ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ……… ਸ਼ਬਦ ਚਿਤਰ / ਕਰਨ ਬਰਾੜ


ਆਸਟ੍ਰੇਲੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਜੋ ਇੱਕ ਕੀਰਤਨੀਏ, ਸਫਲ ਪ੍ਰਚਾਰਕ ਅਤੇ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ। ਗਿਆਨੀ ਜੀ ਦੇ ਪਿਤਾ ਭਾਈ ਗਿਆਨ ਸਿੰਘ ਅਤੇ ਮਾਤਾ ਜਸਵੰਤ ਕੌਰ ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ ਅਤੇ ਗੁਰਬਾਣੀ ਦੇ ਗਿਆਤਾ ਸਨ। ਇਸ ਲਈ ਗਿਆਨੀ ਜੀ ਉੱਤੇ ਉਨ੍ਹਾਂ ਦਾ ਪ੍ਰਭਾਵ ਪੈਣਾ ਲਾਜਮੀਂ ਸੀ। ਗਿਆਨੀ ਸੰਤੋਖ ਸਿੰਘ ਬਚਪਨ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਅਤੇ ਉਸ ਦੀ ਵਿਆਖਿਆ ਕਰਦੇ। ਇਸ ਤਰ੍ਹਾਂ ਉਨ੍ਹਾਂ ਦਾ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਮੁੱਢਲੀ ਸਿੱਖਿਆ ਦਾ ਮੁੱਢ ਬੱਝਿਆ। ਗਿਆਨੀ ਜੀ 1958 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲ ਹੋਏ। ਜਿੱਥੇ ਉਨ੍ਹਾਂ ਪ੍ਰੋਫੈਸਰ ਰਜਿੰਦਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਰਪ੍ਰਸਤੀ ਹੇਠ ਸਿੱਖਿਆ ਹਾਸਲ ਕੀਤੀ। 1966 ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਕੀਤਾ ਤਾਂ ਉਨ੍ਹਾਂ ਦੇ ਨਾਮ ਨਾਲ ਗਿਆਨੀ ਸ਼ਬਦ ਪੱਕਾ ਹੀ ਜੁੜ ਗਿਆ। ਬਾਅਦ ਵਿੱਚ ਗਿਆਨੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਰਾਗੀ, ਪ੍ਰਚਾਰਕ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਪੀ. ਏ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ। ਭਾਵੇਂ ਕਿ ਗਿਆਨੀ ਸੰਤੋਖ ਸਿੰਘ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸਿੱਖੀ ਪ੍ਰਚਾਰ ਲਈ ਲੈਕਚਰ ਕਰਦਿਆਂ ਗੁਜ਼ਾਰਿਆ ਹੈ। ਪਰ ਨਾਲ ਦੀ ਨਾਲ ਆਪਣੇ ਜੀਵਨ ਦੇ ਖੱਟੇ ਮਿੱਠੇ ਅਨੁਭਵਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਵੀ ਪੇਸ਼ ਕੀਤਾ ਤਾਂ ਆਪ ਜੀ ਇੱਕ ਲੇਖਕ ਵਜੋਂ ਵੀ ਬੇਹੱਦ ਮਕਬੂਲ ਹੋਏ।

ਉਨ੍ਹਾਂ ਆਪਣੇ ਤਜਰਬਿਆਂ ਤੇ ਆਧਾਰਤ ਸੈਂਕੜੇ ਲੇਖ ਅਤੇ ਪੰਜ ਕਿਤਾਬਾਂ ਲਿਖੀਆਂ ਅਤੇ ਇਹ ਲਿਖਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗਿਆਨੀ ਸੰਤੋਖ ਸਿੰਘ ਦੇ ਮੇਲ-ਮਿਲਾਪ ਦਾ ਘੇਰਾ ਬਹੁਤ ਵਿਸ਼ਾਲ ਹੈ ਜਿਸ ਵਿੱਚ ਬੱਚੇ, ਨੌਜਵਾਨ, ਬਜ਼ੁਰਗ ਸਭ ਸ਼ਾਮਿਲ ਹਨ। ਗਿਆਨੀ ਸੰਤੋਖ ਸਿੰਘ ਜੀ ਬਹੁਤ ਹੀ ਸਾਦਾ ਅਤੇ ਸਰਲ ਜੀਵਨ ਬਤੀਤ ਕਰ ਰਹੇ ਹਨ। ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ। ਲਗਭਗ ਸਾਰੀ ਦੁਨੀਆਂ ਘੁੰਮ ਚੁੱਕੇ  ਗਿਆਨੀ ਸੰਤੋਖ ਸਿੰਘ ਜੀ ਅੱਜਕੱਲ ਆਸਟ੍ਰੇਲੀਆ ਦੇ ਪੱਕੇ ਵਸਨੀਕ ਬਣ ਕੇ ਇੱਥੋਂ ਦੇ ਗੁਰਦਵਾਰਿਆਂ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਨੂੰ ਪਹਿਲੀ ਵਾਰ ਮਿਲਦੀਆਂ ਹੀ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦੇ ਦਰਸ਼ਨ ਹੋ ਜਾਦੇ ਹਨ। ਉਹ ਆਪਣੇ ਗਿਆਨ ਭੰਡਾਰ ਵਿੱਚੋਂ ਚੁਣ ਚੁਣ ਕੇ ਗੱਲਾਂ ਸੁਣਾਉਂਦੇ ਹਨ ਤਾਂ ਹਰ ਕੋਈ ਹੈਰਾਨ ਰਹਿ ਜਾਦਾ ਹੈ। ਜਦੋਂ ਇੱਕ ਸਾਧਾਰਨ ਜਿਹਾ ਦੀਸਦਾ ਇਨਸਾਨ ਤੁਹਾਨੂੰ ਸ਼ੈਕਸਪੀਅਰ ਦੇ ਨਾਟਕ ਦਾ ਹਵਾਲਾ ਦੇ ਕੇ ਗੁਰਬਾਣੀ ਦੀ ਵਿਆਖਿਆ ਕਰੇਗਾ, ਕਦੇ ਆਪਣੇ ਝੋਲੇ ਵਿੱਚੋਂ ਸਹਿਤ ਦੀਆਂ ਅਨਮੋਲ ਕਿਤਾਬਾਂ ਪੜ੍ਹਨ ਨੂੰ ਦੇਵੇਗਾ, ਸਿੱਖ ਧਰਮ ਵਿੱਚ ਆਈਆਂ ਊਣਤਾਈਆਂ ਬਾਰੇ ਜਾਣਕਾਰੀ ਦੇ ਕੇ ਤੁਹਾਨੂੰ ਗੰਭੀਰ ਵੀ ਕਰੇਗਾ, ਵਿੱਚੋਂ ਕੋਈ ਚੁਟਕਲਾ ਸੁਣਾ ਕੇ ਲੋਟ ਪੋਟ ਵੀ ਕਰੇਗਾ ਤਾਂ ਸਾਹਮਣੇ ਵਾਲਾ ਸੋਚਦਾ ਹੈ ਕਿ ਮੈਂ ਇਸ ਇਨਸਾਨ ਨੂੰ ਪਹਿਲਾਂ ਕਿਉਂ ਨਹੀ ਮਿਲਿਆ। ਆਸਟ੍ਰੇਲੀਆ ਵਿੱਚ ਗਿਆਨੀ ਸੰਤੋਖ ਸਿੰਘ ਨੂੰ ਝੋਲਾ ਚੁੱਕ ਪ੍ਰਚਾਰਕ ਵੀ ਕਿਹਾ ਜਾਂਦਾ ਹੈ। ਉਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹ ਕਦੇ ਵੀ ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦੇ। ਉਹ ਆਪਣੇ ਮਸ਼ਹੂਰ ਝੋਲੇ ਨੂੰ ਕਿਤਾਬਾਂ ਨਾਲ ਨੱਕੋ ਨੱਕ ਭਰ ਕੇ ਸਵੇਰੇ ਮੈਲਬਾਰਨ, ਦੁਪਹਿਰੇ ਐਡੀਲੇਡ ਅਤੇ ਸ਼ਾਮ ਨੂੰ ਹੋ ਸਕਦਾ ਸਿਡਨੀ ਦੇ ਗੁਰਦੁਆਰੇ ਦੀ ਜ਼ਿੰਮੇਵਾਰੀ ਨਿਭਾ ਰਹੇ ਹੋਣ। ਰੱਬ ਕਰੇ ! ਇਹ ਬਹੁਪੱਖੀ ਸ਼ਖ਼ਸੀਅਤ ਇਸੇ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੀ ਦੇਸ਼ ਵਿਦੇਸ਼ ਦੀਆਂ ਧਰਤੀਆਂ ਤੇ ਘੁੰਮਦੀ ਰਹੇ।

****

No comments: