ਰਿਜਨਲ ਸੈਂਟਰ ਮੁਕਤਸਰ ਵਿਖੇ ‘ਮਾਤ ਲੋਕ’ ’ਤੇ ਹੋਇਆ ਭਖ਼ਵਾਂ ਸੈਮੀਨਾਰ .......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ


ਸਥਾਪਤ ਆਲੋਚਕ, ਸਭਿਆਚਾਰ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਦੁਆਰਾ ਰਚੇ ਨਵ-ਪ੍ਰਕਾਸ਼ਤ ਨਾਵਲ ਮਾਤ ਲੋਕ’ ’ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਮੁਕਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨਾਂ ਨੇ ਗੰਭੀਰ ਵਿਚਾਰ ਚਰਚਾ ਕੀਤੀ। ਮੌਕੇ ਤੇ ਸਥਾਪਤ ਪ੍ਰਧਾਨਗੀ ਮੰਡਲ ਵਿਚ ਡਾ. ਹਰਸਿਮਰਨ ਸਿੰਘ ਰੰਧਾਵਾ ਪ੍ਰੋਫ਼ੈਸਰ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਪਰਮਜੀਤ ਸਿੰਘ ਰੋਮਾਣਾ ਪ੍ਰੋਫ਼ੈਸਰ ਰਿਜਨਲ ਸੈਂਟਰ ਬਠਿੰਡਾ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਸਵਿੰਦਰ ਸਿੰਘ (ਨਾਵਲਕਾਰ) ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ, ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਸਬ ਆਫ਼ਿਸ ਅਜੀਤ ਫ਼ਰੀਦਕੋਟ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਡਾਇਰੈਕਟਰ ਰਿਜਨਲ ਸੈਂਟਰ ਮੁਕਤਸਰ ਸ਼ਾਮਲ ਸਨ। ਸੈਮੀਨਾਰ ਦੇ ਆਰੰਭ ਵਿਚ ਜੀ ਆਇਆਂ ਨੂੰਕਹਿਣ ਦੀ ਰਸਮ ਸਥਾਨਕ ਰਿਜਨਲ ਸੈਂਟਰ ਦੇ ਪ੍ਰਾਧਿਆਪਕ ਡਾ. ਰਵਿੰਦਰ ਰਵੀ ਵੱਲੋਂ ਨਿਭਾਈ ਗਈ। ਨਾਵਲ ਉਪਰ ਪਹਿਲਾ ਪਰਚਾ ਪੇਸ਼ ਕਰਦੇ ਹੋਏ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਨਾਵਲ ਮਾਤ ਲੋਕਨੂੰ ਬਿਰਤਾਂਤ ਸ਼ਾਸਤਰੀ ਨਜ਼ਰੀਏ ਤੋਂ ਪਰਖਦਿਆਂ ਨਾਵਲਕਾਰ ਦੀ ਸਿਰਜਣ ਪ੍ਰਕਿਰਿਆ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਨਾਵਲ ਵਿਚ ਬਿਰਤਾਂਤਕਾਰ ਪ੍ਰੀਤ ਰਿਸ਼ਤਿਆਂ ਦੀ ਅੰਤਰੀਵ ਬਾਤ ਪਾਉਂਦਾ ਹੋਇਆ ਇਕ ਸਮੀਖਿਆਕਾਰ ਵਜੋਂ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ। ਡਾ. ਪਰਮਜੀਤ ਸਿੰਘ ਢੀਂਗਰਾ ਨੇ ਆਪਣੇ ਪਰਚੇ ਵਿਚ ਨਾਵਲ ਨੂੰ ਪ੍ਰੀਤ ਰਿਸ਼ਤਿਆਂ ਦੀ ਵਿਡੰਬਣਾ ਦੀ ਪੇਸ਼ਕਾਰੀ ਕਿਹਾ। ਪਰਚਿਆਂ ਤੇ ਹੋਈ ਵਿਚਾਰ ਚਰਚਾ ਦਾ ਆਗ਼ਾਜ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਡਾ. ਸੁਰਜੀਤ ਨੇ ਮਿਆਰੀ ਸਾਹਿਤ ਰਚਨਾਵਾਂ ਤੇ ਹੋਣ ਵਾਲ਼ੀਆਂ ਵਿਚਾਰ ਗੋਸ਼ਟੀਆਂ ਵਿਚ ਪੜ੍ਹੇ ਗਏ ਪਰਚਿਆਂ ਦਾ ਰਿਕਾਰਡ ਕਿਸੇ ਪਲੇਟਫ਼ਾਰਮ ਤੇ ਉਪਲਬਧ ਹੋਣ ਦੀ ਲੋੜ ਦੀ ਨਿਸ਼ਾਨ-ਦੇਹੀ ਕੀਤੀ ਤਾਂ ਕਿ ਉਸੇ ਸਾਹਿਤ ਰਚਨਾ ਤੇ ਪਹਿਲਾਂ ਹੋਈ ਵਿਚਾਰ-ਚਰਚਾ ਤੋਂ ਅਗਾਂਹ ਦੀ ਚਰਚਾ ਯਕੀਨੀ ਬਣਾਈ ਜਾ ਸਕੇ ਅਤੇ ਰਚਨਾ ਨੂੰ ਨਵੇਂ ਵਿਸਥਾਰ ਦਿੱਤੇ ਜਾ ਸਕਣ। ਪੰਜਾਬੀ ਯੂਨੀਵਰਸਿਟੀ ਦੇ ਡਾ. ਗੁਰਮੁਖ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਮਾਤ ਲੋਕਅਨੇਕਾਂ ਵਿਆਖਿਆਵਾਂ ਦੇਣ ਦੇ ਸਮਰੱਥ ਰਚਨਾ ਹੈ ਅਤੇ ਪਾਠਕਾਂ ਨੂੰ ਸੰਵਾਦ ਰਚਾਉਣ ਲਈ ਪ੍ਰੇਰਤ ਕਰਦਾ ਹੈ। ਡਾ. ਪਰਮਜੀਤ ਸਿੰਘ ਰੋਮਾਣਾ ਨੇ ਇਸ ਨਾਵਲ ਨੂੰ ਫ਼ਿਲਾਸਫ਼ੀਕਲ ਕ੍ਰਿਤ ਮੰਨਦਿਆਂ ਆਪਣੀ ਧਾਰਨਾ ਪੇਸ਼ ਕੀਤੀ ਕਿ ਹਰ ਲੇਖਕ ਰਚਨਾ ਸਿਰਜਣ ਵੇਲ਼ੇ ਇਕ ਨਿਸ਼ਾਨਾ ਮੰਨ ਕੇ ਲਿਖਦੈ ਅਤੇ ਜਿਸ ਤਰ੍ਹਾਂ ਦਾ ਉਹ ਜਿਉਣ ਹੰਢਾਉਂਦੈ ਉਸੇ ਤਰ੍ਹਾਂ ਦਾ ਕਥਾਨਕ ਉਸ ਦੀ ਰਚਨਾ ਵਿਚ ਪੇਸ਼ ਹੁੰਦਾ ਹੈ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾ. ਧਨਵੰਤ ਕੌਰ ਨੇ ਮਾਤ ਲੋਕਨੂੰ ਜ਼ਿੰਦਗੀ ਦੀਆਂ ਸੁਤੰਤਰਤਾਵਾਂ ਅਤੇ ਬੰਦਸ਼ਾਂ ਵਿਚ ਸਮਤੋਲ ਬਣਾ ਕੇ ਸਿਹਤ ਮੰਦ ਜ਼ਿੰਦਗੀ ਜਿਉਣ ਦਾ ਸੁਨੇਹਾ ਦੇਣ ਵਾਲ਼ਾ ਨਾਵਲ ਕਿਹਾ। ਡਾ. ਮਹਿਲ ਸਿੰਘ ਨੇ ਮਾਤ ਲੋਕਵਿਚ ਪੇਸ਼ ਸਮਕਾਲੀ ਸਰੋਕਾਰਾਂ ਦੀ ਗੱਲ ਨੂੰ ਕਾਬਲੇ-ਤਾਰੀਫ਼ ਕਿਹਾ ਤੇ ਇਤਿਹਾਸਕ ਘਟਨਾਵਾਂ ਨੂੰ ਲੈ ਕੇ ਨਾਵਲ ਰਚਨਾ ਕਰਨ ਨਾਲੋਂ, ਸਮਕਾਲ ਬਾਰੇ ਨਾਵਲੀ ਕਥਾਨਕ ਦੀ ਚੋਣ ਕਰਨ ਤੇ ਪੁਖ਼ਤਾ ਅੰਦਾਜ਼ ਵਿਚ ਨਿਭਣ ਨੂੰ ਔਖਾ ਕਾਰਜ ਮੰਨਦੇ ਹੋਏ ਡਾ. ਜਸਵਿੰਦਰ ਦੀ ਸਮਰਥ ਗਲਪ ਸਿਰਜਣਾ ਦੀ ਸ਼ਲਾਘਾ ਕੀਤੀ। ਪ੍ਰੋ. ਲੋਕ ਨਾਥ ਨੇ ਆਪਣੇ ਵਿਲੱਖਣ ਅੰਦਾਜ਼ ਆਪਣੇ ਅਤੇ ਡਾ. ਜਸਵਿੰਦਰ ਵਿਚਲੇ ਦੋਸਤਾਨਾ ਸਬੰਧਾਂ ਦਾ ਜ਼ਿਕਰ ਕਰਦਿਆਂ ਨਾਵਲਕਾਰ ਦੀ ਵਿਚਾਰਧਾਰਾਕ ਪਹੁੰਚ ਵੱਲ ਇਸ਼ਾਰਾ ਕੀਤਾ। ਡਾ. ਜਸਵਿੰਦਰ ਸਿੰਘ ਨੇ ਆਪਣੀ ਤਕਰੀਬਨ ਸਾਢੇ ਛੇ ਸਾਲਾਂ ਦੀ ਸਾਹਿਤਕ ਘਾਲਣਾ ਵਿਚੋਂ ਉਪਜੇ ਇਸ ਨਾਵਲ ਨੂੰ ਆਲੋਚਕਾਂ ਅਤੇ ਪਾਠਕਾਂ ਦੇ ਹਾਂ ਪੱਖੀ ਹੁੰਗਾਰੇ ਤੇ ਮਾਨਸਿਕ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਸੈਮੀਨਾਰ ਨੂੰ ਚਰਮ ਸੀਮਾ ਤੇ ਪੁਚਾਉਂਦਿਆਂ ਨਾਵਲ ਨੂੰ ਅਜੋਕੇ ਸਮੇਂ ਵਿਚ ਲਿਖੇ ਜਾ ਰਹੇ ਨਾਵਲਾਂ ਵਿਚੋਂ ਉੱਤਮ ਕ੍ਰਿਤ ਬਿਆਨ ਕੀਤਾ। ਧਨਵਾਦ ਦੀ ਰਸਮ ਰਿਜਨਲ ਸੈਂਟਰ ਦੇ ਪ੍ਰਾਧਿਆਪਕ ਡਾ. ਬਲਕਾਰ ਸਿੰਘ ਨੇ ਨਿਭਾਈ। ਸਮਾਗਮ ਵਿਚ ਰਿਜਨਲ ਸੈਂਟਰ ਦੇ ਸਮੂਹ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਡਾ. ਅਮਨਦੀਪ ਸਿੰਘ, ਪ੍ਰੋ. ਸੰਦੀਪ ਰਾਣਾ, ਡਾ. ਹਰਜਿੰਦਰ ਸੂਰੇਵਾਲੀਆ, ਪ੍ਰੋ. ਨਛੱਤਰ ਸਿੰਘ ਖੀਵਾ, ਪ੍ਰੋ. ਦਾਤਾਰ ਸਿੰਘ, ਡਾ. ਸੁਖਰਾਜ ਧਾਲੀਵਾਲ, ਕੁਲਵੰਤ ਗਿੱਲ, ਜ਼ੋਰਾ ਸਿੰਘ ਸੰਧੂ, ਅਮਰੀਕ ਸਿੰਘ ਸਿਬੀਆ, ਜਗਦੀਸ਼ ਕੁਮਾਰ, ਡਾ. ਰਾਜਬਿੰਦਰ ਸੂਰੇਵਾਲੀਆ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ।


No comments: