ਹਲ਼.......... ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”


          ਹਲ਼  ਪੰਜਾਬੀ ਕਿਸਾਨੀ ਦਾ ਸੱਭ ਤੋਂ ਮਹੱਤਵ ਪੂਰਨ ਅੰਗ ਹੁੰਦਾ  ਸੀ । ਹਲ਼ ਤੋਂ ਬਿਨਾ ਜ਼ਮੀਨ ਵਾਹੁਣੀ ਨਾਮੁਮਕਿਨ ਹੈ ਤੇ  ਬਿਨਾਂ ਜ਼ਮੀਨ ਵਾਹੇ ਫ਼ਸਲ ਉਗਾਉਣੀ  ਨਾਮੁਮਕਿਨ ਹੈ । ਜੇਕਰ ਹਲ ਨੂੰ  ਕਿਸਾਨੀ ਦਾ ਧੁਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ । ਇਸੇ ਕਰਕੇ ਹੀ ਇਹ ਅਖਾਣ ਬਹੁਤ ਮਸ਼ਹੂਰ ਹੁੰਦਾ ਸੀ 
“ਜ਼ਮੀਨ ਵਾਹਿਆਂ ਫਸਲ਼ ਗਾਹਿਆਂ”

       ਹਲ਼ ਦੇ ਬਾਰੇ ਗੱਲ ਕਰਦੇ ਹਾਂ ਤਾਂ ਮੈਨੂੰ ਮੇਰੇ ਇੱਕ ਪੇਂਡੂ ਕਿਸਾਨ ਦਾ ਚੇਤਾ ਆ ਗਿਆ ਜੋ ਕਿ ਹੁਣ ਤੱਕ ਹਲ਼ ਨਾਲ ਵਾਹੀ ਕਰਦਾ ਰਿਹਾ ਹੈ । ਉਸ ਦੀ ਇੱਕ ਸਿਫ਼ਤ ਹੁੰਦੀ ਸੀ ਕਿ ਉਹ ਕਿੱਲੇ ਡੇਢ ਦੀ ਵਾਟ ਤੱਕ ਨੱਕ ਦੀ ਸੇਧ ਤੇ ਹੀ ਸਿੱਧਾ ਹਲ਼ ਚਲਾੳਂਦਾ ਹੁੰਦਾ ਸੀ ਕਿਤੋਂ ਵੀ ਕੋਈ ਵਿੰਗ ਟੇਡ ਨਜ਼ਰ ਨਹੀਂ ਆਉਂਦੀ ਸੀ । ਜਿਸਤੋਂ ਭਾਵ ਹੈ ਕਿ ਹਲ਼ ਚਲਾਉਣਾ ਵੀ ਇੱਕ ਕਲਾ ਹੈ । ਨਹੀਂ ਤਾਂ ਅਨਜਾਣ ਬੰਦਾ ਬਲਦਾਂ ਦੇ ਗਿੱਟੇ ਹੀ ਜ਼ਖਮੀ ਕਰੀ ਰੱਖੇ । ਹਲ਼ ਵੀ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਕਿ ਜਮੀਨ ਵਹੁਣ ਲਈ ਹਲ ਆਮ ਕਿਸਮ ਦਾ ਹੁੰਦਾ ਹੈ,ਜਿਸ ਨਾਲ ਜ਼ਮੀਨ ਨੂੰ ਵਾਹ ਕੇ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ ।  ਬਿਜਾਈ ਲਈ ਹਲ਼ ਲੱਕੜ ਦਾ ਬਣਾਇਆ ਜਾਂਦਾ ਸੀ ਜੋ ਕਿ ਬਹੁਤਾ ਡੂੰਘਾ ਨਹੀਂ ਜਾ ਸਕਦਾ ਅਤੇ ਸਿਰਫ ਤਿਆਰ ਜ਼ਮੀਨ ਵਿੱਚ ਹੀ ਚਲਾਇਆ ਜਾ ਸਕਦਾ ਸੀ ਜਿਸ ਨਾਲ ਪੋਰ ਬੰਨ ਕੇ ਹਾਲੀ਼ ਗਲ ਵਿੱਚ ਬੀਜ ਦੀ ਝੋਲੀ ਪਾਕੇ ਨਾਲ ਨਾਲ ਬੀਜ ਵੀ ਕੇਰਦਾ ਹੁੰਦਾ ਸੀ ਤੇ ਹਲ਼ ਵੀ ਚਲਾੳਂਦਾ ਹੁੰਦਾ ਸੀ ।  ਅਤੇ ਇੱਕ ਹਲ਼ ਉਲਟਾਂਵਾ ਹਲ ਜੋ ਕਿ ਜ਼ਮੀਨ ਨੁੰ ਪਲਟਣ ਲਈ ਚਲਾਇਆ ਜਾਦਾ ਸੀ । ਜਿਸ ਵਾਸਤੇ ਤਕੜੇ ਬਲਦਾਂ ਦਾ ਹੋਣਾ ਬਹੁਤ ਜ਼ਰੂਰੀ ਸੀ । ਅੱਜ ਇਨਾਂ ਹਲ਼ਾਂ ਦੀ ਜਗਾ
ਨਵੀਨ ਖੇਤੀ ਸੰਦਾਂ ਨੇ ਲੈ ਲਈ ਹੈ ਪਰ ਤਕਨੀਕ ਦਾ ਧੁਰਾ ਉਹੀ ਹੈ ।  ਸੋ ਹਲ਼ ਦੇ ਮੁੱਖ ਭਾਗਾਂ ਵਿੱਚ ਇੱਕ ਹਲ਼ ਦੀ ਬੇਲ ਹੁੰਦੀ ਹੈ ਜਿਸ ਨੂੰ ਕਿ ਇੱਕ ਲੰਬੀ ਸਿੱਧੀ ਲੱਕੜ ਨਾਲ ਬਣਾਇਆ ਜਾਂਦਾ ਹੈ । ਇਸ ਦੇ ਸਿਰੇ ਤੇ ਕੁਝ ਛੇਕ ਹੰਦੇ ਹਨ ਜੋ ਕਿ ਕੰਬਲੇ ਦੁਆਰਾ ਹਲ਼ ਨੂੰ ਪੰਜਾਲੀ ਨਾਲ ਜੋੜਦੇ ਹਨ । ਇਨਾਂ ਛੇਕਾਂ ਨਾਲ ਬੇਲ ਦੀ ਲੰਬਾਈ ਵਧਾਈ ਘਟਾਈ ਜਾ ਸਕਦੀ ਹੈ । ਜੇ ਕਰ ਹਲ਼ ਡੂੰਘਾ ਵਾਹੁਣਾ ਹੋਵੇ ਤਾਂ ਬੇਲ ਦੀ ਲੰਬਾਈ ਵਧਾ ਦਿੱਤੀ ਜਾਦੀ ਹੈ ਤੇ ਹਲ਼ ੳੱਚਾ ਭਾਵ ਘੱਟ ਡੂੰਘਾ ਵਾਹੁਣ ਲਈ ਬੇਲ ਨੂੰ ਨੇੜਿੳਂ ਜੋੜਿਆ ਜਾਂਦਾ ਹੈ ।  ਪਿਛਲਾ ਹਿੱਸਾ ਹਲ਼ ਨਾਲ ਜੁੜਿਆ ਹੁੰਦਾ ਹੈ । ਹਲ਼ ਦੀ ਹੱਥੀ ਤੋਂ ਫੜ ਕੇ ਹਲ ਚਲਾਇਆ ਜਾਦਾ ਹੈ ਜੋ ਕਿ ਲੋਹੇ ਦੀ ਇੱਕ ਮਜ਼ਬੂਤ ਮੋਟੀ ਪੱਤੀ ਦੀ ਬਣਾਈ ਹੁੰਦੀ ਹੈ । ਇਸ ਹੱਥੀ ਨਾਲ ਦੋਵਾਂ ਬਲਦਾਂ ਦੀ ਨੱਥ ਤੋਂ ਰੱਸੀ ਬੰਨੀ ਹੁੰਦੀ ਹੈ ਜੋ ਕਿ ਬਲਦਾਂ ਨੂੰ ਮੋੜਨ, ਰੋਕਣ ਜਾਂ ਸਿੱਧੇ ਰੱਖਣ ਲਈ ਹਾਲੀ਼ ਲੋੜ ਅਨੁਸਾਰ ਖਿੱਚ ਕੇ ਬਲਦ ਨੂੰ ਇਸ਼ਾਰਾ ਦਿੰਦਾ ਹੈ । (ਭਾਵ ਸਟੇਅਰਿੰਗ ਦਾ ਕੰਮ ਲੈਂਦਾ ਹੈ) ਜ਼ਮੀਨ ਵਿੱਚ ਵਾਹੀ ਕਰਨ ਵਾਲੇ ਹਲ਼ ਦੇ ਹਿੱਸਿਆ ਵਿੱਚ ਹੁੰਦਾ ਹੈ ਚਊ,ਪੱਖਾ ਅਤੇ ਫਾਲਾ । ਪੱਖਾ ਉਹ ਹੁੰਦਾ ਹੈ ਜੋ ਕਿ ਪਾਸਿਆਂ ਨੁੰ ਦੋ ਖੰਭਾਂ ਦੇ ਰੂਪ ਵਿੱਚ ਮਿੱਟੀ ਪਾਸੇ ਸੁੱਟਦਾ ਹੈ ਚਊ ਨਾਲ ਫਾਲਾ ਜੋੜਿਆ ਹੁੰਦਾ ਹੈ ਜੋ ਕਿ ਜ਼ਮੀਨ ਵਿੱਚ ਧੱਸ ਕੇ ਜ਼ਮੀਨ ਨੂੰ ਪੁੱਟਦਾ ਹੈ ਭਾਵ ਵਾਹੁੰਦਾ ਹੈ । ਜਦੋਂ ਬਲਦਾਂ ਵਾਲੇ ਹਲ੍ਹਾਂ ਨਾਲ ਵਾਹੀ ਕੀਤੀ ਜਾਂਦੀ ਸੀ ਤਾਂ ਜਿਸ ਘਰ ਦੇ ਹਲ਼ ਇੱਕ ਤੋਂ ਵੱਧ ਵਗਦੇ ਹੁੰਦੇ ਸਨ  ਉਹਨਾਂ ਘਰਾਂ ਨੂੰ ਖਾਂਦੇ ਪੀਂਦੇ ਘਰਾਂ ਦਾ ਦਰਜਾ ਦਿੱਤਾ ਜਾਂਦਾ ਸੀ । ਕਈ ਸ਼ੌਂਕੀ ਜਿ਼ਮੀਦਾਰ ਆਪਣੇ ਬਲਦਾਂ ਨੂੰ ਬਹੁਤ ਸਿ਼ੰਗਾਰ ਕੇ ਰੱਖਦੇ ਸਨ ਤੇ ਆਪਣੇ ਬਲਦਾਂ ਦੇ ਗਲ੍ਹਾਂ ਵਿੱਚ ਟੱਲੀਆਂ ਪਾ ਕੇ ਰੱਖਦੇ ਸਨ ਤਾਂ ਜਦੋਂ ਹਾਲੀ ਖੇਤਾਂ ਨੂੰ ਜਾਂਦੇ ਸਨ ਤਾਂ ਪਹਿਲੇ ਪਹਿਰ ਦੇ ਤੜਕੇ ਟੱਲੀਆਂ ਦੀ ਖੜਕਾਹਟ ਬਹੁਤ ਮਨਮੋਹਕ ਹੁੰਦੀ ਸੀ ਜੋ ਕਿ ਸ਼ਾਂਤ ਸਵੇਰ ਵਿੱਚ ਮਹਿਕਾਂ ਬਿਖੇਰਦੀ ਜਾਂਦੀ ਸੀ ਤੇ ਖੇਤੀਂ ਵਗਦੇ ਹਲ਼ਾਂ ਦਾ ਵੀ ਦੂਰੋਂ ਹੀ ਪਤਾ ਲੱਗ ਜਾਂਦਾ ਸੀ । ਹਲ਼ ਵਾਹੁੰਦੇ ਹਾਲ਼ੀਆਂ ਦਾ ਭੱਤਾ  ਸੁਆਣੀਆਂ ਬੜੇ ਸ਼ੌਂਕ ਨਾਲ ਲੈ ਕੇ ਜਾਂਦੀਆਂ ਹੁੰਦੀਆਂ ਸਨ ਤੇ ਬਲਦਾਂ ਲਈ ਆਟੇ ਦੇ ਪੇੜੇ ਉਚੇਚੇ ਤੌਰ ਤੇ ਲੈ ਕੇ ਜਾਂਦੀਆਂ ਸਨ ।

          ਜਦੋਂ ਜੱਟ ਆਪਣੇ ਖੇਤਾਂ ਵਿੱਚ ਹਲ਼ ਜੋੜਦਾ ਸੀ  ਤਾਂ ਨਾਲ ਲੰਮੀਆਂ ਹੇਕਾਂ ਲਾ ਕੇ ਆਪਣਾ ਮੰਨੋਰੰਜਨ ਵੀ ਖੁਦ ਹੀ  ਕਰਦਾ ਹੁੰਦਾ ਸੀ । ਜਿਸ ਤੋਂ ਕਈ ਲੋਕ ਗੀਤਾਂ ਨੇ ਜਨਮ ਲਿਆ ਤੇ ਅੱਜ ਵੀ ਲੋਕਾਂ ਦੀ ਜੁ਼ਬਾਨ ਤੇ ਨਵੇਂ ਨਰੋਏ ਤੇ ਤਾਜ਼ਗੀ ਭਰਪੂਰ ਹਨ ।   
ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲੀਆਂ ਨੇ ਹਲ਼ ਡੱਕ ਲਏ

ਜੱਟਾ ਹਲ਼ ਵਗੇਂਦਿਆ, ਹਲ਼ ਨਾ ਛੱਡੇਂ ਦਿਨ ਰਾਤ
ਇੱਕ ਦਿਨ ਵਿਛੜ ਜਾਵਣਾ ਤੇਰੀ ਕਿਸੇ ਨਾ ਪੁੱਛਣੀ ਬਾਤ

ਹਲ਼ ਛੱਡ ਕੇ ਚਰੀ ਨੂੰ ਜਾਣਾ
ਜੱਟ ਦੀ ਜੂਨ ਬੁਰੀ

ਸੌਣ ਮਹੀਨੇ ਬੱਦਲ ਪੈ ਗਿਆ ਹਲ਼ ਜੋੜ ਕੇ ਜਾਈਂ 
ਬਾਰਾਂ ਘੁਮਾ ਦਾ ਵਾਹੁਣ ਆਪਣਾ ਬਾਜਰਾ ਬੀਜ ਕੇ ਆਈਂ
ਨੱਕਿਆਂ ਦਾ ਤੈਨੂੰ  ਗਮ ਨਾ ਕੋਈ ਨੱਕੇ ਛੱਡਾ ਮੈਂ ਤੜਕੇ
ਵੀਰ ਵੀਰਾਂ ਨੂੰ ਮਿਲਦੇ ਵੱਟ ਤੇ ਗੋਪੀਆਂ ਧਰਕੇ

ਕਈ ਵਾਰ ਜੱਟੀ ਜੱਟ ਨੂੰ ਹਲ਼ ਵਾਹੁਣ ਕਰਕੇ ਇਸ ਤਰਾਂ ਮਜ਼ਾਕ ਵੀ ਕਰਿਆ ਕਰਦੀ ਸੀ ਕਿ ਹਲ਼ ਵਾਹੁਣਾ ਕੋਈ ਔਖਾ ਨਹੀਂ, ਪੱਠੇ ਪਾਉਣੇ ਜਾਂ ਪਸ਼ੂਆਂ ਲਈ  ਘਾਹ ਆਦਿ ਦਾ ਇੰਤਜ਼ਾਮ ਕਰਨਾ ਕੋਈ ਔਖਾ ਨਹੀਂ ਸਗੋਂ ਔਖਾ ਹੈ ਚੱਕੀ ਨਾਲ ਆਟਾ ਪੀਹਣਾ ਤੇ  ਰੋਟੀ ਟੁੱਕ ਕਰਨਾ ਪਰ ਬਹਿ ਕੇ ਖਾਣਾ ਬਹੁਤ ਸੌਖਾ ਹੈ_
ਹਲੇ ਦਾ ਕੀ ਵਾਹੁਣ ਏ ਪਿੱਛੇ ਪਿੱਛੇ ਜਾਣ ਏ
ਘਾਹੇ ਦਾ ਕੀ ਕੱਪਣ ਏ ਭਰ ਕਲਾਵੇ ਸੱਟਣ ਏ
ਔਖਾ ਪੀਹਣ ਪਕਾਣ ਏ ਸੌਖਾ ਬਹਿ ਕੇ ਖਾਣ ਏ

ਹਲ਼ ਦੀ ਵਾਹੀ ਨੂੰ ਮਹਾਨਤਾ ਵੀ ਦਿੱਤੀ ਜਾਦੀ ਸੀ ਤੇ ਨਾਲ ਨਾਲ ਮਿਹਨਤ ਕਰਨ ਦਾ ਵੀ ਸੁਨੇਹਾ ਦਿੱਤਾ ਜਾਂਦਾ ਸੀ ਜਿਸ ਨੇ ਕਿ ਪੰਜਾਬੀਆਂ ਨੂੰ ਮਿਹਨਤੀ,ਸਿਰੜੀ ਅਤੇ ਇਮਾਨਦਾਰ ਬਣਾਇਆ ਸੀ  ਜਿਵੇਂ

ਦੱਬ ਕੇ ਵਾਹ ਤੇ ਰੱਜ ਕੇ ਖਾਹ

ਹਲ਼ ਲੱਗਾ ਪਤਾਲ ਤੇ ਟੁੱਟ ਗਿਆ ਕਾਲ

ਕਰਮ ਜਾਣ ਪਰ ਵਾਹ ਨਾ ਜਾਏ

ਜੋ ਕਰੇ ਵਾਹ ਸੋ ਕਰੇ ਪਾਹ

ਜਿੰਨੀਆਂ ਸੀਆਂ (ਸਿਆੜ) ਲਾਵੇਂਗਾ
ਉਂਨਾ ਬੋਹਲ ਉਠਾਵੇਂਗਾ

ਹਲ਼ ਦੇਵੇ ਚਾਰ ਫ਼ਸਲ ਹੋਵੇ ਮਾਰੋ ਮਾਰ
ਜੋਏ ਹਲ਼ ਤੇ ਪਾਵੇ ਫਲ

ਹਲ਼ ਦੀ  ਵਾਹੀ ਨੂੰ ਬੜਾ ਉੱਤਮ ਤੇ ਇਜ਼ਤਦਾਰ ਮੰਨਿਆ ਜਾਂਦਾ ਸੀ ਅਤੇ ਇਸ ਦੀ ਤੁਲਨਾ ਵੱਸਦੇ ਘਰਾਂ ਨਾਲ ਜਾਂ ਹਮੇਸ਼ਾਂ ਮਿਲਣ ਵਾਲੇ ਰਿਸ਼ਤੇਦਾਰਾਂ ਨਾਲ ਕੀਤੀ ਜਾਂਦੀ ਸੀ ਜੋ ਇਸ ਅਖਾਣ ਵਿਚੋਂ ਆਪਣੇ ਆਪ ਝਲਕਦੀ ਹੈ 

ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ,
ਖੇਤ ਵਾਹੁੰਦਿਆਂ ਦੇ ।
                                       
ਹਲ਼ ਚਲਾ ਤੇ ਹਲਵਾ ਖਾਹ

ਹਲ਼ ਨੂੰ ਭਾਵ ਕਿਸਾਨ ਨੂੰ ਰਾਜੇ ਦਾ ਦਰਜਾ ਦੇ ਕੇ ਨਿਵਾਜਿਆ ਗਿਆ ਹੈ
ਹਲ਼ ਰਾਜਾ ਹੱਟੀ ਰਾਣੀ
ਹੋਰ ਸੱਭ ਕਿੱਤੇ ਦੋਜ਼ਖ ਦੀ ਨਿਸ਼ਾਨੀ
ਪ੍ਰਦੇਸੀ ਜਾਣ ਵਾਲਿਆਂ ਨੂੰ ਵੀ ਹਲ਼ ਦੀ ਵਾਹੀ ਬਾਰੇ ਸੁਚੇਤ ਕਰਦਿਆਂ ਇੰਝ ਕਿਹਾ ਜਾਦਾ ਸੀ
ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ
ਹਲ਼ ਵਾਹੁਣ ਵਾਲੇ ਨੂੰ ਚਹੁੰ ਵੇਦਾਂ ਦਾ ਮਾਲਕ ਦੱਸਿਆ ਗਿਆ ਹੈ 
ਹਲ਼ ਦੀ ਵਾਹੀ ਆਵੇ ਰਾਸ
ਚਾਰੇ ਵੇਦ ਕਾ ਰੱਖਣ ਪਾਸ
  
ਹਲ਼ ਵਾਹੁਣ ਲਈ ਵਕਤ ਦਾ ਵੀ ਖਿਆਲ ਰੱਖਿਆ ਜਾਂਦਾ ਸੀ 
ਜਿਵੇਂ ਸਬਜ਼ਾ ਪਿਆ ਸਵੇਰ 
ਹਾਲ਼ੀਆ ਹਲ਼ ਫੇਰ
ਤੇ
ਸਬਜ਼ਾ ਪਿਆ ਸੰਝ
ਹਾਲ਼ੀਆ ਹਲ਼ ਥੰਮ
ਜਾਂ 
ਹਾਲਾ਼ ਪਵੇ ਦਿਨ ਚੜੇ
ਹਾਲੀ਼ ਹਲ ਚਾ ਧਰੇ
ਤੇ
ਤੇ ਹਾਲ਼ਾ ਪਵੇ ਤ੍ਰਿਕਾਲ
ਹਾਲ਼ੀਆ ਹਲ਼ ਸੰਭਾਲ

ਹਲ਼ ਤੇ ਕਈ ਪ੍ਰਕਾਰ ਦੀਆਂ ਬਾਤਾਂ ਵੀ ਮਸ਼ਹੂਰ ਹੁੰਦੀਆਂ ਸਨ ਜੋ ਕਿ ਬੱਚਿਆਂ ਨੂੰ ਪੰਜਾਬੀ ਕਿਸਾਨੀ ਨਾਲ ਜੋੜ ਕੇ ਰੱਖਦੀਆਂ  ਸਨ ਜਿਵੇਂ _
ਠੱਕ ਠੱਕ ਟੈਂਚੂ ਧਰਤ ਪਟੈਂਚੂ
ਤਿੰਨ ਸਿਰੀਆਂ ਦਸ ਪੈਰ ਟਕੈਂਚੂ
                                                         (ਹਲ਼,ਬਲਦ ਤੇ ਹਾਲ਼ੀ)
ਆਂਗਾ ਛਾਂਗਾ ਧਰਤ ਪਟਾਂਗਾ
ਛੇ ਅੱਖਾਂ ਦਸ ਟਾਂਗਾ
(ਹਲ਼,ਬਲਦ ਤੇ ਹਾਲ਼ੀ)
ਨਿੱਕਾ ਜਿਹਾ ਪਿੱਦੂ 
        ਭੂੰ ਭੂੰ ਕਰਕੇ ਜ਼ਮੀਨ ‘ਚ ਵੜ ਗਿਆ

ਮੰਦੇ ਦਿਨਾਂ ਵਿੱਚ ਆਮ ਹੀ ਜਿ਼ਮੀਦਾਰ ਹੌਕੇ ਭਰਕੇ ਇੰਝ ਆਖਦੇ ਸੁਣੀਦੇ ਹਨ 
ਹਲ਼ ਪੰਜਾਲੀ ਦੀ ਹੋ ਗਈ ਕੁਰਕੀ ਵੇਚ ਕੇ ਖਾਹ ਲਿਆ ਬੀ,
ਹਾਲਾ ਨਹੀਂ ਤਰਿਆ- ਵਾਹੀ ਦਾ ਲਾਹਾ ਕੀ
ਅੱਜ ਦੇ ਜ਼ਮਾਨੇ ਵਿੱਚ ਨਾ ਤਾਂ ਪਹਿਲਾਂ ਵਾਲੀ ਵਾਹੀ ਰਹੀ ਹੈ ਨਾ ਹੀ ਵਾਹੀ ਕਰਨ ਵਾਲੇ ਰਹੇ ਹਨ । ਵਾਹੀ ਕਰਨ ਦੀ ਤਕਨੀਕ ਬਿਲਕੁਲ ਬਦਲ ਚੁੱਕੀ ਹੈ । ਬਿਨਾ ਟਰੈਕਟਰ ਦੇ ਵਾਹੀ ਕਰਨੀ ਆਸੰਭਵ ਹੋ ਚੁੱਕੀ ਹੈ । ਹਲ਼ ਵੀ  ਜਿਵੇਂ ਕਹਿ ਲਉ ਕਿ ਬਿਨਾ ਅਜਾਇਬ ਘਰਾਂ ਦੇ ਲੱਭਣਾ ਮੁਸ਼ਕਿਲ ਹੈ । ਕੋਈ ਟਾਂਵਾਂ ਟਾਂਵਾ ਸ਼ੌਂਕੀ ਖਿਡਾਰੀ  ਪੇਂਡੂ ਖੇਡ ਮੇਲਿਆਂ ਵਿੱਚ ਹਲ  ਨੂੰ ਮੂੰਹ ਵਿੱਚ ਪਾਕੇ ਚੱਕਦੇ ਦੇਖਿਆ ਜਾ ਸਕਦਾ ਹੈ । ਜੋ ਕਿ ਬੜੀ ਜ਼ੋਖਮ ਭਰਪੂਰ ਖੇਡ ਹੈ ਪਰ ਇਸ ਨੂੰ ਖੇਡਣ ਵਾਲਾ ਹੌਂਸਲੇ ਦੇ ਨਾਲ ਨਾਲ ਚੁਸਤ ਫੁਰਤ ਵੀ ਹੁੰਦਾ ਹੈ । ਸਾਡੀਆਂ ਆਉਣ ਵਾਲੀਆਂ ਪੀੜੀਆਂ ਪੁਛਿਆ ਕਰਨਗੀਆ ਕਿ ਹਲ਼ ਕਿਸਨੂੰ ਆਖਦੇ ਸਨ । ਜੋ ਕਿਸੇ ਵੇਲੇ ਕਿਸਾਨ ਦਾ ਸਭ ਤੋਂ ਨੇੜੇ ਦਾ ਅਤੇ ਸਾਂਝੀਵਾਲ ਸੰਦ ਹੋਇਆ ਕਰਦਾ ਸੀ । 

****

No comments: