ਪੀੜਾਂ ਦੇ ਸਾਗਰ ਚੋਂ ਉੱਠੀਆਂ – “ਮੋਹ ਦੀਆਂ ਛੱਲਾਂ”........ ਗੁਰਬਚਨ ਬਰਾੜ / ਪੁਸਤਕ ਰੀਵਿਊ
ਪੰਜਾਬੀ ਗ਼ਜ਼ਲ ਵਿੱਚ ਭਾਵੇਂ ਰੂਪਕ ਪੱਖੋਂ ਬਹੁਤੀ ਤਬਦੀਲੀ ਨਹੀਂ ਆਈ, ਪਰ ਵਿਚਾਰਧਾਰਕ ਪੱਖ ਤੋਂ ਢੇਰ ਤਬਦੀਲੀਆਂ  ਆਈਆਂ ਹਨ । ਪਰੰਪਰਾਗਤ ਦਰਬਾਰੀ ਭਾਵ ਸਟੇਜੀ ਸ਼ਾਇਰੀ ਦੀ ਥਾਂ ਹੁਣ ਬੌਧਿਕਤਾ ਅਤੇ ਅਧੁਨਿਕ ਕਾਵਿ – ਸੰਵੇਦਨਾ  ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਹ ਪ੍ਰਵਿਰਤੀ ਪੰਜਾਬੀ ਕਾਵਿ ਵਿੱਚ ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਯੁਗ ਵਿੱਚ ਸੁਰੂ ਹੋਈ , ਪਰ ਗ਼ਜ਼ਲ ਰੂਪ ਵਿੱਚ ਵੀ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਪਸ਼ਟ ਦਿਖਾਈ ਦੇਣ ਲਗੀ ਹੈ। ਡ: ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ, ਦੀਪਕ ਜੈਤੋਈ, ਅਜਾਇਬ ਚਿਤਰਕਾਰ, ਡ: ਸੁਰਜੀਤ ਪਾਤਰ ਆਦਿ ਗ਼ਜ਼ਲਕਾਰਾਂ ਨੇ ਤਾਂ ਬੌਧਿਕਤਾ ਦੇ ਅੰਸ਼ ਨੂੰ ਗ਼ਜ਼ਲ ਵਿੱਚ ਬੇਹੱਦ ਪ੍ਰਪੱਕਤਾ ਪ੍ਰਦਾਨ ਕੀਤੀ ਹੈ। ਅਧੁਨਿਕ ਗ਼ਜ਼ਲ ਪਿਆਰ ਪੱਧਰ ਮੁਹੱਬਤ ਦੇ ਸੰਕੁਚਿਤ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਗਲੋਬਲ ਪੱਧਰ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨੂੰ ਅਪਣੇ ਵਿਸ਼ੇ ਵਸਤੂ ਵਿੱਚ ਸਮਾਉਣ ਯੋਗ ਬਣ ਗਈ ਹੈ।ਪੁਰਸ਼ ਗ਼ਜ਼ਲਕਾਰਾਂ ਨੇ ਪੰਜਾਬੀ ਗ਼ਜ਼ਲ ਦੀ ਭਰਪੂਰ ਸੇਵਾ ਕੀਤੀ ਹੈ । ਪਰ ਪਿਛਲੇ ਕੁਝ ਸਮੇਂ ਤੋਂ ਇਸਤਰੀ ਗ਼ਜ਼ਲਕਾਰਾਂ ਨੇ ਵੀ ਚੰਗਾ ਨਾਮਣਾ ਖੱਟਿਆ ਹੈ । ਭਾਵੇਂ ਉਰਦੂ ਗਜ਼ਲ ਲਿਖਣ ਵਾਲੀਆਂ – ਕਿਸ਼ਵਰ ਨਾਹੀਦ, ਪਰਵੀਨ ਸ਼ਾਕਿਰ, ਦਾਗ ਬਾਨੋ ਵਫਾ, ਰਫੀਆ ਸ਼ਬਨਮ , ਮਲਿਕ ਨਸੀਮ, ਸਮੂਦਾ ਹਯਾਤ, ਮੁਮਤਾਜ਼ ਮਿਰਜਾ ਤੇ ਡ: ਨਸੀਮ ਨਕਹਤ ਆਦਿ ਨੇ ਕਾਫੀ ਮੱਲਾਂ ਮਾਰੀਆਂ ਹਨ , ਪਰ ਪੰਜਾਬੀ ਗ਼ਜ਼ਲ ਤੇ ਹੱਥ ਅਜਮਾਉਣ ਵਾਲੀਆਂ ਇਸਤਰੀ  ਗ਼ਜ਼ਲਕਾਰਾਂ ਦੀ ਵੀ ਹੁਣ ਗਿਣਤੀ ਕੁਝ ਘੱਟ ਨਹੀਂ ਹੈ । ਜਿਨਾਂ ਵਿੱਚ ਸੁਖਵਿੰਦਰ ਅੰਮ੍ਰਿਤ , ਮਨਜੀਤ ਇੰਦਰਾ , ਸੁਰਜੀਤ ਸਖੀ, ਭੁਪਿੰਦਰ ਕੌਰ ਪ੍ਰੀਤ, ਗੁਰਚਰਨ ਕੌਰ ਕੋਚਰ, ਅਮਰਜੀਤ ਕੌਰ ਨਾਜ਼ ਆਦਿ ਦੇ ਕਾਫ਼ੀ ਜਿ਼ਕਰਯੋਗ ਨਾਮ ਸ਼ਾਮਲ ਹਨ । ਹਥਲੇ ਗ਼ਜ਼ਲ ਸੰਗ੍ਰਹਿ ਦੀ ਆਮਦ ਨਾਲ ਬੀਬੀ ਸੁਰਿੰਦਰ ਗੀਤ ਦਾ ਨਾਮ ਵੀ ਪੰਜਾਬੀ ਇਸਤਰੀ ਗ਼ਜ਼ਲਕਾਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ।

ਗਜ਼ਲ ਸੰਗ੍ਰਿਹ  “ਮੋਹ ਦੀਆਂ ਛੱਲਾਂ”  ਬੀਬੀ ਸੁਰਿੰਦਰ ਗੀਤ ਦਾ ਪਲੇਠਾ ਗ਼ਜ਼ਲ ਸੰਗ੍ਰਿਹ ਹੈ । ਸੁਰਿੰਦਰ ਗੀਤ ਦੇ ਅਪਣੇ ਕਥਨ ਅਨੁਸਾਰ ਭਾਵੇਂ ਉਹ ਜਨਮ ਤੋਂ ਹੀ ਕਵਿਤਾ ਜਿਹੀ ਸੂਖਮ ਕਲਾ ਨਾਲ ਜੁੜੀ ਹੋਈ ਹੈ , ਪਰ ਉਸਦੇ ਤਿੰਨ ਕਾਵਿ ਸੰਗ੍ਰਿਹ “ ਤੁਰੀ ਸਾਂ ਮੈਂ ਓਥੋਂ ‘ 1997 ਵਿਚ , ਸੁਣ ਨੀ ਜਿੰਦੇ 1999 ਅਤੇ ਚੰਦ ਸਿਤਾਰੇ ਮੇਰੇ ਵੀ ਨੇ 2004 ਵਿੱਚ ਪਾਠਕਾਂ ਦੇ ਬਰੂਹੀ ਪਹੁੰਚੇ ਹਨ । ਬੀਬੀ ਸੁਰਿੰਦਰ ਗੀਤ ਨੇ ਪੰਜਾਬੀ ਦੇ ਵਰਤਮਾਨ  ਸਿਰਮੌਰ ਕਵੀ ਅਤੇ ਗ਼ਜ਼ਲਕਾਰ ਡਾਕਟਰ ਸੁਰਜੀਤ ਪਾਤਰ ਦੀਆਂ ਰਚਨਾਵਾਂ ਤੇ ਯੋਗ ਅਗਵਾਹੀ ਤੋਂ ਪ੍ਰੇਰਤ ਹੋਕੇ ਗ਼ਜ਼ਲ ਜਿਹੀ ਨਾਜ਼ਕ ਸਿਨਫ਼ ਤੇ ਕਲਮ ਅਜ਼ਮਾਈ ਹੈ ਅਤੇ ਉਹ ਕਾਫੀ ਹੱਦ ਤੱਕ ਸਫ਼ਲ ਵੀ ਹੋਈ ਹੈ ।

ਗ਼ਜ਼ਲ ਦੁਨੀਆਂ ਦੇ ਸਾਰੇ ਕਾਵਿ-ਰੂਪਾਂ ਵਿਲੱਖਣ ਇਸ ਕਰਕੇ ਹੈ ਕਿ ਇਸਦੇ ਇਕ ਸ਼ੇਅਰ ਨੂੰ ਭਾਵੇਂ ਅਸੀਂ ਦੋਹਾ, ਦੋ-ਤੁਕੀ ਬੋਲੀ, ਟੱਪਾ ਜਾਂ ਹਾਇਕੂ ਕਹਿ ਲਈਏ ਤੇ ਇਸਤੋਂ ਵੀ ਅੱਗੇ ਇਸਦੇ ਸੇ਼ਅਰਾਂ ਵਿਚਲੀ ਸਾਂਝ ਅਤੇ  ਅਸਾਂਝ ਇਸ ਵਿਧਾ਼ ਨੂੰ ਹੋਰ ਵਧੇਰਾ ਉਚੇਰਾ ਦਰਜਾ ਬਖਸ਼ਦੀ ਹੈ । ਬਹਿਰ ਵਜ਼ਨ ਦੀ ਪਾਬੰਦੀ ਗ਼ਜ਼ਲ ਨੂੰ ਸੰਗੀਤ ਆਤਮਕਤਾ ਪ੍ਰਦਾਨ ਕਰਦੀ ਹੈ ।  ਬੀਬੀ ਸੁਰਿੰਦਰ ਗੀਤ ਦਾ ਬਚਪਨ ਅਤੇ ਚੜ੍ਹਦੀ ਜਵਾਨੀ  ਪੰਜਾਬ ਦੇ ਖੁਲ੍ਹੇ ਡੁੱਲ੍ਹੇ ਮਾਹੌਲ ਵਿੱਚ ਗੁਜ਼ਰੇ ਪਰ ਪਰਵਾਸ ਕਰਕੇ ਪਿਛਲੇ ਲਗਭਗ 35 ਸਾਲ ਤੋਂ ਕੇਨੇਡਾ ਦੇ ਖੂਬਸੂਰਤ ਸ਼ਹਿਰ ਕੈਲਗਰੀ ਵਿੱਚ ਅਪਣਾ ਸੁਚੱਜਾ ਸ਼ਫ਼ਲ ਪਰਵਾਰਿਕ ਜੀਵਨ ਗੁਜ਼ਾਰਨ ਦੇ ਨਾਲ ਨਾਲ ਉਹ ਸ਼ਹਿਰ ਦੀਆਂ ਸਾਹਿਤਕ ਸਮਾਜਿਕ ਸਰਗਰਮੀਆਂ ਨਾਲ ਵੀ ਪੂਰੀ ਤਰ੍ਹਾਂ ਜੁੜੀ ਹੋਈ ਹੈ ਅਤੇ ਉਹ ਪੰਜਾਬੀ ਸਾਹਿਤ ਸਭਾ ਕੈਲਗਰੀ ਨੂੰ ਯੋਗ ਅਗਵਾਈ ਵੀ ਦੇ ਰਹੀ ਹੈ ।

ਅਸਰਦਾਰ ਗ਼ਜ਼ਲ ਤਾਂ ਹੀ ਜਨਮ ਲੈਂਦੀ ਹੈ ਜੇ ਜਨਮਦਾਤਾ (ਕਵੀ) ਦੀ ਸੋਚ ਵਿੱਚ ਸੂਖਮਤਾ ਹੋਵੇ, ਅੱਖ ਪਾਰਖੂ ਹੋਵੇ। ਉਸਦੇ ਧੁਰ ਅੰਦਰ ਤੱਕ ਸ਼ਾਇਰੀ ਵਸੀ ਹੋਵੇ , ਢੁਕਵਾਂ ਸ਼ਬਦ ਭੰਡਾਰ ਹੋਵੇ ਅਤੇ ਤਕਨੀਕ ਦੀ ਮੁਹਾਰਤ ਹੋਵੇ । ਸੁਰਿੰਦਰ ਗੀਤ ਦੀਆਂ ਮੁਢਲੀਆਂ ਰਚਨਾਵਾਂ ਵਿੱਚ ਪੀੜ ਦੇ ਅਥਾਹ ਸਾਗਰ ਦੀ ਝਲਕ ਦਿਖਾਈ ਦਿੰਦੀ ਹੈ , ਪਰ ਵਕਤ ਦੇ ਗੁਜ਼ਰਨ ਨਾਲ ਉਸਦੇ ਦਰਦ ਅਤੇ ਪੀੜਾਂ ਆਮ ਲੋਕਾਂ ਦੇ ਦੁੱਖ ਦਰਦ ਬਣ ਗਏ ਹਨ । ਕਵੀ ਦੀਆਂ ਰਚਨਾਵਾਂ ਜਦੋਂ ਆਪੇ ਤੋਂ ਬਾਹਰ ਨਿਕਲ ਕੇ ਦੁਜਿਆਂ ਦੇ ਦੁੱਖ –ਦਰਦ, ਤਕਲੀਫਾਂ , ਔਕੜਾਂ ਨੂੰ ਜ਼ੁਬਾਨ ਦੇਣ ਲੱਗਣ, ਤਾਂ ਹੀ ਉਸਦਾ ਲਿਖਣਾ ਸਾਰਥਕ ਬਣਦਾ ਹੈ। ਸੁਰਿੰਦਰ ਗੀਤ ਨੇ ਅਜੋਕੇ ਸਮਾਜਿਕਮ ਰਾਜਨੀਤਕ, ਧਾਰਮਿਕ ਅਤੇ ਸਭਿਆਚਾਰਕ ਵਰਤਾਰਿਆਂ ਨੂੰ ਬੜੀ ਸੰਜੀਦਗੀ ਅਤੇ ਬਾਰੀਕੀ ਨਾਲ ਆਪਣੇ ਸੇਅਰਾਂ ਵਿੱਚ ਬਿਆਨਿਆ ਹੈ । ਸੁਰਿੰਦਰ ਗੀਤ ਦੀਆਂ ਗ਼ਜ਼ਲਾਂ ਵਿੱਚ ਵਿਛੋੜੇ ਦੀ ਪੀੜ ਨੂੰ ਮਹਿਸੂਸ ਕਰਕੇ ਉਪਜੇ ਸ਼ੇਅਰਾਂ ਦੀ ਬਹੁਤਾਤ ਹੈ , ਪਰ ਬਿਆਨ ਦਾ ਅੰਦਾਜ਼, ਸ਼ਬਦਾਂ ਦਾ ਰੱਖ ਰਖਾਓ ਸ਼ੇਅਰਾਂ ਵਿਚਲੀ ਗਹਿਰਾਈ ਕਮਾਲ ਦੀ ਹੈ । 

ਝੋਲ  ਮੇਰੇ  ਗੀਤ  ਦੀ   ਹੁੰਦੀ ਕਦੇ  ਖਾਲੀ ਨਹੀਂ
ਪੀੜ ਦੀ ਮਿਲਦੀ ਹੀ ਰਹਿੰਦੀ ਏਸ ਨੂੰ ਸੌਗਾਤ ਹੈ ।    


ਪੀੜ  ਅਸਾਡੀ   ਸਾਨੂੰ  ਬਹੁਤ  ਮੁਬਾਰਕ ਹੈ
ਪੀੜਾਂ ਪੀ ਕੇ ਸਿ਼ਵ ਵਰਗਾ ਕੁਝ ਕਹਿਣ ਦਿਓ                           


ਹਾਉਮੇ ਦਾ  ਮਹਿਲ  ਤੇਰਾ  ਨੀਹਾਂ  ‘ਚ ਮੇਰੇ  ਹਾਸੇ
ਇਸ ਪੀੜ ਨੂੰ ਮੈਂ ਅਪਣੇ  ਗੀਤਾਂ  ‘ਚ ਹੈ ਸਮੋਇਆ ।


ਬਜਿਆ ਹੈ ਬੀਜ  ਜੋ  ਤੂੰ ਪਿਆਰ ਦਾ
ਦਰਦ  ਦੇ ਪਾਣੀ  ਬਿਨਾਂ  ਉੱਗਣਾ ਨਹੀਂ ।               
                                                                                
ਇਸਦਾ ਅਰਥ ਇਹ ਨਹੀਂ ਕਿ ਗ਼ਜ਼ਲ ਪੀੜ ਵਿੱਚੋਂ ਪੈਦਾ ਹੁੰਦੀ ਹੈ , ਬਲਕਿ ਇਸਦਾ ਇਸ ਦਾ ਅਰਥ ਇਹ ਵੀ ਹੈ ਕਿ ਗ਼ਜ਼ਲ ਪੀੜ ਨੂੰ ਇਕ ਸ਼ਕਤੀ ਵਿੱਚ ਬਦਲ ਦਿੰਦੀ ਹੈ ਤੇ ਪੀੜ ਕੇਵਲ ਪੀੜ ਨਾ ਰਹਿਕੇ ਦੁਨੀਆਂ ਨੂੰ ਦੇਖਣ , ਪਰਖੱਣ ਦਾ ਸਾਧਨ ਬਣ ਜਾਂਦੀ ਹੈ । ਬੇ ਜ਼ਬਾਨਾਂ ਦੀ ਜੁ਼ਬਾਨ ਵੀ ਬਣ ਜਾਂਦੀ ਹੈ ।  ਪੀੜਾ ਦੇ ਏਸ ਅਥਾਹ ਸਾਗਰ ਵਿੱਚੋਂ ਫੇਰ ਲੋਕ-ਮੋਹ ਦੀਆਂ ਛੱਲਾਂ ਉਠੀਆਂ ਤੇ ਸੁਰਿੰਦਰ ਗੀਤ ਨੇ ਮਜ਼ਦੂਰਾਂ ਅਤੇ ਮਜਲੂਮਾਂ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਆਪਣੇ ਸ਼ੇਅਰਾਂ ਦਾ ਵਿਸ਼ਾ ਬਣਾਉਦੇ ਹੋਏ ਲਿਖਿਆ :

ਕਦ ਮਿਲੂ ਇਨਸਾਫ ਮੇਰੇ ਦੇਸ ਵਿੱਚ ਮਜ਼ਲੂਮ ਨੂੰ
ਹਰ ਅਦਾਲਤ ਸਾਹਮਣੇ ਖੜ੍ਹਦੇ ਅਤੇ ਮੁੜਦੇ ਰਹੇ ।

ਸੁਣਿਆ ਹੈ ਦੇਸ਼ ਮੇਰੇ ਕੀਤੀ ਬੜੀ ਤਰੱਕੀ
ਕੁਝ ਹੋਰ ਭੁੱਖ ਦੇ ਨੇੜੇ ਮਜ਼ਦੂਰ ਹੋ ਗਏ ਨੇ ।

ਸੁਰਿੰਦਰ ਗੀਤ ਨੇ ਅਜੋਕੇ ਲੋਟੂ, ਰਾਜਨੇਤਾਵਾਂ ਤੇ ਭ੍ਰਿਸ਼ਟ ਰਾਜਤੰਤਰ ਤੋਂ ਛੁਟਕਾਰਾ ਪਾਉਣ ਲਈ ਆਉਣ ਵਾਲੇ ਸਮੇਂ ਵਿੱਚ ਯੁੱਗ ਪ੍ਰਿਵਰਤਨ ਲਈ ਹੰਭਲੇ ਮਾਰਨ ਦੀ ਗੱਲ ਬੜੀ ਜੁਰਅਤ ਨਾਲ ਆਪਣੇ ਹੇਠਾਂ ਅੰਕਤ ਸੇ਼ਅਰਾਂ ਵਿੱਚ ਕੀਤੀ ਹੈ ।

ਹੋਣਗੇ ਰੌਸ਼ਨ ਬਨੇਰੇ ਸਾਡੇ ਇਕ ਦਿਨ ਹੋਣਗੇ
ਨ੍ਹੇਰ ਦੇ ਜਦ ਹਾਕਮਾਂ ਦੇ ਲਾ ਲਵਾਂਗੇ ਹੱਥਕੜੀ

ਤੱਖਤ ਦਾ ਪਾਵਾ ਬੜਾ ਮਜ਼ਬੂਤ ਹੈ
ਜ਼ੋਰ ਬਿਨ ਇਹ ਕਦੇ ਟੁੱਟਣਾ ਨਹੀਂ  ।

ਸੱਚ  ਅੱਗੇ   ਛਿੜਦਾ    ਕਾਬਾਂ      ਤਖਤਾਂ ਨੂੰ
ਹਰ ਯੁੱਗ ਵਿੱਚ ਇਤਿਹਾਸ ਨੇ ਗੱਲ ਦੁਹਰਾਈ ਹੈ ।

ਪਰਵਾਸ ਵਿੱਚ ਰਹਿੰਦੇ ਲਗਭਗ ਸਾਰੇ ਸੰਵੇਦਨਸੀਲ ਸ਼ਾਇਰ ਆਪਣੇ ਏਥੋਂ  ਭਾਵ ਕੇਨੇਡਾ ਦੇ ਆਪਣੇ ਦੁੱਖ, ਸੁੱਖ , ਖੁਸ਼ੀਆਂ ਗਮੀਆਂ ਤਾਂ ਮਹਿਸੂਸ ਕਰਦੇ ਹੀ ਹਨ ਪਰ ਉਹ ਆਪਣੀ ਮਾਤ ਭੂਮੀ ਦੇ ਦੁੱਖਾਂ ਸੁੱਖਾਂ ਨਾਲ ਵੀ ਡੂੰਘੀ ਤਰ੍ਹਾਂ ਜੁੜੇ ਹੋਏ ਹਨ । ਸਾਡੇ ਦੇਸ ਦੇ ਰਾਜਨੀਤੀਵਾਨਾਂ ਤੇ ਧਰਮ ਦੇ ਠੇਕੇਦਾਰਾਂ ਦੇ ਕਿਰਦਾਰ ਤੇ ਵੀ ਆਪਣੀ ਕਾਵਿਕ ਪ੍ਰਤੀਕ੍ਰਿਆ ਜ਼ਾਹਰ ਕਰਦੀ ਹੋਈ ਸੁਰਿੰਦਰ ਗੀਤ ਲਿਖਦੀ ਹੈ –

ਸੱਜਰੇ ਪੁਆੜੇ ਪਾਉਂਦੀ ਹਰ ਰੋਜ਼ ਰਾਜਨੀਤੀ
ਰੁੱਖ ਰੋਜ ਬਦਲ ਜਾਂਦੈ ਮਾਰੂ ਸ਼ਰਾਰਤਾਂ ਦਾ । 


ਰਾਜਨੀਤੀ   ਵੇਖ   ਅਜਕਲ੍ਹ   ਕਿੰਨ੍ਹੀ ਗੰਧਲੀ ਹੋ ਗਈ
ਸਿਰ ਕਿਸੇ ਦਾ ਹੋਰ ਦਾ ਤੇ ਇਹ ਪੱਗ ਕਿਸੇ ਦੀ ਹੋਰ ਹੈ ।

ਕਿਹੜਾ ਧਰਮੀਂ ਕਿਹੜਾ ਕਰਮੀ ਕਿਸਦਾ ਸੱਚਾ ਸੌਦਾ
ਹਰ ਇਕ ਆਪਣੇ ਮੱਥੇ ਉਤੇ ਬੈਠਾ ਰੱਬ ਖੁਣਵਾਈ ।

ਮੰਦਰਾਂ ਦੇ ਵਿੱਚ ਜਾ ਕੇ ਟੱਲ ਖੜਕਾਵਾਂ ਕਿਉਂ
ਓਥੇ ਤਾਂ ਪੱਥਰਾਂ   ਦਾ   ਕੇਵਲ   ਢੇਰ ਪਿਆ ।

ਨਾਲ  ਹੀ ਸੁਰਿੰਦਰ ਗੀਤ ਅੰਤਰ-ਰਾਸ਼ਟਰੀ ਪੱਧਰ ਤੇ ਸਾਮਰਾਜੀ ਤਾਕਤਾਂ ਦੇ ਪੈਦਾ ਕੀਤੇ ਆਤੰਕਵਾਦ ਤੇ ਵੀ ਉਗਲੀ ਉਠਾਉਂਦੀ ਹੋਈ ਲਿਖਦੀ ਹੈ –
ਕੀ ਖੱਟ ਰਿਹਾ ਹੈ ਸੋਚੋ ਦੁਨੀਆਂ ਦਾ ਇਹ ਵਪਾਰੀ
ਅਜ ਤੇਲ ਤੇ ਲਹੂ ਦਾ ਇਕੋ ਹੀ ਭਾਅ ਬਣਾਕੇ ।

ਅਜੋਕੇ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਨੇ ਸਾਡੇ ਸਮਾਜ ਵਿਚਲੀਆਂ ਦਾਜ-ਦਹੇਜ , ਨਸ਼ੇ, ਭਰੂਣ ਹੱਤਿਆ ਜਿਹੀਆਂ ਕੁਰੀਤੀਆਂ ਤੋਂ ਆਮ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਹੋਕਾ ਦੇਣਾ ਸੁਰੂ ਕੀਤਾ ਹੋਇਆ ਹੈ । ਇਸੇ ਤਰ੍ਹਾਂ ਸੁਰਿੰਦਰ ਗਤਿ ਨੇ ਭਰੂਣ ਹੱਤਿਆ ਬਾਰੇ ਲਿ8ਿਖਆ ਹੈ-

ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਅਪਣੇ ਘਰ ਚਾਹੂੰਦੇ ਹੋ
ਨਾ ਮਾਰੋ ਕੁੱਖਾਂ ਵਿੱਚ ਲੋਕੋ ਕੁੜੀਆਂ ਕੋਮਲ ਕਲੀਆਂ ਨੂੰ  ।

ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿੱਚ ਵੱਧ ਰਹੇ ਲੱਚਰਪੁਣੇ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਸੁਰਿੰਦਰ ਗੀਤ ਨੇ ਕਾਫ਼ੀ ਦਲੇਰੀ ਨਾਲ ਅਜੇਹੇ ਵਿਕਾਊ ਤੇ ਸਸਤੀ ਸ਼ੁਹਰਤ ਪ੍ਰਾਪਤ ਕਰਨ ਵਾਲਿਆਂ ਨੂੰ ਸੰਬੋਧਨ ਕੀਤਾ ਹੈ –

ਮੈਂ ਕਰਕੇ ਹੌਂਸਲਾ ਪੁੱਛਿਆ ਸਮੇਂ ਦੇ ਗੀਤਕਾਰਾਂ ਨੂੰ
ਸੁਰਾਂ ਦੇ ਸ਼ਹਿਰ ਵਿੱਚ ਕੁਝ ਬੇਸ਼ੁਰੇ ਆਏ ਤਾਂ ਆਏ ਕਿਉਂ ।

ਲੱਚਰ ਗੀਤਾਂ ਨੂੰ ਸੁਣ ਪੌਣਾਂ ਦੇਵਣ ਨਿਤ ਦੁਹਾਈ
ਪਰ ਇਹ ਮਹਿੰਗੇ ਭਾਅ ਵਿਕਦੇ ਨੇ ਸਸਤੇ ਘਟੀਆ ਗੀਤ।

ਕਾਤਲ ਸੱਭਿਆਚਾਰ ਦੇ ਬੈਠੇ ਉੱਚੇ ਚੁਬਾਰੇ ਪਾਈ
ਕੌਣ ਭਰੇ ਇਹਨਾਂ ਦੀ ਬੁੱਲ੍ਹਿਆ ਖੋਟੀ ਮਾੜੀ ਨੀਤ ।

ਨਿਕਲੇ ਕਿਵੇਂ ਕ੍ਰਾਂਤੀ ਕਲਮਾਂ ਦੇ ਸੀਨਿਆਂ ਚੋਂ
ਕਵੀਆਂ ਨੇ ਕਲਮਾਂ ਤਾਂਈ ਸੋਨੇ ਦੇ ਚੋਗ ਪਾਏ ।

ਹੋਰ ਵੀ ਬਹੁਤ ਸਾਰੇ ਪਹਿਲੂ ਸੁਰਿੰਦਰ ਗੀਤ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਉਜਾਗਰ ਹੁੰਦੇ ਹਨ। ਉਦਾਹਰਣ ਵਜੋਂ ਸਾਜ਼, ਸੁਰ, ਸ਼ਬਦ ਅਤੇ ਇਨਸਾਨੀਅਤ ਅਤੇ ਅਮਨ ਬਾਰੇ ਜਿਵੇਂ

ਗੀਤ ਮੇਰੇ ਦਰ ਮੁਖੜਾ ਬਣ ਕੇ ਗੀਤਾਂ ਦੇ ਵਿੱਚ ਆ ਜਾ
ਸਾਝ਼ ਸੁਰਾ ਸ਼ਬਦਾਂ ਦੀਆਂ ਪੈੜਾਂ ਦੇ ਵਿੱਚ ਪੈਰ ਟਿਕਾਕੇ । 

ਇਕ ਨੇ ਵੱਢ ਬੰਦੂਕ ਬਣਾਈ ਇਕ ਨੇ ਲਾਸ਼ਾਂ ਲਈ ਬਕਸੇ
ਇਕ ਟਾਹਣੇ ਦਾ ਸਾਜ਼ ਬਣਾਕੇ ਰੋਂਦਾ ਰੁੱਖ ਵਰਾਇਆ ਮੈਂ ।

ਨਫ਼ਰਤ ਹਿੰਸਾ ਬੰਬ ਬੰਦੂਕਾਂ ਬਾਰੂਦਾਂ ਤੇ ਅੱਗਾਂ ਨੂੰ 
ਪਿਆਰ ਮੁਹੱਬਤ ਅਮਨ ਅਮਾਨਾਂ ਦਾ ਸਾਂਝਾਂ ਪੈਗਾਮ ਲਿੱਖੀਂ ।

ਸੁਰਿੰਦਰ ਗੀਤ ਨੇ ਆਪਣੇ ਸ਼ੇਅਰਾਂ ਵਿੱਚ ਠੇਠ ਪੰਜਾਬੀ  ਮੁਹਾਵਰੇ, ਢੁਕਵੇਂ  ਅਲੰਕਾਰਾਂ ਦੀ ਬਾਖੁਬੀ ਵਰਤੋਂ ਕੀਤੀ ਹੈ ।

ਲਿ਼ਸਕਦੀ ਹਰ ਚੀਜ਼ ਅਕਸਰ ਸੋਨਾ ਤਾਂ ਹੁੰਦੀ ਤਾਂ ਨਹੀਂ 
ਪਰਖ ਤੈਨੂੰ ਮੈਂ ਲਿਆ ਹੁਣ ਛੱਡ ਪਰੇ ਤੂੰ ਲਿ਼ਸਕਣਾ ।


ਖਾਲੀ ਹੱਥ ਆਏ ਦੁਨੀਆਂ ਤੇ ਖਾਲੀ ਹੱਥੱ ਹੀ ਤੁਰ ਜਾਣਾ
ਫਿਰ ਕਿਉਂ ਐਵੇਂ ਦੌਲਤ ਪਿਛੇ ਦੌੜ ਲਗਾਈ ਜਾਂਦੇ ਲੋਕ ।

ਹੁਣ ਮੈਂ ਸੁਰਿੰਦਰ ਗੀਤ ਦੀ ਇਸ ਪੁਸਤਕ ਦੀ ਸਭ ਤੋਂ ਅਖੀਰਲੀ ਗ਼ਜ਼ਲ ਦਾ ਜਿ਼ਕਰ ਕਰਨਾ ਚਾਹਾਂਗਾ , ਜਿਸਨੂੰ ਸਾਇਦ ਉਸਨੇ ਸੁਰਜੀਤ ਪਾਤਰ ਦੀ ਬਹੁਤ ਹੀ ਮਕਬੂਲ ਅਤੇ ਚਰਚਿਤ ਗ਼ਜ਼ਲ ਦੀ ਤਰਜ਼ ਤੇ ਲਿਖਣ ਦੀ ਸਫ਼ਲ ਕੋਸਿ਼ਸ਼ ਕੀਤੀ ਹੈ । ਗ਼ਜ਼ਲ ਦੀ ਵਿਧਾ ਅਨੁਸਾਰ ਮਤਲੇ ਅਤੇ ਮਕਤੇ ਤੋਂ ਬਿਨਾਂ ਘੱਟੋ  ਘੱਟ ਪੰਜ ਸ਼ੇਅਰ ਹੋਣੇ ਲਾਜ਼ਮੀ ਹਨ । ਪਰ ਇਸ ਗ਼ਜ਼ਲ ਵਿੱਚ ਇਹ ਐਬ ਹੈ ਕਿ ਇਸਦੇ ਕੇਵਲ ਚਾਰ ਸ਼ੇਅਰ ਹਨ । ਇਸ ਗ਼ਜ਼ਲ ਦੇ ਸਾਰੇ ਹੀ ਸੇ਼ਅਰ ਬਹੁਤ ਵਧੀਆ ਭਾਵ ਅਗਾਂਹਵਧੂ, ਪ੍ਰਗਤੀਵਾਦੀ ਤੇ ਇਸਤੋਂ ਵੀ ਵੱਧ ਕੇ ਕ੍ਰਾਂਤੀਕਾਰ ਵਿਚਾਰਧਾਰਾ ਪ੍ਰਗਟਾਉਂਦੇ ਹਨ । ਮੈਂ ਅਖੀਰਲਾ ਸ਼ੇਅਰ ਪਾਠਕਾਂ ਦੇ ਧਿਆਨ ਗੋਚਰ ਕਰਨਾ ਚਾਹਾਂਗਾ-

ਨਾ ਅਦਾਲਤ ਕੋਈ ਨਾ ਵਕਾਲਤ ਕਿਤੇ
ਮੈਂ ਹਕੂਮਤ ਅਜੇਹੀ ਨੂੰ ਆਖਾਂ ਕਿਵੇਂ
ਲੋਕ ਤੰਤਰ ਦੇ ਏਦਾਂ ਦੇ ਚੱਜ ਵੇਖਕੇ
ਲੋਕ ਸਾਰੇ ਬਗਾਵਤ ਤੇ ਆ ਜਾਣਗੇ ।

ਅੰਤ ਵਿੱਚ ਮੈਂ ਸੁਰਿੰਦਰ ਗੀਤ ਨੂੰ ਉਸਦੇ ਪਲੇਠੇ ਗ਼ਜ਼ਲ ਸੰ੍ਰਿਗਹ ਤੇ ਮੁਬਾਰਕਵਾਦ ਦਿੰਦਾ ਹਾਂ , ਜਿਸਦੀਆਂ ਗ਼ਜਲਾਂ ਵਿੱਚ ਮਾਨਵ ਮਾਨਵ ਬਣਾਈ ਰੱਖਣ ਦੀ ਤੜਪ ਹੈ । ਜਿਸ ਵਿੱਚ ਦੁਨੀਆਂ ਦੀ ਹੀ ਨਹੀਂ ਆਪਣੀ ਵੀ ਪੜਚੋਲ ਹੈ , ਜਿਸ ਵਿੱਚ ਭਾਵਿਕਤਾ ਦੇ ਨਾਲ ਨਾਲ ਵਿਵੇਕ ਤੇ ਬੌਧਿਕਤਾ ਵੀ ਹੈ, ਜਿਸ ਵਿੱਚ ਪਰਵਾਸ ਦਾ ਹੀ ਨਹੀਂ ਆਪਣੀ ਮਾਤ - ਭੂਮੀ ਦਾ ਵੀ ਦਰਦ ਹੈ ਤੇ ਜਿਸ ਵਿੱਚ ਉਦਾਸ ਵਰਤਮਾਨ ਦਾ ਹੀ ਬਿਆਨ ਨਹੀਂ ਇਕ ਆਸ ਦੀ ਆਹਟ ਵੀ ਹੈ । ਭਵਿੱਖ ਵਿਚ ਸਾਨੂੰ ਇਹ ਆਸ ਹੈ ਕਿ ਸੁਰਿੰਦਰ ਗੀਤ ਗ਼ਜ਼ਲ ਕਾਰੀ ਵਿੱਚ ਸਿਖਰਾਂ ਛੋਹੇਗੀ ਅਤੇ ਆਪਣੀ ਮੌਲਿਕ ਪ੍ਰਤਿਭਾ ਸਦਕਾ ਪੰਜਾਬੀ ਗ਼ਜ਼ਲ ਨੂੰ ਪੁਖਤਗੀ ਵੀ ਪ੍ਰਦਾਨ ਕਰੇਗੀ । ਮੈਂ ਆਕਰਸ਼ਕ ਕਵਰ ਡੀਜਾ਼ਈਨ ਲਈ ਅੰਕੁਰ ਪਾਤਰ ਤੇ ਫੋਟੋ ਲਈ ਜੋਤੀ ਚੇਰਾ ਤੋਂ ਇਲਾਵਾ ਲੋਕ ਗੀਤ ਪ੍ਰਕਾਸ਼ਨ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕਰਨੀ ਚਾਹਾਂਗਾ ਕਿਉਂਕਿ ਪੁਸਤਕ ਵਿੱਚ ਬਰੀਕੀ ਨਾਲ ਲੱਭਣ ਤੇ ਵੀ ਕੋਈ ਪ੍ਰਕਾਸ਼ਨ ਉਕਾਈ ਜਾਂ ਗਲਤੀ ਨਹੀਂ ਲੱਭ ਸਕਿਆ ।   
                                 
****                         

No comments: