ਬੀਤੇ ਪਲਾਂ ਦੀ ਭਾਲ਼ ਵਿੱਚ ਭਟਕਦੇ ਪ੍ਰਦੇਸੀ.......... ਲੇਖ / ਰਾਜੂ ਹਠੂਰੀਆ

ਇਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪ੍ਰਦੇਸੀ ਭੈਣ-ਭਰਾ ਕੰਮਾਂ ਕਾਰਾਂ ਦੇ ਰੁਝੇਂਵਿਆਂ ਤੋਂ ਕੁਝ ਸਮੇਂ ਦੀ ਛੁੱਟੀ ਲੈ ਵਤਨਾਂ(ਪੰਜਾਬ) ਨੂੰ ਜਾ ਰਹੇ ਨੇ। ਕੋਈ ਦੀਵਾਲੀ, ਕੋਈ ਲੋਹੜੀ ਤੇ ਕੋਈ ਮਾਘੀ ਮੇਲਾ ਪੰਜਾਬ ਵਿੱਚ ਵੇਖਣਾ ਚਾਹੁੰਦਾ। ਕੋਈ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਜਾਂ ਫਿ਼ਰ ਕੋਈ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਜਾ ਰਿਹਾ। ਹਰ ਇੱਕ ਦੇ ਦਿਲ ਵਿੱਚ ਵਤਨਾਂ ਨੂੰ ਜਾਣ ਦੀ ਤਾਂਘ ਅਤੇ ਚਾਅ ਹੈ। ਜਿਵੇਂ ਗਾਇਕ ਹੈਪੀ ਵਿਰਕ ਨੇ ਆਪਣੀ ਐਲਬਮ 'ਅਰਮਾਨ' ਵਿੱਚ ਜਸਵਿੰਦਰ ਸੰਧੂ ਦਾ ਲਿਖਿਆ ਇੱਕ ਬਹੁਤ ਹੀ ਪਿਆਰਾ ਗੀਤ ਗਾਇਆ ਸੀ "ਪਾਣੀ ਨੂੰ ਪੱਤਣਾਂ ਦੀ, ਪ੍ਰਦੇਸੀ ਨੂੰ ਵਤਨਾਂ ਦੀ, ਤਾਂਘ ਤਾਂ ਰਹਿੰਦੀ ਏ।" ਪਰ ਆਮ ਤੌਰ ਤੇ ਵੇਖਣ ਸੁਨਣ ਵਿੱਚ ਆਉਂਦਾ ਹੈ ਕਿ ਵਾਪਸੀ ਮੌਕੇ ਬਹੁਤਿਆਂ ਵਿੱਚ ਨਿਰਾਸ਼ਾ ਪਾਈ ਜਾਂਦੀ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੂੰ ਵਤਨ ਛੱਡਣ ਦਾ ਦੁੱਖ ਹੁੰਦਾ, ਸਗੋਂ ਇਸ ਲਈ ਕਿ ਉਨ੍ਹਾਂ ਨੂੰ ਲੱਗਦਾ ਪਿੰਡਾਂ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਰਹੀ, ਲੋਕਾਂ ਵਿੱਚ ਪਹਿਲਾਂ ਵਾਂਗ ਪਿਆਰ ਨਹੀਂ ਰਿਹਾ। ਇਹ ਗੱਲ ਜਿਆਦਾਤਰ ਉਨ੍ਹਾਂ ਤੋਂ ਸੁਨਣ ਨੂੰ ਮਿਲਦੀ ਹੈ ਜਿਹੜੇ ਕਈ ਸਾਲਾਂ ਬਾਅਦ ਵਤਨੀ ਵਾਪਿਸ ਪਰਤਦੇ ਨੇ। ਕੀ ਇਹ ਸੱਚ ਹੈ ਕਿ ਸਭ ਕੁਝ ਬਦਲ ਗਿਆ ਹੈ? ਜਾਂ ਫਿ਼ਰ ਪਰਦੇਸੀ ਆਪਣੇ ਪਿੰਡ ਜਾਂ ਪੰਜਾਬ ਵਿੱਚ ਉਹ ਕੁਝ ਲੱਭਦਾ ਰਿਹਾ ਜਿਸ ਨੇ ਸਮੇਂ ਨਾਲ ਬਦਲ ਹੀ ਜਾਣਾ ਸੀ। ਪਿਛਲੇ ਸਾਲ ਜਦੋਂ ਮੈਂ ਪੰਜਾਬ ਗਿਆ ਮੇਰਾ ਇੱਕ ਦੋਸਤ ਮੈਨੂੰ ਪੁੱਛਣ ਲੱਗਾ "ਯਾਰ ਜਿੰਨੇ ਬਾਹਰੋਂ ਆਉਂਦੇ ਆ ਸਾਰੇ ਕਹਿੰਦੇ ਰਹਿੰਦੇ ਆ ਪਿੰਡ ਪਹਿਲਾਂ ਵਰਗਾ ਨਹੀਂ ਰਿਹਾ। ਤੈਨੂੰ ਕਿਵੇਂ ਲੱਗਦਾ?" ਮੈਂ ਜਿਸ ਤਰ੍ਹਾਂ ਮਹਿਸੂਸ ਕਰਦਾ ਸੀ ਉਸ ਨਾਲ ਸਾਂਝਾ ਕੀਤਾ। ਪ੍ਰਦੇਸੀਆਂ ਨੂੰ ਸਭ ਕੁਝ ਬਦਲਿਆ ਬਦਲਿਆ ਕਿਉਂ ਲੱਗਦਾ, ਇਸ ਬਾਰੇ ਜੋ ਮੇਰੇ ਵਿਚਾਰ ਨੇ ਜਾਂ ਜਿਸ ਨਜ਼ਰੀਏ ਮੈਂ ਇਸ ਨੂੰ ਵੇਖਦਾ ਹਾਂ ਆਪ ਸਭ ਨਾਲ ਸਾਂਝਾ ਕਰਨਾ ਚਾਹਾਂਗਾ ਇਹ ਕਿੰਨਾ ਕੁ ਸਹੀ ਹੈ ਜਾਂ ਗ਼ਲਤ ਇਹ ਤੁਸੀਂ ਪੜ੍ਹ ਕੇ ਦੱਸਿਓ। ਭੈਣਾਂ-ਭਰਾਵਾਂ ਨਾਲ ਜ਼ਾਇਦਾਦ ਦੇ ਝਗੜੇ ਜਾਂ ਹੋਰ ਦਫ਼ਤਰੀ ਸਮੱਸਿਆਵਾਂ ਨੂੰ ਇੱਕ ਪਾਸੇ ਰੱਖ ਲਈਏ ਕਿਉਂਕਿ ਇਹ ਵੱਖਰਾ ਤੇ ਬਹੁਤ ਲੰਬਾ ਵਿਸ਼ਾ ਹੋ ਜਾਵੇਗਾ। ਮੈਂ ਗੱਲ ਕਰ ਰਿਹਾਂ ਸਿਰਫ਼ ਉਸ ਪੱਖ ਤੋਂ ਕਿ ਜਦੋਂ ਅਸੀਂ ਵਤਨਾ ਨੂੰ ਜਾਣਾ ਹੁੰਦਾ ਤਾਂ ਅਸੀਂ ਇੱਕ ਵਾਰ ਫਿ਼ਰ ਉਨ੍ਹਾਂ ਪਲਾਂ ਦਾ ਆਨੰਦ ਮਾਨਣਾ ਚਾਹੁੰਦੇ ਹਾਂ ਜਿਹੜੇ ਬਹੁਤ ਸਾਲ ਪਹਿਲਾਂ ਪੰਜਾਬ ਵਿੱਚ ਗੁਜ਼ਾਰੇ ਹੁੰਦੇ ਹਨ। ਪਰ ਉਹ ਪਲ ਸਾਨੂੰ ਨਹੀਂ ਲੱਭਦੇ ਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਕਿਹੜੇ ਨੇ ਉਹ ਪਲ ਤੇ ਸਾਨੂੰ ਕਿਉਂ ਨਹੀਂ ਲੱਭਦੇ ਉਹ ਪਲ!!!
ਜਦੋਂ ਪ੍ਰਦੇਸੀ ਧੀਆਂ ਪੁੱਤਰ ਆਪਣੇ ਘਰ ਦੇ ਬੂਹੇ ਅੱਗੇ ਪਹੁੰਚਦੇ ਨੇ, ਨਸੀਬਾਂ ਵਾਲੇ ਹੁੰਦੇ ਨੇ ਉਹ ਜਿੰਨ੍ਹਾਂ ਨੂੰ ਬੂਹਾ ਖੋਹਲ ਭੈਣ-ਭਰਾ, ਮਾਂ-ਪਿਉ ਚਾਵਾਂ ਨਾਲ ਗਲ਼ ਲਾਉਂਦੇ ਨੇ। ਪਰ ਬਹੁਤਿਆਂ ਦੀਆਂ ਤਾਂ ਬੂਹੇ ਅੱਗੇ ਹੀ ਭੁੱਬਾਂ ਨਿਕਲ ਜਾਂਦੀਆਂ ਨੇ। ਇਹ ਉਹ ਬਦਨਸੀਬ ਧੀਆਂ ਪੁੱਤਰ ਹੁੰਦੇ ਨੇ ਜਿੰਨ੍ਹਾਂ ਨੂੰ ਆਖਰੀ ਸਮੇਂ ਮਾਂ-ਪਿਉ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਇਆ ਹੁੰਦਾ। ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਂ-ਪਿਉ ਬੂਹਾ ਖੋਹਲਣਗੇ ਤੇ ਸਾਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਉਣਗੇ। ਪਰ ਬੂਹਾ ਉਹ ਖੋਹਲਦੇ ਨੇ ਜਿੰਨ੍ਹਾਂ ਨੂੰ ਘਰ ਦੀ ਸਾਂਭ ਸੰਭਾਲ ਲਈ ਘਰ ਵਿੱਚ ਬਿਠਾਇਆ ਹੁੰਦਾ ਜਾਂ ਜੰਗਾਲਿਆਂ ਜਿੰਦਰਾ ਖ਼ੁਦ ਹੀ ਟੱਕਰਾਂ ਮਾਰ ਖੋਹਲਣਾ ਪੈਂਦਾ। ਘਰ ਅੰਦਰ ਬੈਠਿਆਂ ਨੂੰ ਭੁਲੇਖੇ ਪੈਂਦੇ ਨੇ ਕਿ ਹੁਣੇ ਮਾਂ ਚੁੱਲੇ ਚੌਂਕੇ ਵਿੱਚੋ ਆਵਾਜ਼ ਮਾਰੇਗੀ "ਆ ਪੁੱਤ, ਆ ਧੀਏ ਮੇਰੇ ਕੋਲ ਚੁੱਲੇ ਚੌਂਕੇ ਵਿੱਚ ਆਜਾ। ਅੱਗ ਸੇਕ ਲੈ ਠੰਡ ਬਹੁਤ ਆ, ਨਾਲ਼ੇ ਲਹਿੰਦੀ ਲਹਿੰਦੀ ਗਰਮ ਗਰਮ ਰੋਟੀ ਖਾਹ ਲੈ।" ਸ਼ਾਇਦ ਬਾਪੂ ਹੁਣੇ ਬਾਹਰੋਂ ਆਏਗਾ ਤੇ ਕਲਾਵੇ ਵਿੱਚ ਲੈ ਪੁੱਛੇਗਾ "ਕਿਵੇਂ ਚੱਲਦਾ ਕਾਰੋਬਾਰ ਤੇਰਾ, ਕੋਈ ਤਕਲੀਫ਼ ਤਾਂ ਨਹੀਂ ਪ੍ਰਦੇਸ ਵਿੱਚ?" ਪਰ ਨਾ ਮਾਂ ਹਾਕ ਮਾਰ ਬਲਾਉਂਦੀ ਏ, ਨਾ ਬਾਪੂ ਆ ਕਲਾਵੇ ਵਿੱਚ ਲੈਂਦਾ ਏ। ਆਪ ਮੁਹਾਰੇ ਰੋਣ ਨਿਕਲ ਜਾਂਦਾ ਹੈ। ਜਿਹੜੇ ਘਰ ਵਿੱਚ ਹੱਸਦੇ ਖੇਡਦੇ ਬਚਪਨ ਬਿਤਾਇਆ ਹੁੰਦਾ ਉਹੀ ਘਰ ਓਪਰਾ ਲੱਗਣ ਲੱਗਦਾ। ਇੰਝ ਲੱਗਦਾ ਜਿਵੇਂ ਆਪਣੇ ਨਹੀਂ ਗ਼ਲਤੀ ਨਾਲ ਕਿਸੇ ਹੋਰ ਦੇ ਘਰ ਆ ਗਏ ਹਾਂ।
ਘਰੋਂ ਬਾਹਰ ਗੇੜਾ ਮਾਰਨ ਜਾਂਦੇ ਹੋ। ਗਲ਼ੀ ਵਿੱਚ ਬੱਚੇ ਖੇਡਦੇ ਫਿ਼ਰਦੇ ਨੇ, ਪਰ ਉਹ ਤੁਹਾਨੂੰ ਨਹੀਂ ਬਲਾਉਂਦੇ। ਕਿਉਂਕਿ ਉਹ ਤੁਹਾਨੂੰ ਨਹੀਂ ਜਾਣਦੇ ਤੇ ਤੁਸੀਂ ਉਨ੍ਹਾਂ ਨੂੰ ਨਹੀਂ ਜਾਣਦੇ। ਤੁਹਾਨੂੰ ਇਹ ਸਭ ਚੰਗਾ ਨਹੀਂ ਲੱਗਦਾ। ਕਿਉਂਕਿ ਤੁਸੀਂ ਲੱਭਣਾ ਚਾਹੁੰਦੇ ਹੋ ਉਨ੍ਹਾਂ ਵਿੱਚੋਂ ਆਪਣਾ ਬਚਪਨ ਤੇ ਆਪਣੇ ਬਚਪਨ ਦੇ ਉਹ ਸਾਥੀ ਜਿੰਨ੍ਹਾਂ ਨਾਲ਼ ਖੇਡਦੇ ਰਹੇ ਹੋ ਬਾਂਟੇ, ਗੁੱਲੀ ਡੰਡਾ, ਬਾਂਦਰ ਕਿੱਲਾ ਜਾਂ ਹੋਰ ਖੇਡਾਂ। ਪਰ ਤੁਹਾਡੇ ਉਹ ਸਾਥੀ ਵੀ ਗ੍ਰਹਿਸਥੀ ਹੋ ਗਏ ਨੇ ਤੁਹਾਡੇ ਵਾਂਗ ਤੇ ਵਿਅਸਥ ਨੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ। ਕੋਈ ਨੌਕਰੀ ਕਰਨ ਦਫ਼ਤਰ ਜਾਂ ਸਕੂ਼ਲ ਗਿਆ ਹੋਵੇਗਾ, ਕੋਈ ਖੇਤਾਂ ਵਿੱਚ ਪਾਣੀ ਲਾਉਂਦਾ ਹੋਵੇਗਾ ਅਤੇ ਕੋਈ ਦਿਹਾੜੀ ਕਰਨ ਗਿਆ ਹੋਵੇਗਾ। ਵੱਡੀ ਉਮਰ ਵਾਲੇ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਸੀ ਕੁਝ ਇਸ ਦੁਨੀਆ ਵਿੱਚ ਰਹੇ ਨਹੀਂ ਹੋਣਗੇ  ਤੇ ਕੁਝ ਠੰਡ ਤੋਂ ਬਚਣ ਲਈ ਘਰਾਂ ਅੰਦਰ ਰਜਾਈਆਂ ਵਿੱਚ ਬੜੇ ਬੈਠੇ ਹੋਣਗੇ। ਜਿੰਨੇ ਕੁ ਜਾਣ ਪਹਿਚਾਣ ਵਾਲੇ ਮਿਲਦੇ ਨੇ ਉਨ੍ਹਾਂ ਨੂੰ ਮਿਲ਼ ਘਰ ਪਰਤ ਆਉਂਦੇ ਹੋ। ਜਿੰਨ੍ਹਾਂ ਤੋਂ ਪਿਆਰ ਦੇ ਬਦਲੇ ਪਿਆਰ ਮਿਲਣ ਵਾਲ਼ੀ ਆਸ ਲੈ ਘਰੋਂ ਗਏ ਸੀ ਉਨ੍ਹਾਂ ਦੇ ਨਾ ਮਿਲਣ ਤੇ ਇੰਝ ਲੱਗਦਾ ਜਿਵੇਂ ਬੜੇ ਚਾਅ ਨਾਲ਼ ਕੋਈ ਖ਼ਾਸ ਚੀਜ਼ ਲੈਣ ਗਏ ਖਾਲੀ ਹੱਥ ਘਰ ਪਰਤ ਆਏ ਹੋਵੋਂ।
ਆਪਣੇ ਨਾਨਕੇ ਪਿੰਡ ਜਾਂਦੇ ਹੋ। ਜਿੱਥੇ ਬਚਪਨ ਵਿੱਚ ਸਕੂਲ ਦੀਆਂ ਛੁੱਟੀਆਂ ਵਿੱਚ ਬੜੇ ਚਾਅ ਨਾਲ਼ ਜਾਂਦੇ ਸੀ। ਬੱਸ ਵਿੱਚੋਂ ਉੱਤਰ ਮਾਂ ਦੀ ਉਂਗਲ ਫ਼ੜ, ਬੱਸ ਅੱਡੇ ਤੋਂ ਪੈਦਲ ਨਾਨਕੇ ਘਰ ਵੱਲ ਜਾਂਦਿਆਂ ਘਰਾਂ ਚੋਂ ਲੱਗਦੇ ਮਾਮੇ ਨਾਨੇ ਮਿਲਦੇ ਤੇ ਪੁੱਛਦੇ "ਆ ਗਿਆ ਦੋਹਤਮਾਨਾ?" ਮਾਂ ਦੇ ਸਿਰ ਹੱਥ ਰੱਖ ਘਰ ਪਰਿਵਾਰ ਦੀ ਸੁੱਖ ਸਾਂਦ ਪੁੱਛਦੇ। ਪਰ ਹੁਣ ਤੁਹਾਡੀ ਕਾਰ ਸਿੱਧੀ ਨਾਨਕੇ ਘਰ ਦੇ ਬੂਹੇ ਅੱਗੇ ਜਾ ਕੇ ਰੁਕਦੀ ਹੈ, ਬੂਹਾ ਖਲਵਾਉਣ ਲਈ ਖੜਕਾਇਆ ਨਹੀਂ ਜਾਂਦਾ ਸਗੋਂ ਕਾਰ ਦੇ ਹੋਰਨ ਨਾਲ਼ ਹੀ ਕੰਮ ਸਾਰ ਲਿਆ ਜਾਂਦਾ। ਫਿ਼ਰ ਕਿਵੇਂ ਮਿਲਣਗੇ ਉਹ ਜਿਹੜੇ ਤੁਹਾਨੂੰ ਪੈਦਲ ਜਾਂਦਿਆਂ ਨੂੰ ਮਿਲਦੇ ਸੀ। ਨਾਨਕੇ ਘਰ ਅੰਦਰ ਜਿੱਥੇ ਬੇਪਰਵਾਹ ਸਾਰਾ ਦਿਨ ਸ਼ਰਾਰਤਾਂ ਕਰਦੇ ਫਿ਼ਰਦੇ ਸੀ। ਕੋਈ ਰੋਕਦਾ ਟੋਕਦਾ ਨਹੀਂ ਸੀ ਕਿ ਚਲੋ ਚਾਰ ਦਿਨ ਛੁੱਟੀਆਂ ਕੱਟਣ ਆਏ ਨੇ, ਜੇ ਘੂਰ ਦਿੱਤੇ ਇਨ੍ਹਾਂ ਦਾ ਏਥੇ ਆਉਣ ਨੂੰ ਜੀਅ ਨਹੀਂ ਕਰਨਾ। ਉਸ ਘਰ ਵਿਚਕਾਰ ਇੱਕ ਕੰਧ ਉੱਸਰ ਗਈ ਹੈ। ਮਾਮੇ ਅੱਡ ਹੋ ਗਏ ਨੇ। ਉਸ ਘਰ ਵਿੱਚ ਨਵੇਂ ਜੀਅ ਆ ਗਏ ਨੇ। ਮਾਮੇ ਮਾਮੀਆਂ, ਭਰਾ ਭਰਜਾਈਆਂ ਪਿਆਰ ਸਤਿਕਾਰ ਨਾਲ਼ ਮਿਲਦੇ ਹਨ। ਪਰ ਨਾਨਾ ਨਾਨੀ ਤੋਂ ਸੱਖਣਾ ਵੰਡਿਆ ਹੋਇਆ ਉਹ ਨਾਨਕਾ ਘਰ ਵੀ ਤੁਹਾਨੂੰ ਪਹਿਲਾਂ ਵਰਗਾ ਨਹੀਂ ਲੱਗਦਾ। ਇੰਝ ਲੱਗਦਾ ਜਿਵੇਂ ਤੁਹਾਡਾ ਏਥੇ ਪਹਿਲਾਂ ਵਾਲਾ ਹੱਕ ਨਹੀਂ ਰਿਹਾ। ਜਿੱਥੋਂ ਸਕੂਲ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਮਾਂ ਧੱਕੇ ਨਾਲ਼ ਖਿੱਚ ਕੇ ਪਿੰਡ ਲੈ ਕੇ ਆਉਂਦੀ ਸੀ। ਉੱਥੋਂ ਤੁਸੀਂ ਕਿਸੇ ਦੇ ਮਾੜਾ ਜਿਹਾ "ਚੱਲੀਏ" ਕਹਿਣ ਤੇ ਜਾਣ ਲਈ ਉਠ ਖਲੋਂਦੇ ਹੋ। ਫਿ਼ਰ ਕਿਵੇਂ ਘੁਲ਼ ਮਿਲ਼ ਪਾਓਂਗੇ ਭਰਾ ਭਰਜਾਈਆਂ ਨਾਲ਼, ਜੇ ਉਨ੍ਹਾਂ ਕੋਲ਼ ਕੁਝ ਸਮਾਂ ਨਹੀਂ ਗੁਜ਼ਾਰੋਂਗੇ।
ਇਸ ਤਰ੍ਹਾਂ ਹੀ ਕੋਈ ਸਕੂਲ ਕਾਲਜ ਵਾਲ਼ੇ ਦਿਨ ਲੱਭਦਾ ਰਹਿੰਦਾ। ਗੱਲ ਜਿਸ ਉਮਰ ਵਿੱਚ ਵਤਨ ਛੱਡਿਆ ਹੁੰਦਾ ਹਰ ਕੋਈ ਉਹੀ ਦਿਨ ਲੱਭਦਾ ਫਿਰਦਾ। ਬਚਪਨ ਦੇ ਦਿਨਾਂ ਤੇ ਇਸ ਜਹਾਨੋਂ ਚਲੇ ਗਿਆਂ ਨੂੰ ਤਾਂ ਦੁਨੀਆਂ ਦੀ ਕੋਈ ਤਾਕਤ ਮੋੜ ਕੇ ਨਹੀਂ ਲਿਆ ਸਕਦੀ। ਪਰ ਜੇ ਤੁਹਾਡਾ ਸਾਲ ਦੋ ਸਾਲ ਬਾਅਦ ਪੰਜਾਬ ਗੇੜਾ ਲੱਗਦਾ ਰਹੇ ਤਾਂ ਤੁਹਾਨੂੰ ਪੰਜਾਬ ਓਹਨਾਂ ਓਪਰਾ ਨਹੀਂ ਲੱਗੇਗਾ ਜਿੰਨਾ ਕਈ ਵਰਿਆਂ ਬਾਅਦ ਪਹਿਲੀ ਵਾਰ ਜਾਣ ਤੇ ਲੱਗਦਾ ਹੈ। ਆਉਣ ਜਾਣ ਨਾਲ਼ ਹੀ ਆਂਢੀਆਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ਼ ਮੋਹ ਬਰਕਰਾਰ ਰਹੇਗਾ। ਜਿਵੇਂ ਸਿਆਣੇ ਕਹਿੰਦੇ ਨੇ ਕਿ ਰਿਸ਼ਤੇਦਾਰੀ ਤਾਂ ਆਉਂਦੇ ਜਾਂਦਿਆਂ ਦੀ ਹੀ ਹੁੰਦੀ ਆ। ਜਿੰਨਾ ਕੋਲ ਜਾਣਾ ਨਹੀਂ ਉਹ ਆਪਣੇ ਕਿਵੇਂ ਲੱਗਣਗੇ। ਪੰਜਾਬ ਵਿੱਚ ਰੌਣਕ ਅੱਜ ਵੀ ਬਹੁਤ ਹੈ। ਬਸ ਲੋੜ ਹੈ ਸਮੇਂ ਦੇ ਹਾਣੀ ਬਣ ਕੇ ਆਪਣੇ ਆਪ ਨੂੰ ਫਿ਼ਰ ਤੋਂ ਪੰਜਾਬ ਦੇ ਰੰਗਾਂ ਵਿੱਚ ਰੰਗਣ ਦੀ। ਇਸ ਲਈ ਜਿੰਨੀ ਛੇਤੀ ਹੋ ਸਕੇ ਸਮਾਂ ਕੱਢ ਕੇ ਪਿੰਡ ਗੇੜਾ ਮਾਰਦੇ ਰਿਹਾ ਕਰੋ।

****

No comments: