ਯੋਗ ਗੁਰੂ ਬਾਬਾ ਰਾਮ ਦੇਵ ਦੀ ਵੀ ਗੁਰੂ ਨਿਕਲੀ ਦਿੱਲੀ ਹਕੂਮਤ......... ਤਿਰਛੀ ਨਜ਼ਰ / ਬਲਜੀਤ ਬੱਲੀ


ਭ੍ਰਿਸ਼ਟਾਚਾਰ  ਤੇ ਕਾਲਾ ਧਨ ਭਾਰਤੀ ਰਾਜਨੀਤੀ ਦਾ ਮੁਖ ਏਜੰਡਾ ਬਣਿਆ  
                         
ਪੰਜਾਬੀ  ਦੇ ਨਾਮਵਰ ਤੇ ਸੁਲਝੇ ਹੋਏ ਪੱਤਰਕਾਰ ਵਜੋਂ ਦਹਾਕਿਆਂ ਬੱਧੀ ਨਾਮਣਾ ਖੱਟ ਕੇ ਸੁਰਗਵਾਸ ਹੋਏ ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਵਿਚ ਇੱਕ ਹਫ਼ਤਾਵਾਰੀ ਕਾਲਮ ਲਿਖਿਆ ਕਰਦੇ ਸਨ-ਜਗਤ ਤਮਾਸ਼ਾ। ਮੈਂ ਉਸ ਦਾ ਲਗਾਤਾਰ ਪਾਠਕ ਸਾਂ। ਬਹੁਤ ਖ਼ੂਬਸੂਰਤ ਸ਼ਬਦਾਵਲੀ ਵਿਚ ਉਹ ਆਂਮ ਲੋਕਾਂ ਦੇ ਦੁੱਖ- ਦਰਦਾਂ ਦੀ ਬਾਤ ਪਾਇਆ ਕਰਦੇ ਸਨ। ਬਾਰ੍ਹਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ । ਪੰਜਾਬ ਜਿਸ ਸ਼ਖ਼ਸੀਅਤ ਨੂੰ ਉਹ ਆਪਣਾ ਆਦਰਸ਼ ਅਤੇ ਗੁਰੂ ਮੰਨਦਾ ਸਨ,ਉਸ ਨੇ ਇੱਕ,ਅਜਿਹਾ ਰੋਲ ਅਖ਼ਤਿਆਰ ਕੀਤਾ ਅਤੇ ਇਕ ਅਜਿਹਾ ਅਹੁਦਾ ਹਾਸਲ ਕਰ ਲਿਆ ਜੋ ਉਸ ਦੀ ਦੇਵ-ਕੱਦ  ਹਸਤੀ ਦੇ ਮੇਚ ਦਾ ਨਹੀਂ ਸੀ ਅਤੇ ਅਤੇ ਦੁਨਿਆਵੀ ਲਾਲਸਾ ਵੱਲ ਸੰਕੇਤ ਕਰਦਾ ਸੀ। ਇਕ ਸੰਵੇਦਨਸ਼ੀਲ  ਇਨਸਾਨ ਵਜੋਂ ਦਲਬੀਰ ਨੂੰ  ਇਸ ਦਾ  ਬੇਹੱਦ ਸਦਮਾ ਪੁੱਜਾ ਸੀ।ਇਸ ਘਟਨਾ ਤੋਂ ਬਾਅਦ ਲਿਖੇ  ਆਪਣੇ ਹਫਤਾਵਾਰੀ  ਕਾਲਮ ਦੀ ਸ਼ੁਰੂਆਤ ਉਸ ਨੇ ਇੰਝ ਕੀਤੀ ਸੀ-‘‘ ਜਦੋਂ ਰੱਬ ਧਰਤੀ ਤੇ ਉੱਤਰ ਆਉਂਦਾ ਹੈ ਤਾਂ ਉਹ ਬੰਦਾ ਹੋ ਜਾਂਦੈ। ਉਸ ਵਿਚ ਬੰਦੇ ਵਾਲੇ ਸਾਰੇ ਗੁਣ- ਔਗੁਣ ਆ ਜਾਂਦੇ ਨੇ। ਉਹ ਵੀ ਉਨ੍ਹਾਂ ਦੁਨਿਆਵੀ ਲਾਲਸਾਵਾਂ ਦਾ ਸੰਭਾਵੀ ਸ਼ਿਕਾਰ ਹੋ ਜਾਂਦੈ । ਇਸਦੇ ਨਾਲ ਹੀ ਉਹ ਫਿਰ ਇਹ ਕਿਵੇਂ ਆਸ ਰੱਖ ਸਕਦੈ ਕਿ ਬਾਕੀ ਬੰਦੇ ਉਸ ਨੂੰ ਦੇਵਤਾ ਸਮਝਣਗੇ-ਉਸ ਨਾਲ ਵਿਹਾਰ ਵੀ ਆਮ ਮਨੁੱਖ ਵਰਗਾ ਹੀ ਹੋਵੇਗਾ।‘‘ ਉੁਸ ਸੁਰਗਵਾਸੀ ਆਤਮਾ  ਦਾ ਤਰਕ ਇਹ ਸੀ ਕਿ ਜਦੋਂ ਕੋਈ ਜਣਾ ਇੱਕ  ਜਾਂ ਦੂਜੀ ਧਿਰ ਬਣ ਜਾਂਦਾ ਹੈ ਜਾਂ ਕਿਸੇ ਇੱਕ ਧਿਰ ਨਾਲ ਜੁੜ ਜਾਂਦਾ ਹੈ ਤਾਂ  ਸੁਭਾਵਕ ਹੀ ਉਸ ਦੀ ਸਰਵਪ੍ਰਵਾਨਤਾ  ਨਹੀਂ ਰਹਿੰਦੀ। ਤੇ ਫਿਰ ਦੂਜੀ ਧਿਰ ਜਾ ਹੋਰ ਲੋਕ ਅਜਿਹੀ ਕਿਸੀ ਵੀ ਹਸਤੀ ਨੂੰ ਕਿਓਂ ਬਖ਼ਸ਼ਣਗੇ।

 

ਇਹੋ ਕੁਝ ਬਾਬਾ ਰਾਮ ਦੇਵ ਨਾਲ ਵਾਪਰਿਆ। ਜਦੋਂ ਤੱਕ ਉਹ ਇਕ ਸੀਮਾ ਵਿਚ ਰਹਿ ਕੇ ਦੇਸ਼ ਤੇ ਇਸਦੇ ਵਾਸੀਆਂ ਦੇ ਸਮੁੱਚੀ ਮਾਨਵਤਾ  ਦੇ ਭਲੇ ਦੀ ਵਕਾਲਤ ਕਰਦੇ ਸਨ,ਸਮੁੱਚੀ ਮਾਨਵਤਾ ਦੇ ਹਿੱਤ ਦੇ ਪਹਿਰੇਦਾਰ ਵੱਜੋ ਪੇਸ਼ ਹੁੰਦੇ ਸਨ ਅਤੇ ਸਿਆਸੀ ਅਤੇ ਵਿਚਾਰਧਾਰਕ ਧੜੇਬੰਦੀ ਤੋ ਉੱਪਰ ਸਨ, ਉਨਾ ਚਿਰ  ਬਾਬੇ ਨੂੰ ਸਮਾਜ ਦੇ ਹਰ ਵਰਗ ਦਾ ਮਾਣ -ਸਤਿਕਾਰ ਮਿਲਦਾ ਰਿਹਾ।ਉਦੇਸ਼ ਭਾਵੇਂ ਕੋਈ ਵੀ ਹੋਵੇ ਤੇ ਕਿੰਨਾ ਵੀ ਵਾਜਬ ਕਿਓਂ ਨਾ ਹੋਵੇ ਜਦੋਂ ਉਹ ਕਿਸੇ ਵੀ ਮੁੱਦੇ ਤੇ ਇੱਕ ਧਿਰ ਬਣ ਕੇ ਚੱਲਣ ਲੱਗੇ ਤਾਂ ਕੁਦਰਤੀ ਸੀ  ਕਿ ਸਿਆਸੀ ਪਾਰਟੀਆਂ  ਅਤੇ ਲੋਕਾਂ  ਵਿਚ ਓਨ੍ਹਾ ਦੇ   ਹਾਮੀ ਵੀ ਬਣਨਗੇ ਤੇ ਵਿਰੋਧੀ ਵੀ।ਜਦੋਂ ਕੋਈ ਵੀ ਮਨੁੱਖ ਖ਼ੁਦ  ਹੀ ਆਪਣੇ ਅਕਸ ਮੁਤਾਬਿਕ ਬਣਾਈ ਸੀਮਾ ਨੂੰ ਉਲੰਘਦਾ ਹੈ ਤਾਂ ਇਸ ਦਾ ਪ੍ਰਤੀਕਰਮ ਹੋਣਾ ਲਾਜ਼ਮੀ ਹੈ। ਬਾਬਾ ਰਾਮ ਦੇਵ ਨੇ  ਖ਼ੁਦ ਹੀ ਆਪਣਾ ਅਕਸ ਅਤੇ ਸਥਾਨ  ਇੱਕ ਯੋਗ ਗੁਰੂ ਵਾਲਾ  ਅਤੇ ਦੁਨਿਆਵੀ ਲਾਲਸਾਵਾਂ ਤੋਂ ਉੱਪਰ ਉੱਥੇ ਅਤੇ ਕਰਮਯੋਗੀ  ਦੇਵਪੁਰਸ਼ ਵਾਲਾ ਬਣਾਇਆ ਸੀ ਹਾਲਾਂਕਿ ਕਿ ਅਸਲ ਵਿਚ ਉਹ ਹੈ ਨਹੀਂ ਸਨ।ਪਰ ਜਿਉਂ ਹੀ ਬਾਬਾ ਰਾਮ ਦੇਵ ਨੇ ਇਹ ਹੱਦ ਪਾਰ ਕੀਤੀ ਅਤੇ ਛੜੱਪਾ ਮਾਰਕੇ ਆਪਣੀ ਹੀ ਖਿੱਚੀ ਲਕੀਰ ਤੋਂ ਬਾਹਰ  ਆਕੇ  ਆਪਣੇ ਅਧਿਆਤਮਕ ਗੁਰੂ ਵਾਲੇ ਬਾਣੇ ਉੱਪਰ ਸਿਆਸੀ ਕਲਗ਼ੀ ਲਾਉਣ ਦੇ ਯਤਨ ਵਿਚ  ਆਪਣੀ ਇੱਕ ਸਿਆਸੀ ਪਾਰਟੀ ਬਨਾਉਣ ਦਾ ਐਲਾਨ ਕਰ ਦਿੱਤਾ ਤਾਂ ਸਾਰੀਆਂ ਪਾਰਟੀਆਂ ਦੇ ਕੰਨ ਖੜ੍ਹੇ ਹੋ ਗਏ। ਉਹ ਉਸੇ ਤਰ੍ਹਾਂ  ਹੀ ਕਿਸੇ ਵੀ ਮਸਲੇ ‘ਤੇ ਲੋਕ- ਕਟਹਿਰੇ ਵਿਚ ਖੜੇ ਹੋਣ ਦੇ ਸੰਭਾਵੀ ਭਾਗੀ ਹੋ ਗਏ ਜਿਵੇਂ ਕੋਈ ਵੀ ਹੋਰ ਸਿਆਸਤਦਾਨ ਹੋ ਸਕਦੈ। ਇੱਕ ਸਿਆਸੀ ਧਿਰ ਬਣਕੇ ਸਭ ਦੀ ਵਾਹਵਾ-ਵਾਹਵਾ ਨਹੀਂ ਖੱਟੀ ਜਾ ਸਕਦੀ।ਇਸ ਤੋਂ ਪਹਿਲਾਂ ਇਹੋ ਕੁਝ ਡੇਰਾ ਸੱਚਾ ਸੌਦਾ ਮੁਖੀ ਨਾਲ ਵਾਪਰਿਆ ਸੀ ਹਾਲਾਂਕਿ ਉਸ ਨਾਲ ਹੋਰ ਕਈ ਮੁੱਦੇ ਜੁੜ ਗਏ ਸਨ।

ਮਨਮੋਹਨ ਸਰਕਾਰ ਦੀ ਬੇਦਰਦੀ

ਬਾਬਾ ਰਾਮ ਦੀ ਸ਼ਖ਼ਸੀਅਤ ਉਨ੍ਹਾ ਨਾਲ ਜੁੜੇ ਸਮੁੱਚੇ ਘਟਨਾਕ੍ਰਮਂਤੇ ਨਜ਼ਰਸਾਨੀ ਕਰਨ ਤੋਂ ਪਹਿਲਾ ਜੋ ਕੁਝ ਦਿੱਲੀ ਵਿਚ 4 ਜੂਨ ਨੂੰ ਹੋਇਆ ਉਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਕਾਰਨ ਭਾਵੇਂ ਕੋਈ ਵੀ ਹੋਣ ਜਿਸ ਤਰ੍ਹਾਂ ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਤੇ ਮਨਮੋਹਨ ਸਰਕਾਰ ਦੀ ਮਰਜ਼ੀ ਨਾਲ ਦਿੱਲੀ ਪੁਲਿਸ  ਨੇ ਸੁੱਤੇ ਪਏ ਪੁਰ-ਅਮਨ ਬਾਬਾ ਸਮਰਥਕਾਂ ਤੇ ਧਾੜਵੀਆਂ ਵਾਂਗ ਹਮਲਾ ਕਰਕੇ ਉਨ੍ਹਾ  ਨਾਲ ਧੱਕਾ  ਅਤੇ ਜ਼ਬਰ ਕੀਤਾ  ,ਔਰਤਾਂ ਅਤੇ ਬਜ਼ੁਰਗਾਂ ਤੱਕ ਨੂੰ ਵੀ ਇਸਦਾ ਸ਼ਿਕਾਰ ਬਣਾਇਆ , ਇਹ ਭਾਰਤੀ ਲੋਕ ਰਾਜ ਦੇ ਮੱਥੇ ਂਤੇ ਇੱਕ ਕਲੰਕ ਸਾਬਤ ਹੋਇਆ। ਬਾਬਾ ਰਾਮ ਦੇਵ ਜਾਂ ਉਨ੍ਹਾ ਦੀ ਵਿਚਾਰਧਾਰਾ ਨਾਲ ਭਾਵੇਂ ਕਿੰਨੇ ਵੀ ਮਤਭੇਦ ਕਿਓਂ  ਨਾ ਹੋਣ, ਸਰਕਾਰ ਦੀ ਉਸ ਨੇ ਲੋਕ ਮਨਾਂ ਵਿਚ ਵੀ ਬੇਹੱਦ ਰੋਸ ਅਤੇ ਗ਼ੁੱਸਾ ਪੈਦਾ ਕੀਤਾ। ਇਸ ਮਾਮਲੇ ਤੇ ਬਾਬਾ ਰਾਮ ਦੇਵ ਨੂੰ ਉਨ੍ਹਾ  ਧਿਰਾਂ ਦੀ ਵੀ ਹਮਾਇਤ ਮਿਲੀ ਜਿਹੜੇ ਉਨ੍ਹਾ ਨਾਲ ਮਤਭੇਦ ਵੀ ਰੱਖਦੇ ਹਨ। ਇਸੇ ਕਾਰਨ ਹੀ ਕਾਂਗਰਸ ਅਤੇ ਯੂ ਪੀ ਏ ਸਰਕਾਰ ਨੇ ਬਾਬਾ ਰਾਮ ਨੂੰ ਆਰ ਐੱਸ ਐੱਸ ਨਾਲ ਦਾ ਮੋਹਰਾ ਦਰਸਾਉਣ ਲਈ ਪੂਰਾ ਜ਼ੋਰ ਲਾਇਆ। 

ਸਵੈ-ਵਿਰੋਧਾਂ ਭਰਪੂਰ ਹਸਤੀ

ਮੈਂ ਬਾਬਾ ਰਾਮ ਦੇਵ ਦਾ ਤਕੜਾ ਪ੍ਰਸ਼ੰਸਕ ਵੀ ਹਾਂ ਅਤੇ ਆਲੋਚਕ ਵੀ।ਜਿਥੋਂ ਤੱਕ ਯੋਗ ਪ੍ਰਣਾਲੀ ਨੂੰ ਸੀਮਿਤ ਹੱਥਾਂ ਵਿਚੋਂ ਬਾਹਰ ਕੱਢਕੇ ਉਨ੍ਹਾ ਇਸਨੂੰ ਇੱਕ ਅਵਾਮ-ਮੁਖੀ ਵਿਗਿਆਨਕ ਸਿਹਤ ਪ੍ਰਣਾਲੀ ਵੱਜੋਂ ਪੇਸ਼ ਕਰਕੇ ਲੋਕਾਂ ਨੂੰ ਜਾਗ੍ਰਤ ਕੀਤਾ, ਕੁਦਰਤੀ ਇਲਾਜ -ਵਿਧੀਆਂ ਨੂੰ ਇੱਕ ਜਨਤਕ ਲਹਿਰ ਵਿਚ ਤਬਦੀਲ ਕੀਤਾ ਅਤੇ ਕਾਫ਼ੀ ਹੱਦ ਤੱਕ ਅੰਧਵਿਸ਼ਵਾਸ਼ ਅਤੇ  ਵਹਿਮ ਭਰਮ ਫੈਲਾਉਣ ਤੋਂ ਗੁਰੇਜ਼ ਕੀਤਾ-ਇਹ ਉਨ੍ਹਾਂ ਦਾ ਸਮਾਜ ਲਈ ਬਹੁਤ ਉਸਾਰੂ ਯੋਗਦਾਨ ਹੈ। ਮੇਰੇ ਵਰਗੇ ਕਰੋੜਾਂ ਲੋਕਾਂ ਨੇ ਆਪਣੇ ਆਪਨੂੰ ਮੁਕਾਬਲਤਨ ਸਿਹਤਮੰਦ ਰੱਖਣ ਲਈ ਉਨ੍ਹਾ ਵੱਲੋਂ ਦਰਸਾਈ ਯੋਗ -ਸਾਇੰਸ ਦਾ ਲਾਹਾ ਵੀ ਲਿਆ।

ਬਾਬਾ ਰਾਮ ਦੇਵ ਦੀ ਆਲੋਚਨਾ ਦਾ ਆਧਾਰ ਇਹ ਹੈ ਕਿ ਉਨ੍ਹਾ ਦੀ ਸ਼ਖ਼ਸੀਅਤ ਆਪਾ-ਵਿਰੋਧੀ ਵਿਚਾਰਾਂ, ਰੁਚੀਆਂ ਅਤੇ ਕਰਮਾਂ ਨਾਲ ਭਰਪੂਰ ਹੈ । ਬਾਬਾ ਰਾਮ ਦੇਵ ਵੱਲੋਂ ਭਰਿਸ਼ਟਾਚਾਰ  ਬੰਦ ਕਰਾਉਣ ,ਵਿਦੇਸ਼ਾਂ ਵਿਚੋਂ  ਕਾਲਾ ਧਨ ਵਾਪਸ ਲਿਆਉਣ ਅਤੇ ਭਰਿਸ਼ਟ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਨਾਉਣ ਦੀ ਮੰਗ ਵਾਜਬ ਹੈ ਪਰ ਹਕੀਕਤ ਇਹ ਹੈ ਕਿ ਸਿਰਫ ਕਾਨੂੰਨ ਬਣਾਉਣ ਨਾਲ ਇਹ ਬਿਮਾਰੀ ਦੂਰ ਨਹੀਂ ਹੋਣੀ । ਇਸ ਬਾਰੇ ਲੋਕਾਂ ਨੂੰ ਜਾਗ੍ਰਤ ਕਰਨ ਲਈ ਉਨ੍ਹਾ ਵੱਲੋਂ ਪੇਸ਼ ਕੀਤੇ ਜਾਂਦੇ ਤੱਥ ਤੇ ਅੰਕੜੇ ਵੀ ਲਾਹੇਵੰਦ ਨੇ ਪਰ ਸਵਾਲ ਇਹ ਹੈ ਕਿ ਉਹ ਇਸ ਮਾਮਲੇ ਵਿਚ ਉਹ ਖੁਦ ਕਿੰਨੇ ਕੁ ਸਾਫ਼ ਸੁਥਰੇ ਨੇ। ਜਿਸ ਤਰ੍ਹਾਂ  ਅਰਬਾਂ ਰੁਪਏ ਦੀ ਸੰਪਤੀ ਬਾਬਾ ਰਾਮ ਦੇਵ ਨੇ ਦੇਸ਼-ਵਿਦੇਸ਼ ਵਿਚ ਬਣਾਈ ਹੈ ਅਤੇ ਆਯੁਰਵੈਦਿਕ ਇਲਾਜ-ਪ੍ਰਣਾਲੀ ਨੂੰ ਇੱਕ ਵਿਓਂਤਬੱਧ ਕਾਰੋਬਾਰ ਵੱਜੋਂ ਦੁਨੀਆ ਭਰ ਵਿਚ ਫੈਲਾਇਆ ਹੈ,ਇਹ  ਕਿਸੇ ਅਧਿਆਤਮਕ ਅਤੇ ਸੰਨਿਆਸੀ ਗੁਰੂ ਦੇ ਆਚਾਰ-ਵਿਹਾਰ ਨਾਲ ਮੇਲ ਨਹੀਂ ਖਾਂਦਾ। ਬਾਬਾ ਰਾਮ ਦੇਵ ਇਹ ਗੱਲ ਦਾਅਵੇ  ਨਾਲ ਕਿਵੇਂ ਕਹਿ ਸਕਦੇ ਨੇ ਕੀ ਜਿਹੜਾ ਕਰੋੜਾਂ ਰੁਪਿਆ ਉਨ੍ਹਾ ਕੋਲ ਦਾਨ ਦੇ ਰੂਪ ਵਿਚ ਆਇਆ ਹੈ , ਇਸ ਵਿਚ ਕਈ ਵੀ ਕਾਲਾ ਧਨ ਸ਼ਾਮਲ ਨਹੀਂ। ਇਹ ਕਿਹਾ ਜਾ ਰਿਹੈ ਕਿ ਜਿਹੜਾ ਹੈਲੀਕਾਪਟਰ ਬਾਬਾ ਰਾਮ ਦੇਵ ਵਰਤਦੇ ਨੇ , ਇਹ ਕਿਸੇ ਭਗਤ ਨੇ ਉਨ੍ਹਾ ਨੂੰ ਤੋਹਫ਼ੇ ਵਜੋਂ ਭੇਂਟ ਕੀਤਾ ਸੀ ਪਰ ਉਸਦਾ ਨਾਮ ਗੁਪਤ ਰੱਖਿਆ ਗਿਆ ਹੈ। ਜੇਕਰ ਇਸ ਵਿਚ ਕਲਾ ਧਨ ਨਹੀਂ ਲੱਗਿਆ ਤਾਂ ਫੇਰ ਇਸ ਨੂੰ ਗੁਪਤ ਰੱਖਣ ਦੀ ਕੋਈ ਤੁਕ ਨਹੀਂ ਸੀ। ਰੋਜ਼ਾਨਾ ਦੇ ਵਿਹਾਰ  ਅਤੇ ਸੁਭਾਅ ਪੱਖੋਂ ਵੀ ਉਹ ਇਕ ਸਹਿਜ ਅਵਸਥਾ ਵਾਲੇ ਮਹਾਂਪੁਰਸ਼ ਵੱਜੋ ਆਪਣੇ ਆਪ ਨੂੰ ਸਾਬਤ ਨਹੀਂ ਕਰ  ਸਕੇ।
ਮਿਸਾਲ ਲਈ  ਉਨ੍ਹਾ ਦਾ ਬਹੁਤ ਜ਼ਿਆਦਾ ਬੋਲਣਾ , ਕਿਸੇ ਦੀ ਕੀਤੀ ਟਿੱਪਣੀ  ਜਾਂ ਮੀਡੀਆ ਦੇ ਸਵਾਲ-ਜਵਾਬ ਸਮੇਂ ਉਤੇਜਨਾ ਜਾਂ ਭੜਕਾਹਟ ਦਾ ਸ਼ਿਕਾਰ ਹੋ ਜਾਣਾ-ਇਹ ਸਾਧਾਰਨ ਮਨੁੱਖ ਵਾਲੀ ਤਾਸੀਰ ਦੇ ਸੰਕੇਤ ਹਨ।ਹਰਦੁਆਰ ਜਾਕੇ ਇੱਕ ਨੌਜਵਾਨ ਸੈਨਾ ਖੜੀ ਕਰਨ ਦਾ ਐਲਾਨ ਵੀ  ਅਜਿਹੀ ਹੀ ਕਾਹਲ ਦੀ ਨਿਸ਼ਾਨੀ ਸੀ ਜਿਸ ਬਾਰੇ ਬਾਅਦ ਵਿਚ ਉਨ੍ਹਾ ਨੂੰ ਸਪੱਸ਼ਟੀਕਰਨ ਦੇਣੇ ਪਏ।
ਇਸ ਮਾਮਲੇ ਵਿਚ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਕਾਂਗਰਸ ਪ੍ਰਧਾਨ ਸੋਨੀਆ ਗਾਂਧੀ   ਅਤੇ ਮੰਤਰੀ ਡਾ ਮਨਮੋਹਨ ਸਿੰਘ  ਵਰਗੇ ਕੁਝ ਸੀਨੀਅਰ  ਨੇਤਾਵਾਂ  ਦੀ ਮਿਸਾਲ ਵੀ ਸਾਡੇ ਸਾਹਮਣੇ ਹੈ ਜਿਹੜੇ ਕਿ ਆਪਣੀ ਜ਼ਬਾਨ ਵਿਚੋਂ ਹਰ ਸ਼ਬਦ ਮਿਣ ਤੋਲ ਕੇ ਬਾਹਰ ਕੱਢਦੇ ਨੇ।  ਇੰਨ੍ਹਾ ਨੇਤਾਵਾਂ ਦੀ ਸਫ਼ਲਤਾ ਪਿੱਛੇ ਇਸ ਗੁਣ ਦਾ ਵੀ ਬਹੁਤ ਵੱਡਾ ਹਿੱਸਾ ਹੈ।

ਜਾਨ ਨੂੰ ਖਤਰਾ ਜਾਂ ਮੌਤ ਦਾ ਖੌਫ ?

ਤੇ ਜਿਸ ਤਰੀਕੇ ਨਾਲ ਬਾਬਾ ਰਾਮ ਦੇਵ ਨੇ 4 ਜੂਨ  ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚੋਂ ਜਨਾਨਾ ਪੁਸ਼ਾਕ ਪਾ  ਕੇ ਪੁਲਿਸ  ਦੇ ਘੇਰੇ ਵਿਚੋਂ ਬਚ ਨਿਕਲਣ ਦੀ ਕੋਸ਼ਿਸ਼ ਕੀਤੀ, ਇਹ ਵੀ ਸਮਝਂੋ ਬਾਹਰ ਹੈ । ਉਹ ਵੀ ਉਸ ਵੇਲੇ ਜਦੋਂ ਉਨ੍ਹਾ ਦੇ ਸਮਰਥਕਾਂ ਤੇ ਵਧੀਕੀ ਹੋ ਰਹੀ ਸੀ। ਘੱਟੋ ਘੱਟ ਪੰਜਾਬੀ ਮਾਨਸਿਕਤਾ ਪੱਖੋਂ ਤਾਂ  ਅਜਿਹੀ ਸੰਕਟ ਦੀ ਘੜੀ ਕਿਸੇ ਨੇਤਾ  ਅਜਿਹਾ ਵਤੀਰਾ , ਲੋਕ ਕਦੇ ਵੀ ਸਹਿਣ ਨਹੀਂ ਕਰ ਸਕਦੇ।ਪੰਜਾਬ ਦੇ ਇਤਿਹਾਸ ਵਿਚ ਤਾਂ ਅਜਿਹੀਆਂ  ਮਿਸਾਲਾਂ  ਮੌਜੂਦ ਨੇ ਜਦੋਂ ਮਹਾਨ ਗੁਰੂਆਂ ਨੇ ਆਪਣੇ ਸਾਹਮਣੇ ਉਦੋਂ ਆਪਣੇ ਲਾਡਲੇ ਜੰਗ-ਏ-ਮੈਦਾਨ ਵਿਚ ਭੇਜੇ ਜਦੋਂ ਉਨ੍ਹਾ ਦੀ ਸ਼ਹੀਦੀ ਸਾਹਮਣੇ ਦਿਖਾਈ ਦਿੰਦੀ ਸੀ।ਜੇਕਰ ਬਾਬਾ ਰਾਮ ਦੇਵ ਦਾ ਇਹ ਦਾਅਵਾ ਮੰਨ ਵੀ ਲਈਏ ਕਿ ਸਰਕਾਰ ਜਾਂ ਪੁਲਿਸ ਦੀ ਉਨ੍ਹਾ ਦੀ ਜਾਨ ਲੈਣ ਦੀ ਸਾਜਸ਼ ਸੀ ਤਾਂ ਵੀ ਉਨ੍ਹਾ ਦਾ ਮੈਦਾਨੋਂ ਭੱਜਣਾ ਵਾਜਬ ਨਹੀਂ ਸੀ।ਪਹਿਲੀ ਗੱਲ ਉਹ ਤਾਂ,ਖ਼ੁਦ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਮਰਨ ਵਰਤ ‘ਤੇ ਬੈਠੇ ਸਨ, ਫਿਰ ਉਨ੍ਹਾ ਨੂੰ ਮੌਤ ਦਾ ਖੌਫ ਕਾਹਦਾ ਸੀ।ਸ਼ਾਇਦ ਦਾ ਇਰਾਦਾ ਸਿਰਫ਼ ਮਰਨਵਰਤ  ਦਾ ਸੀ ਪਰ ਸ਼ਹੀਦੀ ਦਾ ਸੰਕਲਪ ਉਨ੍ਹਾ ਦਾ ਨਹੀਂ ਸੀ। ਆਪਣੇ ਉਦੇਸ਼ ਲਈ ਅੰਤਮ ਦਮ ਤੱਕ ਲੜਨ ਦੇ ਬੁਲੰਦ  ਦਾਅਵੇ ਕਰਨ  ਵਾਲੇ ਬਾਬੇ ਦਾ ਇਹ ਵਰਤਾਰਾ ਵੀ ਉਨ੍ਹਾ ਅੰਦਰਲੇ  ਤੇ ਬਾਹਰਲੇ ਸਵੈ-ਵਿਰੋਧ ਦਾ ਇਜ਼ਹਾਰ ਸੀ। ਇਸ ਸਬੰਧੀ ਜਿੰਨੀ ਮਰਜ਼ੀ ਸਫ਼ਾਈ ਬਾਬਾ ਰਾਮ ਦੇਵ ਦੇ ਲੈਣ ਪਰ ਇਤਿਹਾਸ ਵਿਚ ਇਹ ਦਰਜ ਹੋਵੇਗਾ ਕਿ ਉਹ ਆਪਣੀ ਜਾਨ ਬਚਾਉਣ ਦੇ ਡਰੋਂ ਭੱਜ ਨਿਕਲੇ ਸਨ।


ਸਾਮ ,ਦਾਮ, ਦੰਡ, ਭੇਦ

ਬਾਬਾ ਰਾਮ ਦੇਵ ਨੇ ਭਾਵੇਂ ਆਪਣਾ ਮਰਨ ਵਰਤ ਤੋੜ ਦਿੱਤਾ  ਹੈ ਪਰ ਇਸ ਘਟਨਾਕ੍ਰਮ  ਦੇ ਕੁਝ ਨਤੀਜੇ ਸਾਹਮਣੇ  ਨੇ। ਇਕ ਤਾਂ ਇਹ ਕਾਲੇ ਧਨ ਅਤੇ ਭਰਿਸ਼ਟਾਚਾਰ ਦਾ ਮੁੱਦਾ ਭਾਰਤੀ ਰਾਜਨੀਤੀ ਦਾ ਇਕ ਉੱਘੜਵਾਂ ਏਜੰਡਾ  ਅਤੇ ਲੋਕ- ਮੁੱਦਾ ਬਣ ਗਿਆ ਹੈ। ਅੰਨਾ ਹਜ਼ਾਰੇ  ਜਾ ਰਾਮ ਦੇਵ  ਮੁਹਿੰਮ ਚਲਾਉਣ ਜਾ ਨਾ -ਇਸ ਮੁੱਦੇ ਨੂੰ ਸਮੇਂ ਦੀ ਸਰਕਾਰ ਨੂੰ ਸੰਬੋਧਨ ਹੋਣਾ ਹੀ ਪਵੇਗਾ। ਦੂਜਾ ਇਹ ਕਿ ਕਾਂਗਰਸ  ਅਤੇ ਯੂ ਪੀ ਏ ਸਰਕਾਰ  ਦਾ ਅਕਸ ਇਸ ਪੱਖੋਂ ਖ਼ਰਾਬ ਹੋਇਆ ਹੈ ਕਿ ਲੋਕ ਰਾਜੀ ਕਦਰਾਂ ਕੀਮਤਾਂ  ਦੀ ਪ੍ਰਵਾਹ ਨਹੀਂ ਕਰਦੀ। ਤੀਜਾ ਪ੍ਰਭਾਵ  ਇਹ ਬਣ ਰਿਹੈ  ਕਿ ਹਾਕਮ ਪਾਰਟੀ ਅਤੇ ਮਨਮੋਹਨ ਸਰਕਾਰ ਕਾਲੇ ਧਨ ਦੇ ਮਾਮਲੇ ਨੂੰ ਟਾਲਣਾ ਚਾਹੁੰਦੀ ਹੈ ਹਾਲਾਂਕਿ ਇਹ  ਮਾਮਲਾ ਇੰਨਾ ਸਰਲ ਨਹੀਂ ਜਿੰਨਾ ਕਿ ਸਮਝਿਆ ਜਾ ਰਿਹੈ। ਇਸਦੇ ਨਾਲ ਇਹ ਪ੍ਰਭਾਵ ਵੀ ਗਿਆ ਹੈ ਕਿ ਯੂ ਪੀ ਏ ਸਰਕਾਰ ਇਸ ਮੁੱਦੇ ਤੇ ਪੂਰੀ ਇਮਾਨਦਾਰੀ ਪਾਰਦਰਸ਼ਤਾ ਨਾਲ ਅੱਗੇ ਵਧਣ ਤੋਂ ਕਤਰਾ ਰਹੀ ਹੈ। ਲੋਕਪਾਲ ਅਤੇ ਇਸ ਦੀ ਬਣਤਰ  ਬਾਰੇ ਕਾਂਗਰਸੀ ਨੇਤਾਵਾਂ ਦੇ ਹੰਕਾਰ ਭਰੇ ਬਿਆਨ ਉਨ੍ਹਾ ਦੀ ਨੀਅਤ ਬਾਰੇ ਵੀ ਸ਼ੱਕ ਪੈਦਾ ਕਰਦੇ ਨੇ ਅਤੇ  ਲੋਕ ਰਾਜੀ ਸਦਾਚਾਰ ਦੇ ਉਲਟ ਨੇ। ਚੌਥਾ  ਇਹ ਕਿ ਕਾਂਗਰਸ ਪਾਰਟੀ ਕਿਸੇ ਹੱਦ ਤੱਕ ਬਾਬਾ ਰਾਮ ਦੇਵ ਨੂੰ ਆਰ ਐੱਸ ਐੱਸ ਅਤੇ ਬੀ ਜੇ ਪੀ  ਨਾਲ ਜੋੜਨ ਅਤੇ ਕਾਂਗਰਸ- ਵਿਰੋਧੀ ਪੇਸ਼ ਕਰਨ ਵਿਚ ਸਫ਼ਲ ਹੋ ਗਈ ਹੈ।ਜਿਥੇ ਇੱਕ ਪਾਸੇ ਸਰਕਾਰੀ  ਧੱਕੇ ਦਾ ਸ਼ਿਕਾਰ ਹੋਣ ਕਾਰਨ ਲੋਕਾਂ ਦੇ ਟਾਕਰੇ ਹਿੱਸੇ ਦੀ ਹਮਦਰਦੀ ਵੀ ਬਾਬਾ ਰਾਮ ਦੇਵ ਨੂੰ ਮਿਲੀ ਹੈ ਪਰ ਲੰਮੇ ਦਾਅ ਪੱਖੋਂ ਉਨ੍ਹਾ ਦਾ ਪੈਰੋਕਾਰ ਆਧਾਰ  ਸੁੰਗੜੇਗਾ। ਹੁਣ ਹਰ ਵਰਗ ਦੇ ਉਹ ਨੇਤਾ  ਜਾਂ ਲੋਕ ਬਾਬਾ ਰਾਮ ਦੇਵ ਕੋਲ ਜਾਣ  ਜਾਂ ਉਨ੍ਹਾ ਦੇ ਲੜ ਲੱਗਣ ਤੋਂ ਕੰਨੀ ਕਤਰਾਉਣਗੇ ਜਿਹੜੇ ਕਾਂਗਰਸ ਜਾਂ ਮਨਮੋਹਨ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ । ਹੁਣ ਸ਼ਿਲਪਾ ਸ਼ੈਟੀ ਵਰਗੇ ਉਹ ਫ਼ਿਲਮੀ ਸਿਤਾਰੇ ਵੀ ਬਾਬੇ ਕੋਲ ਜਾਣ ਤੋਂ ਪਹਿਲਾਂ ਕਈ ਵਾਰ ਸੋਚਣਗੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਨਾਰਾਜ਼ਗੀ ਦਾ ਖ਼ਦਸ਼ਾ ਹੋਵੇਗਾ।ਇਸ  ਦੇ ਨਾਲ  ਹੀ ਕੇਂਦਰ ਸਰਕਾਰ   ਕਿਸੇ ਨਾ ਕਿਸੇ ਰੂਪ ਵਿਚ ਬਾਬਾ ਰਾਮ ਦੇਵ ਦੇ ਖ਼ਿਲਾਫ਼ ਜਾਂਚ -ਪੜਤਾਲਾਂ ਦਾ ਸਿਲਸਿਲਾ ਜਾਰੀ ਰੱਖਕੇ ਉਨ੍ਹਾ ਦਾ ਅਕਸ ਹੋਰ ਵਿਗਾੜਨ ਅਤੇ ਬਾਬੇ ਤੇ ਉਸਦੇ ਸਾਥੀਆਂ ਨੂੰ ਕਾਨੂੰਨੀ ਘੁੰਮਣ ਘੇਰੀ ਵਿਚ ਉਲਝਾਏਗੀ। ਦਿਗਵਿਜੇ ਸਿੰਘ  ਵਰਗੇ ਬੜਬੋਲਿਆਂ ਦੀਆਂ ਵਾਗਾਂ ਹੋਰ ਖੁੱਲ੍ਹੀਆਂ ਛੱਡੀਆਂ ਜਾਣਗੀਆਂ। 
ਇਸ ਸਾਰੇ ਵਰਤਾਰੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿਚ ਕਾਂਗਰਸ ਪਾਰਟੀ ਦੀ ਕੂਟਨੀਤੀ ਦਾ ਮੁਕਾਬਲਾ ਕਰਨਾ ਕਿਸੇ ਲਈ ਵੀ ਸੌਖਾ ਨਹੀਂ। ਮੇਰੇ ਇੱਕ ਰਿਸ਼ਤੇਦਾਰ ਦੀ ਇਹ ਟਿੱਪਣੀ ਬਹੁਤ ਢੁੱਕਵੀਂ ਹੈ ਕਿ ਦਿੱਲੀ ਹਕੂਮਤ ਨੇ ਬਾਬਾ ਰਾਮ ਦੇਵ ਨੂੰ ਢਾਹੁਣ ਲਈ - ਸਾਮ, ਦਾਮ, ਦੰਡ ਅਤੇ  ਭੇਦ - ਚਾਰੇ ਗੁਰ ਵਰਤੇ। ਪਹਿਲਾਂ 4 ਮੰਤਰੀ  ਹਵਾਈ ਅੱਡੇ ਭੇਜ ਕੇ ਬਾਬੇ ਨੂੰ ਪਲੋਸਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਫੇਰ ਹੋਟਲ ਵਿਚ ਲਾਲਚ ਦੇਕੇ ਫਸਾਉਣ ਦੀ ਅਤੇ ਫੇਰ ਗੁੰਮਰਾਹ ਕਰਨ ਅਤੇ ਉਨ੍ਹਾ ਦੇ  ਖੇਮੇ ਵਿੱਚ ਪਾੜ ਪਾਉਣ ਅਤੇ ਉਸ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ। ਇਹ ਤਿੰਨੇ ਤੀਰ  ਬੇਅਸਰ ਹੋਏ ਤਾਂ ਫੇਰ ਦੰਡ ਦੇਣ ਭਾਵ ਤਾਕਤ ਦੀ ਵਰਤੋਂ  ਅਤੇ ਸਜ਼ਾ ਦੇਣ  ਦੇ ਪੈਂਤੜੇ ਦਾ ਸਹਾਰਾ ਲਿਆ।ਅਸਲ ਵਿਚ ਦਿੱਲੀ ਵਾਲੇ ਯੋਗ ਗੁਰੂ ਦੇ ਵੀ ਗੁਰੂ ਸਾਬਤ ਹੋਏ। ਅੰਨਾ ਹਜ਼ਾਰੇ ਨੂੰ ਠਿੱਬੀ ਲਾਉਣ ਲਈ ਵੀ ਅਜਿਹੇ ਹੀ ਹੱਥਕੰਡਿਆ ਦੀ ਵਰਤੋਂ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ।

ਬਾਬਾ ਰਾਮ, ਰਾਜਨੀਤੀ ਦੀਆਂ ਭੂਲ-ਭਲਈਆਂ ਤੋਂ ਨਾਵਾਕਿਫ਼  ਸਨ। ਦਰਅਸਲ ਉਹ ਇਹ ਗੱਲ ਵੀ ਭੁੱਲ ਗਏ ਸਨ ਕਿ ਉਨ੍ਹਾ ਨੇ ਸਿਰਫ਼ ਦਿੱਲੀ ਦੀ ਹਕੂਮਤ ਨਾਲ ਹੀ ਪੰਗਾ ਨਹੀਂ ਸੀ ਲਿਆ ਸਗੋਂ ਅਮਰੀਕਾ  ਅਤੇ ਯੂਰਪੀ ਮੁਲਕਾਂ ਦੀਆਂ ਬਹੁਕੌਮੀ ਕੰਪਨੀਆਂ ਦੀ ਦੁਸ਼ਮਣੀ ਵੀ ਮੁੱਲ ਲਈ ਹੋਈ ਸੀ। ਅਜੋਕੇ ਗਲੋਬਲ ਯੁੱਗ ਵਿਚ ਉਨ੍ਹਾ ਵੱਲੋਂ ਚਲਾਈ ਸਵਦੇਸ਼ੀ ਜਾਗਰਣ ਮੁਹਿੰਮ ਦਾ ਲੋਕਾਂ ਅਤੇ ਸਮਾਜ ਂਤੇ ਬੇਸ਼ੱਕ ਕੋਈ ਖਾਸ ਅਸਰ ਨਹੀਂ ਸੀ ਪਰ ਬਾਬੇ ਨੂੰ ਰਗੜਾ ਲਾਉਣ ਪਿੱਛੇ, ਸਿੱਧੇ ਜਾਂ ਅਸਿੱਧੇ ਰੂਪ ਵਿਚ ਉਨ੍ਹਾ ਬਹੁਕੌਮੀ ਅਜਾਰੇਦਾਰਾਂ ਅਤੇ ਉਨ੍ਹਾ  ਦੀਆਂ ਸਿਆਸੀ ਸਰਪ੍ਰਸਤ ਹਕੂਮਤਾਂ ਦੀ ਸ਼ਹਿ ਅਤੇ ਥਾਪੀ ਵੀ ਜ਼ਰੂਰ ਹੋਵੇਗੀ।
                                               
****
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
E-mail:  tirshinazar@gmail.com

1 comment:

hammy.-s said...

bhut hi vdhia leekh hai dudh df dudh ate pani da pani karn vala bali ji shukria