ਸਰਕਾਰੀ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ-ਤਜਿੰਦਰ ਸਿੰਘ

ਸੈਨਹੋਜੇ (ਕੈਲੀਫੋਰਨੀਆ) : ਸਰਕਾਰੀ ਅਧਿਕਾਰੀ ਲੋਕਾਂ ਦੇ ਹੁਕਮਰਾਨ ਨਹੀਂ ਹਨ, ਸਗੋਂ ਲੋਕਾਂ ਦੇ ਸੇਵਾਦਾਰ ਹੁੰਦੇ ਹਨ। ਇਸ ਲਈ ਸਾਰੇ ਹੀ ਸਰਕਾਰੀ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਇਹਨਾਂ ਸਮੱਸਿਆਵਾਂ ਦੇ ਹੱਲ ਵਿਚ ਭਾਗੀਦਾਰ ਬਣਨ। ਇਹ ਗੱਲ ਸਾਨਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਵਿਚ ਕੌਂਸਲਰ ਸ. ਤੇਜਿੰਦਰ ਸਿੰਘ ਨੇ ਉਹਨਾਂ ਦੇ ਸਨਮਾਨ ਵਿਚ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਸਥਾਨਕ ਸਵਾਗਤ ਰੈਸਟੋਰੈਂਟ ਵਿਚ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਆਪ  ਨੂੰ ਲੋਕਾਂ ਦਾ ਸੇਵਾਦਾਰ ਸਮਝਿਆ ਹੈ ਇਸ ਲਈ ਲੋਕਾਂ ਨੇ ਵੀ ਉਹਨਾਂ ਨੂੰ ਹਮੇਸ਼ਾਂ ਪਿਆਰ
ਤੇ ਸਤਿਕਾਰ ਦਿਤਾ ਹੈ। ਇਸ ਮੌਕੇ ਤੇ ਬੋਲਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਸ. ਦਲਵਿੰਦਰ ਸਿੰਘ ਧੂਤ ਨੇ ਕਿਹਾ ਕਿ ਸ. ਤੇਜਿੰਦਰ ਸਿੰਘ ਨੇ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਿਚ ਹਿੱਸੇਦਾਰ ਬਣਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਇਸ ਖੇਤਰ ਦਾ ਭਾਰਤੀ ਭਾਈਚਾਰਾ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਕਰਦਾ ਰਹੇਗਾ। ਐਸੋਸੀਏਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਸ. ਤੇਜਿੰਦਰ ਸਿੰਘ ਵਾਂਗ ਸਾਰੇ ਹੀ ਅਧਿਕਾਰੀ ਲੋਕਾਂ ਦੇ ਸੇਵਕ ਬਣਨ ਦਾ ਯਤਨ ਕਰਨ ਤਾਂ ਲੋਕਾਂ ਨੂੰ ਸਰਕਾਰੀ ਮੁਸ਼ਕਿਲਾਂ ਦੀ ਘੁੰਮਣਘੇਰੀ ਤੋਂ ਬਚਾਇਆ ਜਾ ਸਕਦਾ ਹੈ ਤੇ ਲੋਕਾਂ ਦਾ ਅਜਿਹੇ ਅਧਿਕਾਰੀਆਂ ਪ੍ਰਤੀ ਸਤਿਕਾਰ ਵੀ ਕਾਇਮ ਰੱਖਿਆ ਜਾ ਸਕਦਾ ਹੈ। ਸ. ਚਾਹਲ ਨੇ ਉਹਨਾਂ ਦੀਆਂ ਸਥਾਨਕ ਭਾਰਤੀ ਸਫਾਰਤਖਾਨੇ ਵਿਚ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਉਹਨਾਂ ਵੱਲੋਂ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨ ਪੱਤਰ ਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
****

No comments: