ਗੱਲ ਠੀਕ ਸਿਆਣੇ ਕਹਿੰਦੇ ਨੇ......... ਨਜ਼ਮ/ਕਵਿਤਾ / ਰਵੇਲ ਸਿੰਘ ਇਟਲੀ


ਗੱਲ ਠੀਕ ਸਿਆਣੇ ਕਹਿੰਦੇ ਨੇ,
ਦੀਵੇ ਸੰਗ ਦੀਵੇ ਜਗਦੇ ਨੇ ।

ਪਰਿਵਾਰ ਬਿਨਾਂ ਘਰ ਬਾਰ ਕਿਹਾ ,
ਘਰ ਵੱਸਦੇ ਚੰਗੇ ਲੱਗਦੇ ਨੇ ।

ਲੱਖ ਹੋਰਾਂ ਦੇ ਸੰਗ ਸਾਂਝ ਬਣੇ ,
ਭਾਈਆਂ ਸੰਗ ਭਾਈ ਸੱਜਦੇ ਨੇ ।ਜੇ ਸਾਵਣ ਸੁੱਕਾ ਲੰਘ ਜਾਵੇ ,
ਨਾ ਵਹਿਣ ਤੇ ਨਾਲੇ ਵਗਦੇ ਨੇ ।

ਹੁੰਦੀ ਨਾ ਰੌਣਕ ਖੇਤਾਂ ਵਿਚ ,
ਨਾ ਫ਼ਸਲਾਂ ਦੇ ਸੰਗ ਫੱਬਦੇ ਨੇ ।

ਕਿਤੇ ਸੋਕਾ ਹੈ ਕਿਤੇ ਡੋਬਾ ਹੈ ,
ਰੰਗ ਸਾਰੇ ਡਾਢੇ ਰੱਬ ਦੇ ਨੇ ।

ਹੈ ਸਭਨਾਂ ਮਰਨਾ ਓੜਕ ਨੂੰ ,
ਕਈ ਸਾੜਣ ਤੇ ਕਈ ਦੱਬਦੇ ਨੇ ।

ਦਿਨ ਔਖੇ ਸੌਖੇ ਲੰਘ ਜਾਂਦੇ ,
ਮਾੜੇ ਤੇ ਤੱਗੜੇ ਸਭ ਦੇ ਨੇ ।

ਓੜਕ ਨੂੰ ਕਾਬੂ ਆ ਜਾਂਦੇ ,
ਲੋਕਾਂ ਨੂੰ ਜੇਹੜੇ ਠੱਗਦੇ ਨੇ ।

ਜੋ ਤੁਰ ਗਏ ਵਾਪਿਸ ਮੁੜਨੇ ਨਹੀਂ,
ਕਈ ਲੱਖਾਂ ਫਿਰਦੇ ਲੱਭਦੇ ਨੇ ।

ਇਹ ਦੁਨੀਆ ਵਾਂਗਰ ਸੁਪਨੇ ਦੇ ,
ਸਭ ਭਰਮ ਭੁਲੇਖੇ ਜੱਗ ਦੇ ਨੇ ।

****

No comments: