ਪਟਿਆਲੇ ਆਉਣਾ ਤੇ ਸਾਹਿਤਕ ਸੰਸਾਰ ਨਾਲ਼ ਸੰਪਰਕ.......... .......... ਅਭੁੱਲ ਯਾਦਾਂ / ਗਿਆਨੀ ਸੰਤੋਖ ਸਿੰਘ


ਜਾਗੇ ਸ਼ੌਕ ਦੀ ਪੂਰਤੀ ਹਿਤ, ਭਾਈਆ ਜੀ ਦੇ ਰਸੂਖ਼ ਸਦਕਾ, ਮੈ ਪਟਿਆਲੇ ਦੀ ਬਦਲੀ ਕਰਵਾ ਕੇ ਆ ਗਿਆ। ਮੇਰੇ ਵਰਗੇ ਵਾਸਤੇ ਪਟਿਆਲਾ ਹਰ ਤਰ੍ਹਾਂ ਦੀ ਪੜ੍ਹਾਈ ਵਾਸਤੇ ਸਭ ਤੋਂ ਵਧੀਆ ਸਥਾਨ ਸੀ। ਏਥੇ ਸਰਕਾਰੀ ਸੰਸਥਾ, 'ਗੌਰਮੈਟ ਇੰਸਟੀਚਿਊਟ ਫਾਰ ਓਰੀਐਂਟਲ ਐਂਡ ਮੌਡਰਨ ਇੰਡੀਅਨ ਲੈਂਗੁਏਜਜ਼' ਵਿਚ ਦਾਖਲ ਹੋ ਕੇ, ਬਹੁ ਪੱਖੀ ਵਿੱਦਿਆ ਹਾਸਲ ਕੀਤੀ। ਇਸ ਸੰਸਥਾ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਜੀਤ ਕੌਰ ਸਨ ਜੋ ਕਿ ਪੰਜਾਬੀ ਵਿਭਾਗ ਦੇ ਇੰਚਾਰਜ ਵੀ ਸਨ। ਉਹਨਾਂ ਨੇ ਸਾਨੂੰ ਸਾਹਿਤ ਪੜ੍ਹਨ ਦੀ ਜਾਚ ਦੱਸੀ ਤੇ ਨਾਲ਼ ਚੇਟਕ ਵੀ ਲਾਈ। ਉਹ ਆਪ ਸਾਹਿਤ ਦੇ ਚੰਗੇ ਪਾਠਕ ਸਨ।
ਇਸ ਤੋਂ ਇਲਾਵਾ ਪੰਜਾਬੀ ਦੀਆਂ ਤਕਰੀਬਨ ਸਾਰੀਆਂ ਹੀ ਅਖ਼ਬਾਰਾਂ ਪੜ੍ਹਨ ਦੀ ਲਲ੍ਹਕ ਤੇ ਸਮੇ ਸਮੇ ਵਿਦਵਾਨਾਂ ਤੇ ਸਾਹਿਤਕਾਰਾਂ ਦੇ, ਪਬਲਿਕ ਲਾਇਬ੍ਰੇਰੀ ਵਿਚ ਹੋਣ ਵਾਲ਼ੇ ਸਮਾਗਮਾਂ ਨੂੰ ਸੁਣਨ ਦਾ ਅਵਸਰ ਵੀ ਪ੍ਰਾਪਤ ਹੁੰਦਾ ਰਿਹਾ। ਕਈ ਸਮਾਗਮਾਂ ਵਿਚੋਂ ਇਕ ਦਾ ਏਥੇ ਜ਼ਿਕਰ ਕਰ ਦੇਣਾ ਪਾਠਕ ਠੀਕ ਹੀ ਸਮਝਣਗੇ। ਪਬਲਿਕ ਲਾਇਬ੍ਰੇਰੀ ਵਿਚ 'ਕਾਂਗਰਸ ਫਾਰ ਸੋਸਲਿਸ਼ਟ ਫ਼ੋਰਮ' ਵੱਲੋਂ, ਦੇਸ ਵਿਚ ਸੋਸ਼ਲਿਜ਼ਮ ਲਾਗੂ ਕਰਨ ਲਈ ਵਿਚਾਰਾਂ ਕਰਨ ਵਾਸਤੇ ਜਲਸਾ ਹੋ ਰਿਹਾ ਸੀ। ਪ੍ਰਧਾਨਗੀ ਉਸ ਸਮੇ ਦੇ ਪੰਜਾਬ ਅਸੈਂਬਲੀ ਦੇ ਸਪੀਕਰ ਸ੍ਰੀ ਹਰਬੰਸ ਲਾਲ ਜੀ ਕਰ ਰਹੇ ਸਨ ਤੇ ਮੁਖ ਬੁਲਾਰੇ, ਕਾਂਗਰਸ ਦੇ ਤਤਕਾਲੀ ਮੀਤ ਪ੍ਰਧਾਨ ਗਿ. ਜ਼ੈਲ ਸਿੰਘ ਜੀ ਸਨ। ਓਦੋਂ ਅਜੇ ਪੰਜਾਬ ਦੀ ਵੰਡ ਨਹੀ ਸੀ ਹੋਈ। ਗਿਆਨੀ ਜੀ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਸੋਸ਼ਲਿਜ਼ਮ ਲਾਗੂ ਕਰਨ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਮਜ਼ਹਬ ਹੈ। ਆਪਣਾ ਤਜੱਰਬਾ ਬਿਆਨ ਉਹਨਾਂ ਨੇ ਇਉਂ ਕੀਤਾ:

ਪੈਪਸੂ ਦੀਆਂ ਸੰਨ 1952 ਦੀਆਂ ਚੋਣਾਂ ਸਮੇ ਅਸੀਂ ਆਪਣੇ ਉਮੀਦਵਾਰ ਦੇ ਹੱਕ ਵਿਚ ਕੀਤੇ ਜਾ ਰਹੇ ਦੌਰੇ ਦੌਰਾਨ, ਉਸ ਦੇ ਨਾਨਕੇ ਪਿੰਡ ਵੋਟਾਂ ਮੰਗਣ ਚਲੇ ਗਏ। ਪਿੰਡ ਵਿਚ ਵੜਦਿਆਂ ਹੀ ਉਸ ਦੇ ਨਾਨਕਿਆਂ ਦਾ ਘਰ ਆਉਂਦਾ ਸੀ। ਉਸ ਦਾ ਮਾਮਾ ਘਰੋਂ ਬਾਹਰ ਕੰਧ ਨਾਲ਼ ਬੂਹੇ ਦੇ ਲਾਗੇ ਬਣੇ ਥੜ੍ਹੇ ਉਪਰ ਬੈਠਾ ਹੁੱਕਾ ਪੀ ਰਿਹਾ ਸੀ। ਦਾਹੜੀ ਉਸ ਦੀ ਕਤਰੀ ਹੋਈ ਸੀ ਤੇ ਕੱਟੇ ਹੋਏ ਵਾਲ਼ਾਂ ਵਾਲ਼ਾ ਸਿਰ ਉਸ ਦਾ ਨੰਗਾ ਸੀ। ਅਸੀਂ ਜਾ ਫ਼ਤਿਹ ਬੁਲਾਈ ਅਤੇ ਆਖਿਆ, "ਮਾਮਾ ਜੀ, ਤੁਹਾਡਾ ਪੁੱਤਰ ਚੋਣ ਲੜ ਰਿਹਾ ਹੈ। ਤੁਸੀਂ ਇਸ ਦੀ ਹਰ ਪ੍ਰਕਾਰ ਮਦਦ ਕਰਨੀ ਹੈ।" ਉਹ ਮਾਮਾ ਜੀ, ਅੱਖਾਂ ਲਾਲ ਕਰਕੇ, ਹੁੱਕੇ ਦੀ ਨਾੜੀ ਮੂੰਹ ਵਿਚੋਂ ਬਾਹਰ ਕਢ ਕੇ, ਮੱਥੇ ਦੀ ਤਿਊੜੀ ਸਹਿਤ ਸਾਡੇ ਵੱਲ ਆਪਣਾ ਮੂੰਹ ਕਰਕੇ, ਗਰਜ ਸਹਿਤ ਇਉਂ ਬੋਲੇ, "ਓਇ, ਤੁਹਾਡੇ ਗ਼ਦਾਰਾਂ ਪਿੱਛੇ ਲੱਗ ਕੇ ਮੈ ਪੰਥ ਨੂੰ ਛੱਡ ਦਿਆਂ?" ਅਸੀਂ ਨਿਮਰਤਾ ਸਹਿਤ ਆਖਿਆ, "ਮਾਮਾ ਜੀ, ਤੁਸੀਂ ਤਾਂ ਸਿਰ ਮੁੰਨਿਆਂ ਹੋਇਆ ਹੈ। ਤੁਹਾਡਾ ਪੰਥ ਨਾਲ਼ ਕੀ ਵਾਸਤਾ!" "ਓਇ, ਗਾਂ ਦੀ ਪੂਛ ਮੁੰਨ ਦਈਏ ਤਾਂ ਕੀ ਉਹ ਗਧੀ ਬਣ ਜਾਂਦੀ ਆ?" ਮਾਮਾ ਜੀ ਦਾ ਦਲੀਲ ਭਰਿਆ ਉਤਰ ਸੀ ਜਿਸ ਨੇ ਸਾਨੂੰ ਸਾਰਿਆਂ ਨੂੰ ਨਿਰਉਤਰ ਕਰ ਦਿਤਾ।
ਏਥੇ ਰਹਿਣ ਸਮੇ ਵਾਗਹਾ ਚੰਗੇ ਸੱਜਣਾਂ ਨਾਲ਼ ਮਿਲਾਪ ਵੀ ਹੋਇਆ ਜਿਨ੍ਹਾਂ ਨਾਲ਼ ਹੁਣ ਤੱਕ ਮੇਲ਼ ਜੋਲ਼ ਬਣਿਆ ਆ ਰਿਹਾ ਹੈ। ਉਹਨਾਂ ਵਿਚੋਂ ਇਕ, ਪ੍ਰਲੋਕ ਵਾਸੀ ਸੰਤ ਗਿਆਨੀ ਨਿਰੰਜਨ ਸਿੰਘ ਜੀ, ਜੋ ਕਿ ਮੇਰੇ ਭਾਸ਼ਨ ਤੋਂ ਪ੍ਰਭਾਵਤ ਸਨ ਤੇ ਮੈ ਉਹਨਾਂ ਦੇ ਧਾਰਮਿਕ ਦੀਵਾਨਾਂ ਸਮੇ ਹਾਜਰ ਹੋਇਆ ਕਰਦਾ ਸਾਂ। ਸੰਪਰਕ ਇਉਂ ਹੋਇਆ ਕਿ ਉਹਨਾਂ ਦੀ ਸਪੁੱਤਰੀ ਬੀਬਾ ਹਰਿੰਦਰ ਕੌਰ ਜੀ ਵੀ ਓਸੇ ਸੰਸਥਾ ਵਿਚ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕਰ ਰਹੇ ਸਨ ਜਿਥੇ ਮੈ ਪੰਜਾਬੀ ਦੀ। ਸਾਡੇ ਪ੍ਰਿੰਸੀਪਲ ਸਾਹਿਬ, ਪੰਡਤ ਦੁਰਗਾ ਦੱਤ ਵਿਆਕਰਣਾਚਾਰੀਆ ਜੀ ਦਾ, ਗਿਆਨੀ ਜੀ ਨਾਲ਼ ਸਹਿਚਾਰ ਹੋਣ ਕਰਕੇ, ਅਸੀਂ ਅਕਸਰ ਹੀ ਉਹਨਾਂ ਦੇ ਗੁਰੂ ਨਾਨਕ ਆਸ਼੍ਰਮ ਵਿਖੇ ਜਾਇਆ ਕਰਦੇ ਸਾਂ। ਹੁਣ ਤੱਕ ਬੀਬਾ ਜੀ ਮੇਰੇ ਨਾਲ਼ ਭਰਾਵਾਂ ਵਰਗਾ ਸਤਿਕਾਰ ਰੱਖਦੇ ਹਨ। ਸੰਤ ਜੀ ਦੀ ਦਸਵੀਂ ਬਰਸੀ ਸਮੇ ਮੈਨੂੰ ਓਸਲੋ ਤੋਂ ਫੋਨ ਰਾਹੀਂ ਲਭ ਕੇ ਉਹਨਾਂ ਨੇ ਸੱਦਿਆ ਪਰ ਪੰਜਾਬ ਦੀ ਗਰਮੀ ਤੋਂ ਡਰਦਾ ਮੈ ਉਸ ਸਮੇ ਤਾਂ ਨਾ ਜਾ ਸਕਿਆ ਤੇ ਬਾਅਦ ਵਿਚ ਗਿਆ। ਆਪਣੇ ਸਾਹਿਬਜ਼ਾਦੇ ਬਾਬਾ ਮਹਿੰਦਰ ਸਿੰਘ ਜੀ ਪਾਸੋਂ ਮੈਨੂੰ ਸਿਰੋਪਾ ਬਖ਼ਸ਼ਵਾ ਕੇ ਸਨਮਾਨਤ ਕੀਤਾ ਤੇ ਮੈ 25 ਦਸੰਬਰ 2006 ਨੂੰ ਸੰਤ ਜੀ ਦੇ ਜਨਮ ਦਿਨ ਨਾਲ਼ ਸਬੰਧਤ ਸਮਾਗਮ ਵਿਚ ਬੋਲਿਆ ਜਿਸ ਤੇ ਸਾਰੀ ਸੰਗਤ ਨੇ ਪ੍ਰਸੰਸਾ ਭਰੀ ਆਸੀਸ ਬਖ਼ਸ਼ੀ। 
ਮੇਰੇ ਏਥੇ ਰਹਿਣ ਸਮੇ ਹੀ 1965 ਦੀ ਪਾਕਿਸਤਾਨ ਨਾਲ ਲੜਾਈ ਹੋਈ। ਵਲੈਤੋਂ ਦਸਮ ਪਾਤਿਸ਼ਾਹ ਜੀ ਦੇ ਸ਼ਸਤਰ ਲਿਆਂਦੇ ਗਏ ਤੇ ਪੰਜਾਬੀ ਸੂਬਾ ਬਣਨ ਦਾ ਐਲਾਨ ਵੀ ਹੋਇਆ ਜੋ ਮੇਰੇ ਪਟਿਆਲਾ ਛੱਡਣ ਪਿੱਛੋਂ, 1 ਨਵੰਬਰ 1966 ਵਾਲ਼ੇ ਦਿਨ ਰਸਮੀ ਤੌਰ ਤੇ ਹੋਂਦ ਵਿਚ ਆਇਆ। ਤਾਸ਼ਕੰਦ ਵਿਚ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਭੇਦ ਭਰੀ ਹਾਲਤ ਵਿਚ ਮੌਤ ਹੋਈ ਤੇ ਉਸ ਦੇ ਥਾਂ, ਸ੍ਰੀ ਮੁਰਾਰ ਜੀ ਡੇਸਾਈ ਨੂੰ ਹਰਾ ਕੇ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ।
ਪਟਿਆਲੇ ਮੈ ਮਈ 1964 ਤੋਂ ਅਕਤੂਬਰ 1966 ਤੱਕ ਰਿਹਾ। ਏਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸੰਤ ਚੰਨਣ ਸਿੰਘ ਜੀ ਨੇ, ਮੈਨੂੰ ਆਪਣੇ ਪ੍ਰਬੰਧ ਅਧੀਨ ਚੱਲ ਰਹੇ, ਰਾਜਿਸਥਾਨ ਦੇ ਗੁ. ਬੁਢਾ ਜੌਹੜ ਵਿਖੇ ਚੱਲ ਰਹੇ ਸੰਗੀਤ ਵਿਦਿਆਲੇ ਦੇ ਅਧਿਆਪਕ, ਭਾਈ ਗੁਰਮੇਲ ਸਿੰਘ ਜੀ ਨੂੰ, ਕਲਾਸੀਕਲ ਸੰਗੀਤ ਦੀ ਉਚੇਰੀ ਸਿੱਖਿਆ ਦੇਣ ਹਿਤ ਭੇਜ ਦਿਤਾ। ਇਉਂ ਮੇਰਾ ਸਾਹਿਤਕ ਦੁਨੀਆਂ ਵਿਚ ਵਿਚਰਨ ਦਾ ਸੁਪਨਾ ਟੁੱਟ ਗਿਆ ਤੇ ਮੈ ਸਾਰੇ ਸੰਸਾਰ ਨਾਲ਼ੋਂ ਟੁੱਟ ਕੇ, ਰੇਗਿਸਤਾਨ ਦੇ ਇਕ ਖੂੰਜੇ ਵਿਚ ਜਾ ਵੜਿਆ। ਬੁਢਾ ਜੌਹੜ ਤੋਂ 1967 ਦੀਆਂ ਚੋਣਾਂ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਮੈਨੂੰ ਆਪਣੇ ਨਾਲ਼ ਪੰਜਾਬ ਲੈ ਆਏ।

****

No comments: