ਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ..........ਬਾਵਾ ਬੋਲਦਾ ਹੈ / ਨਿੰਦਰ ਘੁਗਿਆਣਵੀ

ਅਮਰ ਨੂਰੀ ਦੇ ਪਿਤਾ ਸ੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖਰੀ ਵਾਰ ਮਿਲਿਆ...ਉਹ ਵੀ ਸੁਪਨੇ ਵਾਂਗੂੰ...ਦੋ ਪਲਾਂ ਲਈ! ਉਸਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ ਜੀ ਦਾ ਅਫਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫੋਟੋ ਤੇ ਕੁਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉਤੇ ਡਾਕ ਰਾਹੀਂ ਉਸਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖੁਸ਼ ਹੋਏ...।
....ਤੇ ਬੱਸ, ਏਨੀ ਥੋੜ੍ਹ ਕੁ ਚਿਰੀ ਜਿਹੀ ਸਾਂਝ ਰਹੀ ਰੌਸ਼ਨ ਸਾਗਰ ਨਾਲ। ਇੱਕ ਦੁਪਿਹਰੇ ਅਕਾਸ਼ਵਾਣੀ ਜਲੰਧਰ ਤੋਂ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ ਸੀ, ਨਾਂ ਸੀ-‘ਨਿੱਕੇ ਨਿੱਕੇ ਅੰਬਰ’ ਤੇ ਉਸਨੂੰ ਪੇਸ਼ ਕਰ ਰਹੀ ਸੀ ਰਸ਼ਮੀ ਖੁਰਾਣਾ। ਰੌਸ਼ਨ ਸਾਗਰ ਨਾਲ ਮੁਲਾਕਾਤ ਪ੍ਰਸਾਰਿਤ ਕੀਤੀ ਜਾ ਰਹੀ ਸੀ। ਉਸਨੰ ਨਿੱਕੇ-ਨਿੱਕੇ ਸਵਾਲ ਕੀਤੇ ਜਾ ਰਹੇ ਸਨ। ਉਹ ਬੜੇ ਠਰੰਮ੍ਹੇ ਨਾਲ ਜਵਾਬ ਦੇਈ ਜਾ ਰਿਹਾ ਸੀ। ਉਸਨੇ ਦੱਸਿਆ ਸੀ ਕਿ ਕੁਝ ਲੋਕ ਉਸਨੂੰ ਰੌਸ਼ਨ ਲਾਲ ਸਾਗਰ ਤੇ ਕੁਝ ਰੌਸ਼ਨ ਖਾਂ ਸਾਗਰ, ਤੇ ਕੁਝ ਰੌਸ਼ਨ ਸਿੰਘ ਸਾਗਰ ਤੇ ਬਹੁਤੇ ਰੌਸ਼ਨ ਸਾਗਰ ਹੀ ਸੱਦਦੇ ਹਨ। ਪ੍ਰੋਗਰਾਮ ਵਿੱਚ ਉਸਨੇ ਕੁਝ ਬੋਲ ਗੁਣ ਗੁਣਾ ਕੇ ਵੀ ਸੁਣਾਏ ਸਨ, ਜੁ ਇੰਝ ਸਨ:
               ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
                ਸੱਸੇ ਨੀੰ ਮੰਗਾਂਦੇ ਢੋਲ ਨੂੰ...
ਉਸਤਾਦ ਯਮਲਾ ਜੀ ਦੀ ਗਾਇਨ ਸ਼ੈਲੀ ਦਾ ਰੰਗ ਤਾਜ਼ਾ ਹੋ ਗਿਆ ਸੀ। ਇਹ ਛੋਟੀ ਜਿਹੀ ਮੁਲਾਕਾਤ ਮੈਨੂੰ ਬੜੀ ਪਿਆਰੀ ਲੱਗੀ ਤੇ ਮੈਂ ਰਸ਼ਮੀ ਖੁਰਾਣਾ ਨੂੰ ਪੋਸਟ ਕਾਰਡ ਉਤੇ ਧੰਨਵਾਦੀ ਬੋਲ ਲਿਖੇ। ਕਿੰਨੇ ਹੀ ਵਰ੍ਹੇ ਬੀਤ ਗਏ ਨੇ ਇਹਨਾਂ ਸਾਰੀਆਂ ਗੱਲਾਂ ਨੂੰ। ਸੋਚਦਾ ਹਾਂ ਕਿੰਨਾ ਤੇਜ਼-ਤੇਜ਼ ਦੌੜਦਾ ਜਾ ਰਿਹਾ ਹੈ ਸਮਾਂ।
ਰੋਸ਼ਨ ਸਾਗਰ ਦੀ ਜਿ਼ੰਦਗੀ ‘ਤੇ ਸੰਖੇਪ ਜਿਹੀ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹਨੇ ਜਿੰ਼ਦਗੀ ਵਿੱਚ ਬੜੇ ਮਾੜੇ ਦਿਨ ਵੀ ਦੇਖੇ ਹੋਏ ਸਨ। ਪਰ ਹੁਣ ਉਹ ਸੁਖੀ ਸੀ ਤੇ ਬੱਚੇ ਸਭ ਸੈਟ ਸਨ। ਆਪਣੇ ਜੀਵਨ ਦੇ ਕਈ ਸਾਲ ਉਹਨੇ ਮਹਾਨ ਹਸਤੀ ਸੰਤ ਸਿੰਘ ਮਸਕੀਨ ਨਾਲ ਵੀ ਬਿਤਾਏ। ਸਾਗਰ ਹਾਲੇ ਬਹੁਤ ਨਿੱਕਾ ਸੀ, ਜਦ ਪਿਓ ਮਰ ਗਿਆ। ਗੋਡੇ-ਗੋਡੇ ਗਰੀਬੀ ਸੀ। ਆਪਣੇ ਨਾਨਕੇ ਪਿੰਡ ਦੰਘੇੜੀਆਂ ਚਲਾ ਗਿਆ। ਮਾਮਾ ਮੱਝਾਂ-ਗਾਵਾਂ ਚਾਰਦਾ ਸੀ, ਉਹ ਵੀ ਮਾਮੇ ਨਾਲ ਜਾਣ ਲੱਗਿਆ। ਖੇਤਾਂ ਵਿੱਚ ਗਾਇਆ ਕਰੇ। ਬਹੁਤਾ ਉਹ ‘ਬਾਲੋ ਮਾਹੀਆ’ ਗਾਉਂਦਾ-
                ਗੱਡੀ ਆ ਗਈ ਟੇਸ਼ਨ ‘ਤੇ,
                ਪਰ੍ਹਾਂ ਹਟ ਵੇ ਬਾਬੂ ਸਾਨੂੰ ਮਾਹੀਆ ਵੇਖਣ ਦੇ...
ਲੋਕਾਂ ਨੇ ਬਾਲਕ ਰੌਸ਼ਨ ਦਾ ਨਾਂ ਹੀ ‘ਬਾਲੋ’ ਪਕਾ ਦਿੱਤਾ। ਨਿੱਕੇ ਬਾਲਕ ਦੀ ਆਵਾਜ਼ ਬੜੀ ਮਧੁਰ ਸੀ ਤੇ ਲੋਕ ਰੁਪੱਈਏ ਦੇ ਕੇ ਉਸਦਾ ਹੌਸਲਾ ਵਧਾਉਂਦੇ ਸਨ। ਰੌਸ਼ਨ ਦਾ ਚਾਚਾ ਚੰਡੀਗੜ ਵਿੱਚ ਮਜ਼ਦੂਰੀ ਕਰਦਾ ਸੀ। ਤੁਰਦਾ-ਫਿਰਦਾ ਉਹ ਚਾਚੇ ਪਾਸ ਚਲਿਆ ਗਿਆ। ਲੋਕਾਂ ਦੇ ਘਰ ਬਣਾਉਣ ਦਾ ਕੰਮ ਕਰਦੇ ਤੇ ਪੈਸੇ ਵੀ ਕੋਈ ਖਾਸ ਨਾ ਮਿਲਦੇ, ਸਿਰਫ ਦੋ ਰੁਪਈਏ ਦਿਹਾੜੀ ਮਿਲਦੀ। ਰੋਸ਼ਨ ਵੀ ਚਾਚੇ ਨਾਲ ਕੰਮ ਵਿੱਚ ਹੱਥ ਵਟਾਉਂਦਾ। ਇੰਝ ਹੀ ਤੁਰਦਾ-ਤੁਰਾਉਂਦਾ ਉਹ ਲੁਧਿਆਣੇ ਉਸਤਾਦ ਯਮਲਾ ਜੀ ਕੋਲ ਆ ਗਿਆ। ਉਸਤਾਦੀ-ਸ਼ਾਗਿਰਦੀ ਦੀ ਰਸਮ ਕੀਤੀ। ਤੂੰਬੀ ‘ਤੇ ਹੱਥ ਸਿੱਧੇ ਕੀਤੇ। ਨਿੱਕੇ-ਮੋਟੇ ਪ੍ਰੋਗਰਾਮ ਕਰਨ ਲੱਗ ਪਿਆ। ਪਹਿਲੀ ਵਾਰੀ ਗੁਰਦੁਆਰੇ ਭੱਠਾ ਸਾਹਬ ਵਿੱਚ ਇੱਕ ਧਾਰਮਿਕ ਗੀਤ ਗਾਇਆ ਤਾਂ ਲੋਕ ਅਸ਼-ਅਸ਼ ਕਰ ਉੱਠੇ। ਸਮਾਂ ਪਾ ਕੇ ਕੁਝ ਗੀਤ ਵੀ ਰਿਕਾਰਡ ਹੋ ਗਏ। ਦੱਸਿਆ ਗਿਆ ਹੈ ਕਿ ਉਸਦੇ ਗਾਏ ਗੀਤਾਂ ਦੀ ਗਿਣਤੀ ਤੀਹ-ਬੱਤੀ ਦੇ ਕਰੀਬ ਹੈ। ‘ਸਾਗਰ ‘ਚ ਤਰਦੇ ਅਫ਼ਸਾਨੇ’ ਨਾਂ ਹੇਠ ਉਹਨੇ ਆਪਣੀਆਂ ਸਾਹਿਤਕ ਕਿਰਤਾਂ ਦੀ ਕਿਤਾਬ ਵੀ ਛਪਵਾਈ। ਢਾਡੀ ਦਇਆ ਸਿੰਘ ਦਿਲਬਰ ਤੇ ਅਮਰ ਸਿੰਘ ਸ਼ੌਕੀ ਦੀ ਸੰਗਤ ਵੀ ਸਮੇਂ-ਸਮੇਂ ਮਾਣਦਾ ਰਿਹਾ। ਉਸਨੇ ਫਿਲ਼ਮ ‘ਬਦਲਾ ਜੱਟੀ ਦਾ’ ਵਿੱਚ ਇੱਕ ਬਜ਼ੁਰਗ ਦਾ ਰੋਲ ਵੀ ਨਿਭਾਇਆ। ‘ਗੱਭਰੂ ਪੰਜਾਬ ਦਾ’ ਅਤੇ ‘ਹਿੰਦੋਸਤਾਨ’ ਫਿਲਮਾਂ ਵਿੱਚ ਵੀ ਭੂਮਿਕਾਵਾਂ ਨਿਭਾਈਆਂ। ਉਸਤਾਦ ਯਮਲਾ ਜੀ ਦੀ ਗਾਇਨ ਸ਼ੈਲੀ ਦਾ ਰੰਗ ਆਖਿਰ ਤੀਕ ਨਾ ਲੱਥਾ। ਪਹਿਲੋਂ ਦੀਆਂ ਗੱਲਾਂ ਹਨ, ਰਾਂਚੀ ਵਿੱਚ ਪ੍ਰੋਗਰਾਮ ਤੋਂ ਉਸਨੂੰ ਉਦੋ ਤਿੰਨ ਹਜ਼ਾਰ ਰੁਪਏ ਦਾ ਇਨਾਮ ਮਿਲਿਆ ਤਾਂ ਉਸਤੋਂ ਖੁਸ਼ੀ ਚੱਕੀ ਨਹੀਂ ਸੀ ਜਾਂਦੀ। ਉਹਨੇ ਇੱਕ ਥਾਂ ਲਿਖਿਆ ਸੀ ਕਿ ਉਸਦੀ ਧੀ ਨੂਰੀ ਨੇ ਹੁਣ ਕਿਤੇ ਜਾ ਕੇ ਉਸਨੂੰ ‘ਸੁਖ ਦਾ ਸਾਹ’ ਦਿਲਵਾਇਆ ਹੈ। ਉਹ ਆਪਣੀ ਧੀ ‘ਤੇ ਬੜਾ ਮਾਣ ਕਰਦਾ ਸੀ। ਉਸਦੇ ਤਿੰਨ ਮੁੰਡੇ ਤੇ ਦੋ ਧੀਆਂ ਹਨ। ਪਤਨੀ ਦਾ ਨਾਂ ਸ੍ਰੀਮਤੀ ਬਿਮਲਾ ਦੇਵੀ ਹੈ।
ਇੱਕ ਦਿਨ ਜੱਸੋਵਾਲ ਸਾਹਬ ਦਾ ਫੋਨ ਆਇਆ ਕਿ ਰੋਪੜ ਜਾਣਾ ਹੈ, ਅਮਰ ਨੂਰੀ ਦੇ ਪਿਤਾ ਜੀ ਤੇ ਤੇਰੇ ਗੁਰਭਾਈ ਰੌਸ਼ਨ ਸਾਗਰ ਚੱਲ ਵੱਸੇ ਐ।” ਅਸੀਂ ਜਦ ਉਹਨਾਂ ਦੇ ਘਰ ਪੁੱਜੇ ਤਾਂ ਵਿਹੜੇ ਵਿੱਚ ਅੰਤਾਂ ਦਾ ਸੋਗ ਸੀ।  ਉਸਦੇ ਧੀਆਂ-ਪੁੱਤਰ ਤੇ ਪਤਨੀ ਹੁੱਭ-ਹੁੱਭ ਕੇ ਚੇਤੇ ਕਰ ਰਹੇ ਸਨ ਉਸਨੂੰ। ਮੈਂ ਆਪਣੀ ਉਹ ਕਿਤਾਬ ਦੀ ਕਾਪੀ ਵੀ ਪਰਿਵਾਰ ਲਈ ਨਾਲ ਲੈ ਕੇ ਗਿਆ ਸੀ, ਜਿਸ ਵਿੱਚ ਉਸ ਬਾਰੇ ਅਠਾਰਾਂ ਵਰ੍ਹੇ ਪਹਿਲਾਂ ਲਿਖ ਚੁੱਕਾ ਸਾਂ। ਕਿਤਾਬ ਵਿੱਚ ਛਪੀ ਉਸਦੀ ਜਵਾਨੀ ਵੇਲੇ ਦੀ ਫੋਟੋ ਦੇਖ ਪਰਿਵਾਰ ਨੂੰ ਉਸਦੀ ਯਾਦ ਹੋਰ ਸਿ਼ੱਦਤ ਨਾਲ ਆਉਣ ਲੱਗੀ ਸੀ। 13 ਸਤੰਬਰ ਨੂੰ ਉਹ ਕਿਸੇ ਅਗੰਮੀ ਸੰਸਾਰ ਵਿੱਚ ਜਾ ਬਿਰਾਜਿਆ। ਵੀਹ ਸਾਲ ਪਹਿਲਾਂ ਹੋਈ ਕੁਝ ਪਲਾਂ ਦੀ ਮਿਲਣੀ ਅੱਜ ਵੀ ਕਿਸੇ ਫਿਲਮ ਦੇ ਸੀਨ ਵਾਂਗ ਯਾਦ ਹੈ। ਸਾਥੋਂ ਇੱਕ ਪੁਰਾਣਾ ਤੇ ਸੁਲਝਿਆ ਹੋਇਆ ਫ਼ਨਕਾਰ ਚਲਾ ਗਿਆ, ਜਿਸਦਾ ਢੁਕਵਾਂ ਮਾਣ-ਸਨਮਾਨ ਕਰਨ ਤੋਂ ਅਸੀਂ ਸਾਰੇ ਖੁੰਝ ਗਏ ਹਾਂ, ਇਸਦਾ ਪਛਤਾਵਾ ਰਹੇਗਾ।

****

No comments: