ ਲਈ ਪਰਦੇ ਦੀ ਡੱਟ ਕੇ ਵਜ਼ਾਹਤ ਕਰਦੇ ਓ? ਅੱਗਿਉਂ ਉਸ ਲੜਕੇ ਦੀਆਂ ਗੋਲ਼-ਗੋਲ਼ ਗੱਲ੍ਹਾਂ ’ਤੇ ਥਪਕੀ ਮਾਰਦਿਆਂ ਡਾ: ਇਕਬਾਲ ਕਹਿੰਦੇ, ‘‘ਕਮਲਿਆ, ਜੇ ਮੇਰਾ ਵੱਸ ਚੱਲੇ ਤਾਂ ਤੇਰੇ ਜਿਹੇ ਮੁੰਡਿਆਂ ਲਈ ਵੀ ਬੁਰਕਾ ਲਾਜ਼ਮੀ ਬਣਾ ਦਿਆਂ।’’
ਸਵਾਤ ਘਾਟੀ ਵਾਲੇ ਤਾਲਿਬਾਨ ਦੀ ਸੋਚ ਦੀਆਂ ਜੜ੍ਹਾਂ ਵੀ ਸ਼ਾਇਦ ਡਾ: ਇਕਬਾਲ ਦੇ ਇਹਨਾਂ ਸ਼ਿਅਰਾਂ ’ਚੋਂ ਫੁੱਟੀਆਂ ਹੋਣ :
ਗਲਾ ਤੋ ਘੋਂਟ ਦੀਆ ਅਹਿਲੇ ਮਦਰੱਸਾ ਨੇ ਤੇਰਾ।
ਆਏ ਆਵਾਜ਼ ਕਹਾਂ ਸੇ ਲਾ-ਇਲਾ ਇਲ-ਲਿਲਾ।
ਅਤੇ
ਸੋਚਾ ਥਾ ਕਿ ਲਾਏਗੀ ਫਰਾਗਤ ਤਾਅਲੀਮ,
ਕਿਆ ਪਤਾ ਥਾ ਕਿ ਆਏਗਾ ਅਲਹਾਦ ਭੀ ਸਾਥ।
ਸਾਨੂੰ ਪੰਜਾਬੀਆਂ ਨੂੰ ਫਖ਼ਰ ਹੈ ਕਿ ‘ਸੋ ਕਿਉ ਮੰਦਾ ਆਖੀਐ’ ਦੀ ਆਵਾਜ਼ ਸਾਡੀ ਧਰਤੀ ’ਤੇ ਗੂੰਜੀ ਅਤੇ ਸਵਰਗੀ ਟੌਹੜਾ ਜੀ ਦੇ ਦੱਸਣ ਮੁਤਾਬਕ ਇਹ ਮਾਣ ਵੀ ਪੰਜਾਬ ਨੂੰ ਹੀ ਜਾਂਦਾ ਹੈ ਕਿ ਜਦੋਂ ਹਾਲੇ ਅਮਰੀਕਾ ਵਿੱਚ ਵੀ ਇਸਤਰੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਮਿਲਿਆ, ਇੱਧਰ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬੀਬੀਆਂ ਨੇ ਵੋਟਾਂ ਪਾਈਆਂ ਸਨ।

****


1 comment:

Unknown said...

ਬਹੁਤ ਖੂਬਸੂਰਤ ਅਤੇ ਪ੍ਰਸੰਸਾਯੋਗ ਵਾਰਤਾ।