ਇਲੈਕਸ਼ਨ.......... ਨਜ਼ਮ/ਕਵਿਤਾ / ਮਲਕੀਅਤ "ਸੁਹਲ"


ਇਲੈਕਸ਼ਨ  ਆਈ ਤਾਂ ਖੁੰਬਾਂ ਵਾਂਗਰ,
ਉੱਗ  ਪਏ  ਮੇਰੇ   ਪਿਆਰੇ  ਨੇਤਾ।
ਕਾਰਾਂ ਦੇ  ਨਾਲ  ਬੰਨ੍ਹ ਕੇ  ਝੰਡੀਆਂ,
ਅੱਜ  ਫਿਰਦੇ, ਮਾਰੇ - ਮਾਰੇ  ਨੇਤਾ।

ਹਰ  ਗਲੀ  ਹਰ  ਮੋੜ  ਦੇ  ਉਤੇ,
ਥਾਂ - ਥਾਂ   ਲੱਗੇ    ਇਸ਼ਤਿਹਾਰ।
ਲੋਹੜੀ   ਅਤੇ   ਵਿਸਾਖੀ  ਲੰਘੀ,
ਆਇਆ   ਵੋਟਾਂ  ਦਾ   ਤਿਉਹਾਰ।ਜਿੱਧਰ   ਵੇਖੋ, ਤਾਂ  ਓਧਰ  ਲੱਭੇ,
ਸੱਭ  ਸੜਕਾਂ  'ਤੇ  ਉੱਡਦੀ  ਧੂੜ।
ਪਤਾ ਨਹੀਂ,  ਇਸ ਦੌੜ ਦੇ  ਅੰਦਰ,
ਵਢ੍ਹਿਆ  ਜਾਣਾਂ  ਕਿਸ  ਦਾ  ਜੂੜ।

ਸੋਚਾਂ  ਦੇ  ਵਿਚ   ਡੁੱਬਾ  ਰਹਿੰਦਾ,
ਸੌਣਾ  ਵੀ   ਹੋ  ਗਿਆ   ਹਰਾਮ ।
ਸੁੱਤਾ  ਪਿਆ  ਵੀ   ਬੋਲੀ  ਜਾਵੇ ,
ਸਤਿ ਸ੍ਰੀ ਆਕਾਲ,  ਜੈ-ਜੈ  ਰਾਮ ।

ਨੇਤਾ  ਜੀ  ਦੇ   ਚਮਚੇ - ਕੜਛੇ,
ਉੱਚੀ - ਉੱਚੀ   ਲਾਉਂਦੇ   ਨਾਹਰੇ ।
ਗੱਭਰੂ,  ਬੁੱਢੇ   ਤੇ   ਮੁਟਿਆਰਾਂ,
ਵਿਚੇ   ਫਿਰਦੇ   ਛੜੇ    ਕੁਆਰੇ ।

ਲਾੜੇ  ਵਾਂਗਰ   ਸਜਿਆ  ਹੋਇਆ,
ਗਲ  ਵਿਚ  ਹਾਰ  ਪਵਾਈ  ਜਾਂਦਾ ।
ਸ਼ਹਿਰਾਂ   ਵਾਂਗਰ   ਪਿੰਡ   ਹੋਣਗੇ,
ਸਭ  ਨੂੰ   ਲਾਰੇ  ਲਾਈ  ਜਾਂਦਾ ।

ਸਵਾਹ ਦਾ ਇਹਨੇ ਸਵਰਗ ਬਣਾਉਣਾ!
ਗਰਾਂਟਾਂ  ਪਹਿਲਾਂ   ਰੱਜ ਕੇ  ਖਾਊ ।
ਚੰਡੀਗੜ 'ਚ  ਮਿਲ  ਜਾਊ  ਕੋਠੀ,
ਪਿੰਡਾਂ  ਵਿਚ  ਕੀ  ਮਿਲਣਾਂ  ਭਾਊ?

ਨੌਕਰ - ਚਾਕਰ   ਅੱਗੇ -  ਪਿੱਛੇ,
ਤੇ  ਅਫਸਰ   ਮਾਰਨ  ਪਏ  ਸਲੂਟ।
ਪਾਉਂਦਾ  ਸੀ  ਉਹ  ਦੇਸੀ  ਜੁੱਤੀ,
ਅੱਜ  ਉਸ  ਦੇ   ਲਿਸ਼ਕਣ  ਬੂਟ ।

ਚਿੱਟੀ  ਕਾਰ  ਤੇ  ਬਾਣਾਂ  ਚਿੱਟਾ,
ਕਾਰ  ਦੇ  ਉੇੱਤੇ   ਬੱਤੀ   ਲਾਲ ।
ਸਿਰ ਉਹਦਾ  ਸੀ   ਚਿੱਟਾ  ਝਾਟਾ,
ਵੇਖੋ  ਉੱਗ  ਪਏ   ਕਾਲੇ  ਵਾਲ ।

ਆਪ ਤਾਂ  ਦਸਵੀਂ  ਫੇਲ੍ਹ  ਸੁਣੀਂਦਾ,
ਰੋਹਬ ਓਸਦਾ  ਜਿਉਂ  ਕਰ  ਬੀ.ਏ।
ਚਿੱਠੀ-ਪੱਤਰ   ਸਮਝ  ਨਾ  ਆਵੇ ,
ਜੋ ਕੁਝ ਕਰਦਾ,  ਕਰਦੈ  ਪੀ. ਏ ।

ਖ਼ੁਦਗ਼ਰਜ਼  ਜਿਹੇ   ਲੀਡਰ  ਬਾਝੋਂ,
ਕੀ  ਥੁੜਿਆ  ਹੈ ?  ਮੇਰੇ  ਯਾਰ ।
ਇਹੋ  ਜਿਹੇ   ਮਲਾਹ  ਦੇ  ਹੱਥੋਂ ,
ਨਹੀਂ  ਜੇ  ਹੋਣਾਂ   ਬੇੜਾ   ਪਾਰ ।

ਅੰਨ੍ਹਾਂ - ਬੋਲਾ   ਹੋ  ਕੇ   ਵੋਟਰ ,
ਉਂਗਲੀ  ਫੜ ਕੇ  ਤੁਰਿਆ ਜਾਵੇ ।
ਭਾਵੇਂ  ਅੱਗੋਂ    ਧੱਕੇ  ਪੈ  ਜਾਣ ,
ਤਾਂ ਵੀ ਉਹਨੂੰ  ਸ਼ਰਮ  ਨਾ  ਆਵੇ।

ਸੋਚਿਆ  ਬਹਿ ਕੇ  ਕਦੇ  ਤੁਸਾਂ ਨੇ?
ਮੇਰੀ   ਭੈਣੋਂ   ਤੇ   ਮੇਰੇ   ਵੀਰੋ ।
ਹਮੇਸ਼ਾਂ   ਲੀਡਰ   ਬਣਦਾ   ਹੀਰੋ ,
ਵੋਟਰ  ਹਰ-ਦਮ   ਰਹਿੰਦਾ  ਜ਼ੀਰੋ ।

ਇਹ ਮੇਲਾ  ਮੁੜ   ਪੰਜੀਂ  ਸਾਲੀਂ ,
ਹਰ ਗਲੀ   ਹਰ ਮੋੜ  ਤੇ  ਲੱਗੂ ।
ਚੌਂਕ , ਬਜ਼ਾਰਾਂ  ਦੇ ਵਿਚ  ਵੇਖੀਂ ,
ਫਿਰ   ਨੱਚੇਗਾ    ਜੱਗੂ - ਫੱਗੂ ।

ਹੱਥ  ਜੋੜ  ਮਲਕੀਅਤ  ਕਹਿੰਦਾ,
ਇਨ੍ਹਾਂ ਤੋਂ  ਕੋਈ  ਜਾਨ  ਛੁਡਾਵੇ ।
ਕੋਈ  ਧੋਖ਼ੇਬਾਝ   ਫਰੇਬੀ  ਲੀਡਰ ,
ਨਾ ਕੋਈ "ਸੁਹਲ" ਦੇ ਵਿਹੜੇ ਆਵੇ।
****

No comments: