ਅਮਰੀਕਾ ਦੀ ਫੇਰੀ (7).......... ਸਫ਼ਰਨਾਮਾ / ਯੁੱਧਵੀਰ ਸਿੰਘ

ਅਸੀਂ ਸਾਹਮਣੇ ਦਿਖ ਰਹੀ ਨਕਲੀ  ਮਾਊਂਟ ਐਵਰਸਟ ਦੇ ਬਿਲਕੁਲ ਕੋਲ ਜਾ ਪੁੱਜੇ ਤਾਂ ਨਕਲੀ ਪਹਾੜ ਦੇ ਵਿਚ ਚੱਲ ਰਹੇ ਰੋਲਰ ਕੋਸਟਰ ਦੇ ਲੋਕਾਂ ਦੀਆਂ ਚੀਕਾਂ ਸਾਡੇ ਕੰਨਾਂ ਵਿਚ ਪੈਣ ਲੱਗ ਗਈਆਂ। ਪਰਾਂਜਲ ਕਹਿੰਦਾ ਕਿ ਚੱਲ ਆਪਾਂ ਬੈਠਦੇ ਹਾਂ, ਮੈਂ ਵੈਸੇ  ਸ਼੍ਰੀ ਮੁਕਤਸਰ ਸਾਹਿਬ ਦੇ  ਮਾਘੀ ਮੇਲੇ  ਤੇ ਚੰਡੋਲ ਤੇ ਕਿਸ਼ਤੀਆਂ ਤੇ ਬਿਨਾਂ ਡਰੇ ਬਹੁਤ ਝੂਟੇ ਲਏ ਸਨ । ਪਰ ਇਹੋ ਜਿਹੇ ਝੂਲੇ ਤੇ ਕਦੇ ਬੈਠਾ ਨਹੀ ਸੀ । ਪਰਾਂਜਲ ਕਹਿੰਦਾ ਕਿ ਬਿਨਾਂ ਬੈਠੇ ਤੈਨੂੰ ਪਤਾ ਕਿਵੇਂ ਲੱਗੂਗਾ ਕਿ ਝੂਲਾ ਖਤਰਨਾਕ ਹੈ, ਸੋ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਜਾ ਲੱਗੇ ਐਕਸ਼ੀਪੀਡੀਸਨ  ਐਵਰਸਟ ਰਾਈਡ  ਦੀ ਲਾਇਨ ਦੇ ਵਿਚ, ਪੂਰੀ ਪੰਤਾਲੀ ਮਿੰਟ ਦੇ ਵੇਟਿੰਗ ਚੱਲ ਰਹੀ ਸੀ । ਦਸ ਮਿੰਟ ਬਾਦ ਪਰਾਂਜਲ ਕਹਿੰਦਾ ਕਿ ਯਾਰ ਮੈਂ ਤਾਂ ਬੈਠਾ ਹੋਇਆ ਇਸ ਵਿਚ ਮੈਂ ਬਾਹਰ ਜਾ ਕੇ ਰਿੰਕੀ ਨੂੰ ਭੇਜਦਾ ਹਾਂ ਤੂੰ ਇੰਤਜਾਰ ਕਰ, ਮੈਂ ਕਿਹਾ ਕਿਉਂ ਮੇਰੀ ਜਾਨ ਦਾ ਵੈਰੀ ਬਣਿਆ ਹੈ, ਤੂੰ ਹੁਣ ਆਪ ਭੱਜ ਰਿਹਾ ਹੈ । ਪਰ ਉਹ ਬਾਹਰ ਚਲਾ ਗਿਆ ਤੇ ਉਸ ਨੇ ਭਾਬੀ ਨੂੰ ਮੇਰੇ ਕੋਲ ਅੰਦਰ ਭੇਜ ਦਿੱਤਾ।
ਇਹ ਲਾਈਨ ਵੀ ਘੁੰਮ ਘੁੰਮਾ ਕੇ ਜਾ ਰਹੀ ਸੀ ਤੇ ਰਾਈਡ ਤੋਂ ਪਹਿਲਾਂ ਇਕ ਛੋਟੇ ਮਿਊਜੀਅਮ ਦੇ ਵਿਚੋਂ ਲੰਘਨਾ ਪੈਂਦਾ ਹੈ ।ਇਸ ਦੇ ਵਿਚ ਨਿਪਾਲੀ  ਪ੍ਰੋਫੈਸਰ ਪੇਮਾ ਦੋਰਜੇ (ਪੀ।ਐਚ।ਡੀ।) ਦੀ ਤਸਵੀਰ ਲੱਗੀ ਹੋਈ ਹੈ, ਜੋ ਕਿ ਇਸ ਯੇਤੀ ਮਿਊਜੀਅਮ ਦੇ ਸੰਸਥਾਪਕ ਹਨ । ਨਾਲ ਹੀ ਉਹਨਾਂ ਦੀਆਂ ਡਿਗਰੀਆਂ ਤੇ ਅਖਬਾਰਾਂ ਦੀਆਂ ਕਟਿੰਗਾਂ ਲੱਗੀਆਂ ਹੋਈਆਂ ਸਨ, ਜਿੰਨਾ ਵਿਚ ਦੱਸਿਆ ਗਿਆ ਸੀ ਪ੍ਰੋਫੈਸਰ ਮੁਤਾਬਿਕ ਯੇਤੀ (ਹਿਮਮਾਨਵ) ਹੁੰਦੇ ਹਨ । ਯੇਤੀ ਤੇ ਪ੍ਰੋਫੈਸਰ ਪੇਮਾ ਨੇ ਕਾਫੀ ਖੋਜ ਕੀਤੀ ਹੈ । ਨਾਲ ਹੀ ਯੇਤੀ ਦੇ ਪੰਜੇ ਦਾ ਨਿਸ਼ਾਨ ਵੀ ਰੱਖਿਆ ਹੋਇਆ ਹੈ । ਬਾਕੀ ਜੇ ਦੁਨੀਆਂ ਤੇ ਡਾਇਨਾਸੋਰ ਵਰਗਾ ਜਾਨਵਰ ਹੋ ਸਕਦਾ ਹੈ ਫਿਰ ਯੇਤੀ ਦੇ ਹੋਣ ਤੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਐਵਰਸਟ ਵਿਚ ਰਹਿਣ ਵਾਲੇ ਕਾਫੀ ਜਾਨਵਰਾਂ ਦੇ ਨਕਲੀ ਮੁਖੌਟੇ ਵੀ ਰੱਖੇ ਹੋਏ ਹਨ, ਜਿੰਨ੍ਹਾਂ ਵਿਚ ਹਿੰਦੂ ਦੇਵਤਾ ਹਨੂੰਮਾਨ ਦਾ ਮੁਖੌਟਾ ਵੀ ਹਨੂੰਮਾਨ ਲੰਗੂਰ ਦੇ ਨਾਮ ‘ਤੇ ਰੱਖਿਆ ਹੋਇਆ ਹੈ । ਐਕਸ਼ੀਪੀਡੀਸਨ  ਐਵਰਸਟ ਦਾ ਨਾਮ 2011 ਦੀ ਗਿੰਨੀਜ ਬੁਕ ਆਫ ਵਰਲਡ ਰਿਕਾਰਡ ਵਿਚ ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਰਾਈਡ ਦੇ ਕਾਰਨ ਸ਼ਾਮਿਲ ਹੋਇਆ ਹੈ । ਸਭ ਸੈਟ ਤੇ ਸ਼ੋਅ ਪੀਸਾਂ ਦੇ ਨਾਲ ਇਹ ਰਾਈਡ ਬਾਕਮਾਲ ਪਲੈਨਿੰਗ ਨਾਲ ਬਣਾਈ ਗਈ ਹੈ । 2006 ਵਿਚ ਇਸ ‘ਤੇ ਸਭ ਮਿਲਾ ਕੇ ਤਕਰੀਬਨ ਸੌ ਮਿਲੀਅਨ ਯੂ। ਐਸ। ਡਾਲਰ ਦਾ ਖਰਚਾ ਹੋਇਆ ਹੈ ।  ਇਹ ਸਭ ਵੇਖਦੇ ਹੋਏ ਅਸੀਂ ਜਾ ਪਹੁੰਚੇ ਰਾਈਡ ਦੇ ਕੋਲ, ਮੈਂ ਭਾਬੀ ਨੂੰ ਕਿਹਾ ਕਿ ਪਰਾਂਜਲ ਜਾਲ ਵਿਚ ਫਸਾ ਗਿਆ ਆਪਾਂ ਨੂੰ ਤੇ ਆਪ ਮੌਜ ਨਾਲ ਬਾਹਰ ਖੜਾ ਹੈ । ਰਾਈਡ ਤੋਂ ਉਤਰਣ ਵਾਲੇ ਲੋਕਾਂ ਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਸੀ ਕਿ ਇਸ ਰਾਈਡ ਨੇ ਇਕ ਵਾਰ ਤਸੱਲੀ ਕਰਵਾ ਦੇਣੀ ਹੈ । ਸਾਨੂੰ ਸੀਟ ਬਿਲਕੁਲ ਹੀ ਅੱਗੇ ਜਾ ਮਿਲੀ ਤੇ ਟਰੇਨ ਚੱਲ ਪਈ । ਪਹਾੜ ਦੀ ਚੜਾਈ ਤੇ ਬਿਲੁਕਲ ਮਾਊਂਟ ਐਵਰੈਸਟ ਦੇ ਵਾਂਗ ਟਾਪ ਤੇ ਚਿੱਟਾ ਰੰਗ ਕਰਕੇ ਬਰਫ ਦਾ ਭੁਲੇਖਾ ਪਾਇਆ ਹੋਇਆ ਸੀ, ਕਿਤੇ ਛੋਟੇ ਝਰਨੇ ਬਣਾਏ ਹੋਏ ਸਨ । ਉਤੇ ਲਿਜਾ ਕੇ ਇਕ ਦਮ ਹੀ ਗੱਡੀ ਨੇ ਢਲਾਣ ਵੱਲ ਨੂੰ ਕੂਚ ਕਰ ਦਿੱਤਾ ਤੇ ਲੋਕਾਂ ਦੀਆਂ ਚੀਕਾਂ ਤੇ ਕਿਲਕਾਰੀਆਂ ਸ਼ੁਰੂ ਹੋ ਗਈਆਂ । ਇਕ ਦਮ ਹੀ ਝੂਲਾ ਪਹਾੜ ਦੀ ਉਚਾਈ ਤੇ ਜਾ ਰੁਕਿਆ ਜਿੱਥੇ ਕਿ ਟਰੈਕ ਨੂੰ ਹਵਾ ਦੇ ਵਿਚ ਤੋੜ ਕੇ ਅੰਗਰੇਜ਼ੀ ਦੇ “ਵੀ” ਸ਼ਬਦ ਵਾਂਗ ਕੀਤਾ ਹੋਇਆ ਸੀ । ਥੱਲੇ ਵੇਖਾਂ ਤਾਂ ਡਰ ਲੱਗੇ ਤੇ ਸਾਡੀ ਸੀਟ ਵੀ ਬਿਲਕੁੱਲ ਅੱਗੇ ਸੀ । ਮੈਂ ਭਾਬੀ ਨੂੰ ਕਿਹਾ, “ਲੈ ਬਈ ਭਾਬੀ ! ਆਹ ਤਾਂ ਕਿਸੇ ਅਨਜਾਣ ਚਾਲਕ ਨੇ ਆਪਾਂ ਨੂੰ ਗਲਤ ਟਰੈਕ ਤੇ ਭੇਜ ਦਿੱਤਾ, ਗੱਡੀ ਜੇ ਭੋਰਾ ਵੀ ਅੱਗੇ ਨੂੰ ਰਿੜ ਗਈ ਤਾਂ ਆਪਣਾ ਭੁੜਥਾ ਬਣ ਜਾਣਾ ਏ।”  ਇਕ ਵਾਰ ਤਾਂ ਭਾਬੀ ਦੇ ਵੀ ਸਾਹ ਰੁਕ ਗਏ 20 ਸੈਕਿੰਡਾਂ ਬਾਦ ਗੱਡੀ ਪਿੱਛੇ ਨੂੰ ਭੱਜ ਤੁਰੀ ਤੇ ਇਕ ਸੁਰੰਗ ਦੇ ਵਿਚ ਜਾ ਰੁਕੀ ਜਿੱਥੇ ਕਿ ਗਰਾਫਿਕਸ ਨਾਲ ਦਿਖਾਇਆ ਗਿਆ ਕਿ ਇਕ ਯੇਤੀ ਨੇ  ਰੇਲ ਦੇ ਟਰੈਕ ਪੁੱਟ ਦਿੱਤੇ ਸਨ, ਇਸ ਲਈ ਗੱਡੀ ਵਾਪਿਸ ਆਈ ਹੈ । 15-20 ਸਕਿੰਡ ਬਾਦ ਗੱਡੀ ਫਿਰ ਅਗਾਂਹ ਨੂੰ ਜਾ ਵਧੀ, ਪਰ ਇਸ ਵਾਰ ਦੂਜੇ ਟਰੈਕ ਤੇ ਗੱਡੀ ਪੁੱਠੀ ਸਿੱਧੀ ਹੁੰਦੀ ਹੋਈ ਜਾ ਪਹੁੰਚੀ ਵਾਪਿਸ ਸਟੇਸ਼ਨ ਤੇ । ਵੈਸੇ ਮਾੜੇ ਦਿਲ ਵਾਲੇ ਇਸ ਰਾਈਡ ਤੇ ਨਾ ਹੀ ਬੈਠਣ ਤਾਂ ਚੰਗਾ ਹੈ ।
ਇਕ ਵਾਰ ਤਾਂ ਮੇਰੇ ਸਿਰ ਵਿਚ ਵੀ ਤੜਥੱਲੀ ਪੈ ਰਹੀ ਸੀ । ਸਟੇਸ਼ਨ ਦੇ ਇਕ ਪਾਸੇ ਤੇ ਰਾਈਡ ਵਿਚ ਬੈਠੇ ਲੋਕਾਂ ਦੀਆਂ ਤਸਵੀਰਾਂ ਸਕਰੀਨ ਤੇ ਦਿਖ ਰਹੀਆਂ ਸਨ ਜੋ ਕਿ ਤੁਸੀਂ ਪੈਸੇ ਦੇ ਕੇ ਪਰਿੰਟ ਕਰਵਾ ਸਕਦੇ ਹੋ । ਇਹ ਤਸਵੀਰਾਂ ਪਹਾੜ ਦੇ ਅੰਦਰ ਲੱਗੇ ਕੈਮਰਿਆਂ ਨੇ ਖਿੱਚੀਆਂ ਸਨ । ਬਾਹਰ ਆਏ ਤਾਂ ਪਰਾਂਜਲ ਦਾ ਹਾਸਾ ਨਹੀਂ ਸੀ ਰੁਕ ਰਿਹਾ । ਮੈਂ ਕਿਹਾ ਆਪ ਸਕੀਮ ਲਾ ਗਿਆ ਬੱਚੂ, ਸਾਨੂੰ ਤਾਂ ਲੱਗਾ ਸੀ ਇਥੋਂ ਨਹੀਂ ਜਾਂਦੇ ਜਿੰਦਾ ਵਾਪਿਸ । ਉਸ ਨੇ ਵੀ ਸਾਡੀਆਂ ਫੋਟੋਆਂ ਖਿੱਚੀਆਂ ਸਨ । ਇਕ ਵਾਰ ਕੋਕ ਪੀਤਾ ਤੇ ਫਿਰ ਜਾ ਕੇ ਸਾਹ ਆਏ ਸਰੀਰ  ਵਿਚ । ਥੋੜਾ ਦਿਮਾਗੀ ਤੇ ਥੋੜਾ ਸਰੀਰਕ ਤੌਰ ‘ਤੇ ਥੱਕ ਗਏ ਸੀ । ਇਸ ਲਈ ਆਰਾਮ ਕਰਨ ਲਈ ਫਾਈਂਡਿੰਗ ਨਿਮੋ ਦ ਮਿਊਜੀਕਲ ਸ਼ੋਅ ਵਿਚ ਜਾ ਵੜੇ । ਵੈਸੇ ਇਹ ਸ਼ੋਅ ਬੱਚਿਆਂ ਲਈ ਹੈ ਪਰ ਮਾਂ ਬਾਪ ਵੀ ਨਾਲ ਪੂਰਾ ਮਜ਼ਾ ਕਰਦੇ ਹਨ । ਗਰਾਫਿਕਸ ਤੇ ਇਨਸਾਨ ਦੇ ਕਰਤਬਾਂ ਨਾਲ ਬਣਿਆ ਇਹ ਸ਼ੋਅ ਤੁਹਾਨੂੰ ਦਿਮਾਗੀ ਤੌਰ ਤੇ ਕਾਫੀ ਸਕੂਨ ਦਿੰਦਾ ਹੈ । ਵੈਸੇ ਇਕ ਪਾਰਕ ਦੋ ਦਿਨ ਵਿਚ ਪੂਰਾ ਦੇਖਣਾ ਬਹੁਤ ਮੁਸ਼ਕਿਲ ਹੈ । ਪਰ ਮੇਰੇ ਕੋਲ ਜਿ਼ਆਦਾ ਟਾਈਮ ਨਹੀਂ ਸੀ, ਇਸ ਲਈ ਸੋਚਿਆ ਕਿ ਹੁਣ ਹਾਲੀਵੁੱਡ ਸਟੂਡੀਉ ਵੀ ਦੇਖ ਲਿਆ ਜਾਵੇ । ਸੋ ਐਨੀਮਲ ਕਿੰਗਡਮ ਤੋਂ ਬਾਹਰ ਆ ਕੇ ਹਾਲੀਵੁੱਡ ਸਟੂਡੀਉ ਵੱਲ ਨੂੰ ਬੱਸ ਤੇ ਚਾਲੇ ਪਾ ਦਿੱਤੇ । ਹਾਲੀਵੁੱਡ ਸਟੂਡੀਉ ਤੱਕ ਜਾਣ ਲਈ ਮੈਜਿਕ ਕਿੰਗਡਮ ਤੋਂ ਕਿਸ਼ਤੀਆਂ ਵੀ ਚੱਲਦੀਆਂ ਹਨ ਪਰ ਉਹ ਹੋਟਲ ਜਾਂ ਰਿਜੋਰਟ ਵਿਚ ਰਹਿਣ ਵਾਲੇ ਲੋਕਾਂ ਦੇ ਲਈ ਹੁੰਦੀਆਂ ਹਨ । ਬਾਕੀ ਪੰਦਰਾਂ ਜਾਂ ਵੀਹ ਮਿੰਟ ਬਾਦ ਬੱਸਾਂ ਆਉਂਦੀਆਂ ਰਹਿੰਦੀਆਂ ਹਨ । ਡਿਜ਼ਨੀ ਦਾ ਹਾਲੀਵੁੱਡ ਸਟੂਡੀਉ ਵੀ ਕਾਫੀ ਵੱਡਾ ਬਣਾਇਆ ਗਿਆ ਹੈ । ਨਾਲ ਹੀ ਡਿਜ਼ਨੀ ਵੱਲੋਂ ਬਣਾਈਆਂ ਗਈਆਂ ਫਿਲਮਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਫਿਲਮੀ ਸੈਟਾਂ ਦੇ ਮਾਡਲ ਰੱਖੇ ਹੋਏ ਹਨ । ਅੰਦਰ ਵੜਦੇ ਹੀ ਸਭ ਤੋਂ ਪਹਿਲਾਂ ਨੀਲੇ ਰੰਗ ਦੀ ਬਣੀ ਵਿਸ਼ਾਲ ਜਾਦੂਈ ਟੋਪੀ ਲੋਕਾਂ ਨੂੰ ਆਕਰਸ਼ਤ ਕਰਦੀ ਹੈ, ਜਿਸ ਦੇ ਉੱਤੇ ਅੱਧਾ ਚੰਦਰਮਾ ਤੇ ਸਿਤਾਰੇ ਬਣਾਏ ਹੋਏ ਹਨ ਤੇ ਰੰਗੀਨ ਲਾਈਟਾਂ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀਆਂ ਹਨ । ਥੋੜਾ ਅੱਗੇ ਖੁੱਲੀ ਜਗ੍ਹਾ ਵਿਚ ਅਮਰੀਕਾ ਦੇ ਵੱਖ ਵੱਖ ਮਸ਼ਹੂਰ ਸ਼ਹਿਰਾਂ ਦੇ ਨਕਲੀ ਫਿਲਮੀ ਸੈੱਟ  ਬਣਾ ਕੇ ਲਗਾਏ ਹੋਏ ਹਨ । ਡਿਜ਼ਨੀ ਦੀ ਲਾਈਟਨਿੰਗ ਮੈਕੁਈਨ ਕਾਰਾਂ ਦੇ ਮਾਡਲ ਵੀ ਖੜੇ ਕੀਤੇ ਹੋਏ ਹਨ । ਫੋਟੋ ਦੇ ਲਈ ਫਿਰ ਲੰਬੀ ਵੇਟਿੰਗ ਹਰ ਥਾਂ ਤੇ ਚੱਲਦੀ ਹੈ ।
ਹਾਲੀਵੁੱਡ ਸਟੂਡੀਉ ਦਾ ਮਸ਼ਹੂਰ ਲਾਈਟਸ, ਮੋਟਰ, ਐਕਸ਼ਨ ਦਾ ਐਕਸਟਰੀਮ ਸਟੰਟ ਸ਼ੋਅ ਵੀ ਦੇਖਣਯੋਗ ਹੈ । ਇਸ ਦੇ ਵਿਚ ਕਾਰਾਂ ਤੇ ਮੋਟਰਸਾਇਕਲਾਂ ਦੇ ਬਹੁਤ ਕਮਾਲ ਕਰਤਬ ਲਾਈਵ ਦਿਖਾਏ ਜਾਂਦੇ ਹਨ । ਹਵਾ ਵਿਚ ਕਾਰਾਂ ਪੱਤਿਆਂ ਵਾਂਗ ਝੂਲਦੀਆਂ ਨਜ਼ਰ ਆਉਂਦੀਆਂ ਹਨ । ਵਾਲਟ ਡਿਜਨੀ ਦਾ ਵੰਨ ਮੈਨ ਡਰੀਮ ਨਾਮ ਦਾ ਮਿਊਜੀਅਮ ਵੀ ਇੱਥੇ ਸਥਾਪਿਤ ਕੀਤਾ ਹੋਇਆ ਹੈ । ਜਿਸ ਵਿਚ ਮਿੱਕੀ ਮਾਊਸ ਤੋਂ ਲੈ ਕੇ ਡਿਜ਼ਨੀਵਰਲਡ ਤੱਕ ਦਾ ਇਤਿਹਾਸ ਰੱਖਿਆ ਹੋਇਆ ਹੈ । ਵਾਲਟ ਡਿਜ਼ਨੀ ਦਾ ਸੁਪਨਾ ਸੀ ਕਿ ਇਕ ਐਸਾ ਪਾਰਕ ਤਿਆਰ ਕੀਤਾ ਜਾਵੇ ਜਿਸ ਵਿਚ ਹਰ ਉਮਰ ਦੇ ਲੋਕ ਖੁਸ਼ੀਆਂ ਮਾਣ ਸਕਣ ਤੇ ਉਹ ਸੁਪਨਾ ਵਾਕਿਆ ਹੀ ਸੱਚ ਵੀ ਹੋਇਆ ਹੈ । ਇਸ ਵਿਚ ਵਾਲਟ ਡਿਜ਼ਨੀ ਦਾ ਸਭ ਤੋਂ ਪਹਿਲਾਂ ਆਪਣੇ ਹੱਥੀਂ ਪੈਨਸਿਲ ਨਾਲ  ਬਣਾਇਆ ਮਿੱਕੀ ਮਾਊਸ ਦਾ ਕਾਰਟੂਨ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉਸ ਦੇ ਨਾਲ ਜਿਸ ਟੇਬਲ ਤੇ ਇਹ ਕਾਰਟੂਨ ਤਿਆਰ ਕੀਤੇ ਜਾਂਦੇ ਸੀ ਉਹ ਵੀ ਦਰਸ਼ਕ ਦੇਖ ਸਕਦੇ ਹਨ  । ਸਿੰਡਰੇਲਾ ਕਾਸਲ ( ਮੈਜਿਕ ਕਿੰਗਡਮ ਵਾਲੇ ਕਿਲਾ ) ਦਾ ਮਾਡਲ ਵੀ ਰੱਖਿਆ ਹੋਇਆ ਹੈ । ਸਟੂਡੀਉ ਬੈਕਲੌਟ ਟੂਰ, ਇੰਡੀਆਨਾ ਜੌਨਸ ਸਟੰਟ, ਵੋਏਜ ਆਫ ਦ ਲਿਟਲ ਮਰਮੇਡ ਤੇ ਹਾਲੀਵੁੱਡ ਟਾਵਰ ਹੋਟਲ ਵੀ ਦੇਖਣਯੌਗ ਹਨ । ਹਾਲੀਵੁੱਡ ਟਾਵਰ ਹੋਟਲ ਨੂੰ ਭੂਤੀਆ ਮਹਿਲ ਵੀ ਕਿਹਾ ਜਾਂਦਾ ਹੈ । ਜਿੱਥੇ ਕਿ ਵੱਖੋ ਵੱਖ ਅੰਦਾਜ਼ ਨਾਲ ਖੌਫਨਾਕ ਆਵਾਜ਼ਾਂ ਤੇ ਐਨੀਮੇਸ਼ਨ ਨਾਲ ਡਰਾਇਆ ਜਾਂਦਾ ਹੈ । ਅਮੈਰਿਕਨ ਆਈਡਲ ਦੇ ਪ੍ਰੋਗਰਾਮ ਦੀ ਤਰਜ਼ ਤੇ ਉਸੇ ਨਾਮ ਹੇਠ ਹੀ ਉਥੇ ਇਕ ਹਾਲ ਦੇ ਵਿਚ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿਚ ਜਿੱਤਣ ਵਾਲੀ ਕੁੜੀ ਨੂੰ ਅਮੈਰਿਕਨ ਆਈਡਲ ਦੇ ਵਿਚ ਜਾਣ ਦਾ ਸਿੱਧਾ ਅਵਸਰ ਦਿੱਤਾ ਗਿਆ । ਰਾਤ ਨੂੰ ਅੱਠ ਵਜੇ ਹਾਲੀਵੁੱਡ ਸਟੂਡੀਉ ਦਾ ਮੁੱਖ ਸ਼ੋਅ ਫੈਨਟਾਸਮਿਕ ਹੁੰਦਾ ਹੈ । ਤਕਰੀਬਨ ਲੋਕ ਇੰਟਰਨੈੱਟ ਤੇ ਸਾਰੇ ਸ਼ੋਆਂ ਬਾਰੇ ਖੋਜ ਕਰ ਕੇ ਆਏ ਹੁੰਦੇ ਹਨ, ਇਸੇ ਲਈ ਸਮੇਂ ਤੋਂ ਪਹਿਲਾਂ ਲਾਈਨਾਂ ਲੱਗ ਜਾਂਦੀਆ ਹਨ । ਹੈਰਾਨੀ ਦੀ ਗੱਲ ਇਹ ਹੈ ਕਿ ਡਿਜ਼ਨੀਲੈਂਡ ਵਿਚ 365 ਦਿਨ ਭਾਰੀ ਰਸ਼ ਰਹਿੰਦਾ ਹੈ । ਹੌਲੀ ਹੌਲੀ ਸਰਕਦੇ ਹੋਏ ਅਸੀਂ ਜਾ ਪਹੁੰਚੇ ਇਕ ਵੱਡੇ ਉਪਨ ਏਅਰ ਥੀਏਟਰ ਦੇ ਵਿਚ, ਜਿੱਥੇ ਨਕਲੀ ਪਹਾੜੀ ਦਾ ਸੈੱਟ ਲੱਗਿਆ ਸੀ ਤੇ ਉਸ ਦੇ ਅੱਗੇ ਝੀਲ ਬਣਾਈ ਹੋਈ ਸੀ । ਲਾਈਟਾਂ ਦੇ ਨਾਲ ਪਹਾੜੀ ਜਗਮਗਾ ਰਹੀ ਸੀ । ਸਭ ਲੋਕਾਂ ਨੂੰ ਜਲਦੀ ਨਾਲ ਸੀਟਾਂ ਤੇ ਬੈਠਣ ਦੇ ਲਈ ਕਿਹਾ ਗਿਆ ਕਿਉਂਕਿ ਪ੍ਰੋਗਰਾਮ ਠੀਕ ਟਾਇਮ ਤੇ ਤਾਂ ਹੀ ਸ਼ੁਰੂ ਹੋ ਸਕਣਾ ਸੀ । ਇਕ ਵਾਰ ਸਾਰੇ ਪਾਸੇ ਸ਼ਾਂਤੀ ਹੋਣ ਤੋਂ ਬਾਦ ਝੀਲ ਦੇ ਵਿਚ ਲੱਗੇ ਹੋਏ ਪਾਣੀ ਦੇ ਫੁਹਾਰੇ ਚਲਾ ਦਿੱਤੇ ਗਏ ਜੋ ਕਿ ਪਾਣੀ ਨੂੰ ਹਵਾ ਦੇ ਰੂਪ ਵਿਚ ਬਾਹਰ ਕੱਢ ਰਹੇ ਸੀ । ਤਕਰੀਬਨ 15-20 ਫੁੱਟ ਤੱਕ ਪਾਣੀ ਉੱਪਰ ਵੱਲ ਨੂੰ ਜਾ ਰਿਹਾ ਸੀ ਤੇ ਫਿਰ ਲੇਜਰ ਤੇ ਥਰੀ ਡੀ ਐਨੀਮੇਸ਼ਨ ਦੇ ਜ਼ਰੀਏ ਉਸ ਹਵਾਈ ਪਾਣੀ ਉੱਤੇ ਸ਼ੋਅ ਸ਼ੁਰੂ ਹੋਇਆ । ਵਾਲਟ ਡਿਜ਼ਨੀ ਦੇ ਮਸ਼ਹੂਰ ਕਿਰਦਾਰ ਮਿੱਕੀ ਮਾਊਸ ਦੇ ਉੱਪਰ ਇਹ ਸਾਰਾ ਸ਼ੋਅ ਕੇਂਦਰਤ ਸੀ । ਨਾਲ ਨਾਲ ਪਹਾੜੀ ਤੇ ਵੀ ਕਲਾਕਾਰ ਆਪਣੇ ਜੌਹਰ ਦਿਖਾ ਰਹੇ ਸੀ । ਦਿਲ ਦਹਿਲਾ ਦੇਣ ਵਾਲੇ ਸੀਨ ਸਨ, ਹਰ ਮਿੰਟ ਤੇ ਦਰਸ਼ਕ ਤਾੜੀਆਂ ਨਾਲ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕਰ ਰਹੇ ਸਨ । ਕਦੇ ਸ਼ਾਂਤ ਦਿਖ ਰਹੇ ਝੀਲ ਦੇ ਪਾਣੀ ਦੇ ਵਿਚ ਅੱਗ ਲੱਗ ਰਹੀ ਸੀ ਕਦੇ ਉਸ ਪਾਣੀ ਵਿਚ ਤੂਫਾਨ ਚੱਲ ਰਹੇ ਸਨ । ਮਿੱਕੀ ਮਾਊਸ ਅੰਤ ਦੇ ਵਿਚ ਡਰੈਗਨ ਨੂੰ ਮਾਰ ਦਿੰਦਾ ਹੈ ਤੇ ਇਕ ਵਾਰ ਫਿਰ ਹੀਰੋ ਬਣ ਜਾਂਦਾ ਹੈ । ਇਸ ਦੇ ਨਾਲ ਹੀ ਸ਼ਾਨਦਾਰ ਆਤਿਸ਼ਬਾਜੀ ਕੀਤੀ ਜਾਂਦੀ ਹੈ । ਝੀਲ ਦੇ ਵਿਚ ਵੀ ਪਟਾਕੇ ਚੱਲਦੇ ਹਨ । ਤਾੜੀਆਂ ਤੇ ਸੀਟੀਆਂ ਦੇ ਨਾਲ ਦਰਸ਼ਕ ਕਲਾਕਾਰਾਂ ਦਾ  ਧੰਨਵਾਦ ਕਰਦੇ ਹਨ । ਇਹ ਐਸਾ ਸਮਾਂ ਹੁੰਦਾ ਹੈ, ਜਦੋਂ ਸਭ ਲੋਕ ਅਸਲ ਦੁਨੀਆਂ ਨੂੰ ਭੁੱਲ ਕੇ ਇਸ ਜਾਦੂਈ ਦੁਨੀਆਂ ਦੇ ਵਾਸੀ  ਬਣ ਜਾਂਦੇ ਹਨ । ਕਿਸੇ ਦਾ ਵੀ ਦਿਲ ਨਹੀਂ ਕਰਦਾ ਡਿਜ਼ਨੀ ਵਰਲਡ ਨੂੰ ਛੱਡ ਕੇ ਜਾਣ ਦਾ, ਪਰ ਪਾਰਕ ਤੋਂ ਬਾਹਰ ਆਉਂਦੇ ਹੀ ਬਾਕੀ ਦੁਨੀਆਂਦਾਰੀ ਵੀ ਯਾਦ ਆ ਜਾਂਦੀ ਹੈ । ਇਸ ਲਈ ਅਸੀਂ ਵੀ ਮੈਜਿਕ ਕਿੰਗਡਮ ਵੱਲ ਨੂੰ ਬੱਸ ਤੇ ਵਾਪਸੀ ਸਫਰ ਸ਼ੁਰੂ ਕਰ ਦਿੱਤਾ । ਸਾਰੇ ਰਸਤੇ ਵਿਚ ਡਿਜ਼ਨੀ ਦੀਆਂ ਹੈਰਤਅੰਗੇਜ਼ ਗੱਲਾਂ ਚਲਦੀਆਂ ਰਹੀਆਂ ।
ਮੈਜਿਕ ਕਿੰਗਡਮ ਦੇ ਬੱਸ ਸਟੈਂਡ ਵਿਚ ਆ ਕੇ ਮੈਂ ਸੋਚਿਆ ਕਿ ਇਕ ਵਾਰ ਕਿਲੇ ਦੀ ਰਾਤ ਦੀ ਫੋਟੋ ਵੀ ਖਿੱਚ ਲਈ ਜਾਵੇ । ਪਰਾਂਜਲ ਤੇ ਭਾਬੀ ਕਾਰ ਪਾਰਕ ਵੱਲ ਕਾਰ ਲੱਭਣ ਤੁਰ ਪਏ ਤੇ ਮੈਂ ਮੈਜਿਕ ਕਿੰਗਡਮ ਨੂੰ ਜਾਣ ਵਾਲੀ ਟਰੇਨ ਤੇ ਫਿਰ ਜਾ ਬੈਠਾ । ਹੁਣ ਤਾਂ ਰਸਤਾ ਜ਼ਬਾਨੀ ਯਾਦ ਹੋ ਗਿਆ ਸੀ । ਲੋਕ ਕਾਫੀ ਘੱਟ ਗਏ ਸਨ ਪਰ ਕਿਲਾ ਵਾਕਿਆ ਹੀ ਰੰਗੀਨ ਲਾਈਟਾਂ ਦੇ ਵਿਚ ਬਹੁਤ ਖੂਬਸੂਰਤ ਦਿਖਾਈ ਦੇ ਰਿਹਾ ਸੀ । ਮੈਂ ਕੁਝ ਯਾਦਗਾਰੀ ਫੋਟੋ ਆਪਣੇ ਕੈਮਰੇ ਵਿਚ ਕੈਦ ਕਰ ਕੇ ਵਾਪਿਸ ਇਸ ਜਾਦੂ ਨਗਰੀ ਤੋਂ ਅਸਲ ਦੁਨੀਆਂ ਵੱਲ ਚਾਲੇ ਪਾ ਦਿੱਤੇ । ਸਾਰਾ ਦਿਨ ਚੱਲਣ ਕਾਰਣ ਹੋਈ ਥਕਾਵਟ ਹੁਣ ਮਹਿਸੂਸ ਹੋਣ ਲੱਗ ਪਈ ਸੀ । ਕਾਰ ਪਾਰਕ ਵਿਚ ਭੀੜ ਕਾਫੀ ਸੀ ਪਰ ਡਿਜ਼ਨੀ ਸਟਾਫ ਸਭ ਨੂੰ ਵਾਰੀ ਨਾਲ ਬਾਹਰ ਜਾਣ ਵਿਚ ਸਹਾਇਤਾ ਕਰ ਰਿਹਾ ਸੀ । ਇਹ ਮੇਰਾ ਬਹੁਤ ਸ਼ਾਨਦਾਰ ਦਿਨ ਰਿਹਾ, ਸੋਚਦੇ ਸੋਚਦੇ ਕਾਰ ਵਿਚ ਮੈਂ ਵੀ ਨੀਂਦ ਦੇ ਦੋ ਤਿੰਨ ਝੂਟੇ ਲੈ ਲਏ ।
ਚਲਦਾ...

No comments: