‘ਤੇ ਆਖ਼ਰ ਉਹ ਜਿੱਤ ਗਿਆ.......... ਕਹਾਣੀ / ਬਲਬੀਰ ਕੌਰ ਸੰਘੇੜਾ, ਕੈਨੇਡਾਤ੍ਰੇਲ ਭਿੱਜੀ ਸਵੇਰ ਵੇਲੇ ਡੋਰ-ਬੈੱਲ ਦੀ ਘੰਟੀ ਦਾ ਤਾਲ ‘ਤਾਵਲਾ ਸੀ. ਡਰੈਸਿੰਗ ਗਾਊਨ ਨੂੰ ਸੰਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ. ਦਰ ਦੇ ਸ਼ੀਸ਼ੇ ਵਿੱਚੀਂ ਇਕ ਆਕਾਰ ਨਜ਼ਰ ਆ ਰਿਹਾ ਸੀ. ਪਰ ਪਛਾਤਾ ਨਹੀਂ ਸੀ ਜਾ ਰਿਹਾ. ਬੂਹਾ ਖੋਲਿਆ, ਅੱਗੇ ਕੁਲਦੀਪ ਖੜਾ ਸੀ, ਸਿਰ ਨੀਂਵਾ ਕਰੀ.

ਸਮੀਨਾ ਮੇਰੇ ਮਗਰ ਭੱਜੀ ਆਈ. ਉਹ ਅੱਧੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ. ਉਹ ਮੇਰੇ ਵੱਲ ਘੂਰੀ ਵੱਟ ਕੇ ਤੱਕਦੀ ਹੈ. ਤੇ ਫਿਰ ਸਿਰ ਘੁੰਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ. ਉਸਦੀ ਨਜ਼ਰ ਘੁੰਮਦੀ ਹੋਈ ਮੇਰੇ ‘ਤੇ ਆਣ ਟਿਕੀ. ਧੀ ਨਾਲ਼ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਹਾ. ਉਹ ਮੇਰੇ ਵੱਲ ਤੱਕਦੀ ਹੋਈ ਬਿਨਾਂ ਬੋਲੇ, ਮੂੰਹ ਨੂੰ ਵਟਾ ਜਿਹਾ ਦਿੰਦੀ ਹੋਈ, ਧੜੱਮ-ਧੜੱਮ ਪੌੜੀਆਂ ਚੜ੍ਹ ਜਾਂਦੀ ਹੈ. ਉਸਦੇ ਪਲੇਟਫਾਰਮ ਸੈਂਡਲ ਮੇਰੇ ਸਿਰ ਵਿੱਚ ਠੱਕ-ਠੱਕ ਕਰਕੇ ਵੱਜਦੇ ਹਨ.ਮੈਂ ਝੂਠੀ ਜਿਹੀ ਹੋਈ ਖੜੀ ਹਾਂ. ਬਾਹਰ ਦਰ ਤੇ ਖੜੇ ਆਪਣੇ ਆਦਮੀ ਨੂੰ ਤੱਕਦੀ. … ਤੇ ਮਨ ਅੰਦਰ ਜਿਵੇਂ ਕਿਸੇ ਡਰ ਦਾ ਤੌਖਲਾ ਹੋਵੇ. ਮੈਨੂੰ ਆਪਣੀ ਹੋਂਦ ਮਿੱਟੀ ਵਿੱਚ ਧੱਸਦੀ ਜਾਪਦੀ ਹੈ. ਮੇਰੀ ਜ਼ੁਬਾਨ ਨੂੰ ਜੰਦਰਾ ਲੱਗ ਗਿਆ ਹੈ. ਕੱਚੀਆਂ ਤ੍ਰੇਲੀਆਂ ਨੂੰ ਮੈਂ ਆਪਣੇ ਆਪ ਤੋਂ ਲੁਕਾਉਂਦੀ ਹਾਂ. ਨਜ਼ਰ ਪੌੜੀਆਂ ਚੜ੍ਹੀ ਜਾਂਦੀ ਧੀ ਦਾ ਪਿੱਛਾ ਕਰਦੀ ਹੈ. … ਤੇ ਫੇਰ ਮੁੜ ਕੇ ਘਰ ਦੇ ਅੰਦਰ ਵੱਲ ਨੂੰ ਘੁੰਮ ਜਾਂਦੀ ਹੈ.

ਅੰਦਰੋਂ ਦੂਸਰੀ ਆਵਾਜ਼ ਮੇਰੇ ਪੁੱਤਰ ਜੇਸਨ ਦੀ, ਮੇਰੇ ਕੰਨੀ ਪੈਂਦੀ ਹੈ. “ਕੌਣ ਹੈ ਮੌਮ? ਕਿਸ ਨੇ ਡੋਰਬੈੱਲ ਕੀਤੀ ਹੈ? ਹੂ ਇੱਜ਼ ਇੱਟ? ਦਿੱਸ ਅਰਲੀ?”

ਸਵਾਲਾਂ ਦੀ ਬੁਛਾੜ ਜਿਵੇਂ ਮੇਰੇ ਕੰਨਾ ਵਿੱਚ ਢੋਲ ਵਜਾ ਰਹੀ ਹੋਵੇ. ‘ਦਿੱਸ ਅਰਲੀ?‘ ਪੂਰੇ ਦਸ ਵੱਜਣ ਵਾਲੇ ਹਨ. ਦੁਪਹਿਰਾ ਸਿਰ ‘ਤੇ ਹੈ.
 
ਮਸਾਂ ਮੇਰੇ ਮੂੰਹੋਂ ਨਿੱਕਲਦਾ ਹੈ, “ਕੋਈ ਨ੍ਹੀ, ਤੁਹਾਡੇ ਡੈਡ ਹਨ.” ਆਖਦਿਆਂ ਜਿਵੇਂ ਮੈਂ ਆਪਣਾ ‘ਲਬ’ ਆਪ ਲੰਘਾਉਣ ਦੀ ਕੋਸ਼ਿਸ਼ ਕਰਦੀ ਹਾਂ. ਪਰ ਮਹਿਸੂਸ ਹੁੰਦਾ ਹੈ ਜਿਵੇਂ ਮੇਰਾ ਮੂੰਹ ਅੰਦਰੋਂ ਸੁੱਕ ਗਿਆ ਹੋਵੇ. ਅਵਾਜ਼ ਮਰੀ ਜਿਹੀ ਨਿੱਕਲੀ ਹੋਵੇ.

“ਵੱਟ ਡੱਜ਼ ਹੀ ਵਾਂਟ?” ਜੇਸਨ ਅੰਦਰੋਂ ਭੱਜਾ ਆਉਂਦਾ ਹੈ. ਰੋਹ ਉਸਦੇ ਜਿਸਮ ਵਿੱਚ ਤਣ ਗਿਆ ਹੈ. ਭਵਾਂ ਦਾ ਤਣਾਅ ਸਾਫ਼ ਨਜ਼ਰ ਆ ਰਿਹੈ.

ਮੈਂ ਦੋ ਪੁੜਾਂ ਵਿਚਾਲੇ ਜਿਵੇਂ ਪੀਸੀ ਜਾ ਰਹੀ ਹੋਵਾਂ.

“ਦਿੱਸ ਮੈਨ ਇੱਜ਼ ਨੌਟ ਆਵਰ ਫਾਦਰ. ਇਸਨੂੰ ਕਹੋ ਇੱਥੋਂ ਚਲਿਆ ਜਾਵੇ. ਮੈਂ ਇਸਦੀ ਸ਼ਕਲ ਵੀ ਨਹੀਂ ਦੇਖਣੀ ਮੰਗਦਾ.”

ਮੇਰੀ ਨਜ਼ਰ ਧਰਤੀ ਵਿੱਚ ਗੱਡੀ ਹੋਈ ਹੈ. ਮੁੰਡੇ ਦੇ ਇਸ ਵਿਵਹਾਰ ਨਾਲ਼ ਮੇਰੇ ਅੰਦਰਲਾ ਗੁੱਸਾ ਅੰਦਰ ਹੀ ਦਰਿਆ ਦੀ ਤਰ੍ਹਾਂ ਵਗ ਰਿਹਾ ਹੈ. ਸੋਚਦੀ ਹਾਂ ਕਿ ਦਰ ਤੇ ਆਏ ਬੰਦੇ ਨੂੰ ਕਿਵੇਂ ਆਖ ਦਿਆਂ? ‘ਆਖ਼ਰ ਉਸਦੇ ਘਰ ਆਉਣ ਦੇ ਕਾਰਨ ਦਾ ਪਤਾ ਵੀ ਲੱਗਣਾ ਚਾਹੀਦੈ? ਇਸ ਦਰ ਦੀ ਕਿਵੇਂ ਇਸਨੂੰ ਲੋੜ ਜਾਪੀ? … ਤੇ ਫੇਰ ਉਹ ਵੀ ਵਰ੍ਹਿਆਂ ਬਾਅਦ?’ ਮੇਰੇ ਅੰਦਰ ਸਵਾਲ ਧਮਾਲ ਮਚਾ ਰਹੇ ਹਨ. ਜਿਸ ਆਦਮੀ ਨੂੰ ਆਪਣੇ ਨਿੱਕੇ-ਨਿੱਕੇ ਬੱਚੇ ਕਦੀ ਯਾਦ ਨਹੀਂ ਆਏ ਸਨ, ਅੱਜ ਜਵਾਨ ਹੋਇਆਂ ਤੇ ਕੀ ਲੋੜ ਪੈ ਗਈ?

ਮੇਰੀ ਚੁੱਪ ਦੇਖ ਕੇ ਮੁੰਡਾ ਮੇਰੇ ਵਲ ਕੌੜੀ ਅੱਖ ਨਾਲ਼ ਝਾਕਦਾ ਹੈ. ਮੈਂ ਕੁਝ ਕਹਿਣਾ ਚਾਹੁੰਦੀ ਹਾਂ ਪਰ ਮੇਰੇ ਬੁਲ੍ਹ ਫਰਕ ਕੇ ਰਹਿ ਜਾਂਦੇ ਹਨ. ਆਪਣੀ ਬੇਵਸੀ ਤੇ ਮੈਨੂੰ ਤਰਸ ਆਉਂਦੈ. ਮਨ ਅੰਦਰ ਇੱਕ ਖਿਚੋਤਾਣ ਘੋਲ ਕਰ ਰਹੀ ਹੈ. ਸੋਚਦੀ ਹਾਂ, ਬੱਚੇ ਸੱਚੇ ਹਨ, ਪਰ ਮੈਂ ਆਪਣੇ ਥਾਂ ਸ਼ਾਇਦ ਸੱਚੀ ਹਾਂ.

ਫੇਰ ਸੋਚਦੀ ਹਾਂ ਕਿ ਮਾਂ ਮਿੱਟੀ ਬਣ ਕੇ ਹੀ ਤਾਂ ਜਿਉਂਦੀ ਹੈ. ਆਪਣੀਆਂ ਖੁਹਾਇਸ਼ਾਂ ਨੂੰ ਕਿਸੇ ਕਿੱਲੀ ਤੇ ਟੰਗ ਕੇ. ਹਰ ਪਲ ਉਹ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਪਹਿਲ ਦਿੰਦੀ ਹੈ. ਮੈਂ ਵੀ ਇਹੋ ਕੀਤਾ ਸੀ. ਕੁਲਦੀਪ ਨਾਲ਼ ਜੁੜਿਆ-ਅਣਜੁੜਿਆ ਰਿਸ਼ਤਾ ਕਈ ਵਰ੍ਹੇ ਧਰੀਕ ਹੁੰਦਾ ਰਿਹਾ ਸੀ. … ਤੇ ਫੇਰ ਮੈਂ ਜਿਵੇਂ ਰੁੱਖ ਨੂੰ ‘ਪਰੂਨ‘ ਕਰ ਦੇਈਦਾ ਹੈ, ਛਾਂਗ ਦੇਈਦਾ ਹੈ ਇਸ ਤਰ੍ਹਾਂ ਛਾਂਗ ਦਿੱਤਾ ਸੀ. ਸ਼ਾਇਦ ਇਹ ਵੀ ਗ਼ਲਤ ਹੈ, ਸਿਰਫ਼ ਛਾਂਗ ਨਹੀਂ, ਮੈਂ ਵੱਢ ਦਿੱਤਾ ਸੀ. ਸ਼ਾਇਦ ਮੈਨੂੰ ਕਰਨਾ ਵੀ ਇਹੋ ਚਾਹੀਦਾ ਸੀ. ਦੋ ਪੁੜਾਂ ਵਿਚਾਲੇ ਪਿਸ ਹੋ ਕੇ ਕੋਈ ਕਿਵੇਂ ਜੀਵੇ? ਬੱਚੇ ਨਿੱਕੇ ਸਨ. ਉਨ੍ਹਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਸੀ. ਤੇ ਮੈਂ ਉਸੇ ਨੂੰ ਪਹਿਲ ਦਿੱਤੀ ਸੀ. ਮਨ ਵਿਚ ਇਹ ਸੋਚ ਉੱਗਦਿਆਂ ਹੀ, ਲਗਦੈ ਜਿਵੇਂ ਮੇਰੇ ਦਿਮਾਗ ਦੀਆਂ ਨਾੜਾਂ ਵਿੱਚ ਖੂਨ ਫਰੀਜ਼ ਹੋ ਗਿਆ ਹੋਵੇ. ਕਿਸੇ ਨਿਰਨੇ ਤੇ ਪਹੁੰਚਣ ਦਾ ਜਿਵੇਂ ਮੇਰੇ ਅੰਦਰ ਮਨੋਬਲ ਹੀ ਨਾ ਰਿਹਾ ਹੋਵੇ.

ਫੇਰ ਵੀ ਫਰਜ਼ੀ ਜਿਹਾ, ਦਰਵਾਜ਼ੇ ਨੂੰ ਪਾਸੇ ਕਰਦਿਆਂ ਆਖ ਦਿੰਦੀ ਹਾਂ, “ਦੱਸੋ?” ਜਿਵੇਂ ਹੋਰ ਕੁੱਝ ਕਹਿਣਾ-ਸੁਣਨਾ ਪਤਾ ਨਾ ਹੋਵੇ.

ਕੁਲਦੀਪ ਦੀ ਬੰਨੀ ਹੋਈ ਲੱਤ, ਗਲ ਵਿੱਚ ਪਈ ਬਾਂਹ ਦੇਖ ਕੇ ਮੈਂ ਦੋ ਤਿੰਨ ਰਸਮੀਂ ਜਿਹੇ ਸਵਾਲ ਪੁੱਛ ਗਈ, “ਕੀ ਕਹਿਣੈ? ਕਿਸ ਤਰ੍ਹਾਂ ਆਏ ਹੋ? ਕੋਈ ਕੰਮ?” ਇਹ ਵੀ ਜਿਵੇਂ ਕਿਸੇ ਓਪਰੇ ਬੰਦੇ ਨੂੰ ਪੁੱਛੀਦੇ ਹਨ. ਜਿਵੇਂ ਦਰ ਤੇ ਕੋਈ ਸੇਲਜ਼ ਮੈਨ ਆਇਆ ਹੋਵੇ. ਜਾਂ ਕਿਸੇ ਚੈਰਿਟੀ ਲਈ ਚੰਦਾ ਕੱਠਾ ਕਰਨ.

ਐਕਸੀਡੈਂਟ ਵਿੱਚ ਹੋਈ ਉਸਦੀ ਇਸ ਹਾਲਤ ਬਾਰੇ ਮੈਥੋਂ ਕੋਈ ਸਵਾਲ ਨਾ ਪੁੱਛਿਆ ਗਿਆ. ਪੁੱਛਣ-ਦੱਸਣ ਵਾਲਾ ਰਿਸ਼ਤਾ ਹੀ ਨਹੀਂ ਸੀ ਰਿਹਾ. ਵੈਸੇ ਵੀ ਸੋਚਿਆ, ਬੱਚਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ. ਕਹਿਣਗੇ, “ਮਾਂ! ਏਸ ਬੰਦੇ ਤੇ ਬੜਾ ਹੇਜ ਆ ਰਿਹੈ. ਏਸ ਨੇ ਤਾਂ ਤੇਰਾ ਹਾਲ ਕਦੇ ਨ੍ਹੀ ਜਾਨਣ ਦੀ ਕੋਸ਼ਿਸ਼ ਕੀਤੀ. ਤੈਨੂੰ ਰਹਿਣ ਦਿੱਤੈ ਆਪਣੇ ਰਹਿਮੋ-ਕਰਮ ਤੇ. ਤੜਫ਼ਣ ਲਈ. ਭਟਕਣ ਲਈ.”

ਕੁਲਦੀਪ ਨੇ ਰੁਕ-ਰੁਕ ਕੇ, ਨਜ਼ਰ ਧਰਤੀ ਵਿੱਚ ਗੱਡ ਕੇ ਕਿਹਾ, “ਮੈਂ ਅੰਦਰ ਆ ਜਾਵਾਂ? ਲੱਤ ਤੋਂ ….” ਉਸਨੇ ਇੱਕ ਪਾਸੇ ਵੱਲ ਨੂੰ ਝੁਕਦਿਆਂ ਹੋਇਆਂ ਆਪਣੀ ਲੱਤ ਨੂੰ ਦੱਬਿਆ ਵੀ.

ਸ਼ਿਸ਼ਟਾਚਾਰ ਵੱਜੋ, ਮੈਂ ਸਿਰ ਹਿਲਾ ਦਿੱਤਾ. ਇਹ ਆਖਦਿਆਂ ਹੋਇਆਂ ਵੀ ਮੈਂ ਆਲ਼ਾ-ਦੁਆਲਾ ਝਾਕਿਆ ਜਿਵੇਂ ਮੈਂ ਕੋਈ ਚੋਰੀ ਕਰ ਰਹੀ ਹੋਵਾਂ. ਬੱਚਿਆਂ ਦੀ ਹੋਂਦ ਦਿਓ ਕੱਦ ਵਾਂਗ ਘਰ ਵਿੱਚ ਮੰਡਲਾ ਰਹੀ ਸੀ. ਕੁਝ ਗਾੜ੍ਹਾ ਜਿਹਾ ਹਵਾ ਵਿੱਚ ਰਲ਼ ਕੇ, ਸਿਰ ਘੁਮਾ ਰਿਹਾ ਸੀ.

… ਤੇ ਉਹ ਅੰਦਰ ਲੰਘ ਆਇਆ. ਲੱਤ ਨੂੰ ਘੜੀਸਦਾ ਹੋਇਆ. ਉਸਦੇ ਗਲ਼ ਵਿੱਚੋਂ ਮਸਾਂ ਨਿੱਕਲਿਆ, “ਥੈਂਕਯੂ.”

ਧੜੱਮ ਪੈਰ ਅੰਦਰ ਪੈਂਦਿਆਂ,  ਮੇਰੇ ਅੰਦਰ ਕੁੱਝ ਹਿੱਲਿਆ. ਮੈਂ ਸੋਚ ਰਹੀ ਸਾਂ, ਏਸੇ ਘਰ ਦਾ ਮਾਲਕ, ਜਿਸਨੂੰ ਅੱਜ ਆਪਣੇ ਹੀ ਟੱਬਰ ਤੋਂ ਅੰਦਰ ਲੰਘਣ ਦੀ ਇਜਾਜ਼ਤ ਮੰਗਣੀ ਪੈ ਰਹੀ ਹੈ. ਮੈਨੂੰ ਯਾਦ ਨਹੀਂ ਕਿ  ਉਸ ਵੇਲੇ ਤਰਸ ਮੈਨੂੰ ਉਸ ‘ਤੇ ਆਇਆ ਸੀ ਜਾਂ ਆਪਣੇ ਆਪ ‘ਤੇ. ਪਰ ਮੇਰੇ ਅੰਦਰ ਮਧਾਣੀ ਜਿਹੀ ਨਾਲ਼ ਕੁੱਝ ਰਿੜ੍ਹਕ ਜ਼ਰੂਰ ਹੋਇਆ.

ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਸੀ ਜਿਵੇਂ ਇਸ ਘਰ ਦੀ ਹਵਾ ਨਾਲ਼ ਇਸ ਬੰਦੇ ਦੀ ਕੋਈ ਜਾਣ-ਪਛਾਣ ਹੀ ਨਾ ਹੋਵੇ. ਇਹ ਭੁੱਲ ਗਿਆ ਹੋਵੇ ਇਸ ਘਰ ਨੂੰ, ਸੁਗੰਧ ਨੂੰ, ਇਸ ਘਰ ਵਿੱਚ ਰਹਿੰਦੇ ਜੀਆਂ ਨੂੰ, ਖੂਨ ਦੀ ਸਾਂਝ ਨੂੰ ਤੇ ਮੇਰੇ ਜਿਸਮ ਦੀ ਮਹਿਕ ਨੂੰ.

ਆਪਣਾ ਆਪ ਕੱਠਾ ਜਿਹਾ ਕਰਦਾ ਹੋਇਆ ਕੁਲਦੀਪ ਮੇਰੇ ਕੋਲੋਂ ਦੀ ਲੰਘ ਗਿਆ. ਜਿਵੇਂ ਉਹ ਸੀਮਤ ਦਾਇਰੇ ਵਿੱਚ ਰਹਿਣਾ ਚਾਹੁੰਦਾ ਹੋਵੇ. ਕੁੱਝ ਵਰ੍ਹਿਆਂ ਵਿੱਚ ਉਸਦਾ ਜਿਸਮ ਫੁੱਲ ਗਿਆ ਜਾਪਿਆ. ਵਾਲ਼ ਚਾਂਦੀ ਰੰਗੀ ਭਾਅ ਮਾਰਦੇ ਪ੍ਰਤੀਤ ਹੋਏ.

ਮੈਂ ਦਰਵਾਜ਼ਾ ਬੰਦ ਕਰਕੇ ਕਮਰੇ ਦੇ ਅੰਦਰ ਵਲ ਨੂੰ, ਉਸਤੋਂ ਵੀ ਅੱਗੇ ਹੋ ਤੁਰੀ. ਉਸਨੂੰ ਅੰਦਰ ਲੰਘਦਿਆਂ ਦੇਖ ਕੇ ‘ਜੇਸਨ‘ ਫੈਮਿਲੀ ਰੂਮ ਦੇ ਦਰ ਵਿੱਚ, ਦੋਹਾਂ ਪਾਸਿਆਂ ਦੀ ਚੁਗਾਠ ਨੂੰ ਫੜ ਕੇ ਖੜਾ ਹੋ ਗਿਆ. ਜਿਵੇਂ ਆਪਣੇ ਡੈਡ ਨੂੰ ਅੰਦਰ ਲੰਘਣ ਦੀ ਖੁਲ੍ਹ ਨਾ ਦੇਣਾ ਚਾਹੁੰਦਾ ਹੋਵੇ. “ਹਾਓ ਡੇਅਰ ਯੂ ਡੈਡ? ਹਾਓ ਕੈਨ ਯੂ ਸ਼ੋਅ ਯੁਅਰ ਫੇਸ ਟੂ ਅੱਸ. ਹੈਵ ਯੂ ਨੋ ਸ਼ੇਮ?” ਉਸਨੇ ਸਵਾਲ ਆਪਣੇ ਡੈਡ ਦੇ ਮੱਥੇ ਵਿੱਚ ਪੱਥਰਾਂ ਵਾਂਗ ਮਾਰੇ.

ਡੈਡ ਨਹੀਂ ਬੋਲਿਆ. ਸਿਰ ਸਿੱਟ ਕੇ ਖੜਾ ਦੇਖਦਾ-ਸੁਣਦਾ ਰਿਹਾ. ਪੈਰਾਂ ਨੂੰ ਬਦਲਦਾ ਰਿਹਾ. ਉਸਨੇ ਮੁੰਡੇ ਨਾਲ਼ ਅੱਖ ਵੀ ਨਾ ਮਿਲਾਈ.

ਮੈਂ ਜੇਸਨ ਨੂੰ ਪੁਚਕਾਰ ਕੇ ਆਖਿਆ, “ਜੇਸਨ, ਬੈਠ ਤਾਂ ਲੈਣ ਦੇ. ਫੇਰ ਗੱਲ ਵੀ ਕਰ ਲਵੀਂ. ਗਿਲੇ ਸ਼ਿਕਵੇ ਵੀ. ਪਤਾ ਤਾਂ ਲੱਗੇ ਆਉਣ ਦਾ ਕਾਰਨ ਕੀ ਹੈ?”

“ਨਹੀਂ ਮੌਮ, ਮੈਂ ਇਹ ਟੇਕ ਨ੍ਹੀ ਕਰ ਸਕਦਾ. ਤੁਸੀਂ ਇਸਨੂੰ ਅੰਦਰ ਕਿਵੇਂ ਵੜਨ ਦੇ ਸਕਦੇ ਹੋਂ? ਕਿੱਦਾਂ ਭੁੱਲ ਸਕਦੇ ਹੋਂ ਆਪਣੀ ਪੇਨ? … ਤੇ ਫੇਰ ਇਸਦੇ ਆਉਣ ਦਾ ਕਾਰਨ ਕੋਈ ਵੀ ਹੋਵੇ ….” ਜੇਸਨ ਨੇ ਮੂੰਹ ਨੂੰ ਵਟਾ ਜਿਹਾ ਦਿੰਦਿਆਂ ਆਖਿਆ.

“ਬੱਚੇ, ਮੈਂ ਕੁਛ ਨ੍ਹੀ ਭੁੱਲੀ. ਸਭ ਚੇਤੇ ਹੈ ਮੈਨੂੰ. ਮਿੰਟ-ਮਿੰਟ ਚੇਤੇ ਹੈ. ਪਰ ਬੰਦੇ ਨੂੰ ਬੋਲਣ ਦਾ ਚਾਂਸ ਵੀ ਦੇਣਾ ਚਾਹੀਦੈ. ਉਹ ਦਰ ਤੇ ਆਇਆ …” ਮੈਂ ਜੇਸਨ ਨੂੰ ਠੰਡਾ ਕਰਦਿਆਂ ਕਿਹਾ.

“ਵੱਟ ਐਵਰ” ਆਖਦਾ ਜੇਸਨ ਲਿਵਿੰਗ ਰੂਮ ਵਿੱਚੋਂ ਪਾਸਾ ਮਾਰਦਾ ਹੋਇਆ ਗਾਰਡਨ ਵਲ ਨਿੱਕਲ ਗਿਆ. ਮੈਂ ਨਜ਼ਰ ਹੀ ਨਜ਼ਰ ਉਸਦੀ ਪਿੱਠ ਨੂੰ ਪਲੋਸਦੀ ਹਾਂ. ਮੈਂ ਇਹ ਵੀ ਜਾਣਦੀ ਹਾਂ ਕਿ ਜੇਸਨ ਜੋ ਆਖ ਰਿਹਾ ਹੈ, ਸਹੀ ਹੈ.

ਜੇਸਨ ਦੇ ਕਮਰੇ ‘ਚੋਂ ਬਾਹਰ ਜਾਂਦਿਆਂ ਹੀ, ਪੌੜੀਆਂ ਵੱਲੋਂ ‘ਸਮੀਨਾ‘ ਦੇ ਸੈਂਡਲਾਂ ਦੀ ਠਿੱਪ-ਠਿੱਪ ਨੇ ਮੇਰੀ ਸੋਚ ਫੇਰ ਤੋੜੀ. ‘ਸਮੀਨਾ‘ ਹਾਲ ਵਿੱਚੋਂ ਹੀ ਬੋਲੀ,“ਮੌਮ ਮੈਂ ਚੱਲੀ. ਮੈਂ ਏਸ ‘ਗਾਈ’ (ਬੰਦੇ) ਨੂੰ ਦੇਖਣਾ ਨ੍ਹੀ ਮੰਗਦੀ.” ਤੇ ਉਹ ਦਰ ਠਾਹ ਕਰਕੇ ਮਾਰਦੀ ਹੋਈ ਚਲੀ ਗਈ.

ਰਹਿ ਗਈ ਮੈਂ ਫੈਮਿਲੀ ਰੂਮ ਦੇ ਦਰਮਿਆਨ ਖੜੀ. ਬੀਤੇ ਅਤੇ ਬੀਤਣ ਵਾਲੇ ਦੇ ਵਿਚਾਲੇ ਵਿਛੇ ਰੇਗਿਸਤਾਨ ਵਿੱਚ. ਉਹ ਰੇਗਿਸਤਾਨ ਜਿਸ ਵਿੱਚ ਸਾਡੀ ਸਾਂਝ ਦੇ ਫੁੱਲ ਕਦੀ ਖਿੜੇ ਹੀ ਨਹੀਂ. ਚਲਦੇ ਵਕਤ ਵਿੱਚ ਜਿਹੜੀ ਸਾਂਝ ਪਈ ਉਸਦੇ ਦੋ ਫੁੱਲ ਸਾਂਭ ਕੇ ਮੈਂ ਪਾਲ਼ ਲਏ. ਉਨ੍ਹਾਂ ਨੂੰ ਮੈਂ ਆਪਣੀ ਮਮਤਾ ਨਾਲ਼ ਸਿੰਜਦੀ ਰਹੀ, ਸਾਂਭਦੀ ਰਹੀ.

ਸ਼ਾਇਦ ਮੇਰੀ ਦੁਵਿੱਧਾ ਦੇਖ ਕੇ ਕੁਲਦੀਪ ਨੇ ਆਖਿਆ, “ਨਿਆਣੇ ਸੱਚੇ ਹਨ. ਪਰ ਉਨ੍ਹਾਂ ਨੂੰ ਮੈਨੂੰ ਇਕ ਚਾਂਸ ਤਾਂ ਦੇਣਾ ਚਾਹੀਦੈ.”

ਇਹ ਲਫ਼ਜ਼ ਸੁਣ ਕੇ, ਮੈਨੂੰ ਜਾਪਿਆ ਜਿਵੇਂ ਉਸਨੇ ਮੇਰੇ ਸੀਨੇ ਵਿੱਚ ਗੋਲੀ ਦਾਗ਼ ਦਿੱਤੀ ਹੋਵੇ. ਮੈਂ ਬਿਨਾਂ ਸੋਚੇ ਹੀ ਉੱਤਰ ਦੇ ਦਿੱਤਾ, “ਜਿੱਦਾਂ ਦਾ ਚਾਂਸ ਤੁਸੀਂ ਉਨ੍ਹਾਂ ਨੂੰ ਦਿੱਤਾ ਸੀ?”

ਕੁਲਦੀਪ ਨਹੀਂ ਬੋਲਿਆ. ਝੂਠਾ ਜਿਹਾ ਹੋ ਗਿਆ. ਆਲ਼ਾ-ਦੁਆਲ਼ਾ ਦੇਖਦਾ ਹੋਇਆ ਸੋਫ਼ੇ ਦੀ ਇੱਕ ਨੁੱਕਰੇ ਬੈਠ ਗਿਆ. ਸੋਟੀ ਨੂੰ ਸੋਫ਼ੇ ਦੇ ਦੂਜੇ ਬੰਨੇ ਖੜੀ ਕਰ ਦਿੱਤਾ.

ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਏਸ ਬੰਦੇ ਨਾਲ਼ ਕਿਵੇਂ ਰਿਐਕਟ ਕਰਾਂ? ਕੀ ਗੱਲ ਛੇੜਾਂ? ਕਿਸ ਵਿਸ਼ੇ  ਤੇ? ਜ਼ਿੰਦਗੀ ਵਿੱਚ ਬੱਚਿਆਂ ਤੋਂ ਬਿਨਾਂ ਕੁਝ ਵੀ ਸਾਡਾ ਸਾਂਝਾ ਨਹੀਂ ਸੀ. ਉਹ ਵੀ ਖੂਨ ਦਾ ਰਿਸ਼ਤਾ. ਉਸ ਰਿਸ਼ਤੇ ਵਿੱਚ ਵੀ ਇਸਨੇ ਬੱਚਿਆਂ ਨੂੰ ਮੇਰੀ ਕੁੱਖ਼ ਵਿੱਚ ਬੀਜ ਪਾਉਣ ਤੋਂ ਬਿਨਾਂ, ਹੋਰ ਕੋਈ ਯੋਗਦਾਨ ਨਹੀਂ ਸੀ ਪਾਇਆ. ਬੱਚੇ ਕਿਸ ਤਰ੍ਹਾਂ ਪਲ਼ੇ, ਵੱਡੇ ਹੋਏ, ਪੜ੍ਹੇ, ਜਾਂ ਉਨ੍ਹਾਂ ਨੂੰ ਬਾਪ ਦੇ ਪਿਆਰ ਦੀ ਤਲਬ ਹੋਈ ਜਾਂ ਨਹੀਂ, ਇਸਨੂੰ ਕੋਈ  ਨਹੀਂ ਸੀ ਪਤਾ. ਉਨ੍ਹਾਂ ਦੀਆਂ ਰੀਝਾਂ, ਖੁਹਾਇਸ਼ਾਂ, ਚਾਹਤਾਂ ਬਾਰੇ ਇਸਨੂੰ ਕੋਈ ਗਿਆਨ ਨਹੀਂ ਸੀ. ਇਹ ਤਾਂ ਘਰ ਰਿਹਾ ਹੀ ਨਹੀਂ ਸੀ. ਜੇ ਕਰ ਰਹਿੰਦਾ ਵੀ ਸੀ ਤਾਂ ਸਪੇਅਰ ਰੂਮ ਵਿੱਚ ਰਾਤ ਕੱਟ ਕੇ ਚਲਿਆ ਜਾਂਦਾ. … ਤੇ ਮੈਂ ਢੱਕਦੀ ਰਹਿੰਦੀ ਇਸਦੇ ਕਾਰਨਾਮੇ.

ਮੈਨੂੰ ਉਹ ਦਿਨ ਚੰਗੀ ਤਰ੍ਹਾਂ ਚੇਤੇ ਹੈ, ਜੇਸਨ ਛੇ-ਸੱਤਾਂ ਕੁ ਵਰ੍ਹਿਆਂ ਦਾ ਸੀ. ਕੁਲਦੀਪ ਦਾ ਇੱਕ ਗੋਰਾ ਦੋਸਤ ਸਾਡੇ ਘਰ ਦੋ ਦਿਨ ਰਹਿਣ ਆ ਗਿਆ ਸੀ. ਕਈ ਦੋਸਤ ਪਹਿਲਾਂ ਵੀ ਰਹਿਣ ਆ ਜਾਂਦੇ ਸਨ. ਕੁਲਦੀਪ ਦੀ ਮੰਮੀ ਜੀ ਉਨ੍ਹਾਂ ਨੂੰ ਆਪਣੇ ਪੁੱਤ ਵਾਂਗ ਹੀ ਪਿਆਰਦੀ-ਦੁਲਾਰਦੀ ਸੀ. ਉਹ ਇੰਡੀਅਨ ਮੁੰਡੇ ਹੁੰਦੇ ਸਨ. ਇਹ ਪਹਿਲੀ ਵੇਰ ਸੀ ਜਦੋਂ ਕੋਈ ਗੋਰਾ ਸਾਡੇ ਘਰ ਰਹਿਣ ਆਇਆ ਸੀ. ਕੁਲਦੀਪ ਨੂੰ ਭਾਵੇਂ ਬੱਚਿਆਂ ਨਾਲ਼ ਬਹੁਤਾ ਲਗਾਅ ਨਹੀਂ ਸੀ, ਪਰ ਜੇਸਨ ਦੇ ਮਨ ਦੀ ਤਲਬ ਆਪਣੇ ਬਾਪ ਲਈ ਹਮੇਸ਼ਾਂ ਬਿਹਬਲ ਹੋਈ ਰਹਿੰਦੀ ਸੀ. ਉਹ ਕੁਲਦੀਪ ਨਾਲ਼ ਗਾਰਡਨ ਵਿੱਚ ਫੁੱਟਬਾਲ ਖੇਡਣਾ ਚਾਹੁੰਦਾ. ਬਾਹਰ ਜਾਣਾ ਚਾਹੁੰਦਾ. ਮੂਵੀ ਦੇਖਣੀ ਚਾਹੁੰਦਾ. ਪਰ ਕੁਲਦੀਪ ਆਪਣੀਆਂ ਸੋਚਾਂ ਵਿੱਚ ਹੀ ਰਹਿੰਦਾ ਸੀ. ਇਸਦੀ ਦੁਨੀਆਂ ਹੀ ਵਖਰੀ ਸੀ. ਕਿਸੇ ਨਾਲ਼ ਇਸਦੀ ਸਾਂਝ ਹੀ ਨਹੀਂ ਸੀ. ਇਹ ਆਪਣੇ ਬੀਤੇ ਬਚਪਨ ਵਿੱਚੋਂ ਨਿੱਕਲਦਾ ਹੀ ਨਹੀਂ ਸੀ. ਹਰ ਵੇਲੇ ਆਪਣੇ ਬਚਪਨ ਦੀਆਂ ਐਸੀਆਂ ਯਾਦਾਂ ਦੀ ਮਕਾਣ ਲੈ ਕੇ ਬੈਠਾ ਰਹਿੰਦਾ ਸੀ, ਜਿਨ੍ਹਾਂ ਦਾ ਉੱਤਰ ਜਾਂ ਹੱਲ ਕਿਸੇ ਕੋਲ ਨਹੀਂ ਸੀ. ‘ਕੱਲਾ ਪੁੱਤ ਸੀ. ਕਹਿੰਦੇ ਹਨ, ਕੁਲਦੀਪ ਦੇ ਡੈਡ ਬਹੁਤ ਸਿਆਣੇ-ਸਮਝਦਾਰ ਬੰਦੇ ਸਨ. ਮਿਹਨਤੀ, ਸਿਰੜੀ ਇਨਸਾਨ ਸਨ. ਪਰ ਮਾਂ ਆਪਣੀਆਂ ਹੀ ਚਲਾਕੀਆਂ ਤੇ ਰਹਿੰਦੀ ਸੀ. ਇਸਦੀ ਮਾਂ ਨੇ ਪਿੱਛਲੀ ਜ਼ਮੀਨ ਦੀ ਖਾਤਰ ਸਾਰੇ ਟੱਬਰ ਨੂੰ ਆਪੋ ਵਿੱਚੀਂ ਤੋੜ ਦਿੱਤਾ ਸੀ. ਇਸਦੇ ਡੈਡ ਕਹਿੰਦੇ ਸਨ ਕਿ ਅਸੀਂ ਤਾਂ ਬਾਹਰ ਆ ਗਏ ਹਾਂ. ਚੰਗੀ ਰੋਟੀ ਖਾਦੇ ਹਾਂ, ਕਮਾਉਂਦੇ ਹਾਂ. ਪਰ ਜਿਹੜੇ ਪਿੱਛਲੇ ਭਰਾ ਹਨ, ਜੇ ਕਰ ਅਸੀਂ ਉਨ੍ਹਾਂ ਦੀ ਮਦਦ ਨਹੀਂ ਕਰ ਸਕੇ ਤਾਂ ਘੱਟੋ-ਘੱਟ ਜ਼ਮੀਨ ਉਨ੍ਹਾਂ ਕੋਲ ਵਾਹੀ ਲਈ ਰਹਿਣ ਦੇਣੀ ਚਾਹੀਦੀ ਹੈ. ਪਰ ਮੰਮੀ ਜੀ ਨੂੰ ਇਹ ਮੰਜ਼ੂਰ ਨਹੀਂ ਸੀ. ਉਨ੍ਹਾਂ ਨੇ ਮੁਖ਼ਤਿਆਰਨਾਮਾ ਆਪਣੇ ਵੱਡੇ ਭਰਾ ਗੁਰਬੀਰ ਸਿੰਘ ਨੂੰ ਭੇਜ ਦਿੱਤਾ. ਉਹ ਹੀ ਹਾਲ਼ੇ-ਭੌਲੀ ਤੇ ਜ਼ਮੀਨ ਦਿੰਦਾ ਤੇ ਉਹੀ ਸਾਰੀ ਵੱਟ-ਵਟਾਈ ਸਾਂਭਦਾ. ਉਹ ਕੁਝ ਸਾਲ ਤਾਂ ਜ਼ਮੀਨ ਦਾ ਲੇਖਾ ਹਿਸਾਬ ਦਿੰਦਾ ਰਿਹਾ. ਪਰ ਫੇਰ ਉਸਨੇ ਜਿਵੇਂ ਸਾਰੀ ਜ਼ਮੀਨ ਹੀ ਹਜ਼ਮ ਕਰ ਲਈ. ਮੁਖਤਿਆਰਨਾਮੇ ਦਾ ਫ਼ਾਇਦਾ ਉਸਨੇ ਪੂਰਾ ਉਠਾ ਲਿਆ ਸੀ.

ਇਸ ਗੱਲ ਦਾ ਘਰ ਵਿਚ ਹਮੇਸ਼ਾਂ ਕਲੇਸ਼ ਰਹਿੰਦਾ. ਮਾਂ-ਪਿਓ ਦੇ ਇਸ ਕਲੇਸ਼ ਵਿਚ ਕੁਲਦੀਪ ਪੀਹ ਹੁੰਦਾ. ਜਦੋਂ ਮਾਂ-ਪਿਓ ਦੀ ਲੜਾਈ ਹੁੰਦੀ ਤਾਂ ਇੱਕ ਦੂਜੇ ਤੇ ਚਿੱਕੜ ਵੀ ਸੁੱਟਿਆ ਜਾਂਦਾ ਹੋਣੈ. ਮੰਮੀ ਜੀ ਦੀ ਤੇਜ਼-ਤਰਾਰ ਜ਼ੁਬਾਨ ਜੋ ਨਾ ਸੋ ਬੋਲ ਦਿੰਦੀ ਹੋਣੀ ਐ. ਕੁਲਦੀਪ ਹੀ ਦੱਸਦਾ ਹੁੰਦਾ ਸੀ ਕਿ ਉਸਨੂੰ ਚੰਗੀ ਤਰ੍ਹਾਂ ਚੇਤੇ ਹੈ ਜਦੋਂ ਇਕ ਦਿਨ ਮੰਮੀ ਜੀ ਨੇ ਸਿਰੇ ਦੀ ਗੱਲ ਡੈਡੀ ਜੀ ਨੂੰ ਆਖ ਦਿੱਤੀ ਸੀ ਕਿ, “ਜੱਟਾ, ਕੁਲਦੀਪ ਤੇਰਾ ਪੁੱਤ ਹੈ ਹੀ ਨਹੀਂ.”

ਜਿਸ ਦਿਨ ਕੁਲਦੀਪ ਨੇ ਮੈਨੂੰ ਇਹ ਸਭ ਦੱਸਿਆ ਸੀ ਤਾਂ ਇਸਦੇ ਹਿਟਕੋਰਿਆਂ ਨਾਲ਼ ਅੰਬਰੀਂ ਛੇਕ ਹੋਣ ਵਾਲਾ ਹੋ ਗਿਆ ਸੀ. ਮੈਂ ਇਸਦੇ ਦਰਦ ਨੂੰ ਸਮਝਣ ਵੀ ਲੱਗ ਪਈ ਸਾਂ. ਬਥੇਰਾ ਮੈਂ ਕਿਹਾ, ਸਮਝਾਇਆ ਸੀ ਕਿ ਬੀਤ ਚੁੱਕੀ ਤੇ ਮਿੱਟੀ ਪਾ ਦੇ. ਪਰ ਕਿੱਥੇ? ਕੁਲਦੀਪ ਨਿੱਤ ਦਿਨ ਓਸ ਘੜੀ ਦਾ ਰੋਣਾ ਲੈ ਕੇ ਬੈਠ ਜਾਂਦਾ. ਆਪਣੀ ਪਛਾਣ ਨੂੰ ਹਰ ਚਿਹਰੇ ਵਿੱਚ ਭਾਲਦਾ ਰਹਿੰਦਾ. ਹਰ ਦੂਜੇ ਆਦਮੀ ਦੇ ਨਕਸ਼ ਆਪਣਿਆਂ ਵਿੱਚ ਲੱਭਦਾ.

ਕੁਲਦੀਪ ਦੱਸਦਾ ਹੁੰਦਾ ਸੀ ਕਿ, ਡੈਡੀ ਜੀ ਹਰ ਲੜਾਈ ਝੱਲ ਸਕਦੇ ਸਨ ਪਰ ਏਸ ਗੱਲ ਨੇ ਉਨ੍ਹਾਂ ਦੀ ਰੂਹ ਛਲਣੀ-ਛਲਣੀ ਕਰ ਦਿੱਤੀ. ਜ਼ਿੰਦਗੀ ਜੀਣ ਲਈ ਉਨ੍ਹਾਂ ਦਾ ਉਤਸ਼ਾਹ ਮਰ ਗਿਆ. ਉਹ ਪੀਣ ਵੀ ਵੱਧ ਲਗ ਪਏ ਸਨ. … ਤੇ ਫੇਰ ਇਕ ਦਿਨ ਘਰ ਦੇ ਕਲੇਸ਼ ਤੋਂ ਤੰਗ ਆ ਕੇ, ਉਹ ਸਵੇਰੇ ਰੇਲ ਦੀ ਪਟੜੀ ਤੇ ਜਾ ਲੰਮੇ ਪਏ. ਟੋਰਾਂਟੋ ਦੀ ਸਟੀਲਜ਼ ਐਵਨਿਊ ਦੇ ਨਾਲ਼-ਨਾਲ਼ ਜਾਂਦੀ ਰੇਲਵੇ ਲਾਈਨ ਤੇ ਹਜ਼ਾਰਾਂ ਬੰਦੇ ਕੱਠੇ ਹੋ ਗਏ ਸਨ. ਕਿਸੇ ਭਾਰਤੀ ਬੰਦੇ ਵੱਲੋਂ ਏਸ ਤਰ੍ਹਾਂ ਦਾ ਕਦਮ ਸਾਰੀ ਕਮਿਉਨਿਟੀ ਲਈ ਚਿੰਤਾ ਦਾ ਕਾਰਨ ਬਣ ਗਿਆ ਸੀ.

ਕੁਲਦੀਪ ਕਹਿੰਦਾ ਸੀ ਕਿ, ਮੰਮੀ ਜੀ ਨੂੰ ਇਸ ਝਟਕੇ ਦਾ ਬਹੁਤਾ ਫ਼ਰਕ ਨਹੀਂ ਸੀ ਪਿਆ.  ਲੋਕੀਂ ਆਉਂਦੇ ਵਹੁੜੀਆਂ ਪਾਉਂਦੇ, ਪੁੱਤ ਜੁਆਨ ਹੁੰਦੇ ਨੂੰ ਨਾ ਦੇਖ ਸਕਣ ਬਾਰੇ ਗੱਲਾਂ ਕਰਦੇ, ਆਉਣ ਵਾਲੇ ਦਿਨਾਂ ਦੀ ਚਿੰਤਾ ਕਰਦੇ ਸਨ. ਪਰ ਮੰਮੀ ਜੀ ਪਾਗਲਾਂ ਵਾਂਗ ਭੁੱਟ-ਭੁੱਟ ਗੱਲਾਂ ਕਰਦੀ ਰਹੀ.

ਮੈਂ ਕਈ ਵੇਰਾਂ ਕਿਆਸਦੀ ਰਹੀ ਹਾਂ ਕਿ ਮੰਮੀ ਜੀ ਨੇ ਇੰਸ਼ੂਰੈਂਸ ਦੇ ਪੈਸੇ ਲਏ ਹੋਣਗੇ, ਤੇ ਉਹ ਪੁੱਤ ਨੂੰ ਪਾਲਣ ਲੱਗ ਪਈ ਹੋਣੀ ਐ.  ਚੰਦਰੀ ਨੇ ਇਹ ਵੀ ਨਾ ਸੋਚਿਆ ਕਿ ਡੈਡੀ ਜੀ ਦੀ ਮੌਤ ਦੇ ਹਾਦਸੇ ਨੇ ਉਸਦੇ ਪੁੱਤ ਦੀ ਮਾਨਸਿਕਤਾ ਤੇ ਕੀ ਅਸਰ ਪਾਇਆ ਹੋਊ? ਕੱਚੀ ਉਮਰ ਦਾ ਪੁੱਤ ਪਹਿਲਾਂ ਮਾਂ-ਪਿਓ ਦਾ ਲੜਾਈ ਝਗੜਾ ਦੇਖਦਾ ਰਿਹਾ ਤੇ ਫੇਰ ਪਿਓ ਦੀ ਲਾਸ਼ ਦੇ ਚੀਥੜੇ ਉੜੇ ਹੋਏ ਦੇਖੇ ਹੋਣੇ ਐ. ਕੁਲਦੀਪ ਦੇ ਅੰਦਰ ਪਤਾ ਨ੍ਹੀ ਕੀ ਕੁਝ ਦੱਬ ਹੋ ਗਿਆ ਤੇ ਕੀ ਕੁਝ ਦੱਬਣੋਂ ਰਹਿ ਗਿਆ. ਕੁਲਦੀਪ ਦੀ ਤੰਦ ਜਿਵੇਂ ਕਿਸੇ ਨਾਲ਼ ਜੁੜੀ ਹੀ ਨਾ.

ਕੁਲਦੀਪ ਦੀ ਆਪਣੀ ਮਾਂ ਨਾਲ਼ ਵੀ ਡੋਰੀ ਗੰਢ ਨਾ ਹੋਈ. ਵੱਡਾ ਹੁੰਦਾ ਕੁਲਦੀਪ ਬਾਹਰਲੀ ਦੁਨੀਆਂ ਵਿੱਚ ਗੁੰਮ ਹੋਣ ਲਗ ਪਿਆ. ਗ਼ਲਤ ਰਾਹਾਂ ਤੇ ਤੁਰ ਪਿਆ ਸੀ. ਫੇਰ ਕਨੇਡੀਅਨ ਸੁਸਾਇਟੀ ਵਿੱਚ ਮਿੱਤਰ-ਦੋਸਤ ਵੀ ਉਸੇ ਤਰ੍ਹਾਂ ਦੇ ਮਿਲੇ. ਕਾਲ਼ਿਆਂ-ਗੋਰਿਆਂ ਨਾਲ਼ ਬੈਠਦਾ-ਉੱਠਦਾ ਵੱਧ ਸੀ. ਜਿਹੜੇ ਪੰਜਾਬੀ ਮੁੰਡੇ ਮਿਲੇ, ਉਹ ਵੀ ਐਸੇ-ਵੈਸੇ ਹੀ ਸਨ. ਆਲ਼ੇ-ਦੁਆਲ਼ੇ ਦੇਖਦੇ ਹੀ ਹਾਂ, ਜਿਹੜੇ ਮੁੰਡੇ-ਕੁੜੀਆਂ ਪੜ੍ਹਦੇ ਨਹੀਂ, ਉਹ ਗਲ਼ੀਆਂ ਬਜ਼ਾਰਾਂ ਵਿੱਚ ਘੁੰਮਦੇ ਵਕਤ ਟਪਾਉਂਦੇ ਰਹਿੰਦੇ ਹਨ. ਕੁਲਦੀਪ ਨੇ ਵੀ ਉਹੀ ਕੀਤਾ. ਘਰ ਵਿੱਚ ਕੋਈ ਸੇਧ ਦੇਣ ਵਾਲਾ ਵੀ ਨਹੀਂ ਸੀ. ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੀਂ ਕੁਲਦੀਪ ਨਿੱਕਲਿਆ, ਉਸੇ ਤਰ੍ਹਾਂ ਦੇ ਰਾਹ ਇਸਨੇ ਅਪਣਾ ਲਏ. ਬਾਹਰਲੇ ਪ੍ਰਭਾਵਾਂ ਹੇਠ ਕੁਲਦੀਪ ਸਿਗਰਟਾਂ, ਸ਼ਰਾਬ ਪੀਣ ਲੱਗ ਪਿਆ ਸੀ. ਵੈਸੇ ਵੀ ਇਹ ਉਸ ਸਮੇਂ ਵਿੱਚੋਂ ਨਿਕਲਦਾ ਹੀ ਨਹੀਂ ਸੀ ਜਿਸ ਵਿੱਚ ਮੰਮੀ ਜੀ ਨੇ ਡੈਡੀ ਜੀ ਦੀ ਮਰਦਾਨਗੀ ਨੂੰ ਲਲਕਾਰ ਕੇ ਕਿਹਾ ਸੀ ਕਿ “ਕੁਲਦੀਪ ਤੇਰਾ ਪੁੱਤ ਹੈ ਈ ਨ੍ਹੀ.” ਉਸ ਤੋਂ ਬਾਅਦ ਪਿਓ ਦਾ ਪਟੜੀ ਤੇ ਜਾ ਲੰਮਾ ਪੈਣਾ ਤੇ ਮਾਂ ਵੱਲੋਂ ਪਿਓ ਦੇ ਖ਼ਿਲਾਫ਼ ਊਲ-ਜਲੂਲ ਬੋਲਣ ਨੇ ਇਸਦੇ ਅੰਦਰ ਮੋਹ ਦੀ ਕਿਰਨ ਕਦੀ ਵੜਨ ਹੀ ਨਾ ਦਿੱਤੀ. ਕੁਲਦੀਪ ਨੂੰ ਆਪਣਾ-ਆਪਾ ਵੀ ਕਿੱਧਰੇ ਜੁੜਦਾ ਨਜ਼ਰ ਨਹੀਂ ਸੀ ਆਉਂਦਾ. ਇਹ ਅੱਠਾਂ-ਦੱਸਾਂ ਕੁ ਵਰ੍ਹਿਆਂ ਦਾ ਸੀ ਜਦੋਂ ਕੈਨੇਡਾ ਆਇਆ ਸੀ. ਤੇ ਫੇਰ ਘਰ ਦੇ ਹਾਲਾਤ, ਜਿਸ ਨਾਲ਼ ਪੜ੍ਹਨ ਵਿਚ ਰੁਚੀ ਹੈ ਹੀ ਨਹੀਂ ਸੀ. ਮਰ ਪਿੱਟ ਕੇ ਇਹ ਬਾਰਵੇਂ ਗਰੇਡ ਕਰਨ ਬਾਅਦ ਮੋਟਰ ਮਕੈਨਿਕ ਜ਼ਰੂਰ ਬਣ ਗਿਆ ਸੀ. ਮੰਮੀ ਜੀ ਵੀ ਸੋਚਦੇ ਹੋਣਗੇ ਕਿ ਚਲੋ ਰੋਟੀ ਕਮਾ ਹੀ ਲਊ.

ਆਲੇ-ਦੁਆਲੇ ਸਭ ਮੰਮੀ ਜੀ ਦੀ ਆਦਤ ਜਾਣਦੇ ਸਨ. ਘਰ ਵਿੱਚ ਬੀਤਿਆ ਵੀ ਸਭ ਦੇ ਸਾਮ੍ਹਣੇ ਸੀ. ਵਿਗੜੇ-ਤਿਗੜੇ ਪੁੱਤ ਨੂੰ ਰਿਸ਼ਤਾ ਕਿੱਥੋਂ ਆਉਂਦਾ? ਲੋਕੀਂ ਆਪਣੀ ਧੀ ਵਿਹਾਉਣ ਵੇਲੇ ਕੁਲਦੀਪ ਦੀ ਪੜ੍ਹਾਈ, ਤੇ ਨਸ਼ੇ-ਪੱਤੇ ਦੀ ਆਦਤ ਵੀ ਦੇਖਦੇ ਸਨ. … ਤੇ ਫੇਰ ਮਾਂ ਦੀ ਆਦਤ ਤੋਂ ਤਾਂ ਸਾਰੇ ਹੀ ਜਾਣੂ ਸਨ.

ਇੰਡੀਆ ਗੇੜਾ ਮਾਰਨ ਜਾਣ ਦੇ ਬਹਾਨੇ ਮੰਮੀ ਜੀ ਕੁਲਦੀਪ ਨੂੰ ਇੰਡੀਆ ਆਪਣੇ ਨਾਲ਼ ਲੈ ਤੁਰੀ. ਉਸਦੇ ਅਨਪੜ੍ਹ, ਉਜੱਡ ਪੁੱਤ ਨਾਲ਼ ਹੋਰ ਕਿਸ ਨੇ ਵਿਆਹ ਕਰਾਉਣਾ ਸੀ. ਇੰਡੀਆ ਵਿੱਚ ਕਿਸੇ ਲੋੜਬੰਦ ਨੇ ਉਸਦੇ ਪੁੱਤ ਨੂੰ ਰਿਸ਼ਤਾ ਕਰ ਹੀ ਦੇਣਾ ਸੀ. ਮੇਰਾ ਬਾਪ ਵੀ ਲੋੜਬੰਦ ਸੀ. ਧੀਆਂ ਦੀ ਧਾੜ ਉਸਦੇ ਦਰ ਬੈਠੀ ਸੀ.

ਮੈਂ ਉਨ੍ਹਾਂ ਦਿਨਾਂ ਵਿੱਚ ਇਮਤਿਹਾਨ ਦੇ ਕੇ ਵਿਹਲੀ ਸਾਂ. ਪੰਜਾਂ ਭੈਣਾਂ ਵਿੱਚੋਂ ਗਭਲੀ. ਪਿਓ ਸਿਰ ਵਾਧੂ ਦਾ ਭਾਰ. ਭਰਾ ਸਾਡਾ ਹੈ ਕੋਈ ਨਹੀਂ ਸੀ. ਭਾਪਾ ਜੀ ਕਿਹਦੇ ਸਿਰ ਤੇ ਹੇਜ-ਹੁੱਜਤ ਕਰਦੇ. ਜਿਹੜਾ ਸਾਕ ਉਨ੍ਹਾਂ ਨੂੰ ਧੀਆਂ ਵਾਸਤੇ ਮਿਲਦਾ, ਉਹ ਰਿਸ਼ਤਾ ਕਰਨ ਦੀ ਸੋਚਦੇ.

ਜਿਸ ਦਿਨ ਮੇਰੀ ਭੂਆ ਮੇਰੇ ਰਿਸ਼ਤੇ ਬਾਰੇ ਗੱਲ ਕਰਨ ਆਈ ਸੀ, ਉਸ ਦਿਨ ਮੇਰੀ ਸੱਸ ਵੀ ਨਾਲ਼ ਹੀ ਸੀ. ਕਹਿਣ ਲੱਗੀ, “ਤੁਹਾਡੀ ਧੀ ਨੂੰ ਕਦੀ ਦੁਖੀ ਹੋਣ ਦਿਆਂ ਤਾਂ ਮੇਰਾ ਨਾਂ ਹਰਜੀਤ ਕੌਰ ਨ੍ਹੀ. ਮੁੰਡਾ ਮੇਰਾ ਘਰਾਂ ਦਾ ਮਾਲਕ, ਪੈਸਾ ਧੇਲਾ ਪੈਰਾਂ ‘ਚ ਰੁਲਦੈ. ਬੱਸ ਜੀ ਸਾਨੂੰ ਤਾਂ ਕੁੜੀ ਚਾਹੀਦੀ ਐ, ਜਿਹੜੀ ਟੱਬਰ ‘ਚ ਰਲ਼-ਮਿਚ ਜਾਵੇ.”

ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਰੁਲਣ ਵਾਲ਼ਾ ਪੈਸਾ ਧੇਲਾ, ਮੇਰੇ ਸਹੁਰੇ ਦੇ ਜੀਵਨ ਬੀਮੇ ਦਾ ਸੀ. ਜਿਸ ਦੇ ਸਿਰ ਤੇ ਮੇਰੀ ਸੱਸ ਉਡਾਰੀਆਂ ਭਰਦੀ ਸੀ.

ਮੇਰੇ ਭਾਪਾ ਜੀ ਮੇਰੀ ਸੱਸ ਦੀਆਂ ਗੱਲਾਂ ‘ਚ ਆ ਗਏ. ਸ਼ਾਇਦ ਕੈਨੇਡਾ ਦੇ ਨਾਂ ਨੂੰ ਮੇਰੀਆਂ ਛੋਟੀਆਂ ਭੈਣਾਂ ਦੀਆਂ ਡੋਲੀਆਂ ਵੀ ਕੈਨੇਡਾ ਨੂੰ ਤੁਰਦੀਆਂ ਨਜ਼ਰ ਆ ਰਹੀਆਂ ਹੋਣਗੀਆਂ. … ਤੇ ਮੈਨੂੰ ਵੀ ਕਿਹੜਾ ਪਤਾ ਸੀ ਕਿ ਜ਼ਿੰਦਗ਼ੀ ਕੀ ਚੀਜ਼ ਹੁੰਦੀ ਐ?

ਚਾਅ-ਚਾਅ ਵਿੱਚ ਮੈਂ ਵੀ ਤੁਰ ਪਈ ਇਸਦੇ ਨਾਲ਼. ਸੋਚਿਆ, ਮੈਂ ਕੈਨੇਡਾ ਪਹੁੰਚ ਕੇ ਆਪਣੇ ਟੱਬਰ ਨੂੰ ਮੰਗਵਾ ਲਵਾਂਗੀ. ਮੇਰੇ ਮਾਂ-ਬਾਪ, ਮੇਰੀਆਂ ਭੈਣਾਂ ਸੌਖੀਆਂ ਹੋ ਜਾਣਗੀਆਂ.

ਕੈਨੇਡਾ ਪਹੁੰਚ ਕੇ ਜੋ ਹਕੀਕਤ ਮੇਰੇ ਸਾਮ੍ਹਣੇ ਆਈ, ਉਸ ਨਾਲ਼ ਮੇਰਾ ਸਿਰ ਭੌਂ ਗਿਆ. ਮੇਰੀ ਸੱਸ ਨੂੰ ਵੀ ਪੁੱਤ ਦੀ ਅਸਲੀ ਹਕੀਕਤ ਦਾ ਉਨ੍ਹਾਂ ਦਿਨਾਂ ਵਿੱਚ ਪਤਾ ਨਹੀਂ ਸੀ. ਉਸਨੇ ਸੋਚਿਆ ਸੀ ਕਿ ਵਿਗੜਿਆ-ਤਿਗੜਿਆ ਪੁੱਤ ਵਿਆਹ ਹੋ ਕੇ ਠੀਕ ਹੋਜੂ. ਅੱਗੇ ਤੋਂ ਕੁੱਲ ਵੀ ਤੁਰਦੀ ਰਹਿਜੂ.

ਕੁੱਲ ਤਾਂ ਚੰਦਰੀ ਦੀ ਬਚ ਗਈ. ਮੇਰਾ ਜੇਸਨ ਪੈਦਾ ਹੋ ਗਿਐ. ਪਰ ਮੈਂ ਪੂਰੀ ਉਮਰ ਲਈ ਸਰਾਪੀ ਗਈ. ਨਾ ਘਰ ਦੀ ਰਹੀ ਨਾ ਘਾਟ ਦੀ. ਕਈ ਵਰ੍ਹੇ ਮੈਂ ਇਸਦੀ ਹੋਣੀ ਤੇ ਵੀ ਪਰਦੇ ਪਾਉਂਦੀ ਰਹੀ. ਇਸਨੂੰ ਲੱਗੀਆਂ ਅਲਾਮਤਾਂ ਨੂੰ ਕੱਜਦੀ ਰਹੀ. ਸ਼ਰਾਬ, ਡਰੱਗ ਇਸਦੀ ਕਮਜ਼ੋਰੀ ਬਣੇ ਹੋਏ ਸਨ. ਜਿਸ ਪੈਸੇ ਦਾ ਮਾਂ ਮਾਣ ਕਰਦੀ ਸੀ, ਉਹ ਦਿਨਾਂ ਵਿਚ ਕੁਲਦੀਪ ਨੇ ਉੜਾ ਦਿੱਤਾ. ਮੈਂ ਸੰਗ-ਸਰਫ਼ਾ ਕਰਦੀ ਹੋਈ ਘਰ ਨੂੰ ਸਮੇਟਦੀ ਰਹੀ. ਸੱਸ ਨਾਲ਼ ਵੀ ਕਦੀ ਲੜਦੀ. ਪੁੱਤ ਦੀਆਂ ਕਰਤੂਤਾਂ ਦਿਨੋਂ ਦਿਨ ਦੇਖ ਕੇ ਉਸਦੀ ਵੀ ਬੋਲਤੀ ਬੰਦ ਹੋ ਗਈ.

ਮੇਰੇ ਵਿਆਹ ਵੇਲੇ ਮੇਰੀ ਸੱਸ ਨੇ ਜਿਹੜੀਆਂ ਸਿਫ਼ਤਾਂ ਦੇ ਪੁਲ਼ ਮੇਰੇ ਮਾਂ-ਬਾਪ ਕੋਲ ਬੰਨੇ ਸਨ ਉਹ ਸਭ ਦਿਨਾਂ ਵਿੱਚ ਰੇਤ ਵਾਂਗ ਢਹਿ ਢੇਰੀ ਹੋ ਗਏ. ਮੇਰੇ ਨਾਲ਼ ਕੁਲਦੀਪ ਦੀ ਜਿਵੇਂ ਰਾਸ ਮਿਲੀ ਹੀ ਨਾ. ਉਨ੍ਹਾਂ ਦਿਨਾਂ ਵਿੱਚ ਕੁਲਦੀਪ ਆਪਣੇ ਮਿੱਤਰਾਂ-ਦੋਸਤਾਂ ਵਿਚ ਵੱਧ ਬੈਠਦਾ-ਉੱਠਦਾ, ਸਿਗਰਟ-ਸ਼ਰਾਬ ਪੀਂਦਾ ਤੇ ਡਰੱਗਾਂ ਨੂੰ ਹੱਥ  ਮਾਰਦਾ ਸੀ.

ਮੈਂ ਇਸਦੀ ਲੋੜ ਕਦੀ ਬਣੀ ਹੀ ਨਾ. ਇਹ ਜਦੋਂ ਜੀਅ ਕਰਦਾ ਮੈਨੂੰ ਗੁੰਨਦਾ-ਮਧੋਲਦਾ ਤੇ ਤੁਰ ਜਾਂਦਾ. ਜੇ ਕਰ ਮੈਂ ਕੁਝ ਪੁੱਛਦੀ-ਦੱਸਦੀ ਤਾਂ ਤਾੜ ਕਰਦਾ ਥੱਪੜ ਮੇਰੇ ਮੂੰਹ ਤੇ ਵੱਜਦਾ. ਸ਼ਰਾਬ-ਡਰੱਗਾਂ ਦੇ ਅਸਰ ਹੇਠ ਇਸਨੇ ਮੈਨੂੰ ਕਈ ਵੇਰਾਂ ਕੁੱਟਿਆ ਵੀ. ਮੈਂ ਬੀਬੀਆਂ ਨੂੰਹਾਂ ਧੀਆਂ ਵਾਂਗ ਹਰ ਹੀਲੇ ਆਪਣੇ ਜਿਸਮ ਤੇ ਪਏ ਨੀਲਾਂ ਨੂੰ ਲੁਕੋਂਦੀ ਰਹੀ. ਕੁਲਦੀਪ ਦੀ ਸੁਰਤ-ਬੇਸੁਰਤੀ ਵਿੱਚ ਇਸਨੇ ਮੰਮੀ ਜੀ ਤੇ ਵੀ ਹੱਥ ਚੁੱਕਿਆ. ਪਹਿਲੇ ਦਿਨਾਂ ਵਿੱਚ ਮੰਮੀ ਜੀ ਕਿੱਦਾਂ ਦੀ ਸੀ ਮੈਨੂੰ ਨਹੀਂ ਪਤਾ. ਮੈਨੂੰ ਉਹ ਹੀ ਪਤਾ ਸੀ ਜੋ ਕੁਲਦੀਪ ਨੇ ਮੈਨੂੰ ਦੱਸਿਆ ਸੀ. ਪਰ ਮੇਰੇ ਵਿਆਹ ਤੋਂ ਬਾਅਦ ਮੰਮੀ ਜੀ ਘਰ ਨੂੰ ਸਾਂਭਣ ਲਗ ਪਈ ਸੀ. ਘਰ ਦੀ ਕਿਸੇ ਗੱਲ ਦਾ ਬਾਹਰ ਧੂੰਆਂ ਨਾ ਕੱਢਦੀ. ਸਾਡੇ ਘਰ ਅੰਦਰ ਇਕ ਕਬਰ ਪੁੱਟੀ ਗਈ ਸੀ, ਜਿਸ ਵਿੱਚ ਅਸੀਂ ਦੋਨੋਂ ਨੂੰਹ-ਸੱਸ ਸਭ ਕੁੱਝ ਦੱਬ ਦਿੰਦੀਆਂ ਸਾਂ. ਮੇਰੀ ਸੱਸ ਨੂੰ ਸ਼ਾਇਦ ਕੁਲਦੀਪ ਬਾਰੇ ਮਾੜਾ-ਮੋਟਾ ਪਤਾ ਵੀ ਹੋਵੇਗਾ. ਪਰ ਮੈਂ ਆਈ ਸਾਂ ਪਿੰਡ ਤੋਂ. ਮੈਨੂੰ ਇੱਧਰਲੀ ਦੁਨੀਆਂ ਦੀ ਬਹੁਤੀ ਸਾਰ ਨਹੀਂ ਸੀ. ਪਰ ਮੰਮੀ ਜੀ ਪੁੱਤ ਦੀਆਂ ਊਣਤਾਈਆਂ ਨੂੰ ਢਕਦੀ ਰਹੀ. ਕੁਝ ਵੀ ਹੋਵੇ ਉਹ ਸਾਡੇ ਵਿਚਾਲੇ ਪੁਲ਼ ਦਾ ਕੰਮ ਕਰ ਰਹੀ ਸੀ. ਕਦੀ ਉਹ ਦੋ ਚਾਰ ਮੈਨੂੰ ਵੀ ਸੁਣਾ ਦਿੰਦੀ ਤੇ ਕਦੀ ਮੈਥੋਂ ਵੀ ਸੁਣ ਲੈਂਦੀ ਸੀ.

ਏੇਸੇ ਲੜਾਈ ਝਗੜੇ ਵਿੱਚ ਮੇਰੇ ਜੇਸਨ ਤੇ ਸਮੀਨਾ ਝੋਲੀ ਪੈ ਗਏ. ਸੱਤ-ਅੱਠ ਸਾਲ ਸਾਡੇ ਏਸੇ ਤਰ੍ਹਾਂ ਦੇ ਨਿੱਕਲੇ. ਕੁਲਦੀਪ ਆਪਣੇ ਮਿੱਤਰ-ਬੇਲੀਆਂ ਵਿੱਚ ਰੁੱਝਾ ਰਹਿੰਦਾ ਤੇ ਮੈਂ ਬੱਚੇ ਸਾਂਭਣ-ਪਾਲਣ ਵਿਚ. ਮੰਮੀ ਜੀ ਦੀਆਂ ਤੱਤੀਆਂ ਠੰਡੀਆਂ ਸੁਣਨ ਵਿੱਚ. ਸਭ ਚੁੱਪ ਕਰਕੇ ਸਹਿ ਲੈਂਦੀ ਸਾਂ. ਪਿਓ ਦੇ ਦਰ ਵਲ ਮੂੰਹ ਵੀ ਨਹੀਂ ਸਾਂ ਕਰ ਸਕਦੀ. ਉਸਦੇ ਦਰ ਹੋਰ ਕਈ ਧੀਆਂ ਸਨ. ਇਸ ਲਈ ਆਪਣੇ ਬਾਪ ਕੋਲ ਆਪਣੀ ਵਿਥਿਆ ਦੱਸਣ ਤੋਂ ਵੀ ਗੁਰੇਜ਼ ਕਰਦੀ ਸਾਂ. ਮੇਰੀਆਂ ਸਮੱਸਿਆਵਾਂ ਐਨੀਆਂ ਸਨ ਕਿ ਮੈਂ ਆਪਣੇ ਟੱਬਰ ਨੂੰ ਮੰਗਾਉਣ ਵੱਲ ਵੀ ਧਿਆਨ ਨਾ ਦੇ ਸਕੀ. ਉਹ ਵੀ ਨਿਹੋਰੇ ਮਾਰ-ਮਾਰ ਕੇ ਅੱਕ-ਥੱਕ ਗਏ. ਤੇ ਆਖ਼ਰ ਚੁੱਪ ਕਰਕੇ ਬੈਠ ਗਏ.

ਛੋਟੇ ਹੁੰਦੇ ਜੇਸਨ ਨੂੰ ਆਪਣੇ ਡੈਡੀ ਨਾਲ਼ ਬਹੁਤ ਮੋਹ ਸੀ. ਪਰ ਕੁਲਦੀਪ ਆਪਣੀ ਦੁਨੀਆਂ ਵਿਚ ਰਹਿੰਦਾ ਸੀ. ਜਦੋਂ ਜੇਸਨ ਸਵੇਰੇ ਸੁੱਤਾ ਉੱਠਦਾ ਤਾਂ ਕੁਲਦੀਪ ਦੇ ਕਮਰੇ ਵੱਲ ਨੂੰ ਭੱਜ ਤੁਰਦਾ. ਕਦੇ ਜੇਸਨ ਝਿੜਕਾਂ ਖਾ ਕੇ ਮੁੜਦਾ ਤੇ ਕਦੇ ਕਦਾਈਂ ਕੁਲਦੀਪ ਉਸ ਨਾਲ਼ ਖੇਲ ਵੀ ਲੈਂਦਾ. ਸਮੀਨਾ ਪਹਿਲਾਂ ਤੋਂ ਹੀ ਕੁਲਦੀਪ ਦੇ ਨੇੜੇ ਨਹੀਂ ਹੋਈ. ਤੇ ਨਾ ਹੀ ਕੁਲਦੀਪ ਨੇ ਕੋਈ ਤਰਦੱਦ ਕੀਤਾ ਕਿ ਸਮੀਨਾ ਨਾਲ਼ ਸਾਂਝ ਵਧਾ ਲਵੇ.

ਜੇਸਨ ਵੀਕ ਐਂਡ ਤੇ ਖਾਸ ਤੌਰ ਤੇ ਪਿਓ ਵੱਲ ਤਾਂਘਦਾ. ਉਸਦਾ ਮਨ ਚਾਹੁੰਦਾ ਕਿ ਉਸਦਾ ਡੈਡ ਉਸਨੂੰ ਬਾਹਰ ਲੈ ਕੇ ਜਾਵੇ. ਫੁੱਟਬਾਲ ਖੇਡੇ. ਆਈਸ ਹੌਕੀ ਦੇਖਣ ਲੈ ਕੇ ਜਾਵੇ. ਪਰ ਕੁਲਦੀਪ ਲਈ ਇਹ ਸਭ ਬਕਵਾਸ ਸਨ. ਬੱਚੇ ਘਰ ਬੈਠ ਕੇ ਟੀ।ਵੀ। ਦੇਖਣ, ਆਖ ਕੇ ਕੁਲਦੀਪ ਬਾਹਰ ਨਿੱਕਲ ਜਾਂਦਾ.

… ਤੇ ਉਸ ਸਵੇਰ ਵੀ ਜੇਸਨ ਸੁੱਤਾ ਉੱਠਦਾ ਕੁਲਦੀਪ ਦੇ ਕਮਰੇ ਵਲ ਦੌੜ ਗਿਆ ਸੀ. ਉੱਥੇ ਜਾ ਕੇ ਮੁੰਡੇ ਨੇ ਜੋ ਦੇਖਿਆ ਹੋਊ, ਉਸ ਨਾਲ਼ ਉਹ ਦਹਿਲ ਗਿਆ ਸੀ. ਮੁੰਡੇ ਦੀਆਂ ਨਜ਼ਰਾਂ ਵਿੱਚੀਂ ਬਹੁਤ ਕੁੱਝ ਨਿੱਕਲ ਗਿਆ ਸੀ. ਜਿਸ ਨਾਲ਼ ਜੇਸਨ ਡਰ ਕੇ ਕੰਬ ਰਿਹਾ ਸੀ.  ਜੇਸਨ ਦੀ ਨਜ਼ਰ ਪਥਰਾ ਗਈ ਸੀ. ਜੇਸਨ ਵਾਰ-ਵਾਰ ਆਖ ਰਿਹਾ ਸੀ, “ਜੈਰੀ ਇਜ਼ ਕਿਲਿੰਗ ਮਾਈ ਡੈਡ.”

ਉਸ ਦਿਨ ਮੈਂ ਵੀ ਪਤਾ ਨ੍ਹੀ ਕਿੱਥੋਂ ਹਿੰਮਤ ਕੱਠੀ ਕਰਕੇ ਉਸ ਕਮਰੇ ਵਿੱਚ ਦਾਖ਼ਲ ਹੋ ਗਈ ਸਾਂ. ਇਹ ਥਾਂ ਮੇਰੇ ਲਈ ਵਰਜਿਤ ਸੀ. ਮੈਂ ਇਸ ਕਮਰੇ ਨੂੰ ਉਸ ਵੇਲੇ ਸਾਫ਼ ਕਰਦੀ ਸਾਂ ਜਦੋਂ ਕੁਲਦੀਪ ਘਰ ਨਾ ਹੋਵੇ. ਸਾਡੇ ਕਮਰੇ ਪਹਿਲੇ ਦਿਨ ਤੋਂ ਹੀ ਅੱਡ-ਅੱਡ ਰਹੇ ਸਨ. ਕਿਸੇ ਨੂੰ ਦੱਸਦੀ ਵੀ ਨਹੀਂ ਸਾਂ. ਮੰਮੀ ਜੀ ਨੂੰ ਪਤਾ ਸੀ. ਸ਼ਾਇਦ ਏਸੇ ਵਾਸਤੇ ਉਹ ਮੇਰੇ ਨਾਲ਼ ਚੰਗੀ ਬਣੀ ਰਹਿੰਦੀ ਸੀ.  ਕਿਸੇ ਕੋਲ ਮੈਂ ਵੀ ਭੇਤ ਨਹੀਂ ਸੀ ਕੱਢਿਆ. ਸੋਚਦੀ ਸਾਂ ਲੋਕੀਂ ਕੀ ਆਖਣਗੇ? ਭਾਂਤ-ਸੁਭਾਂਤੀਆਂ ਗੱਲਾਂ ਕਰਨਗੇ. ਨਸ਼ੇ ਨਾਲ਼ ਧੁੱਤ ਕੁਲਦੀਪ ਜਦੋਂ ਮੇਰੇ ਕਮਰੇ ਦੀ ਚੌਖਟ ਪਾਰ ਕਰ ਕੇ ਆਇਆ ਤਾਂ ਮੇਰੀ ਝੋਲੀ ਇਹ ਦੋਨੋਂ ਬੱਚੇ ਪਾ ਗਿਆ.

ਉਸ ਦਿਨ ਰੋਹ ਮੇਰੇ ਅੰਦਰ ਸੱਪ ਦੀ ਵਿਸ ਵਾਂਗ ਘੋਲ ਕਰ ਰਿਹਾ ਸੀ. ਤੇ ਦਰ ਦੀ ਰੇਖਾ ਪਾਰ ਕਰਦਿਆਂ ਹੀ ਮੈਂ ਕੁਲਦੀਪ ਨੂੰ ਧੱਕਾ ਮਾਰ ਕੇ ਕੰਧ ਵਿੱਚ ਮਾਰਿਆ ਸੀ. ਗੋਰੇ ਨੂੰ ਵੀ ਉਸਦੇ ਵਾਲਾਂ ਤੋਂ ਫੜਕੇ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਸੀ. ਮਗਰ ਉਸਦੇ ਕੱਪੜੇ ਵਗਾਹ ਕੇ ਮਾਰੇ ਸਨ. ਉਹ ਕੱਪੜੇ ਕੱਠੇ ਕਰਦਾ, ਪਤਾ ਨ੍ਹੀ ਕੀ ਕੁੱਝ ਬੋਲੀ ਜਾ ਰਿਹਾ ਸੀ, “ਕਰੇਜ਼ੀ ਬਿੱਚ. ਸਟੂਪਿਡ ਵੁਮੈਨ.” ਆਖਦਾ ਉਹ ਦਰੋਂ ਬਾਹਰ ਹੋ ਗਿਆ.
“ਆ ਪਤੰਦਰਾ ਤੈਨੂੰ ਦੱਸਾਂ ਕਰੇਜ਼ੀ ਬਿੱਚ ਕੀ ਹੁੰਦੀ ਐ.” ਆਖਦਿਆਂ ਮੈਂ ਪੌੜੀਆਂ ਦੇ ਬੈਨਿਸਟਰ ਤੋਂ ਚੀਖ਼ੀ ਸਾਂ.

ਪਰ ਕੁਲਦੀਪ ਨਹੀਂ ਬੋਲਿਆ. ਨਜ਼ਰ ਝੁਕਾ ਕੇ ਕੋਨੇ ਵਿੱਚ ਕੱਠਾ ਜਿਹਾ ਹੋ ਕੇ ਖੜਾ ਰਿਹਾ ਸੀ. ਜਿਵੇਂ ਕੰਧ ਪਾਟ ਜਾਵੇਗੀ ਤੇ ਇਹ ਵਿੱਚ ਸਮਾ ਜਾਵੇਗਾ. ਉਸ ਵੇਲੇ ਮੈਂ ਆਪਣਾ ਫ਼ੈਸਲਾ ਨੀਂਵੀਂ ਪਾਏ ਖੜੇ ਕੁਲਦੀਪ ਨੂੰ ਸੁਣਾ ਦਿੱਤਾ ਸੀ. “ਅੱਜ ਤੋਂ ਇਸ ਘਰ ਵਿੱਚ ਪੈਰ ਨ੍ਹੀ ਪਾਉਣਾ. ਮੈਂ ਪਾਲ਼ ਲਵਾਂਗੀ ਆਪੇ ਬੱਚਿਆਂ ਨੂੰ. ਦਫ਼ਾ ਹੋ ਜਾ, ਨਿੱਕਲ ਬਾਹਰ.” ਹਿੰਮਤ ਪਤਾ ਨਹੀਂ ਕਿੱਥੋਂ ਮੇਰੇ ਵਿੱਚ ਆ ਗਈ ਸੀ. ਮੈਂ ਕੁਲਦੀਪ ਦੀ ਟੀ ਸ਼ਰਟ ਤੋਂ ਇਸਨੂੰ ਧੂਅ ਕੇ ਪੌੜੀਆਂ ਤੋਂ ਹੇਠਾਂ ਨੂੰ ਖਿੱਚਦੀ ਹੋਈ ਬਾਹਰ ਤਕ ਲੈ ਆਈ ਸਾਂ. ਮੰਮੀ ਜੀ ਵੀ ਖੜੀ ਦੇਖਦੀ ਰਹੀ ਸੀ. ਪਰ ਬੋਲੀ ਕੁਝ ਨਹੀਂ. ਕੀ ਕਹਿੰਦੀ? ਸ਼ਰਮ ਦੇ ਮਾਰੇ ਉਸਦਾ ਸਿਰ ਵੀ ਧਰਤੀ ਵਿੱਚ ਗੱਡ ਹੋ ਗਿਆ ਸੀ. ਮੇਰੇ ਅੰਦਰ ਬਲਦੀਆਂ ਲਾਟਾਂ ਨੇ ਮੰਮੀ ਜੀ ਦੀ ਬੋਲਤੀ ਬੰਦ ਕਰ ਦਿੱਤੀ ਸੀ.

ਪਹਿਲਾਂ ਕੁਲਦੀਪ, ਜੇ ਕਰ ਮੈਂ ਉੱਚਾ ਬੋਲ ਮੂੰਹੋਂ ਕੱਢਾਂ ਤਾਂ ਮੇਰੇ ਤੇ ਹੱਥ ਚੁੱਕ ਲੈਂਦਾ ਸੀ. … ਤੇ ਅੱਜ ਨਜ਼ਰ ਮਿਲਾਉਣ ਤੋਂ ਵੀ ਝਿਜਕ ਰਿਹਾ ਸੀ. ਨੰਗਾ ਸੱਚ ਕਿਹੜੇ ਕੋਨੇ ਵਿਚ ਲੁਕਾਵੇ? ਇਹ ਬਿਨਾਂ ਬੋਲਿਆਂ, ਸਿਰ ਸਿੱਟ ਕੇ ਘਰੋਂ ਚਲੇ ਗਿਆ. ਪਿੱਛੇ ਮੁੜ ਕੇ ਦੇਖਿਆ ਵੀ ਨਾ. ਦੇਖਣ ਦੀ ਹਿੰਮਤ ਹੀ ਨਹੀਂ ਪਈ ਹੋਣੀ. ਕਿੱਥੇ ਤੇ ਕਿੱਦਾਂ ਰਿਹਾ? ਅਸੀਂ ਨੂੰਹ ਸੱਸ ਨੇ ਪਤਾ ਕਰਨ ਦੀ ਕੋਸ਼ਿਸ਼ ਵੀ ਨਾ ਕੀਤੀ. ਮੰਮੀ ਜੀ ਦੇ ਅੰਦਰ ਕੀ ਬੀਤਦੀ ਸੀ, ਮੈਨੂੰ ਨਹੀਂ ਪਤਾ. ਪਰ ਉਸ ਨੇ ਮੇਰੇ ਨਾਲ਼ ਆਪਣਾ ਕੋਈ ਰੁਦਨ ਸਾਂਝਾ ਨਾ ਕੀਤਾ. ਸਗੋਂ ਮੈਨੂੰ ਦਿਲਾਸਾ ਦਿੰਦੀ ਰਹੀ.

ਮੈਨੂੰ ਵੀ ਕੈਨੇਡਾ ਰਹਿੰਦਿਆਂ ਕਈ ਵਰ੍ਹੇ ਹੋ ਗਏ ਸਨ. ਮੈਂ ਵੀ ਕਨੂੰਨ ਬਾਰੇ ਜਾਨਣ ਲੱਗ ਪਈ ਸਾਂ. ਮੈਂ ਇਕ ਦਿਨ ਬਿਨਾਂ ਪੁੱਛੇ-ਦੱਸੇ ਵਕੀਲ ਦੇ ਦਰ ਜਾ ਬੈਠੀ ਅਤੇ ਡਾਇਵੋਰਸ ਲਈ ਫਾਇਲ ਕਰ ਦਿੱਤਾ. ਕਈ ਦਿਨ ਬਥੇਰਾ ਸੋਚਿਆ ਕਿ ਕਿਵੇਂ ਪਾਲਾਂਗੀ ਦੋ ਬੱਚੇ? ਕਿਵੇਂ ਕਰਾਂਗੀ ਗੁਜ਼ਾਰਾ? ਫੇਰ ਮਨ ਵਿਚ ਆਇਆ ਕਿ ਦੂਜੀਆਂ ਕੌਮਾਂ ਦੀਆਂ ਤੀਂਵੀਆਂ ਵੀ ਬੱਚੇ ਪਾਲ਼ਦੀਆਂ ਹੀ ਹਨ. ਨਿੱਤ ਦਿਨ ਸਿੰਗਲ ਮਦਰ ਦੀ ਗੱਲ ਤੁਰਦੀ ਹੈ. ਜੇ ਕਰ ਉਹ ਔਰਤਾਂ ਬੱਚੇ ਪਾਲ਼ ਸਕਦੀਆਂ ਹਨ ਤਾਂ ਮੈਂ ਕਿਉਂ ਨਹੀਂ? ਕਾਲ਼ੀਆਂ-ਗੋਰੀਆਂ ਤਾਂ ਵਿਆਹੀਆਂ ਵੀ ਨਹੀਂ ਹੁੰਦੀਆਂ ਪਰ ਬੱਚੇ ਜਣ ਲੈਂਦੀਆਂ ਹਨ. ਕੱਲੀਆਂ ਪਾਲ਼ਦੀਆਂ ਹਨ. ਕੰਮ ਵੀ ਕਰਦੀਆਂ ਹਨ ਤੇ ਬੱਚਿਆਂ ਨੂੰ ਵੀ ਪਾਲ਼ੀ ਜਾਂਦੀਆਂ ਹਨ. ਵਿਆਹੀਆਂ-ਵਰੀਆਂ ਵੀ ਜਦੋਂ ਵੱਖ ਹੁੰਦੀਆਂ ਹਨ ਤਾਂ ਬੱਚੇ ਉਨ੍ਹਾਂ ਦੇ ਪਾਲਣ ਦੀ ਪਹਿਲ ਹੁੰਦੇ ਹਨ. ਨਿੱਤ ਦਿਨ ਦੇ ਲੜਾਈ ਝਗੜੇ ਤੋਂ, ਬੱਚਿਆਂ ਨੂੰ ਕੱਲੇ ਪਾਲਣਾ ਸੌਖਾ ਹੈ. ਨਿੱਤ ਦੀ ਕਿੜ-ਕਿੜ ਤੋਂ ਵੀ ਛੁਟਕਾਰਾ ਮਿਲਦਾ ਹੈ. ਬੱਚਿਆਂ ਦੀ ਮਾਨਸਿਕਤਾ ਲਈ ਵੀ ਚੰਗਾ ਹੈ.

ਮੈਂ ਬਸ ਹੱਠ ਦਾ ਪੱਲਾ ਫੜ ਲਿਆ ਸੀ. ਕੋਈ ਕਹਿੰਦਾ, ਕਿਸੇ ਹੋਰ ਨੂੰ ਇੰਡੀਆ ਤੋਂ ਸੱਦ-ਮੰਗਵਾ ਲੈ. ਚਾਰ ਪੈਸੇ ਵੀ ਮਿਲ ਜਾਣਗੇ. ਲੋਕੀਂ ਕੈਨੇਡਾ ਲੰਘਣ ਵਾਸਤੇ ਲੱਖਾਂ ਦੇਣ ਨੂੰ ਤਿਆਰ ਬੈਠੇ ਹਨ. ਕੋਈ ਕਿਸੇ ਦੀ ਦੱਸ ਪੁੱਛ ਪਾਉਂਦਾ. ਹਰ ਕਿਸੇ ਨੂੰ ਮੈਂ ਕਿਸੇ ਰਿਸ਼ਤੇਦਾਰ ਦੀ ਰਾਹਦਾਰੀ ਨਜ਼ਰ ਆਉਂਦੀ ਸਾਂ, ਜਾਂ ਕੱਚੇ-ਪੱਕੇ ਆਦਮੀਆਂ ਨੂੰ ਮੁਫ਼ਤ ਦਾ ਮਾਲ. ਪਰ ਮੈਂ ਕਿਸੇ ਨੂੰ ਘਰ ਦੇ ਆਲੇ-ਦੁਆਲੇ ਫਟਕਣ ਨਾ ਦਿੱਤਾ. ਮੰਮੀ ਜੀ ਨੂੰ ਵੀ ਜ਼ਿੰਦਗੀ ਦੇ ਥਪੇੜੇ ਖਾ ਕੇ ਅਕਲ ਆ ਗਈ ਸੀ. ਉਹ ਵੀ ਮੇਰਾ ਪੂਰਾ ਸਾਥ ਦੇਣ ਲੱਗ ਪਈ ਸੀ.

ਜਿਸ ਘਰ ਵਿਚ ਮੈਂ ਰਹਿੰਦੀ ਸਾਂ, ਜਿਸ ਘਰ ਵਿੱਚ ਮੈਂ ਹੁਣ ਬੈਠੀ ਹਾਂ, ਇਹ ਮੰਮੀ ਜੀ ਦੇ ਨਾਂ ਸੀ. ਡੈਡੀ ਜੀ ਦੇ ਤੁਰਨ ਮਗਰੋਂ ਪੈਸਾ-ਧੇਲਾ, ਘਰ, ਸਭ ਮੰਮੀ ਜੀ ਦੇ ਨਾਂ ਹੋ ਗਏ ਸਨ. ਘਰ ਦੀ ਮੌਰਟਗੇਜ਼ ਇੰਸ਼ੂਰੈਂਸ ਵੀ ਕਰਾਈ ਹੋਈ ਸੀ. ਡੈਡੀ ਜੀ ਤੋਂ ਬਾਅਦ ਇੰਸ਼ੂਰੈਂਸ ਨੇ ਮੌਰਟਗੇਜ਼ ਖਤਮ ਕਰ ਦਿੱਤੀ. ਪਹਿਲਾਂ ਕੰਪਨੀ ਨੇ ਬਥੇਰੀਆਂ ਢੁੱਚਰਾਂ ਕੀਤੀਆਂ ਕਿ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ. ਤੇ ਤੁਸੀਂ ਸਾਨੂੰ ਇਸ ਬਾਰੇ ਦੱਸਿਆ ਹੀ ਨਹੀਂ.  ਪਰ ਮੰਮੀ ਜੀ ਨੇ ਵੀ ਚੰਗਾ ਵਕੀਲ ਕੀਤਾ ਹੋਇਆ ਸੀ. ਜਿਸਨੇ ਇੰਸ਼ੂਰੈਂਸ ਵੱਲੋਂ ਸਾਰੇ ਪੈਸੇ ਦੁਆ ਕੇ ਸਾਹ ਲਿਆ. ਫੀਸ ਉਸਨੇ ਮੋਟੀ ਲੈ ਲਈ. ਮੌਰਟਗੇਜ਼ ਖਤਮ ਹੋ ਗਈ. ਮੰਮੀ ਜੀ ਦੇ ਸਿਰ ਹੋਰ  ਕੋਈ ਕਰਜ਼ਾ ਵੀ ਨਹੀਂ ਸੀ ਰਿਹਾ.

… ਤੇ ਫੇਰ ਕੁਲਦੀਪ ਦੇ ਘਰੋਂ ਜਾਣ ਬਾਅਦ ਬਿੱਲ-ਬੱਤੀਆਂ ਤੇ ਰੋਟੀ ਪਾਣੀ ਦਾ ਖਰਚਾ ਮੇਰੇ ਪੈਸਿਆਂ ਨਾਲ਼ ਤੇ ਮੰਮੀ ਜੀ ਦੀ ਪੈਨਸ਼ਨ ਨਾਲ਼ ਤੁਰਨ ਲੱਗ ਪਿਆ. ਮੰਮੀ ਜੀ ਨੇ ਸੋਚ-ਵਿਚਾਰ ਕਰਕੇ ਘਰ ਬੱਚਿਆਂ ਦੇ ਨਾਂ ਲੁਆ ਦਿੱਤਾ ਤੇ ਮੈਨੂੰ ਦੇਖ-ਭਾਲ ਲਈ, ਜਦੋਂ ਤਕ ਉਹ ਬਾਲਗ ਹੋਣਗੇ, ਜ਼ਿੰਮੇਵਾਰ (ਕੇਅਰਟੇਕਰ) ਬਣਾ ਦਿੱਤਾ. ਪੁੱਤ ਦੀਆਂ ਕਰਤੂਤਾਂ ਤੇ ਜਿਵੇਂ ਉਸਨੂੰ ਵੀ ਇਤਬਾਰ ਨਾ ਰਿਹਾ.

ਅਸੀਂ ਨੂੰਹ ਸੱਸ ਔਖੀਆਂ-ਸੌਖੀਆਂ ਗੁਜ਼ਾਰਾ ਕਰਦੀਆਂ ਰਹੀਆਂ ਤੇ ਬੱਚੇ ਪਾਲ਼ਦੀਆਂ ਰਹੀਆਂ.

ਨਾ ਹੀ ਕੁਲਦੀਪ ਨੇ ਕਦੀ ਪੁੱਛਿਆ, ਕਿ ਬੱਚੇ ਕਿਵੇਂ ਪਲ਼ ਰਹੇ ਹਨ? ਤੇ ਨਾ ਹੀ ਅਸੀਂ ਇਸ ਨਾਲ਼ ਰਾਬਤਾ ਰੱਖਿਆ. ਘਰ ਨਾਲੋਂ ਟੁੱਟ ਕੇ ਇਸਨੇ ਕੀ ਮਹਿਸੂਸ ਕੀਤਾ? ਮੈਨੂੰ ਨਹੀਂ ਪਤਾ. ਮੈਨੂੰ ਇਸ ਤਰ੍ਹਾਂ ਲੱਗੈ ਜਿਵੇਂ ਇਸਨੂੰ ਕਦੀ ਬੱਚਿਆਂ ਦੀ, ਮੇਰੀ ਜਾਂ ਆਪਣੀ ਮਾਂ ਦੀ ਲੋੜ ਮਹਿਸੂਸ ਹੀ ਨਾ ਹੋਈ ਹੋਵੇ. ਤੇ ਮੈਂ ਵੀ ਜ਼ਿੰਦਗੀ ਨੂੰ ਆਪਣੇ ਹੱਠ ਦੇ ਸਿਰ ਤੇ ਜੀਣ ਲੱਗ ਪਈ. ਇਸਦੇ ਨਾਂ ਵਾਲੀ ਸਲੇਟ ਜਿਵੇਂ ਸਾਫ਼ ਕਰ ਦਿੱਤੀ.

… ਤੇ ਹੁਣ ਐਨੇ ਵਰ੍ਹਿਆਂ ਬਾਅਦ, ਨਾ ਬੱਚਿਆਂ ਨੂੰ ਇਸਦੀ ਲੋੜ ਸੀ ਤੇ ਨਾ ਮੈਨੂੰ. ਮੈਂ ਜ਼ਿੰਦਗੀ ਦੇ ਦਸ-ਬਾਰਾਂ ਵਰ੍ਹੇ ਇਕੱਲ ਭੋਗ ਲਿਆ ਸੀ. ਤੇ ਇਹ ਆਦਮੀ ਦਰ-ਦਰ ਭਟਕ ਕੇ ਅਜ ਮੇਰੇ ਦੁਆਰ ਆ ਖੜਾ ਹੋਇਆ. ਗੁੱਸਾ ਮੇਰੇ ਅੰਦਰ ਵੀ ਜੁਗਾਲ਼ ਕਰ ਰਿਹਾ ਸੀ. ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਇਸ ਨਾਲ਼ ਕੀ ਗੱਲ ਬਾਤ ਕਰਾਂ? ਕਿਹੜੀ ਗੱਲ ਛੇੜਾਂ? ਕਾਹਦੇ ਬਾਰੇ ਗੱਲ ਕਰਾਂ?

ਐਂਵੇ ਬੋਲ-ਚਾਲ ਵਧਾਉਣ ਵਾਂਗ ਮੈਂ ਪੁੱਛ ਲਿਆ, “ਚਾਹ ਬਣਾਵਾਂ?” ਤੇ ਫੇਰ ਆਪਣੇ ਹੀ ਮਨ ਨੂੰ ਆਖਣ ਲੱਗੀ, ਐਨਾ ਸਹਿਜ ਰਿਸ਼ਤਾ ਨਹੀਂ ਹੈ ਸਾਡਾ. ਸਿਰਫ਼ ਰਿਸ਼ਤੇ ਦਾ ਨਾਂ ਹੈ ਤੇ ਉਹ ਵੀ ਬੀਤ ਚੁੱਕਾ ਕਲ. ਡਾਇਵੋਰਸ ਤੋਂ ਲੈ ਕੇ ਅੱਜ ਤਕ ਏਸ ਬੰਦੇ ਨੇ ਸਾਡੀ ਬਾਤ ਪੁੱਛੀ ਹੀ ਨਹੀਂ ਸੀ ਤੇ ਮੈਂ ਬੜੇ ਸਹਿਜ ਜਿਹੇ ਵਿੱਚ ਆਖ ਰਹੀ ਹਾਂ, ਚਾਹ ਬਣਾਵਾਂ? ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਉਸਨੂੰ ਘਰ ਦੀ ਮਾਲਕੀ ਸਿਲਵਰ ਦੀ ਪਲੇਟ ਵਿੱਚ ਰੱਖ ਕੇ ਪੇਸ਼ ਕਰ ਦਿੱਤੀ ਹੋਵੇ. ਆਖਿਆ ਹੋਵੇ, ਤੇਰੀਆਂ ਸਾਰੀਆਂ ਭੁੱਲਾਂ ਮਾਫ਼. ਤੇਰੀ ਦਿੱਤੀ ਹਰ ਸਜ਼ਾ, ਹਰ ਪੀੜ ਲਈ ਤੈਨੂੰ ਬਖ਼ਸ਼ ਦਿੱਤੈ. ਫੇਰ ਦੂਜੇ ਹੀ ਪਲ ਮੇਰੇ ਅੰਦਰ ਮੇਰੀ ਧੀ ਦੀਆਂ ਸਿਸਕੀਆਂ, ਮੇਰੇ ਪੁੱਤ ਦਾ ਰੋਣਾ ਚੀਕ ਮਾਰ ਕੇ ਗੂੰਜਿਆ. ਮੈਂ ਬਿਨਾਂ ਬੋਲੇ ਉੱਠੀ ਤੇ ਕਿਚਨ ਵਲ ਤੁਰ ਪਈ. ਸੋਚਿਆ ਕਿ ਕੋਈ ਅਨਜਾਣ ਬੰਦਾ ਵੀ ਆ ਜਾਵੇ ਤਾਂ ਚਾਹ-ਪਾਣੀ ਉਸਨੂੰ ਵੀ ਪੁੱਛ ਲਈਦਾ ਹੈ.

ਪਤੀਲੇ ਵਿਚ ਚਾਹ ਦਾ ਪਾਣੀ ਰੱਖ ਕੇ ਮੈਂ ਸੋਚੀਂ ਡੁੱਬ ਗਈ. ਬੀਤੇ ਦੀਆਂ ਯਾਦਾਂ ਜਿਵੇਂ ਪਾਣੀ ਦੇ ਉਬਾਲ ਵਾਂਗ ਉੱਬਲ ਰਹੀਆਂ ਸਨ. ਮਨ ਦੀ ਤੌੜੀ ਵਿੱਚ ਧੁਆਂਖੇ ਦੀ ਹਮਕ ਮੇਰੇ ਸਿਰ ਨੂੰ ਚੜ੍ਹਨ ਲੱਗੀ. ਮੈਂ ਸੋਚ ਰਹੀ ਸਾਂ, ਏਸੇ ਤਰ੍ਹਾਂ ਉਸ ਦਿਨ ਵੀ ਪਤੀਲਾ ਉੱਬਲ ਰਿਹਾ ਸੀ. ਦਾਰੂ ਦੇ ਨਸ਼ੇ ਵਿਚ ਕੁਲਦੀਪ ਨੇ ਸਮੀਨਾ ਨੂੰ ਉਸ ਪਤੀਲੇ ਉੱਪਰ ਫੜਿਆ ਹੋਇਆ ਸੀ. ਜੇ ਕਰ ਮੈਂ ਨਾ ਪਹੁੰਚਦੀ ਤਾਂ ਕੀ ਬਣਦਾ? ਮੇਰੀ ਧੀ ਦਾ ਜਿਸਮ ਅੱਜ ਜਲ਼ਿਆ-ਭੁੱਜਿਆ ਹੁੰਦਾ. ਸੋਚਦੀ ਹਾਂ, ਜੇਸਨ ਹੈ ਵੀ ਸੱਚਾ, ਮੈਂ ਕਿਉਂ ਏਸ ਦੇ ਪਾਗਲਪਨ ਨੂੰ ਪੱਠੇ ਪਾਉਂਦੀ ਹਾਂ?

ਫੇਰ ਸੋਚਦੀ ਹਾਂ ਕਿ ਮੇਰੇ ਸੰਸਕਾਰਾਂ ਨੇ ਮੈਨੂੰ ਦਬੋਚ ਕੇ ਘਰ ਦੇ ਖੁੱਡੇ ਵਿੱਚ ਬੰਦ ਕਰ ਦਿੱਤਾ ਸੀ. ਉਹ ਕੇਹੇ ਸੰਸਕਾਰ ਜਿਹੜੇ ਬੰਦਿਆਂ ਨੂੰ ਜੀਣ ਨਹੀਂ ਦਿੰਦੇ? ਉੱਥੇ ਖੜਿਆਂ ਬੀਤੇ ਦੀ ਚੀਕ ਨੇ ਜਿਵੇਂ ਮੈਨੂੰ ਆਪਣੇ ਵਿੱਚ ਭਿਉਂ ਲਿਆ. ਇਹੋ ਘਰ ਸੀ ਜਦੋਂ ਮੈਂ ਏਅਰਪੋਰਟ ਤੋਂ ਉੱਤਰ, ਕਾਰ ਵਿੱਚੋਂ ਨਿੱਕਲ ਕੇ ਏਸ ਘਰ ਦੀ ਦਹਿਲੀਜ਼ ਟੱਪੀ ਸਾਂ. ਏਸੇ ਘਰ ਵਿੱਚ ਮੇਰੀ ਸੱਸ ਨੇ ਦੁਬਾਰਾ ਪਾਣੀ ਵਾਰਿਆ ਸੀ. ਇਸੇ ਘਰ ਵਿੱਚੋਂ, ਜਿਸ ਦਿਨ ਮੈਂ ਕੁਲਦੀਪ ਨੂੰ ਘਰੋਂ ਬਾਹਰ ਕੱਢਿਆ ਸੀ ਤਾਂ ਮੇਰੀ ਸੱਸ ਕੁਝ ਬੋਲ ਨਹੀਂ ਸੀ ਸਕੀ. ਬੱਸ ਢਿੱਡ ਵਿੱਚ ਮੁੱਕੀ ਦੇਕੇ ਬੈਠ ਗਈ ਸੀ. ਜਿੰਨਾ ਚਿਰ ਉਹ ਮੇਰੇ ਕੋਲ ਰਹੀ, ਅੱਖ ਚੁਰਾਉਂਦੀ ਰਹੀ. … ਤੇ ਫੇਰ ਜਦੋਂ ਉਹ ਬਹੁਤ ਔਖ ਮਹਿਸੂਸ ਕਰਨ ਲੱਗੀ ਤਾਂ ਪਿੰਡ ਨੂੰ ਤੁਰ ਗਈ. ਉਸਨੂੰ ਮੇਰਾ ਤੇ ਬੱਚਿਆਂ ਦਾ ਸਾਮ੍ਹਣਾ ਕਰਨਾ ਔਖਾ ਲਗ ਰਿਹਾ ਸੀ. ਮੈਂ ਸਮਝ ਸਕਦੀ ਸਾਂ ਉਸਦੀ ਮਨੋਦਸ਼ਾ. ਬਥੇਰਾ ਮੈਂ ਉਸਨੂੰ ਸਮਝਾਇਆ ਸੀ ਕਿ ਘੱਟੋ-ਘੱਟ ਉਹ ਮੇਰੇ ਕੋਲ ਰਹੇ. ਬੱਚਿਆਂ ਨੂੰ ਆਸਰਾ ਵੀ ਰਹੂ ਤੇ ਡਰ ਵੀ. ਪਰ ਨਹੀਂ, ਸਨਿਆਸ ਲੈਣ ਵਾਂਗ ਉਹ ਪਿੰਡ ਨੂੰ ਚਲੀ ਗਈ. ਸ਼ਾਇਦ ਉਸਦੇ ਆਪਣੇ ਬੋਲੇ ਹੋਏ ਬੋਲ ਉਸਦਾ ਪਿੱਛਾ ਕਰ ਰਹੇ ਸਨ.

… ਤੇ ਰਹਿ ਗਈ ਮੈਂ ਘਰ-ਬਾਰ ਸਾਂਭਦੀ ਤੇ ਬੱਚੇ ਪਾਲ਼ਦੀ ਹੋਈ. ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮਾਂ-ਪਿਓ ਆਪਣੇ ਵਿਗੜੇ-ਤਿਗੜੇ ਪੁੱਤ, ਨੂੰਹਾਂ ਦੇ ਹਵਾਲੇ ਕਰਕੇ ਸ਼ੁਕਰ ਮੰਨਾਉਂਦੇ ਹੋਣ. ਤੇ ਪਿੱਛੇ ਰਹਿ ਜਾਂਦੀ ਹੈ ਨੂੰਹਾਂ ਦੀ ਸਿਰ ਦਰਦੀ.

ਮੈਨੂੰ ਚੇਤਾ ਹੈ ਕਿਵੇਂ ਮੈਂ ਕੁਲਦੀਪ ਘਰ ਹੁੰਦੇ ਤੇ ਇਸਦੀ ਕੁੱਟ-ਮਾਰ ਵੀ ਝੱਲਦੀ ਰਹੀ ਸਾਂ. ਦੋ ਵਾਰ ਮੈਂ ਘਰ ਵਿੱਚ ਸੱਸ ਹੁੰਦੀ ਸੁ ਹੁੰਦੀ ਤੇ ਵੈਟਰਡ ਵਿਮਿਨ ਦੇ ਸ਼ੈਲਟਰ (ਘਰੋਂ ਬੇਘਰ ਹੋਈਆਂ ਔਰਤਾਂ ਦੇ ਅਦਾਰੇ) ਵਿਚ ਵੀ ਰਹਿ ਆਈ ਸਾਂ. ਮੇਰੀ ਸੱਸ ਮੈਨੂੰ ਫੇਰ ਘਰ ਲੈ ਆਉਂਦੀ ਰਹੀ ਸੀ. … ਤੇ ਮੇਰਾ ਜੇਰਾ ਵੀ ਘਰ ਤੋੜਨ ਨੂੰ ਨਹੀਂ ਸੀ ਪੈ ਰਿਹਾ. ਬੀਜੀ ਹਰ ਵਾਰ ਆਖਦੀ, “ਤੂੰ ਮੇਰੀ ਖਾਤਰ ਮੰਨ ਜਾ.”

ਮੈਂ ਸਿਰ ਸਿੱਟ ਕੇ ਹਾਰ ਜਾਂਦੀ ਰਹੀ ਸਾਂ. ਮੇਰਾ ਪਿੱਛਾ ਕਰਨ ਵਾਲਾ ਵੀ ਕੋਈ ਨਹੀਂ ਸੀ, ਜਿਹਦੇ ਜੋਰ ਤੇ ਮੈਂ ਤਾਂਘੜਦੀ? ਮੇਰੇ ਨਾਲ਼ ਕੰਮ ਕਰਨ ਵਾਲੀਆਂ ਕੁੜੀਆਂ ਆਖਦੀਆਂ ਹੁੰਦੀਆਂ ਸਨ ਕਿ ਏਸ ਮੁਲਕ ਵਿਚ ਤਾਂ ਪੁਲੀਸ ਹੀ ਮਾਈ-ਬਾਪ ਹੈ. ਕੋਈ ਉੱਚਾ ਬੋਲ ਵੀ ਬੋਲੇ ਤਾਂ ਘੁਮਾ ਦਿਓ ਨੌਂ ਸੌ ਗਿਆਰਾਂ ਨੰਬਰ.  ਤੇ ਵੈਸੇ ਵੀ ਜਿਸਨੂੰ ਹੋਰ ਕੋਈ ਨਹੀਂ ਸਾਂਭਦਾ, ਉਸਨੂੰ ਸਰਕਾਰ ਸਾਂਭਦੀ ਹੈ. ਪਰ ਮੇਰਾ ਜਿਗਰਾ ਨਾ ਪੈਂਦਾ. ਮੈਂ ਲੰਮੀ ਸੋਚਦੀ. ਪੂਰੀ ਉਮਰ ਦਾ ਹਿਸਾਬ ਲਾਉਂਦੀ. ਆਪਣੇ ਧੀ-ਪੁੱਤ ਬਾਰੇ ਸੋਚਦੀ. ਇਸ ਵਾਸਤੇ ਮੈਂ ਕੁਲਦੀਪ ਨੂੰ ਵੀ ਹਰ ਇਕ ਦੀ ਨਜ਼ਰ ਤੋਂ ਬਚਾਈ ਜਾਂਦੀ ਰਹੀ ਸਾਂ. ਸੋਚਦੀ ਸਾਂ ਸ਼ਾਇਦ ਕਿਸੇ ਦਿਨ ਸਭ ਠੀਕ ਹੋਜੂ. ਇਹ ਸੁਧਰ ਜਾਊ.

ਕੁਲਦੀਪ ਨੇ ਕੋਈ ਪੈਸਾ ਧੇਲਾ ਕਿਸੇ ਅਕਾਉਂਟ ਵਿਚ ਨਹੀਂ ਸੀ ਰਹਿਣ ਦਿੱਤਾ. ਸਭ ਹਜ਼ਮ ਕਰ ਗਿਆ ਸੀ. ਕਈ ਰਿਸ਼ਤੇਦਾਰ ਵੀ ਇਸਨੂੰ ਸਮਝਾ ਥੱਕੇ ਸਨ. ਪਰ ਇਸਦੇ ਦਿਮਾਗ ਵਿਚ ਕੁਝ ਨਹੀਂ ਸੀ ਪੈਂਦਾ. ਗੰਦੀ ਬੋਲੀ ਵਿੱਚ ਇਹ ਸਿਆਣਿਆਂ-ਬਿਆਣਿਆਂ ਦੀ ਲਾਹ-ਪਾਹ ਕਰ ਦਿੰਦਾ ਸੀ. ਉਸ ਵੇਲੇ ਮੰਮੀ ਜੀ ਆਪਣਾ ਮੂੰਹ ਢੱਕਦੀ ਸੀ.

ਜਿਸ ਦਿਨ ਜੇਸਨ ਨੇ ਇਸਨੂੰ ਦੇਖਿਆ ਸੀ ਤਾਂ ਜੇਸਨ ਤੇ ਜਿਹੜਾ ਅਸਰ ਹੋਇਆ, ਉਹ ਸੋਚਣ ਤੋਂ ਬਾਹਰ ਹੈ. ਕਈ ਮਹੀਨੇ ਜੇਸਨ ਚੁੱਪ-ਗੜੁੱਪ ਰਿਹਾ. ਡਾਕਟਰ ਕਹਿੰਦਾ ਸੀ ਕਿ “ਮਾਨਸਿਕ ਤੌਰ ਤੇ ਇਹ ਝੰਝੋੜਿਆ ਗਿਆ ਹੈ. ਬੱਚਾ ਸੋਚਣ ਲੱਗ ਪਿਆ ਹੈ ਕਿ ਇਸਦੇ ਬਾਪ ਨੂੰ ਸ਼ਾਇਦ ਕੋਈ ਸੱਚ ਹੀ ਮਾਰ ਰਿਹਾ ਹੈ. ਭਾਰਤੀ ਮਾਪੇ ਵੈਸੇ ਵੀ ਬੱਚਿਆਂ ਨਾਲ਼ ਜਾਤੀ ਗੱਲ-ਬਾਤ ਨਹੀਂ ਕਰਦੇ. ਉਮਰ ਪੱਖੋਂ ਇਹ ਐਨਾ ਛੋਟਾ ਹੈ ਕਿ ਸਕੂਲ ਵਾਲੇ ਵੀ ਕੁਝ ਨਹੀਂ ਸਮਝਾ ਸਕਦੇ. … ਤੇ ਫੇਰ ਬਾਪ ਦਾ ਘਰ ਛੱਡ ਕੇ ਚਲੇ ਜਾਣਾ ਵੀ ਬੱਚੇ ਦੇ ਦਿਮਾਗ ਤੇ ਅਸਰ ਕਰ ਰਿਹਾ ਹੈ. ਜੇਸਨ ਸੋਚ ਰਿਹਾ ਹੈ ਕਿ ਜੋ ਲੜਾਈ ਝਗੜਾ ਹੋਇਆ ਹੈ, ਇਹ ਸਭ ਇਸਦਾ ਹੀ ਕਸੂਰ ਹੈ. ਏਸੇ ਦੇ ਕਾਰਨ ਉਸਦੇ ਬਾਪ ਨੂੰ ਘਰ ਵੀ ਛੱਡਣਾ ਪੈ ਗਿਆ ਹੈ.”

ਡਾਕਟਰ ਨੇ ਮੈਨੂੰ ਤੇ ਮੰਮੀ ਜੀ ਨੂੰ ਬਿਠਾਲ ਕੇ ਇਹ ਵੀ ਆਖਿਆ ਸੀ ਕਿ “ਤੁਹਾਡੀ ਦੋਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਦੋਵੇਂ ਇਸ ਦੇ ਮਨ ਦੀ ਸ਼ੰਕਾ ਨੂੰ ਦੂਰ ਕਰੋਂ. ਇਸਨੂੰ ਸਮਝਾਵੋ ਕਿ ਇਸਦਾ ਕੋਈ ਦੋਸ਼  ਨਹੀਂ ਹੈ. ਚੰਗਾ ਹੁੰਦਾ ਜੇ ਕਰ ਇਸ ਦਾ ਬਾਪ ਸਮਝਾਉਣ ਵਿੱਚ ਮਦਦ ਕਰ ਸਕਦਾ. ਖ਼ੈਰ!” ਤੇ ਉਸਨੇ ਗੱਲ ਵਿਚਾਲੇ ਛੱਡ ਦਿੱਤੀ.

ਮੈਂ ਰੱਬ ਦਾ ਸ਼ੁਕਰ ਮਨਾਉਣ ਲੱਗੀ ਕਿ ਜੇਸਨ ਨੂੰ ਵਿਚਲੀ ਕਹਾਣੀ ਦਾ ਪਤਾ ਨਹੀਂ ਸੀ. ਮੈਂ ਤੇ ਮੰਮੀ ਜੀ ਨੇ ਵੀ ਕੋਈ ਐਸੀ ਵੈਸੀ ਗੱਲ ਨਾ ਘਰ ਵਿੱਚ ਛੇੜੀ. ਤੇ ਨਾ ਹੀ ਜੇਸਨ ਦੇ ਸਾਮ੍ਹਣੇ ਅਸੀਂ ਕੋਈ ਐਸੀ ਗੁਪਤ ਢੰਗ ਨਾਲ਼ ਗੱਲ ਕੀਤੀ ਜਿਸ ਤੋਂ ਜੇਸਨ ਨੂੰ ਕੋਈ ਸ਼ੰਕਾ ਪੈਦਾ ਹੋਵੇ. ਵਕਤ ਦੇ ਨਾਲ਼ ਜੇਸਨ ਹੱਸਣ-ਖੇਲਣ ਲਗ ਪਿਆ. ਪਿੱਛਲਾ ਉਸਨੂੰ ਚੇਤਾ ਭੁੱਲਣ ਲਗ ਪਿਆ ਤੇ ਵੱਡਾ ਹੋ ਕੇ ਜੇਸਨ ਹੌਲੀ-ਹੌਲੀ ਕਹਾਣੀ ਸਮਝ ਵੀ ਗਿਆ. ਉਸਦੇ ਅੰਦਰ ਸਵਾਲ ਜ਼ਰੂਰ ਉੱਠਣ ਲੱਗ ਪਏ. ਆਪਣੇ ਬਾਪ ਵਾਸਤੇ ਨਫ਼ਰਤ ਵੀ ਪਨਪਣ ਲਗ ਪਈ.

ਸਮੀਨਾ ਭਾਵੇਂ ਛੋਟੀ ਸੀ, ਉਸਨੂੰ ਪੂਰੀ ਕਹਾਣੀ ਨਹੀਂ ਵੀ ਪਤਾ. ਪਰ ਪਿਓ ਦੇ ਡਰੱਗੀ ਹੋਣ ਬਾਰੇ ਉਸਨੂੰ ਵੀ ਪਤਾ ਹੈ. ਸ਼ਰਾਬੀ ਹੋਏ ਤੇ ਥੋੜੀ ਜਿਹੀ ਕੁੱਟ-ਮਾਰ ਵੀ ਚੇਤੇ ਹੈ. ਮੈਂ ਸੋਚਦੀ ਹਾਂ ਕਿ ਦੋਨੋਂ ਬੱਚੇ ਆਪਣੇ ਥਾਂ ਸੱਚੇ ਹਨ. ਕੀ ਦੇਖਿਆ ਹੈ ਉਨ੍ਹਾਂ ਨੇ ਆਪਣੇ ਬਾਪ ਦੇ ਪਿਆਰ ਦਾ? ਕੀ ਮਿਲਿਆ ਉਨ੍ਹਾਂ ਨੂੰ ਇਸ ਰਿਸ਼ਤੇ ‘ਚੋਂ? ਜਿਸ ਇਨਸਾਨ ਤੇ ਬੱਚੇ ਰੱਬ ਤੋਂ ਵੱਧ ਭਰੋਸਾ ਕਰਦੇ ਹੁੰਦੇ ਹਨ, ਉਸੇ ਰਿਸ਼ਤੇ ਨੇ ਉਨ੍ਹਾਂ ਦੇ ਭਰੋਸੇ ਨੂੰ ਲੀਰਾਂ-ਲੀਰਾਂ ਕੀਤਾ ਹੈ.

ਪਰ ਮੈਂ ਆਪਣੇ ਥਾਂ ਸੱਚੀ ਹਾਂ. ਮੈਂ ਸੋਚਦੀ ਹਾਂ ਕਿ ਕੁਲਦੀਪ ਨੇ ਬਹੁਤ ਗ਼ਲਤੀਆਂ ਕਰ-ਕਰ ਕੇ ਆਪਣਾ ਆਪ ਸੰਵਾਰਿਆ ਹੈ. ਕੁਲਦੀਪ ਖੁਦ ਮਾਂ-ਬਾਪ ਦੀ ਲੜਾਈ ਵਿੱਚ ਭਟਕਿਆ ਹੋਇਆ ਬੰਦਾ ਸੀ. ਇਸ ਨੇ ਵੀ ਕੀ ਜ਼ਿੰਦਗੀ ‘ਚੋਂ ਖੱਟਿਆ? ਇਹ ਤਾਂ ਆਪ ਟੁੱਟਿਆ ਰਿਹਾ ਆਪਣੇ ਆਪ ਨਾਲੋਂ ਤੇ ਆਪਣੇ ਹਰ ਰਿਸ਼ਤੇ ਨਾਲ਼ੋਂ. ਇਸਦੇ ਆਪਣੇ ਪੱਲੇ ਵਿੱਚ ਕੁਝ ਹੈ ਨਹੀਂ ਸੀ, ਤੇ ਕਿਸੇ ਹੋਰ ਨੂੰ ਇਹ ਕੀ ਦਿੰਦਾ? ਜਿਸ ਦਿਨ ਮੈਂ ਕੁਲਦੀਪ ਨੂੰ ਦਰੋਂ ਬਾਹਰ ਕੱਢਿਆ ਸੀ, ਉਸਤੋਂ ਬਾਅਦ ਤਾਂ ਇਸਦੀ ਹਾਲਤ ਤਰਸਯੋਗ ਹੋ ਗਈ ਸੀ. ਦੂਰੋਂ ਨੇੜਿਓਂ ਖ਼ਬਰ ਮਿਲਦੀ ਰਹਿੰਦੀ ਸੀ. ਫੇਰ ਵੀ ਇਸ ਦੇ ਅੰਦਰ ਕੋਈ ਕਣ ਚੰਗਾ ਜ਼ਰੂਰ ਸੁਲਗਦਾ ਹੋਵੇਗਾ ਜਿਸ ਦੇ ਆਸਰੇ ਇਸਨੇ ਆਪਣੇ ਆਪ ਨੂੰ ਮੋੜ ਲਿਆਂਦਾ ਹੈ. ਮੈਂ ਕੋਈ ਮਦਦ ਨ੍ਹੀ ਕੀਤੀ ਤੇ ਨਾ ਹੀ ਇਸਦੀ ਮਾਂ ਨੇ ਇਸਨੂੰ ਜਾ ਕੇ ਭਾਲ਼ਿਆ ਸੀ. ਮੰਮੀ ਜੀ ਦੇ ਅੰਦਰ ਪਛਤਾਵੇ ਤੋਂ ਬਿਨਾਂ ਕੁਝ ਰਿਹਾ ਹੀ ਨਹੀਂ ਸੀ. ਉਹ ਕੱਲੀ ਬੈਠੀ ਆਪਣੇ ਆਪ ਨਾਲ਼ ਗੱਲਾਂ ਕਰਦੀ ਰਹਿੰਦੀ ਸੀ. ਜੋ ਕੁਲਦੀਪ ਨੇ ਝੱਲਿਆ, ਮੈਂ ਸੋਚਦੀ ਹਾਂ ਕਿ ਟੁੱਟੇ ਘਰਾਂ ਦੇ ਬੱਚੇ ਇਹੋ ਕੁਝ ਹੀ ਸਹਿਨ ਕਰਦੇ ਹੁੰਦੇ ਐ. ਏਸੇ ਲਈ ਮੈਂ ਆਪਣੇ ਬੱਚੇ ਸਾਂਭਣ ਵਿੱਚ ਕੋਈ ਕਸਰ ਨਾ ਛੱਡੀ. ਦਿਨ ਰਾਤ ਇਕ ਕਰਕੇ ਉਨ੍ਹਾਂ ਨੂੰ ਅਹਿਸਾਸ ਦੁਆਉਂਦੀ ਰਹੀ ਕਿ ਉਹ ਬੇਲੋੜੇ ਨਹੀਂ ਹਨ. ਮੇਰੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਹਨ. ਪਲ-ਪਲ ਉਨ੍ਹਾਂ ਦੇ ਅਹਿਸਾਸ ਨੂੰ ਮੈਂ ਊਣਾ ਨਹੀਂ ਹੋਣ ਦਿੱਤਾ.

ਸਮੀਨਾ ਅੰਦਰ ਬਹੁਤ ਗੁੱਸਾ ਸੀ. ਪਰ ਉਹ ਭੜਕ ਕੇ ਕੱਢ ਦਿੰਦੀ ਸੀ. ਕਦੀ ਉਹ ਮੇਰੇ ਤੇ ਝਪਟ ਪੈਂਦੀ ਤੇ ਕਦੀ ਆਪਣੀ ਦਾਦੀ ਤੇ. ਪਰ ਜੇਸਨ ਵਖਰਾ ਸੀ. ਉਹ ਸਭ ਕੁਝ ਅੰਦਰ ਦੱਬ ਲੈਂਦਾ ਸੀ. ਅੰਦਰ ਸੁਲਗਾਉਂਦਾ ਰਹਿੰਦਾ ਸੀ. ਜਿਸਦੀ ਮੈਨੂੰ ਚਿੰਤਾ ਲੱਗੀ ਰਹਿੰਦੀ. ਜਿਉਂ ਉਹ ਵੱਡਾ ਹੋ ਰਿਹਾ ਸੀ, ਮਿਲਟਰੀ ਵਿੱਚ ਭਰਤੀ ਹੋਣ ਬਾਰੇ ਸੋਚਦਾ ਸੀ. ਉਸਦੀ ਇਸ ਸੋਚ ਤੋਂ ਮੈਂ ਘਬਰਾ ਜਾਂਦੀ ਸਾਂ. ਕਦੀ ਸੋਚਦੀ ਸਾਂ ਕਿ, ਇਸਦੇ ਬਾਪ ਦਾ ਬੀਜ ਇਸਦੇ ਅੰਦਰ ਨਾ ਪਨਪ ਰਿਹਾ ਹੋਵੇ. ਕਦੀ ਜੇਸਨ ਫੈਸ਼ਨ ਕਰਦਾ, ਸ਼ੀਸ਼ੇ ਵਿੱਚੀਂ ਆਪਣਾ ਆਪ ਦੇਖੀ ਜਾਂਦਾ ਤਾਂ ਮੈਨੂੰ ਚਿੰਤਾ ਹੋਣ ਲਗਦੀ. ਮੈਂ ਇਸਦੇ ਜਿਸਮ ਦੀਆਂ ਹਰਕਤਾਂ ਨੂੰ ਨਾਪਦੀ-ਤੋਲਦੀ ਰਹਿੰਦੀ. ਮੈਨੂੰ ਚੇਤਾ ਹੈ ਕਿ ਜਦੋਂ ਜੇਸਨ ਮਸਾਂ ਸਤਾਰਾਂ ਵਰ੍ਹਿਆਂ ਦਾ ਹੋਇਆ ਸੀ, ਮੈਂ ਇਸਨੂੰ ਗੁਆਂਢੀਆਂ ਦੀ ਕੁੜੀ ਨਾਲ਼ ਗੱਲਾਂ ਕਰਦਿਆਂ ਦੇਖਿਆ ਤਾਂ ਐਂਵੇ ਹੀ ਪੁੱਛ ਲਿਆ, “ਕਰਿਸਟੀਨਾ ਤੇਰੀ ਗਰਲ ਫਰੈਂਡ ਹੈ?”

ਵਿੱਚੋਂ ਮੈਂ ਕੀ ਜਾਨਣਾ ਚਾਹਿਆ ਸੀ, ਇਹ ਮੈਂ ਬਾਅਦ ਵਿੱਚ ਸੋਚਿਆ ਸੀ. ਮੇਰੇ ਧੁਰ ਅੰਦਰ ਕਿੱਧਰੇ ਚਿੰਤਾ ਦੀ ਟੱਲੀ ਖੜਕਦੀ ਸੀ ਕਿ ਕਿੱਧਰੇ ਇਹ ਵੀ ਆਪਣੇ ਬਾਪ ਵਾਂਗ ….

ਮੈਂ ਇਹ ਸੋਚ ਹੀ ਰਹੀ ਸਾਂ ਜਦੋਂ ਚਾਹ ਦੀ ਉਬਾਲੀ ਸਾਂ-ਸਾਂ ਕਰਦੀ ਸਟੋਵ ਵਿੱਚ ਉੱਬਲ ਗਈ. ਮੈਂ ਫਟਾ-ਫਟ ਪਤੀਲਾ ਚੁੱਕਿਆ ਤੇ ਟੀ-ਬੈਗ ਇਕ ਪਾਸੇ ਕੱਢ ਕੇ ਚਾਹ ਮੱਘਾਂ ਵਿੱਚ ਹੀ ਪਾ ਲਈ. ਛੋਟੀ ਤਸ਼ਤਰੀ ਵਿੱਚ ਦੋਨੋਂ ਮੱਘ ਰੱਖ ਕੇ ਮੈਂ ਫੈਮਿਲੀ ਰੂਮ ਵੱਲ ਨੂੰ ਤੁਰਨ ਹੀ ਲੱਗੀ ਸਾਂ ਜਦੋਂ ਮੈਂ ਬਾਹਰ ਜੇਸਨ ਨੂੰ ਵਿੰਡੋ ਵਿੱਚੀਂ ਮੇਰੇ ਵੱਲ ਕੌੜੀ ਜਿਹੀ ਝਾਕਣੀ ਝਾਕਦਿਆਂ ਦੇਖਿਆ. ਮੈਂ ਉਸ ਨਾਲ਼ ਨਜ਼ਰ ਨਾ ਮਿਲਾ ਸਕੀ ਤੇ ਮੈਂ  ਨੀਂਵੀ ਜਿਹੀ ਪਾ ਕੇ ਅੰਦਰ ਵੱਲ ਤੁਰ ਪਈ.

ਮੈਂ ਹਾਲੀਂ ਤਸ਼ਤਰੀ ਟੇਬਲ ਤੇ ਰੱਖ ਕੇ ‘ਕੋਸਟਰ‘ ਰੱਖਣ ਹੀ ਲੱਗੀ ਸਾਂ ਜਦੋਂ ਨੂੰ ਜੇਸਨ ਦੇ ਪੈਰਾਂ ਦੇ ਖੜਾਕ ਨੇ ਮੇਰੀ ਬਿਰਤੀ ਖੁਲਦੇ ਦਰਵਾਜ਼ੇ ਵੱਲ ਕਰ ਦਿੱਤੀ. ਮੁੰਡੇ ਦੀ ਹੋਂਦ ਘਰ ਵਿੱਚ ਦਿਓ ਕੱਦ ਵਾਂਗ ਮਹਿਸੂਸ ਹੋ ਰਹੀ ਸੀ. ਤੇ ਮੈਂ ਜਿਵੇਂ ਨਿੱਘਰਦਾ ਜਾਂਦਾ ਕੋਈ ਜੀਵ ਜੰਤੂ ਹੋਵਾਂ. ਕੁਲਦੀਪ ਵੀ ਸੋਫ਼ੇ ਦੀ ਨੁੱਕਰ ਵਿੱਚ ਧੱਸਦਾ ਜਾ ਰਿਹਾ ਸੀ.

ਜੇਸਨ ਹੱਥ ਧੋਕੇ ਫੈਮਿਲੀ ਰੂਮ ਅੰਦਰ ਵੜਦਾ ਹੋਇਆ, ਸਾਮ੍ਹਣੇ ਪਏ ਸੋਫ਼ਾ ਕੁਰਸੀ ਵਿੱਚ ਧੜੱਮ ਕਰਕੇ ਬੈਠ ਗਿਆ. ਉਸਦੇ ਸਾਮ੍ਹਣੇ ਅਸੀਂ ਦੋਨੋਂ ਨਿੱਕੇ-ਨਿੱਕੇ ਜੀਅ ਜਾਪ ਰਹੇ ਸਾਂ. ਉਹ ਚਿਹਰੇ ਨੂੰ ਵਟਾ ਜਿਹਾ ਦਿੰਦਾ ਹੋਇਆ ਆਪਣੇ ਬਾਪ ਨੂੰ ਸੰਬੋਧਤ ਹੋਇਆ, “ਸੋ ਵੱਟ ਯੂ ਹੈਵ ਟੂ ਸੇ ਫਾਰ ਯੁਅਰਸੈਲਫ਼ ਫਾ…ਅਦ…ਰ?” 

ਇਹ ਆਖਦਿਆਂ ਹੋਇਆਂ ਉਸਨੇ ਚਿਹਰੇ ਨੂੰ ਮਰੋੜਿਆ. ਸ਼ਬਦਾਂ ਨੂੰ ਘਰੋੜ-ਘਰੋੜ ਕੇ ਕਿਹਾ.

ਅਸੀਂ ਦੋਨੋਂ ਹੀ ਚੁੱਪ. ਕੁਲਦੀਪ ਨੇ ਨਜ਼ਰ ਜ਼ਮੀਨ ਵਿੱਚ ਗੱਡ ਦਿੱਤੀ.

ਮੈਂ ਵੇਲੇ ਦੀ ਨਜ਼ਾਕਤ ਨੂੰ ਤਾੜਦਿਆਂ ਹੋਇਆਂ ਗੱਲ ਬਦਲੀ, “ਜੇਸਨ ਪੁੱਤ ਕਿੱਦਾਂ ਗੱਲ ਕਰਦੈਂ? ਚਾਹ ਪੀ ਲੈਣ ਦੇ. ਫੇਰ ਗੱਲ ਵੀ ਕਰ ਲਵੀਂ.”

ਜੇਸਨ ਮੇਰੇ ਵੱਲ ਨਹਿਰੀ ਵੱਟ ਕੇ ਝਾਕਿਆ. “ਮੌਮ, ਇਹ ਮੇਰਾ ਘਰ ਐ. ਮੈਂ ਜਿੱਦਾਂ ਜੀ ਚਾਹੇ ਗੱਲ ਕਰਾਂ.”

ਜੇਸਨ ਦੇ ਸ਼ਬਦ ਮੇਰੇ ਸੀਨੇ ਵਿੱਚ ਠਾਹ ਕਰਕੇ ਵੱਜੇ. “ਇਹ ਮੇਰਾ ਘਰ ਐ.” ਇਸਦੇ ਅਰਥ ਅਜ ਮੈਨੂੰ ਬਦਲੇ ਹੋਏ ਜਾਪੇ. ਇਹ ਠੀਕ ਸੀ ਕਿ ਇਸਦੀ ਦਾਦੀ ਨੇ ਘਰ ਬੱਚਿਆਂ ਦੇ ਨਾਂ ਲੁਆਇਆ ਸੀ, ਮੈਥੋਂ ਬਾਅਦ ਵੀ ਬੱਚਿਆਂ ਨੂੰ ਹੀ ਜਾਣਾ ਸੀ. ਪਰ ਜੇਸਨ ਨੇ ਸਕਿੰਟ ਵਿੱਚ ਮੈਨੂੰ ਮੇਰੀ ਹੋਂਦ ਇਸ ਘਰ ਵਿੱਚ ਵਾਧੂ ਮਹਿਸੂਸ ਕਰਾ ਦਿੱਤੀ. ਮੈਨੂੰ ਸਕਿੰਟ ਵਿੱਚ ਜਾਪਿਆ ਕਿ ਮੇਰੀ ਇਸ ਘਰ ਵਿੱਚ ਔਕਾਤ ਹੀ ਕੋਈ ਨਹੀਂ. ਮੈਂ ਇਸ ਘਰ ਦੀ ਮਾਲਕਣ ਹੀ ਨਹੀਂ ਹਾਂ. ਕਿਵੇਂ ਕਾਗਜ਼ਾਂ ਵਿੱਚ ਲਿਖੇ ਨਾਂ, ਉਸਦੀ ਹੈਸੀਅਤ ਬਣਾਉਣ ਤੇ ਭਾਰੂ ਹੋ ਜਾਂਦੇ ਹਨ. ਮੇਰੇ ਮੱਥੇ ਤੇ ਤਰੇਲੀਆਂ ਦੇ ਤੁਪਕੇ ਉੱਗ ਆਏ. ਮੇਰੇ ਗਲ ਵਿੱਚ ਇਕ ਗੋਲਾ ਜਿਹਾ ਅੜ ਗਿਆ. ਜਿਸ ਆਦਮੀ ਨੂੰ ਮੈਂ ਇਸ ਘਰੋਂ ਕੱਢਿਆ ਸੀ, ਉਸੇ ਦੇ ਸਾਮ੍ਹਣੇ ਮੈਂ ਕੱਖੋਂ ਹੌਲੀ ਹੋ ਗਈ ਸਾਂ. ਮੇਰੇ ਪੁੱਤ ਨੇ ਵੀ ਮੇਰੀ ਹੋਂਦ ਦੀਆਂ ਧੱਜੀਆਂ ਇਕ ਪਲ ਵਿੱਚ ਉੜਾ ਦਿੱਤੀਆਂ ਸਨ. ਭਾਵੇਂ ਉਸਦਾ ਇਹ ਮਤਲਬ ਨਹੀਂ ਹੋਵੇਗਾ. ਮੇਰੇ ਮਨ ਦਾ ਵਹਿਮ ਵੀ ਹੋ ਸਕਦੈ. ਫੇਰ ਵੀ ਉਸ ਘਰ ਵਿੱਚ ਵਰ੍ਹੇ ਭਰ ਰਹਿੰਦਿਆਂ ਹੋਇਆਂ, ਜਿਸ ਅਪਣੱਤ ਨਾਲ਼ ਮੈਂ ਇਸਨੂੰ ਸਾਂਭਦੀ ਰਹੀ ਸਾਂ, ਲਹੂ ਦਾ ਕਿਣਕਾ-ਕਿਣਕਾ ਮਿਹਨਤ ਕਰਕੇ ਇਸ ਵਿੱਚ ਪਾਉਂਦੀ ਰਹੀ ਸਾਂ, ਉਹ ਪਲ ਵਿੱਚ ਵਿਅਰਥ ਹੋ ਗਿਆ ਸੀ.

ਜੇਸਨ ਮੇਰੇ ਵੱਲ ਤੱਕਦਾ ਹੋਇਆ ਫੇਰ ਬੋਲਿਆ, “ਮੇਰੀ ਮਾਂ ਨੇ ਲਹੂ ਪਸੀਨਾ ਇੱਕ ਕਰਕੇ ਸਾਨੂੰ ਪਾਲ਼ਿਆ. ਮੈਂ ਨ੍ਹੀ ਮੰਗਦਾ ਕਿ ਤੂੰ ਡੈਡ ਇਸਦੀ ਲਾਈਫ਼ ਵਿੱਚ ਆ ਕੇ ਉਸਨੂੰ ਸਪੌਇਲ ਕਰੇਂ. ਸਾਡੀ ਲਾਈਫ਼ ‘ਚ ਤੇਰੀ ਕੋਈ ਲੋੜ ਨ੍ਹੀ.”

ਭਾਵੇਂ ਜੇਸਨ ਦੇ ਸ਼ਬਦਾਂ ਨੇ ਮੇਰੇ ਰਿਸਦੇ ਜ਼ਖ਼ਮ ਤੇ ਮਲ੍ਹਮ ਲਾਈ ਪਰ ਉਸਦੀ ਆਵਾਜ਼ ਹਵਾ ਵਿੱਚ ਉਸੇ ਤਰ੍ਹਾਂ ਗੂੰਜਦੀ ਮਹਿਸੂਸ ਹੋਈ ਜਿਵੇਂ ਉਹ ਵਾਰ-ਵਾਰ ਆਖ ਰਿਹਾ ਹੋਵੇ, “ਇਹ ਮੇਰਾ ਘਰ ਐ.”

ਕੁਲਦੀਪ ਚੁੱਪ ਬੈਠਾ ਰਿਹਾ. ਥੋੜੀ ਦੇਰ ਬਾਅਦ ਬੋਲਿਆ, “ਮੇਰੇ ਮਨ ਵਿੱਚ ਕੁੱਝ ਗੱਲਾਂ ਹਨ. ਮੈਂ ਸਿਰਫ਼ ਉਹ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ. ਚਾਹੁੰਦਾ ਹਾਂ ਕਿ ਜੋ ਮੈਂ ਸਜ਼ਾ ਤੁਹਾਡੀ ਮੌਮ ਨੂੰ ਦਿੱਤੀ ਹੈ, ਤੇ ਤੁਹਾਨੂੰ ਭੈਣ-ਭਰਾ ਨੂੰ ਦਿੱਤੀ ਹੈ, ਉਸਦੀ ਮਾਫ਼ੀ ਮੰਗ ਸਕਾਂ. ਜਿੰਨਾ ਚਿਰ ਮੈਂ ਇਹ ਨ੍ਹੀ ਕਰਦਾ, ਮੈਂ ਆਪਣੀ ਜ਼ਿੰਦਗੀ ਅੱਗੇ ਨਹੀਂ ਤੋਰ ਸਕਦਾ.”

“ਇਸਦਾ ਫਾਇਦਾ?” ਜੇਸਨ ਉਸੇ ਰੌਂ ਵਿੱਚ ਬੋਲਿਆ.

“ਸ਼ਾਇਦ ਤੁਹਾਨੂੰ ਨਹੀਂ. ਪਰ ਮੇਰੇ ਲਈ ਬਹੁਤ ਜ਼ਰੂਰੀ ਹੈ. ਮੈਂ ਵਰ੍ਹੇ ਲਾ ਕੇ ਆਪਣੇ ਹਨ੍ਹੇਰਿਆਂ ਵਿੱਚੋਂ ਬਾਹਰ ਨਿੱਕਲਿਆ ਹਾਂ. ਰੌਸ਼ਨੀ ਵਿੱਚ ਤੁਰਨ ਲਈ ਮੈਨੂੰ ਆਪਣਾ ਪੱਖ ਇਕ ਵੇਰਾਂ ਜ਼ਰੂਰ ਰੱਖਣਾ ਚਾਹੀਦਾ ਹੈ. ਇਹ ਕੋਈ ਮੈਂ ਆਪਣੇ ਬਚਾ ਲਈ ਨਹੀਂ ਕਰ ਰਿਹਾ. ਹਾਂ ਐਨਾ ਜ਼ਰੂਰ ਹੈ ਕਿ ਇਹ ਪ੍ਰਦੂਸ਼ਨ ਬਾਹਰ ਨਿੱਕਲਣ ਨਾਲ਼ ਸ਼ਾਇਦ ਮੇਰੇ ਅੰਦਰ ਜੀਣ ਲਈ ਕੁਝ ਬਚ ਜਾਵੇ. ਜੇਸਨ, ਮੈਂ ਰੌਕ ਬੌਟਮ ਭਾਵ ਨਿਘਾਰ ਤਕ ਜਾ ਕੇ ਦੇਖਿਆ ਹੈ. ਅਜ ਮੈਂ ਮੁੜ ਕੇ ਜੀਵਿਆਂ ਹਾਂ. ਜੀਵਿਆ ਹਾਂ ਤਾਂ ਜੀਣ ਦੀ ਲਾਲਸਾ ਵੀ ਜਾਗੀ ਹੈ. ਆਪਣੇ ਆਪ ਬਾਰੇ ਮੈਨੂੰ ਜ਼ਿੰਦਗੀ ਗੁਆ ਕੇ ਪਤਾ ਲਗਾ ਹੈ. ਮੈਂ ਤੁਹਾਥੋਂ ਕੁਝ ਲੈਣ ਨਹੀਂ ਆਇਆ ਤੇ ਨਾ ਹੀ ਕਿਸੇ ਕਿਸਮ ਦੇ ਰਹਿਮ ਦੀ ਮੈਨੂੰ ਆਸ ਹੈ. ਮੈਂ ਤਾਂ ਸਿਰਫ਼ ਇਹ ਦੱਸਣਾ ਹੈ ਕਿ ਮੈਂ ਵੀ ਇਕ ਗੁਆਚਾ ਹੋਇਆ ਇਨਸਾਨ ਸਾਂ. ਮੇਰੀ ਮਦਦ ਕੋਈ ਕਰ ਸਕਦਾ ਵੀ ਨਹੀਂ ਸੀ. ਜੇ ਮੈਂ ਆਪਣੇ ਆਪ ਨੂੰ ਪਾਇਆ ਹੈ ਤਾਂ ਮੈਂ ਇਹ ਵੀ ਸਮਝਦਾ ਹਾਂ ਕਿ ਮੇਰੀ ਜ਼ਿਮੇਵਾਰੀ ਬਣਦੀ ਹੈ ਕਿ ਜੋ ਗੁੱਸਾ ਮੈਂ ਚੁਕੀ ਫਿਰਦਾ ਸਾਂ, ਉਹ ਤੁਸੀਂ ਅੰਦਰ ਨਾ ਵਧਾਈ ਫਿਰੋਂ. ਉਹ ਇਨਸਾਨ ਨੂੰ ਖਾ ਜਾਂਦਾ ਹੈ, ਨਿਗਲ ਜਾਂਦਾ ਹੈ. ਸਾਬਤ ਸਬੂਤਾ ਇਨਸਾਨ ਜਦੋਂ ਉਸਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਸਦਾ ਕੋਈ ਵੱਸ ਨ੍ਹੀ ਚਲਦਾ.”

“ਵੱਟ ਐਵਰ.” ਜੇਸਨ ਫੇਰ ਭੜਕਿਆ.

“ਜੇਸਨ, ਕਹਿ ਲੈਣ ਦੇ ਜੋ ਕਹਿਣਾ ਚਾਹੁੰਦਾ ਹੈ. ਦੋ ਪਲ ਦੇ-ਦੇ. ਫੇਰ ਇਹ ਚਲਿਆ ਜਾਊ.” ਮੈਂ ਜਿਵੇਂ ਤਰਲਾ ਜਿਹਾ ਕੀਤਾ.

ਸਮੀਨਾ ਵੀ ਕਾਲਜ ਨਹੀਂ ਗਈ. ਉਹ ਅੱਧ ਵਿੱਚੋਂ ਪਰਤ ਆਈ. ਜੇਸਨ ਉਸਨੂੰ ਬੋਲਿਆ, “ਕਮ ਬੇਵਜ਼! ਲਿਸਨ, ਆਵਰ ਫਾਦਰ, ਬੜੀਆਂ ਫਿਲੌਸਫੀ ਦੀਆਂ ਗੱਲਾਂ ਕਰਦੈ. ਸੁਣ ਲੈਂਦੇ ਹਾਂ, ਜੋ ਕਹਿੰਦੈ. ਫਾਰ ਮੌਮਜ਼ ਸੇਕ.”

ਸਮੀਨਾ ਨੇ ਵੀ ਮੂੰਹ ਬਣਾਇਆ. ਉਹ ਜੇਸਨ ਦੀ ਕੁਰਸੀ ਦੀ ਬਾਂਹ ਤੇ ਬੈਠ ਗਈ. ਦੋਹਾਂ ਦੇ ਚਿਹਰੇ ਗੁੱਸੇ ਨਾਲ਼ ਲਾਲ, ਭਖਦੇ ਹੋਏ.

ਕੁਲਦੀਪ ਨੇ ਆਪਣੀ ਵਿਥਿਆ ਮੁੱਢ ਤੋਂ ਲੈ ਕੇ ਦੱਸਣੀ ਸ਼ੁਰੂ ਕੀਤੀ. ਉਸਨੇ ਕੁਝ ਵੀ ਨਹੀਂ ਲੁਕੋਇਆ. ਉਸਦੇ ਸੱਚ ਬੋਲਣ ਨੇ ਬੱਚਿਆਂ ਦੇ ਚਿਹਰੇ ਦਾ ਰੰਗ ਬਦਲ ਦਿੱਤਾ. ਦੋਹਾਂ ਵਿੱਚੋਂ, ਅੱਧ ਵਿਚਾਲੇ ਵੀ ਕੋਈ ਨਹੀਂ ਬੋਲਿਆ. ਜਦੋਂ ਕੁਲਦੀਪ ਨੇ ਕਿਹਾ ਕਿ, “ਮੈਂ ਪੂਰੀ ਉਮਰ ਗੁਆਚਾ ਹੀ ਰਿਹਾਂ. ਅੱਜ ਆਪਣੇ ਆਪ ਨੂੰ ਪਾਉਣ-ਗੁਆਉਣ ਦੇ ਵਿਚਾਲੇ ਖੜੋਤਾ ਹਾਂ. ਮੈਂ ਕਦੀ ਨਹੀਂ ਸੀ ਚਾਹਿਆ ਕਿ ਕਿਸੇ ਨੂੰ ਤਕਲੀਫ਼ ਦੇਵਾਂ. ਜਦੋਂ ਮੈਂ ਆਪਣੇ ਆਪੇ ਵਿੱਚ ਹੀ ਨਹੀਂ ਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੌਣ ਹਾਂ, ਕੌਣ ਮੇਰਾ ਆਪਣਾ ਹੈ, ਜੋ ਮੈਂ ਕਰ ਰਿਹਾ ਹਾਂ, ਸਹੀ ਹੈ ਜਾਂ ਗ਼ਲਤ. ਅਫ਼ਸੋਸ ਇਸ ਗੱਲ ਦਾ ਹੈ ਕਿ ਮੈਂ ਤੁਹਾਨੂੰ ਜਾਣ ਹੀ ਨਹੀਂ ਸਕਿਆ. ਪਰ ਹੁਣ, ਮੈਨੂੰ ਲਗਦੈ, ਆਖ਼ਰ ਮੈਂ ਜੰਗ ਜਿੱਤ ਗਿਆ ਹਾਂ.”

ਇਹ ਆਖਦਾ ਹੋਇਆ ਕੁਲਦੀਪ ਉੱਠਿਆ ਤੇ ਸੋਟੀ ਲੈ ਕੇ ਤੁਰ ਪਿਆ.

ਜੇਸਨ ਤੇ ਸਮੀਨਾ ਚੁੱਪ-ਗੜੁੱਪ ਹੋ ਗਏ. ਮੈਂ ਵੀ ਸੁੰਨ ਬੈਠੀ ਰਹੀ. ਬਾਹਰਲਾ ਦਰ ਠਾਹ ਕਰਕੇ ਵੱਜਦਿਆਂ ਸਾਡੀ ਤਿੰਨਾਂ ਦੀ ਸੋਚ ਟੁੱਟੀ. ਕੁਲਦੀਪ ਜਾ ਚੁੱਕਾ ਸੀ. ਕਮਰੇ ਦੀ ਹਵਾ ਵਿੱਚ ਠਹਿਰਾ ਆ ਚੁੱਕਾ ਸੀ. ਅਸੀਂ ਤਿੰਨੋਂ ਉਸ ਠਹਿਰਾ ਵਿੱਚ ਗੁਆਚ ਚੁੱਕੇ ਸਾਂ.

****

No comments: