ਸ਼ਬਦਾਂ ਦਾ ਸਮੁੰਦਰ-ਪ੍ਰਭਜੀਤ ਨਰਵਾਲ.......... ਸ਼ਬਦ ਚਿਤਰ / ਰਾਜੂ ਹਠੂਰੀਆ

ਆਮ ਤੌਰ ਤੇ ਪਾਠਕ ਜਦੋਂ ਕੋਈ ਰਸਾਲਾ ਜਾਂ ਅਖ਼ਬਾਰ ਪੜ੍ਹਦਾ ਹੈ ਤਾਂ ਉਸ ਵਿੱਚ ਉਸ ਨੂੰ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੋਈ ਨਾ ਕੋਈ ਐਸੀ ਰਚਨਾ ਜਰੂਰ ਹੁੰਦੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੋਹ ਜਾਂਦੀ ਹੈ। ਰਚਨਾ ਦੇ ਜ਼ਰੀਏ ਰਚਣਹਾਰੇ ਦੀ ਵੀ ਪਾਠਕ ਦੇ ਦਿਲ ਵਿੱਚ ਖਾਸ ਜਗ੍ਹਾ ਬਣ ਜਾਂਦੀ ਹੈ। ਉਸ ਤੋਂ ਬਾਅਦ ਪਾਠਕ ਉਸ ਲੇਖਕ ਦੀ ਕੋਈ ਵੀ ਰਚਨਾ ਪੜ੍ਹੇ ਵਗੈਰ ਨਹੀਂ ਰਹਿ ਸਕਦਾ। ਫਿ਼ਰ ਪਾਠਕ ਦੇ ਦਿਲ ਵਿੱਚ ਉਸ ਲੇਖਕ ਨੂੰ ਮਿਲਣ ਦੀ ਰੀਝ ਜਰੂਰ ਜਾਗ ਉਠਦੀ ਹੈ। ਉਹ ਲੇਖਕ ਬਾਰੇ ਹੋਰ ਬਹੁਤ ਕੁਝ ਜਾਨਣਾ ਚਾਹੁੰਦਾ ਹੈ। ਜਿਵੇਂ ਲੇਖਕ ਦੇ ਸੁਭਾਅ ਬਾਰੇ, ਉਸ ਦੇ ਲੇਖਣੀ ਸਫ਼ਰ ਬਾਰੇ ਅਤੇ ਖਾਸ ਕਰ ਕੇ ਉਹ ਜਾਨਣਾ ਚਾਹੁੰਦਾ ਹੈ ਕਿ ਉਹ ਜਿੰਨ੍ਹਾਂ ਵਧੀਆ ਲੇਖਕ ਹੈ ਕੀ ਉਨ੍ਹਾਂ ਵਧੀਆ ਇਨਸਾਨ ਵੀ ਹੈ? ਜੇ ਮਿਲਣ ਤੇ ਲੇਖਕ ਪਾਠਕ ਦੀਆਂ ਉਮੀਦਾਂ ਤੇ ਖ਼ਰਾ ਉੱਤਰੇ ਤਾਂ ਪਾਠਕ ਅਤੇ ਲੇਖਕ ਵਿੱਚ ਇੱਕ ਅਟੁੱਟ ਸਾਂਝ ਬਣ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹੀ ਸਮਰੱਥਾ ਰੱਖਦਾ ਹੈ ਇਟਲੀ ਵੱਸਦਾ ਲੇਖਕ 'ਪ੍ਰਭਜੀਤ ਨਰਵਾਲ'। ਕੋਈ ਵੀ ਪਾਠਕ ਇੱਕ ਵਾਰ ਉਸ ਦੀ ਰਚਨਾ ਪੜ੍ਹ ਲਵੇ ਤਾਂ ਉਸ ਦਾ ਪ੍ਰਸੰਸਕ ਬਣੇ ਬਿਨਾ ਨਹੀਂ ਰਹਿ ਸਕਦਾ। ਜੇ ਕਿਤੇ ਪ੍ਰਭਜੀਤ ਨੂੰ ਮਿਲਣ ਦਾ ਸਬੱਬ ਬਣ ਜਾਵੇ ਤਾਂ ਪਾਠਕ ਜਿੰਨਾ ਉਸ ਦੀ ਲੇਖਣੀ ਦਾ ਮੁਰੀਦ ਹੁੰਦਾ ਹੈ, ਉਸ ਤੋਂ ਜਿ਼ਆਦਾ ਉਹ ਪ੍ਰਭਜੀਤ ਦੇ ਇਨਸਾਨੀਅਤ ਪੱਖ ਤੋਂ ਪ੍ਰਭਾਵਿਤ ਹੋ ਜਾਂਦਾ ਹੈ। 
ਪ੍ਰਭਜੀਤ ਬੜੇ ਮਿਲਾਪੜੇ ਸੁਭਾਅ ਦਾ ਮਾਲਕ ਹੈ। ਉਸ ਦੀਆਂ ਰਚਨਾਵਾਂ ਦੁਨੀਆਂ ਦੇ ਕੋਨੇ-ਕੋਨੇ ਤੋਂ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਉਹ ਹੁਣ ਤੱਕ ਤਿੰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾਅ ਚੁੱਕਿਆ ਹੈ। ਉਸ ਦੇ ਕਈ ਗੀਤ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ। ਮੈਨੂੰ ਪਿਛਲੇ ਕੁਝ ਸਾਲਾਂ ਤੋਂ ਪ੍ਰਭਜੀਤ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਿਆ। ਅਸੀਂ ਕੁਝ ਹੋਰ ਦੋਸਤਾਂ ਨਾਲ ਮਿਲ ਕੇ 'ਸਾਹਿਤ ਸੁਰ ਸੰਗਮ ਸਭਾ(ਇਟਲੀ)' ਦਾ ਸੰਗਠਨ ਵੀ ਕੀਤਾ। ਪ੍ਰਭਜੀਤ ਨਰਵਾਲ ਨੂੰ ਸਰਬ ਸੰਮਤੀ ਨਾਲ ਇਸ ਸਭਾ ਦਾ ਪ੍ਰਧਾਨ ਚੁਣਿਆ ਗਿਆ। ਪ੍ਰਭਜੀਤ  ਦੇ ਜੀਵਨ ਸਫ਼ਰ ਅਤੇ ਲੇਖਣੀ ਸਫ਼ਰ ਤੋਂ ਇਲਾਵਾ ਉਸ ਦੀਆਂ ਰਚਨਾਵਾਂ ਕਦੋਂ ਅਤੇ ਕਿਵੀਆਂ ਲਿਖੀਆਂ ਗਈਆਂ ਬਾਰੇ ਮੈਨੂੰ ਜਿੰਨੀ ਕੁ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾਂ। ਪ੍ਰਭਜੀਤ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ, ਜਿਸ ਸਦਕਾ ਉਸ ਦੀ ਹਰ ਰਚਨਾ ਵਿੱਚ ਤਾਜ਼ਗੀ ਅਤੇ ਵਿਲੱਖਣਤਾ ਨਜ਼ਰ ਆਉਂਦੀ ਹੈ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਅਤੇ ਸਭ ਨੂੰ ਪਿਆਰ ਕਰਨ ਵਾਲਦ ਇਨਸਾਨ ਹੈ। ਅਨੇਕਾਂ ਪ੍ਰਾਪਤੀਆਂ ਅਤੇ ਅਨੇਕਾਂ ਸਨਮਾਨ ਮਿਲਣ ਤੋਂ ਬਾਅਦ ਵੀ ਉਹ ਨਿਮਾਣਾ ਬਣ ਕੇ ਰਹਿੰਦਾ ਹੈ। ਇਸ ਗੱਲ ਦੀ ਹਾਮੀ ਭਰਦੀਆਂ ਹਨ ਉਸ ਦੀਆਂ ਲਿਖੀਆਂ ਇਹ ਸਤਰਾਂ;
"ਸ਼ੁਕਰ ਕਹਿਣ ਦੀ ਆਦਤ ਜਦ ਤੱਕ ਪੈਣੀ ਨ੍ਹੀਂ, ਸੁੱਖ ਸ਼ਾਂਤੀ ਕਦੇ ਵੀ ਮਨ ਨੂੰ ਰਹਿਣੀ ਨ੍ਹੀਂ
ਪ੍ਰਭਜੀਤ ਜੇ ਚੰਗਾ ਕਦੇ ਕਿਸੇ ਨੂੰ ਕਹਿੰਦਾ ਨ੍ਹੀਂ, ਤੇ ਮਾੜੀ ਵੀ ਉਸ ਕਦੇ ਕਿਸੇ ਨੂੰ ਕਹਿਣੀ ਨ੍ਹੀਂ।"
ਪ੍ਰਭਜੀਤ ਨਰਵਾਲ ਦਾ ਪਿੰਡ ਘੋੜੇਵਾਹਾ ਜਿ਼ਲ੍ਹਾ ਹੁਸਿ਼ਆਰਪੁਰ ਵਿੱਚ ਹੈ। ਪ੍ਰਭਜੀਤ ਨਰਵਾਲ ਦਾ ਜਨਮ ਖੇਤੀਬਾੜੀ ਕਰਨ ਵਾਲੇ ਮੱਧ ਵਰਗੀ ਪਰਿਵਾਰ ਵਿੱਚ ਪਿਤਾ ਸ੍ਰ ਜਗੀਰ ਸਿੰਘ ਅਤੇ ਮਾਤਾ ਸ੍ਰੀ ਮਤੀ ਅਮਰ ਕੌਰ ਦੇ ਘਰ ਹੋਇਆ। ਪੜ੍ਹਨ ਦਾ ਬੜਾ ਸ਼ੌਂਕ ਸੀ ਪਰ ਦਸਵੀਂ ਤੋਂ ਬਾਅਦ ਮਜਬੂਰਨ ਪੜ੍ਹਾਈ ਛੱਡਣੀ ਪਈ। ਇਸ ਦਾ ਪਹਿਲਾ ਕਾਰਨ ਤਾਂ ਪ੍ਰਭਜੀਤ ਦਾ ਸਾਰੇ ਪਰਿਵਾਰ ਵਿੱਚੋਂ ਵੱਧ ਖਰਚੀਲਾ ਗਿਣਿਆਂ ਜਾਣਾ ਸੀ। ਕਿਉਂਕਿ ਘਰੋਂ ਸੌਦਾ ਲਿਆਉਣ ਲਈ ਦਿੱਤੇ ਪੈਸਿਆਂ ਵਿੱਚੋਂ ਸੌਦਾ ਖ੍ਰੀਦਣ ਤੋਂ ਬਾਅਦ ਬਚੇ ਪੈਸੇ ਕਦੇ ਵਾਪਿਸ ਘਰ ਨਹੀਂ ਸਨ ਆਉਂਦੇ। ਉੱਥੇ ਹੀ ਖਾਹ ਪੀਅ ਕੇ ਨਬੇੜ ਦਿੰਦਾ ਸੀ। ਦੂਜਾ ਆਂਢੀਆਂ ਗੁਆਂਢੀਆਂ ਤੋਂ ਸੁਣ, ਕਿ ਕਾਲਜ ਦੇ ਤਾਂ ਖਰਚੇ ਹੀ ਬਹੁਤ ਹੁੰਦੇ ਹਨ। ਆਰਥਿਕ ਪੱਖੋਂ ਕਮਜ਼ੋਰ ਮਾਂ-ਪਿਉ ਅੱਗੇ ਪੜ੍ਹਨ ਦੀ ਇਜ਼ਾਜਤ ਨਾ ਦੇ ਸਕੇ। ਉਨ੍ਹਾਂ ਨੂੰ ਲੱਗਿਆ ਕਿ ਇਹ ਸ਼ਹਿਰ ਜਾ ਕੇ ਇਹ ਹੋਰ ਵੀ ਖਰਚੀਲਾ ਹੋ ਜਾਵੇਗਾ ਤੇ ਸਾਥੋਂ ਪੜ੍ਹਾਈ ਅਤੇ ਇਸ ਦੇ ਖਰਚੇ ਉਠਾਏ ਨਹੀਂ ਜਾਣੇ। ਪੜ੍ਹਾਈ ਅਧੂਰੀ ਰਹਿਣ ਦੇ ਦੁੱਖ ਨਾਲ ਪ੍ਰਭਜੀਤ ਨੂੰ ਇਹ ਅਹਿਸਾਸ ਵੀ ਹੋਇਆ ਕਿ ਮੱਧ ਵਰਗੀ ਪਰਿਵਾਰ ਕਿੰਨੇ ਬੇਵੱਸ ਹੁੰਦੇ। ਖੇਤੀਬਾੜੀ ਕਰਨ ਵਾਲੇ ਪਰਿਵਾਰ ਵਿੱਚ ਜਨਮ ਲੈਣ ਦੇ ਬਾਅਦ ਵੀ ਉਹ ਖੇਤੀਂ ਕੰਮ ਕਰਨ ਤੋਂ ਮੁਨਕਰ ਸੀ। ਪ੍ਰਭਜੀਤ ਦੱਸਦਾ ਹੈ ਕਿ ਜੇ ਉਸ ਨੂੰ ਧੱਕੇ ਨਾਲ ਖੇਤ ਲਿਜਾਇਆ ਵੀ ਜਾਂਦਾ ਤਾਂ ਉਹ ਕਾਪੀ ਪੈੱਨ ਚੱਕ ਖੇਤਾਂ ਦੀਆਂ ਵੱਟਾਂ ਉੱਪਰ ਜਾਂ ਖੇਤ 'ਚ ਪਾਈ ਛੰਨ ਥੱਲੇ ਬੈਠ ਕੁਝ ਨਾ ਕੁਝ ਲਿਖਦਾ ਰਹਿੰਦਾ। ਦੱਸਦਾ ਹੈ ਕਿ ਛੰਨ ਨਾਲ ਉਸ ਨੂੰ ਬੜਾ ਮੋਹ ਸੀ, ਬੜਾ ਸਕੂਨ ਮਿਲਦਾ ਸੀ ਉਸ ਥੱਲੇ ਬੈਠ। ਬਹੁਤ ਸਾਰੀਆਂ ਰਚਨਾਵਾਂ ਉਸ ਛੰਨ ਦੀ ਗੋਦ ਵਿੱਚ ਬਹਿ ਹੀ ਕੇ ਲਿਖੀਆਂ।
ਪ੍ਰਭਜੀਤ ਆਪਣੀ ਜਿ਼ੰਦਗੀ ਅਤੇ ਲੇਖਣੀ ਦੇ ਸਫ਼ਰ ਬਾਰੇ ਇੰਝ ਦੱਸਦਾ ਹੈ। "ਜੇ ਗੱਲ ਲੇਖਣੀ ਦੀ ਕਰੀਏ, ਪਹਿਲਾਂ ਤਾਂ ਉਂਝ ਹੀ ਤੁਕ ਬੰਦੀ ਕਰਦਾ ਰਹਿੰਦਾ ਸੀ। ਲਿਖਦਾ ਰਿਹਾ, ਜਦੋਂ ਇਨ੍ਹਾਂ ਨੇ ਕੋਈ ਨਾ ਕੋਈ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਆਪਣੀਆਂ ਰਚਨਾਵਾਂ ਆਪਣੇ ਬਚਪਨ ਦੇ ਦੋਸਤ ਬਿਕਰਮਜੀਤ ਸਿੰਘ 'ਲਾਲੀ' ਨੂੰ ਸੁਣਾਈਆਂ। ਇਸ ਤੋਂ ਪਹਿਲਾਂ ਮੇਰੇ ਲਿਖਣ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ। ਸੁਣ ਕੇ ਲਾਲੀ ਕਹਿਣ ਲੱਗਾ "ਵਧੀਆ ਨੇ, ਆਪਾਂ ਇਨ੍ਹਾਂ ਨੂੰ ਛਪਣ ਲਈ ਭੇਜਦੇ ਹਾਂ।" ਮੈਂ ਥੋੜਾ ਝਿਜਕ ਰਿਹਾ ਸੀ ਕਿ ਕਿਤੇ ਟਿੱਚਰਾਂ ਨੂੰ ਥਾਂ ਨਾ ਹੋ ਜਾਵੇ। ਲਾਲੀ ਸ਼ਹਿਰੋ ਕੁਝ ਰਸਾਲੇ ਅਤੇ ਅਖ਼ਬਾਰ ਲੈ ਆਇਆ। ਉਨ੍ਹਾਂ ਤੋਂ ਪਤੇ ਉਤਾਰ ਮੈਂ ਰਚਨਾਵਾਂ ਛਪਣ ਲਈ ਭੇਜ ਦਿੱਤੀਆਂ। ਰਚਨਾਵਾਂ ਛਪ ਕੇ ਆ ਗਈਆਂ। ਹੌਂਸਲਾ ਵਧ ਗਿਆ। ਛਪਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਸਮੇਂ ਅਜੀਤ, ਹਾਣੀ, ਸਮਰਾਟ, ਨਾਗਮਣੀ ਅਤੇ ਹੋਰ ਕਈ ਨਾਮਵਰ ਰਸਾਲੇ ਅਤੇ ਅਖ਼ਬਾਰਾਂ ਵਿੱਚ ਮੇਰੀਆਂ ਰਚਨਾਵਾਂ ਛਪੀਆਂ। ਪਾਠਕਾਂ ਦੀਆਂ ਚਿੱਠੀਆਂ ਆਉਣ ਲੱਗੀਆਂ। ਮਹਿਫ਼ਲਾਂ 'ਚ ਸ਼ਾਮਿਲ ਹੋਣ ਲਈ ਸੱਦੇ ਆਉਣ ਲੱਗੇ। ਕਈ ਚਿੱਠੀਆਂ ਮਿਲ ਜਾਂਦੀਆਂ, ਕਈ ਚਿੱਠੀਆਂ ਘਰ ਦੇ ਲਕੋ ਲੈਂਦੇ। ਇਹ ਗੱਲ ਮੈਨੂੰ ਕਾਫ਼ੀ ਦੇਰ ਬਾਅਦ ਪਤਾ ਲੱਗੀ। ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਕੰਮ ਕਰਨ ਦੀ ਥਾਂ ਇੰਝ ਸਮਾਂ ਬਰਬਾਦ ਕਰਦਾ ਫਿਰਾਂ। ਵੱਡਾ ਭਰਾ ਫੌਜ ਵਿੱਚ ਸੀ। ਮਾਂ-ਪਿਉ ਨੇ ਸੋਚਿਆ ਇਹਨੇ ਖੇਤੀ ਤਾਂ ਕਰਨੀ ਨਹੀਂ, ਇਹਨੂੰ ਵੀ ਫੌਜ ਵਿੱਚ ਹੀ ਭਰਤੀ ਕਰਵਾ ਦਿੰਦੇ ਹਾਂ। ਪਿੰਡ ਦੇ ਹੀ ਇੱਕ ਫੌਜੀ ਅਫ਼ਸਰ ਦੀ ਸਿਫ਼ਾਰਸ਼ ਨਾਲ ਮੈਨੂੰ ਫੌਜ 'ਚ ਭਰਤੀ ਕਰਵਾਉਣ ਦਾ ਇੰਤਜਾਮ ਕਰ ਲਿਆ। ਮੈਨੂੰ ਇਸ ਗੱਲ ਦੀ ਖ਼ਬਰ ਤੱਕ ਨਾ ਹੋਣ ਦਿੱਤੀ। ਮੈਂ ਫੌਜ 'ਚ ਜਾਣ ਤੋਂ ਵੀ ਇਨਕਾਰੀ ਸੀ। ਮੈਨੂੰ ਪਤਾ ਲੱਗਾ ਮੈਂ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ। ਮੇਰੀ ਇਕੋ ਜਿ਼ਦ ਸੀ ਕਿ ਮੈਂ ਬਾਹਰਲੇ ਮੁਲਕ ਜਾਣਾ।  ਘਰਦਿਆਂ ਮੇਰੀ ਜਿ਼ਦ ਪਗਾਉਣ ਲਈ ਇੱਕ ਏਜੰਟ ਨਾਲ ਸਾਉਦੀ ਅਰਬ ਲਿਜਾਣ ਦੀ ਗੱਲ ਤੈਅ ਕਰ ਲਈ। ਏਜੰਟ ਨੂੰ ਪੈਸੇ ਦੇਣ ਲਈ ਖੜੀ ਫ਼ਸਲ ਸਮੇਤ ਬਾਪੂ ਨੂੰ ਜਮੀਨ ਗਹਿਣੇ ਧਰਨੀ ਪਈ। ਪੰਜ ਛੇ ਮਹੀਨੇ ਦਿੱਲੀ ਬੰਬੇ ਧੱਕੇ ਖਾਂਦਾ ਰਿਹਾ ਬਾਅਦ 'ਚ ਪਤਾ ਲੱਗਾ ਸਭ ਧੋਖਾ ਹੀ ਸੀ। ਐਨਾ ਜਿ਼ਆਦਾ ਪ੍ਰੇਸ਼ਾਨ ਹੋਇਆ ਕਿ ਇੱਕ ਵਾਰ ਖੁਦਕੁਸ਼ੀ ਕਰਨ ਦਾ ਖਿ਼ਆਲ ਵੀ ਮਨ ਵਿੱਚ ਆ ਗਿਆ, ਪਰ ਫੇਰ ਸੋਚਿਆ ਖੁਦਕੁਸ਼ੀ ਬੁਝਦਿਲੀ ਹੈ ਮਸਲੇ ਦਾ ਹੱਲ ਨਹੀਂ। ਘਰ ਵਾਪਿਸ ਜਾ ਕੇ ਮਾਂ-ਪਿਉ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ। ਨਾਨਕੇ ਪਿੰਡ ਚਲਾ ਗਿਆ। ਮਾਂ-ਪਿਉ ਨੂੰ ਪਤਾ ਲੱਗਾ ਉੱਥੋਂ ਘਰ ਲੈ ਗਏ। ਜਮੀਨ ਪਹਿਲਾਂ ਹੀ ਥੋੜੀ ਸੀ ਉਸ ਵਿੱਚੋਂ ਵੀ ਅੱਧੀ ਗਹਿਣੇ ਹੋ ਚੁੱਕੀ ਸੀ। ਹੁਣ ਚਾਹ ਕੇ ਵੀ ਖੇਤੀ ਨਹੀਂ ਸੀ ਕਰ ਸਕਦਾ। ਇਸ ਹਾਦਸੇ ਨੇ ਮੈਨੂੰ ਬੜਾ ਝੰਜੋੜਿਆ ਤੇ ਮੇਰੇ ਤੋਂ ਬਹੁਤ ਕੁਝ ਲਿਖਵਾਇਆ। ਮਨ ਦਾ ਸਾਰਾ ਬੋਝ ਲਿਖ ਕੇ ਹੀ ਹਲਕਾ ਕਰਦਾ। ਉਸ ਸਮੇਂ ਲਿਖੀਆਂ ਰਚਨਾਵਾਂ ਵਿੱਚੋਂ ਦੋ ਸਤਰਾਂ ਇਹ ਵੀ ਸਨ;
"ਥੋੜੀ ਜਿਹੀ ਜਮੀਨ ਵਿੱਚੋਂ ਰੱਬ ਰੂਪ ਬਾਪੂ ਮੇਰਾ, ਕਿਵੇਂ ਰਿਹਾ ਕਰਦਾ ਗੁਜ਼ਾਰਾ
ਮੈਂ ਵੀ ਕਦੇ ਕੋਲ ਬਹਿ ਪੁੱਛਿਆ ਨਾ ਹਾਲ, ਦੁੱਖ ਕੱਲਾ ਰਿਹਾ ਭੋਗਦਾ ਵਿਚਾਰਾ।"
ਫਿਰ ਕੰਡਕਟਰੀ ਕਰਨ ਲੱਗ ਗਿਆ। ਤਕਰੀਬਨ ਤਿੰਨ ਸਾਲ ਇਹ ਨੌਕਰੀ ਕੀਤੀ। ਹਰ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ। ਬੜਾ ਕੁਝ ਸਿੱਖਣ ਅਤੇ ਲਿਖਣ ਲਈ ਮਿਲਦਾ। ਜੋ ਵੇਖਣ ਸੁਨਣ ਨੂੰ ਮਿਲਦਾ ਮੇਰੀਆਂ ਰਚਨਾਵਾਂ ਦਾ ਹਿੱਸਾ ਬਣ ਜਾਂਦਾ। ਕਦੇ ਗੀਤ, ਕਦੇ ਕਵਿਤਾ, ਕਦੇ ਗਜ਼ਲ ਅਤੇ ਕਦੇ ਕੋਈ ਗੱਲ ਕਹਾਣੀ ਦਾ ਰੂਪ ਧਾਰਨ ਕਰ ਲੈਂਦੀ। ਸੜਕ ਕਿਨਾਰੇ ਬੈਠੇ ਮੰਗਤੇ ਨੂੰ ਤੱਕਿਆ ਤਾਂ ਲਿਖਿਆ ਗਿਆ;
"ਕੀਕਣ ਤੁਸੀਂ ਨਜਾਇਜ਼ ਕਹੋਂਗੇ, ਉਸ ਇਨਸਾਨ ਦੇ ਰੋਣੇ ਨੂੰ
ਜਿਸ ਕੋਲ ਮੂੰਹ ਲਈ ਬੁਰਕੀ ਨਹੀਂ, ਤੇ ਛੱਤ ਨਹੀਂ ਸਿਰ ਲਕੋਣੇ ਨੂੰ।"
ਉਸ ਤੋਂ ਬਾਅਦ ਦੋਸਤ ਚਰਨਜੀਤ ਸਿੰਘ 'ਮੱਟੂ' ਦੀ ਬਦੌਲਤ ਇਟਲੀ ਆਉਣ ਦਾ ਸਬੱਬ ਬਣ ਗਿਆ। ਏਥੇ ਆ ਕੇ ਜੀਅ ਜਾਨ ਲਾਅ ਕੇ ਮਿਹਨਤ ਕੀਤੀ ਤੇ ਘਰਦਿਆਂ ਦੇ ਸਾਰੇ ਉਲਾਮੇ ਲਾਹ ਦਿੱਤੇ। ਜਿੰਨ੍ਹਾਂ ਦੋਸਤਾਂ ਹਰ ਪਲ ਸਾਥ ਨਿਭਾਇਆ ਅਤੇ ਅੱਜ ਵੀ ਨਿਭਾ ਰਹੇ ਨੇ ਉਨ੍ਹਾਂ ਲਈ ਅਹਿਸਾਸ ਕੁਝ ਇਸ ਤਰ੍ਹਾਂ ਹੈ;
"ਮਿਹਰਬਾਨ ਮਿੱਤਰਾਂ ਦੀ ਯਾਰੀ, ਹੈ ਮੇਰਾ ਸਰਮਾਇਆ
ਸਮਝ ਲਵੋ ਕਿ ਜਿ਼ੰਦਗੀ ਵਿੱਚ, ਮੈਂ ਏਹੀ ਕੁਝ ਬਚਾਇਆ।"
ਪ੍ਰਦੇਸ ਵਿੱਚ ਅਣਥੱਕ ਮਿਹਨਤ ਕਰਦਿਆਂ ਭੁੱਖ ਨੇ ਸਤਾਇਆ ਤਾਂ ਮਾਂ ਅਤੇ ਮਾਂ ਦੇ ਚੁੱਲੇ ਚੌਂਕੇ ਨੂੰ ਯਾਦ ਕਰ ਲਿਖਿਆ;
"ਸ਼ੀਸ਼ ਮਹਿਲ ਵਰਗਾ ਸੀ ਕੱਚਾ ਜਿਹਾ ਚੁੱਲਾ ਚੌਂਕਾ, ਸਭ ਤੋਂ ਪਿਆਰੀ ਮੇਰੀ ਮਾਂ ਦਾ
ਦਿਲ ਕਰੇ ਛੇਤੀ-ਛੇਤੀ ਭੇਜ ਕੇ ਕਮਾਈਆਂ ਕਿਤੇ, ਮੰਦਿਰ ਬਣਾਂਦਾ ਉਸ ਥਾਂ ਦਾ।"
ਲਿਖਣ ਦਾ ਦੌਰ ਚੱਲਦਾ ਰਿਹਾ। ਕਿਉਂਕਿ ਲਿਖਣਾ ਰੂਹ ਦੀ ਖੁਰਾਕ ਬਣ ਚੁੱਕਾ ਸੀ। ਪਰ ਛਪਣ ਵਾਲਾ ਕੰਮ ਬੰਦ ਰਿਹਾ। ਫਿ਼ਰ ਵਿਆਹ ਹੋ ਗਿਆ। ਸੋਚ ਦੀ ਹਾਨਣ ਜੀਵਨ ਸਾਥਣ ਮਿਲ ਗਈ। ਉਸ ਨੇ ਮੇਰਾ ਲਿਖਿਆ ਸਭ ਕੁਝ ਪੜ੍ਹਿਆ ਤੇ ਖ਼ੁਦ ਹੀ ਮੇਰੀਆਂ ਰਚਨਾਵਾਂ ਨੂੰ ਛਪਣ ਲਈ ਭੇਜਣ ਦਾ ਉਪਰਾਲਾ ਵੀ ਕੀਤਾ। ਮੇਰੀਆਂ ਰਚਨਾਵਾਂ ਇਟਲੀ ਤੋਂ ਇਲਾਵਾ ਯੂਰਪ ਦੀਆਂ ਪੰਜਾਬੀ ਅਖ਼ਬਾਰਾਂ ਵਿੱਚ ਵੀ ਛਪਣ ਲੱਗੀਆਂ ਤੇ ਹੌਲ਼ੀ-ਹੌਲ਼ੀ ਇਹ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਗਿਆ। ਮੇਰੀ ਰਚਨਾ ਛਪਣ 'ਤੇ ਮੇਰੇ ਤੋਂ ਵੱਧ ਖੁਸ਼ੀ ਮੇਰੀ ਜੀਵਨ ਸਾਥਣ ਨੂੰ ਹੁੰਦੀ। ਮੇਰੇ ਹਰ ਦੁੱਖ ਸੁੱਖ ਨੂੰ ਆਪਣਾ ਬਨਾਉਣ ਵਾਲ਼ੀ ਲਈ ਵਫ਼ਾ ਦੀ ਬਾਤ ਪਾਉਂਦਾ ਮੈਂ ਇੱਕ ਗੀਤ ਲਿਖਿਆ ਸੀ ਜੋ ਪਿਆਰ ਕਰਨ ਵਾਲੇ ਹਰ ਜੋੜੇ ਨੇ ਪਸੰਦ ਕੀਤਾ ਅਤੇ ਮੈਂ ਜਦ ਵੀ ਕਿਸੇ ਮਹਿਫ਼ਲ ਵਿੱਚ ਸ਼ਾਮਿਲ ਹੋਵਾਂ ਉਸ ਗੀਤ ਨੂੰ ਸੁਨਣ ਦੀ ਫ਼ਰਮਾਇਸ਼ ਅਕਸਰ ਹੁੰਦੀ ਹੈ। ਉਸ ਦੇ ਬੋਲ ਨੇ;
"ਤੇਰੇ ਤੋਂ ਵਗੈਰ ਜਾਨੇ ਮੇਰੀਏ, ਅਸੀਂ ਕਿਸੇ ਹੋਰ ਵੱਲ  ਤੱਕਿਆ ਈ ਨਹੀਂ
ਰੱਬ ਤੋਂ ਤਾਂ ਲੱਖਾਂ ਓਹਲੇ ਹੋਣਗੇ, ਤੇਰੇ ਤੋਂ ਤਾਂ ਓਹਲਾ ਕਦੇ ਰੱਖਿਆ ਈ ਨਹੀਂ।"
ਫਿ਼ਰ ਬੱਚਿਆਂ ਨੇ ਜਨਮ ਲਿਆ। ਘਰ ਦਾ ਮਹੌਲ ਹੋਰ ਖ਼ੁਸ਼ੀਆਂ ਭਰਿਆ ਹੋ ਗਿਆ। ਹੁਣ ਲੰਮੇ ਸਮੇਂ ਤੋਂ ਮੇਰਾ ਇਹ ਨਿਤਨੇਮ ਹੀ ਸਮਝ ਲਵੋ ਕਿ ਮੈਂ ਹਰ ਰੋਜ਼ ਕੁਝ ਨਾ ਕੁਝ ਜਰੂਰ ਲਿਖਣਾ ਹੈ ਅਤੇ ਜੋ ਵੀ ਲਿਖਣਾ ਹੈ ਉਹ ਸਾਰੇ ਪਰਿਵਾਰ ਨਾਲ ਸਾਂਝਾ ਵੀ ਜਰੂਰ ਕਰਨਾ ਹੈ। ਮੇਰੇ ਪਰਿਵਾਰ ਵਿੱਚ ਮੇਰੀ ਧਰਮ ਪਤਨੀ, ਦੋ ਬੇਟੇ ਤੇ ਇੱਕ ਬੇਟੀ ਹੈ। ਮੇਰੀ ਹਰ ਰਚਨਾ ਨੂੰ ਉਹ ਬੜੀ ਰੀਝ ਨਾਲ ਪੜ੍ਹਦੇ ਅਤੇ ਸੁਣਦੇ ਹਨ ਅਤੇ ਉਸ ਬਾਰੇ ਆਪੋ ਆਪਣੇ ਵਿਚਾਰ ਵੀ ਦਿੰਦੇ ਹਨ। ਸਾਰੇ ਪਰਿਵਾਰ ਦਾ ਮੈਨੂੰ ਬਹੁਤ ਜਿ਼ਆਦਾ ਸਹਿਯੋਗ ਮਿਲਦਾ ਹੈ। ਪਰਿਵਾਰ ਦੇ ਸਹਿਯੋਗ ਸਦਕਾ ਹੀ ਮੈਂ ਆਪਣਾ ਲਿਖਿਆ ਕਿਤਾਬਾਂ ਅਤੇ ਗੀਤਾਂ ਦੇ ਰੂਪ ਵਿੱਚ ਪਾਠਕਾਂ ਅਤੇ ਸਰੋਤਿਆ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਇਆ ਹਾਂ। ਜਿ਼ੰਦਗੀ 'ਚ ਬੇਸ਼ੱਕ ਬੜੇ ਉਤਰਾਅ ਚੜ੍ਹਾ ਆਏ, ਪਰ ਅੱਜ ਪ੍ਰਮਾਤਮਾ ਨੇ ਹਰ ਖੁਸ਼ੀ ਮੇਰੀ ਝੋਲ਼ੀ ਪਾਈ ਹੈ।" ਪ੍ਰਭਜੀਤ ਆਪਣੀ ਗੱਲਬਾਤ ਦਾ ਸਿਲਸਿਲਾ ਇਨ੍ਹਾਂ ਸਤਰਾਂ ਨਾਲ਼ ਖ਼ਤਮ ਕਰਦਾ ਹੈ;
"ਸਭ ਤੋਂ ਪਹਿਲਾਂ ਸ਼ੁਕਰ ਹੈ ਤੇਰਾ, ਐ ਮਿਹਰਾਂ ਦੇ ਸਾਈਆਂ
ਤੂੰਹੀਂ ਬਖ਼ਸ਼ੀ ਕਲਮ, ਤੇ ਕਲਮ ਨੇ ਲੱਗੀਆਂ ਤੋੜ ਨਿਭਾਈਆਂ।
ਤੂੰ ਚੰਦ ਜਿਹਾ ਜੀਵਨ ਸਾਥੀ ਦਿੱਤਾ, ਤੇ ਫੁੱਲਾਂ ਵਰਗੇ ਬੱਚੇ
'ਪ੍ਰਭਜੀਤ ਨੂੰ ਭੁੱਲ ਹੀ ਗਈਆਂ, ਕੀ ਹੁੰਦੀਆਂ ਤਨਹਾਈਆਂ।"
ਪ੍ਰਭਜੀਤ ਨਰਵਾਲ ਦੀਆਂ ਹੁਣ ਤੱਕ ਤਿੰਨ ਕਿਤਾਬਾਂ ਜਿੰਨ੍ਹਾਂ ਵਿੱਚ 'ਅਲਵਿਦਾ'(ਨਾਵਲ), ਗੁਆਚੇ ਨਕਸ਼(ਕਾਵਿ-ਸੰਗ੍ਰਹਿ) ਅਤੇ 'ਹੌਂਕੇ ਬੇ-ਜੁਬਾਂ'(ਕਾਵਿ-ਸੰਗ੍ਰਹਿ) ਛਪ ਕੇ ਪਾਠਕਾਂ ਤੱਕ ਪਹੁੰਚ ਚੁੱਕੀਆਂ ਹਨ। ਜ਼ਲਦ ਹੀ ਦੂਜਾ ਨਾਵਲ 'ਹਾਸੇ ਬਣੇ ਸਰਾਪ' ਅਤੇ ਇੱਕ ਹੋਰ ਕਾਵਿ-ਸੰਗ੍ਰਹਿ 'ਅਭਾਗੇ ਰੁੱਖ ਦੀ ਪੁਕਾਰ' ਛਪ ਕੇ ਆ ਰਹੇ ਹਨ। ਪ੍ਰਭਜੀਤ ਦੇ ਲਿਖੇ ਗੀਤ ਦਲਜੀਤ ਬਿੱਟੂ, ਮਨਦੀਪ ਅਠਵਾਲ, ਸਾਬਰ ਅਲੀ 'ਮੋਰਿੰਡਾ', ਐੱਸ ਐੱਸ ਫਰਾਲਵੀ ਅਤੇ ਹੋਰ ਕਈ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਟਲੀ ਰਹਿੰਦੇ ਗਾਇਕ ਪ੍ਰਭਜੀਤ ਦੇ ਲਿਖੇ ਗੀਤਾਂ ਨੂੰ ਅਕਸਰ ਸਟੇਜਾਂ 'ਤੇ ਗਾਉਂਦੇ ਰਹਿੰਦੇ ਹਨ। ਜਿੰਨ੍ਹਾਂ ਵਿੱਚ ਅਵਤਾਰ ਰੰਧਾਵਾ, ਮਨਜੀਤ ਸ਼ਾਲਾਪੁਰੀ, ਸਾਬਰ ਅਲੀ, ਐੱਸ ਐੱਸ ਫਰਾਲਵੀ, ਪੰਕਜ ਕੁਮਾਰ ਅਤੇ ਕਈ ਹੋਰ ਨਾਮ ਸ਼ਾਮਿਲ ਹਨ। ਆਉਣ ਵਾਲੇ਼ ਸਮੇਂ 'ਚ ਹੋਰ ਲਿਖਣ ਬਾਰੇ ਪ੍ਰਭਜੀਤ ਨਰਵਾਲ ਦਾ ਕਹਿਣਾ ਹੈ;
"ਦਿਲ ਵਿੱਚ ਭੈਅ ਕੁਦਰਤ ਦਾ ਰੱਖ ਕੇ, ਅਜੇ ਮੈਂ ਹੋਰ ਲਿਖਣਾ ਏ
ਤੇ ਬਣ ਪਾਤਰ ਉਹਦੀ ਰਹਿਮਤ ਦਾ, ਅਜੇ ਮੈਂ ਹੋਰ ਸਿੱਖਣਾ ਏ।
ਲੈ ਸੁੱਚਾ ਪਾਣੀ ਫ਼ਰਜਾਂ ਦਾ, ਤੇ ਗੁੰਨ ਕੇ ਮਿੱਟੀ ਅੱਖ਼ਰਾਂ ਦੀ
ਜ਼ਜਬਾਤ ਦੇ ਕੱਚੇ ਵਿਹੜੇ ਨੂੰ, ਮੈਂ ਗੀਤਾਂ ਦੇ ਨਾਲ ਲਿੱਪਣਾ ਏ।"
ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਭਜੀਤ ਨਰਵਾਲ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਲੰਮੀ ਉਮਰ ਬਖ਼ਸ਼ੇ। ਪ੍ਰਭਜੀਤ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾਵੇ। ਉਸ ਦੇ ਲਿਖੇ ਗੀਤ ਬਹੁਤ ਸਾਰੇ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਕੇ ਮਹਿਫ਼ਲਾਂ ਦਾ ਸਿ਼ੰਗਾਰ ਬਣਨ।
****No comments: