ਗੁੰਡਿਆਂ-ਬਦਮਾਸ਼ਾਂ, ਨਸ਼ੱਈਆਂ ਨੂੰ ਵਡਿਆਉਂਦੀ ਗਾਇਕੀ ਵਿਰੁੱਧ ਸਖ਼ਤੀ ਦੀ ਲੋੜ......... ਲੇਖ / ਹਰਮੇਲ ਪਰੀਤ

ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਾੜੇ ਗੀਤ ਗਾਏ ਜਾਂਦੇ ਰਹੇ ਹਨ ਤੇ ਓਦੋਂ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਅਸੀਂ ਅੱਜ ਵੀ ਚੁੱਕ ਰਹੀਏ। ਪੁਰਾਣੇ ਜ਼ਮਾਨੇ ਵਿਚ ਗੀਤ ਅੱਜ ਵਾਂਗ ਅਸਰ ਨਹੀਂ ਕਰਦੇ ਸਨ। ਲੋਕ ਇਹ ਵਰਗੀਕਰਨ ਆਸਾਨੀ ਨਾਲ ਕਰ ਸਕਦੇ ਸਨ ਕਿ ਕਿਹੜੇ ਗੀਤ ਟਰੱਕਾਂ ਵਾਲਿਆਂ ਦੇ ਸੁਣਨ ਵਾਲੇ ਹਨ, ਕਿਹੜੇ ਟਿਊਬਵੈੱਲ ’ਤੇ ਅਤੇ ਕਿਹੜੇ ਪਰਵਾਰ ਵਿਚ ਬੈਠਕੇ। ਲੋਕ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਢੁੱਕਵੀਂ ਥਾਂ ਸੁਣ ਲੈਂਦੇ ਸਨ। ਯਾਨੀ ਜਿਹੜੇ ਗੀਤ ਬੱਚਿਆਂ ਲਈ ਚੰਗੇ ਨਹੀਂ ਉਹ ਬੱਚਿਆਂ ਤੋਂ ਦੂਰ ਹੀ ਰਹਿੰਦੇ ਸਨ। ਪਰ ਅੱਜ ਟੀ। ਵੀ ਚੈਨਲਾਂ ਦੀ ਆਮਦ ਨਾਲ ਇਹ ਬੰਦਸ਼ ਖਤਮ ਹੋ ਗਈ ਹੈ। ਗੰਦ ਮੰਦ ਸਾਰਾ ਕੁੱਝ ਸਾਡੇ ਬੈੱਡਰੂਮ ਵਿਚ ਘੁਸਪੈਠ ਕਰ ਗਿਆ ਹੈ। ਇਸੇ ਕਰਕੇ ਹੀ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਅੱਜ ਤਿੰਨ ਚਾਰ ਸਾਲਾਂ ਦੇ ਬੱਚੇ ਜਿੰਨ੍ਹਾਂ ਨੂੰ  ਇੱਕ ਤੋਂ ਦਸ ਤੱਕ ਗਿਣਤੀ ਭਾਵੇਂ ਨਾ ਆਵੇ ਪਰ ਉਹ ‘ਬਾਜ਼ੀ ਲੈ ਗਿਆ ਬਠਿੰਡੇ ਵਾਲਾ ਗੱਭਰੂ’, ‘ਮੁੰਡਾ ਸੱਜਰੇ ਮੱਖਣ ਦਾ ਪੇੜਾ- ਮੈਨੂੰ ਕਹਿੰਦਾ ਖੰਡ ਦੀ ਪੁੜੀ’ ਜ਼ਰੂਰ ਗਾ ਰਹੇ ਹਨ। ਮੁੰਡਿਆਂ ਵਿਚ ਲੜਨ ਮਰਨ ਦੀ ਬਿਰਤੀ ਸਿਰ ਚੁੱਕ ਰਹੀ ਹੈ। ਰਾਹ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਵਾ ਵਧ ਰਹੀਆਂ ਹਨ। ਫ਼ਰੀਦਕੋਟ ਦਾ ਬਹੁਚਰਚਿਤ ਸ਼ਰੁਤੀ ਕਾਂਡ ਤੇ ਅਜਿਹੇ ਹੋਰ ਅਨੇਕਾਂ ਕਾਂਡ ਜਿੰਨ੍ਹਾਂ ਦੀ ਚਰਚਾ ਨਹੀਂ ਹੁੰਦੀ ਵਾਪਰ ਰਹੇ ਹਨ। ਕਿਉਂ ਕਿ ਸਾਡੀ ਗਾਇਕੀ ਦਾ ਬਹੁਤ ਹਿੱਸਾ ਸਵੇਰ ਤੋਂ ਸ਼ਾਮ ਤੱਕ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣ, ਵੱਢ ਸੁਟਣ, ਟੱਲੀ ਰਹਿਣ ਦਾ ਪਾਠ ਹੀ ਪੜ੍ਹਾ ਰਿਹਾ ਹੈ। ਇਕ ਗਾਇਕ ਗਾ ਰਿਹਾ ਹੈ, ‘ਜੱਟ ਪੁੱਠਿਆਂ ਕੰਮਾਂ ਦਾ ਸ਼ੌਕੀ’। ਕੋਈ ਕੁੜੀਆਂ ਦੇ ਲੱਕ ਮਿਣਦਾ ਹੈ ਤੇ ਕੋਈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ‘ਡੰਗ ਸਾਰਨ’ ਲਈ ਦਾਅਵਤ ਦੇ ਰਿਹਾ ਹੈ। ਇਕ ਬੀਬੀ ਕੈਲੀ ਸਿੰਘ ਨੇ ਤਾਂ ਸਾਰਿਆਂ ਨੂੰ ਮਾਤ ਪਾ ਛੱਡੀ ਹੈ। ਇਕ ਹੋਰ ਬੀਬੀ ਗੁੰਡਾਗਦਰਦੀ ’ਤੇ ਉਤਾਰੂ ਹੈ ਤੇ ‘ਜੀਪ ਵਿਚ ਪੰਜ ਸੱਤ ਤਲਵਾਰਾਂ’ ਲੈ ਕੇ ਘੁੰਮਦੀ ਹੈ। ਉਹਦੀ ਪਰਵਾਰਕ ਗਾਇਕੀ ਦਾ ਇਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਗਾਇਕੀ ਵਪਾਰ ਬਣ ਗਈ ਹੈ, ਪਰ ਵਪਾਰ ਦੇ ਵੀ ਕੁੱਝ ਕਾਇਦੇ ਕਾਨੂੰਨ, ਦੀਨ ਈਮਾਨ ਹੁੰਦਾ ਹੈ- ਗਾਇਕੀ ਦੇ ਵਪਾਰੀਆਂ ਦਾ ਉਹ ਵੀ ਨਹੀਂ ਦਿਸਦਾ।

ਅੱਜ ਸਾਡੇ ਸਾਹਮਣੇ ਅਨੇਕ ਚੁਣੌਤੀਆਂ ਹਨ। ਖ਼ਤਰੇ ਪੈਰ ਪੈਰ ’ਤੇ ਰਾਹ ਰੋਕੀ ਖੜ੍ਹੇ ਹਨ। ਪੰਜਾਬੀਆਂ ਦੀ ਪੰਜਾਬ ਵੱਸਦੀ ਨੌਜਵਾਨ ਪੀੜ੍ਹੀ ਦੇ ਕਦਮ ਥਿੜਕ ਰਹੇ ਹਨ (ਸੱਚ ਕਹੀਏ ਤਾਂ ਥਿੜਕਾਏ ਜਾ ਰਹੇ ਹਨ)। ਪੰਜਾਬ ਦਾ ਵਿਗੜਦਾ ਵਾਤਾਵਰਣ ਭਵਿੱਖ ਦੀਆਂ ਪੀੜ੍ਹੀਆਂ ’ਤੇ ਹੀ ਸਵਾਲੀਆ ਨਿਸ਼ਾਨ ਲਾ ਰਿਹਾ ਹੈ। ਨਸ਼ੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰੀ ਜਾ ਰਹੇ ਹਨ। ਵੱਖ ਵੱਖ ਸਰਵੇਖਣਾਂ ਤੋਂ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਦੇ 70 ਤੋਂ 73 ਫੀਸਦੀ ਗੱਭਰੂ (ਮੁਟਿਆਰਾਂ ਵੀ) ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹਨ। ਸਿਆਸਤਦਾਨ ਇਸ ਮਾਰ ਤੋਂ ਨੌਜਵਾਨੀ ਨੂੰ ਬਚਾਉਣ ਲਈ ਸੁਹਿਰਦ ਯਤਨ ਕਰਨ ਥਾਂ ਇਸ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ। ਪਰ ਅੱਜ ਇਥੇ ਜਿਸ ਖ਼ਤਰੇ ਦਾ ਜ਼ਿਕਰ ਕਰਨਾ ਹੈ ਉਹ ਖਤਰਾ ਸੱਭਿਆਚਾਰਕ ਮੁਹਾਜ਼  ਤੋਂ ਪੈਦਾ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕੀ ਦਾ ਵੱਡਾ ਹਿੱਸਾ ਨੰਗੇਜ਼, ਬੇਹਯਾਈ, ਅਯਾਸ਼ੀ, ਨਸ਼ਿਆਂ, ਹਿੰਸਾ ਤੇ ਹਥਿਆਰਾਂ ਦਾ ਖੁੱਲ੍ਹਆਮ ਮਹਿਮਾ-ਮੰਡਮ ਕਰ ਰਹੇ ਹਨ। ਲੋਫਰਾਂ, ਬਦਮਾਸ਼ਾਂ, ਅੱਯਾਸ਼ਾਂ ਤੇ ਨਸ਼ਈਆਂ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਟੀ।ਵੀ। ਚੈਨਲਾਂ ਦੀ ਆਮਦ ਨਾਲ ਅਜਿਹੀ ਗਾਇਕੀ ਨੌਜਵਾਨ ਪੀੜ੍ਹੀ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਰਹੀ ਹੈ। ਜਦੋਂ ਅਸੀਂ ਅਜਿਹੀ ਗਾਇਕੀ ਦਾ ਵਿਰੋਧ ਕਰਦੇ ਹਾਂ ਤਾਂ ਸਾਹਮਣੀ ਧਿਰ ਝੱਟ ਸਵਾਲ ਕਰਦੀ ਹੈ ਕਿ ਮਾੜੇ ਗੀਤ (ਜਿੰਨ੍ਹਾਂ ਨੂੰ ਉਹ ਗਰਮ ਗੀਤ ਕਹਿੰਦੇ ਹਨ) ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ ਤੇ ਅਜਿਹੇ ਹੋਰ ਗਾਇਕਾਂ ਨੇ ਵੀ ਗਾਏ ਹਨ ਜਿੰਨ੍ਹਾਂ ਦਾ ਨਾਂਅ ਅਸੀਂ ਬੜੇ ਅਦਬ ਨਾਲ ਲੈਂਦੇ ਹਾਂ ਜਾਂ ਜਿੰਨ੍ਹਾਂ ਨੂੰ ਚੰਗੀ ਗਾਇਕੀ ਦੇ ਆਦਰਸ਼ ਬਣਾਕੇ ਪੇਸ਼ ਕਰਦੇ ਹਨ। ਕਈ ਅਮਰ ਸਿੰਘ ਚਮਕੀਲੇ ਦੀ ਆੜ੍ਹ ਵੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਹ ਠੀਕ ਹੈ ਕਿ ਉਕਤ ਗਾਇਕਾਂ ਦੇ ਕਈ ਗੀਤ ਅਜਿਹੇ ਹਨ ਜਿਹੜੇ ਪਰਵਾਰਕ ਨਹੀਂ। ਇਸ ਮਾਮਲੇ ’ਚ ਸਾਡੀ ਕਿਸੇ ਪ੍ਰਤੀ ਅੰਧ ਸ਼ਰਧਾ ਨਹੀਂ ਹੈ। ਲਿਹਾਜ਼ਾ ਅਸੀਂ ਉਹਨਾਂ ਗੀਤਾਂ ਨੂੰ ਵੀ ਨਿੰਦਦੇ ਤੇ ਰੱਦਦੇ ਹਾਂ। ਪਰ ਜਿਹੜੇ ਲੋਕ ਇਸ ਦੁਨੀਆਂ ਵਿਚ ਨਹੀਂ ਰਹੇ ਉਹਨ੍ਹਾਂ ਨੂੰ ਸੁਧਰਨ ਲਈ ਨਹੀਂ ਕਿਹਾ ਜਾ ਸਕਦਾ।

ਆਮ ਲੋਕ ਇਸ ਗਾਇਕੀ ਦੇ ਖ਼ਤਰੇ ਸਮਝ ਨਹੀਂ ਰਹੇ। ਬਦਕਿਸਮਤੀ ਨਾਲ ਜਦੋਂ ਉਨ੍ਹਾਂ ਦੇ ਬੱਚੇ ਟੀ।ਵੀ। ਤੋਂ ਕੰਨੀ ਪਏ ਕਿਸੇ ਗੀਤ ਨੂੰ ਗਾਉਂਦੇ ਹਨ ਤਾਂ ਉਹ ਗੀਤ ਦੇ ਸ਼ਬਦਾਂ ਤੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦਿੱਤੇ ਬਿਨਾਂ ਆਪਣੇ ਲਾਡਲੇ ਜਾਂ ਲਾਡਲੀ ਦੀ ‘ਪ੍ਰਾਪਤੀ’ ’ਤੇ ਖੁਸ਼ ਹੁੰਦੇ ਹਨ। ਸਕੂਲਾਂ ਦੇ ਸਮਾਗਮਾਂ ਵਿਚ ਬੱਚੇ ਅਜਿਹੇ ਹੀ ਗੀਤ ਗਾ ਰਹੇ ਹਨ ਜਾਂ ਗੀਤਾਂ ’ਤੇ ਨੱਚ ਰਹੇ ਹਨ ਜਿਹੜੇ ਮਿਆਰੀ ਨਹੀਂ ਹੁੰਦੇ।

ਪਰ ਹੈਰਤ ਵਾਲੀ ਗੱਲ ਇਹ ਹੈ ਕਿ ਸਾਡੇ ਬੁੱਧੀਜੀਵੀ ਤੇ ਵੱਡੇ ਸਾਹਿਤਕਾਰ ਇਸ ਮਾਮਲੇ ਵਿਚ ਮੂੰਹ ਨਹੀਂ ਖੋਲ੍ਹ ਰਹੇ। ਇਹ ਸਾਜ਼ਿਸ਼ੀ ਚੁੱਪ ਬੇਹੱਦ ਖਤਰਨਾਕ ਹੈ। ਕੁਝ ਸੰਸਥਾਵਾਂ ਇਸ ਗੰਦ ਵਿਰੁੱਧ ਜ਼ਰੂਰ ਆਵਾਜ਼ ਉਠਾ ਰਹੀਆਂ ਹਨ। ਬੜੀ ਦੇਰ ਬਾਅਦ ਸਰਕਾਰ ਨੇ ਇਸ ਪਾਸੇ ਆਪਣੀ ਚੁੱਪ ਤੋੜੀ ਹੈ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਜਿਹੀ ਗਾਇਕੀ ਵਿਰੁੱਧ ਕਦਮ ਚੁੱਕਣ ਲਈ ਕਿਹਾ ਹੈ। ਰਾਜ ਦੇ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਬੱਸਾਂ ਵਿਚ ਅਸ਼ਲੀਲ ਕਿਸਮ ਦੇ ਗੀਤ ਚਲਾਉਣ ਵਿਰੁੱਧ ਹੁਕਮ ਜਾਰੀ ਕੀਤੇ ਹਨ। ਇਹ ਯਤਨ ਕਾਫੀ ਨਹੀਂ ਹਨ- ਪਰ ਪਹਿਲ ਹੋਈ ਹੈ - ਓਸ ਪਹਿਲ ਦਾ ਸਵਾਗਤ ਹੈ। ਇਸ ਨੂੰ ਹੋਰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਹਿੰਸਾ, ਹਥਿਆਰਾਂ, ਬਦਮਾਸ਼ਾਂ, ਗੁੰਡਿਆਂ ਨੂੰ ਪ੍ਰਮੋਟ ਕਰਨ ਵਾਲੀ ਗਾਇਕੀ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜ ਸੱਤ ਅਖੌਤੀ ਗਾਇਕਾਂ ਨੂੰ 2-4 ਮਹੀਨਿਆਂ ਲਈ ਅੰਦਰ ਡੱਕ ਦਿੱਤਾ ਜਾਵੇ ਤਾਂ ਕਾਫੀ ਸੁਧਾਰ ਹੋ ਜਾਣਾ। ਇਹ  ਅੱਜ ਨਹੀਂ ਤਾਂ ਕੱਲ੍ਹ ਕਰਨਾ ਹੀ ਪੈਣਾ ਹੈ। ਇਹਦੇ ਬਿਨਾਂ ਕੋਈ ਚਾਰਾ ਨਹੀਂ ਬਚਿਆ ਲਗਦਾ। ਸਕੂਲਾਂ ਦੇ ਸਮਾਗਮਾਂ ’ਤੇ ਜ਼ਿਲ੍ਹਾ ਅਧਿਕਾਰੀ ਤਿੱਖੀ ਨਜ਼ਰ ਰੱਖਣ ਤੇ ਅਜਿਹੀ ਗਾਇਕੀ ਨੂੰ ਉਨ੍ਹਾਂ ਦਾ ਹਿੱਸਾ ਨਾ ਬਣਨ ਦੇਣ। ਪੱਤਰਕਾਰ ਤੇ ਸਮੀਖਿਅਕ ਹਰ ਕੈਸੇਟ ਨੂੰ ਅਨਮੋਲ ਤੋਹਫਾ ਕਹਿਕੇ ਵਡਿਆਉਣ ਤੋਂ ਕਿਨਾਰਾ ਕਰਨ। ਲੋਕ ਗੀਤਾਂ ਤੇ ਥਿਰਕਣ ਤੋਂ ਪਹਿਲਾਂ ਉਹਦੇ ਅਰਥਾਂ ਵੱਲ ਧਿਆਨ ਦੇਣ।

-ਸਹਾਇਕ  ਨਿਰਦੇਸ਼ਕ,

ਹਰਮਨ ਰੇਡੀਓ ਆਸਟ੍ਰੇਲੀਆ

****

1 comment:

HS Dhaliwal said...

ਪਿਆਰੇ ਹਰਮੇਲ ਪਰੀਤ ਜੀ,
ਤੁਹਾਡਾ ਲਿਖਿਅੇ ਲੇਖ ਅਜੋਕੇ ਦੌਰ ਵਿੱਚ ਚੱਲ ਰਹੀ ਲੱਚਰ, ਭੜਕੀਲੇ ਅਤੇ ਵੈਲੀਪੁਣੇ ਦੀ ਪਿੱਠ ਠੋਕਣ ਵਾਲੇ ਗੀਤਾ ਦੀ ਹਨੇਰੀ ਨੂੰ ਰੋਕਣ ਵਿੱਚ ਸਹਾਈ ਹੋਣ ਵਾਲਾ ਇੱਕ ਉਪਰਾਲਾ ਹੈ। ਆਪ ਸੱਚਮੁੱਚ ਇਸ ਉਦਮ ਲਈ ਵਧਾਈ ਦੇ ਪਾਤਰ ਹੋ।