ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ


ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਈ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ, ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈ। ਜੱਸ ਚਾਹਲ ਨੇ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।

    ਇਸ ਤੋਂ ਉਪਰੰਤ ਜੱਸ ਚਾਹਲ ਨੇ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਇੰਡਿਆ ਫੇਰੀ ਤੋਂ ਵਾਪਿਸ ਆਕੇ ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਸਭਾ ਨਾਲ ਕੁਝ ਸ਼ਬਦ ਸਾਂਝੇ ਕਰਨ ਲਈ ਆਖਿਆ। ਸ਼ਮਸ਼ੇਰ ਸਿੰਘ ਸੰਧੂ ਨੇ ਸਾਰੇ ਮੈਂਬਰਾਂ ਤੇ ਮਾਣ ਕਰਦਿਆਂ ਆਪਣੀ ਗੈਰਹਾਜ਼ਰੀ ਵਿਚ ਸਭਾ ਦੀ ਕਾਰਵਾਈ ਵਧੀਆ ਤਰੀਕੇ ਨਾਲ ਚਲਾਉਂਦੇ ਰਹਿਣ ਤੇ ਹਾਰਦਿਕ ਖੁਸ਼ੀ ਪ੍ਰਗਟ ਕੀਤੀ।

    ਸਭਾ ਦੀ ਕਾਰਵਾਈ ਅੱਗੇ ਤੋਰਦਿਆਂ ਸੁਰਜੀਤ ਸਿੰਘ ਸੀਤਲ ‘ਪੰਨੂ’ ਹੋਰਾਂ ਇਕ ਖ਼ੂਬਸੂਰਤ ਗ਼ਜ਼ਲ ਅਤੇ ਕੁਛ ਰੁਬਾਈਆਂ ਆਪਣੇ ਖ਼ਾਸ ਅੰਦਾਜ਼ ਵਿਚ ਸੁਣਾਈਆਂ –
 ‘ਪੰਨੂੰਆਂ’ ਮੇਰਾ ਜੀ ਕਰਦਾ ਏ, ਬਣ ਜਾਵਾਂ ਮੈਂ ਝੱਲਵਲੱਲਾ
 ਮਰਜ਼ਾਂ ਮਾਰੀ ਲੋਕਾਈ ਕੋਲੋਂ, ਲਵਾਂ ਛੁਡਾ ਆਪਣਾ ਪੱਲਾ
 ਕਾਮ ਕਰੋਧ ਮੋਹ ਲਾਲਚ ਵਾਲੀ ਦਲਦਲ ਵਿੱਚੋਂ ਨਿਕਲ ਕੇ,
 ਮੈਂ ਅਪਣੇ ਸੱਜਣ ਬਣਾਵਾਂ ਰਾਮ ਈਸਾ ਤੇ ਵਾਹਿਗੁਰੂ ਅੱਲਾ’
ਹਰਸੁਖਵੰਤ ਸਿੰਘ ਸ਼ੇਰਗਿੱਲ ਨੇ ਪ੍ਰੀਤ ਕੋਰ ਦੀ ਲਿਖੀ ਕਵਿਤਾ ‘ਮਾਂ’ ਸੁਣਾਈ-
ਸਾਡੇ ਖੂਹ ਉੱਤੇ ਬੋਹੜਾਂ ਵਾਲੀ ਠੰਢੀ-ਮਿੱਠੀ ਛਾਂ ਹੁੰਦੀ ਸੀ
ਸਾਰੇ ਜੱਗ ਤੋਂ ਪਿਆਰੀ, ਸਾਡੀ ਵੀ ਕਦੇ ਮਾਂ ਹੁੰਦੀ ਸੀ। 
ਜਸਵੰਤ ਸਿੰਘ ਹਿੱਸੋਵਾਲ ਹੋਰਾਂ ਸ਼ਮਸ਼ੇਰ ਸਿੰਘ ਸੰਧੂ ਦੀ ਵਾਪਸੀ ਤੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ।
ਬੀਬੀ ਹਰਚਰਨ ਕੌਰ ਬਾਸੀ ਨੇ ਵੀ ‘ਮਾਂ’ ਬਾਰੇ ਕਵਿਤਾ ਸੁਣਾਈ 
ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ  ਕਰੇ
ਮਾਵਾਂ ਬਾਝੋਂ ਪਿਆਰ ਦੀਆਂ ਛਾਵਾਂ ਕੋਣ ਕਰੇ।
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦਸਿਆ ਕਿ ਉਹਨਾਂ ਦੀ ਛੇਵਾਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਏ ਸੂਰਜਾ’ ਜੁਲਾਈ 2 ਦੀ ਇਕਤਰਤਾ ਵੇਲੇ ਰਿਲੀਜ਼ ਕੀਤਾ ਜਾਵੇਗਾ। ਉਹਨਾਂ ਇੰਡਿਆ ਫੇਰੀ ਦੀਆਂ ਕੁਝ ਖੱਟਿਆਂ ਮਿਠੀਆਂ ਯਾਦਾਂ ਸਾਂਝੀਆਂ ਕੀਤੀਆਂ। ਅੰਮ੍ਰਿਤਸਰ ਨਿਵਾਸੀ ਗਿਆਨ ਸਿੰਘ ਕੰਵਲ ਦੀ ਗਾਈ ਪ੍ਰੋ. ਮੋਹਨ ਸਿੰਘ ਔਜਲਾ ਦੀ ਇਕ ਖ਼ੂਬਸੂਰਤ ਗ਼ਜ਼ਲ ਦੀ ਰੀਕਾਰਡਿੰਗ ਸੁਣਾਈ।
ਅਪਣੇ ਗ਼ਮਾਂ ਦੀ ਵਿਥਿਆ ਜਗ ਨੂੰ ਸੁਣਾਕੇ ਰੋਇਆ
ਫਿਰ ਬੇਬਸੀ ਤੇ ਅਪਣੀ ਮੈਂ ਮੁਸਕਰਾ ਕੇ ਰੋਇਆ।
ਸੁਪਣੇ ਸੁਣਿਹਰਿਆਂ ਦੀ ਤਾਬੀਰ ਵੇਖ ਧੁੰਦਲੀ
ਜਗਰਾਤਿਆਂ ਦੇ ਪਹਿਰੇ ਪਲਕੀਂ ਬਠਾ ਕੇ ਰੋਇਆ।
ਲੂਣੇ ਤੇ ਕੋਸੇ ਹੰਝੂ ਧੋਂਦੇ ਨੇ ਜ਼ਖ਼ਮ ਦਿਲ ਦੇ
ਇਕ ਬੇਵਫਾ ਨੂੰ ਦਿਲ ਦਾ ਮਹਿਰਮ ਬਣਾ ਕੇ ਰੋਇਆ।
ਇਸ ਉਪਰੰਤ ਉਹਨਾਂ ਆਪਣੀ ਇਕ ਗ਼ਜ਼ਲ ਸੁਣਾਈ।
ਸੋਚੋ ਜ਼ਰੂਰ ਬਹਿ ਕੇ ਨਾ ਵਕਤ ਬੀਤ ਜਾਵੇ
ਕੋਈ ਉਪਾ ਤੇ ਕਰੀਏ ਧਰਤੀ ਨੂੰ ਜੋ ਬਚਾਵੇ।
ਜੰਗਾਂ ਦਾ ਇਹ ਕੁਲਹਿਣਾ ਵਧਦਾ ਹੀ ਦੌਰ ਜਾਵੇ
ਕੋਈ ਤੇ ਵਕਤ ਆਵੇ ਇਸ ਨੂੰ ਜੋ ਠੱਲ੍ਹ ਪਾਵੇ।
ਸਾਂਝਾਂ ਦਾ ਗੀਤ ਸੰਧੂ ਲਿਖਦੇ ਤੂੰ ਯਾਰ ਕੋਈ
ਜਿਸ ਨੂੰ ਹਰੇਕ ਸਾਥੀ ਗਾਵੇ ਤੇ ਗੁਣਗੁਣਾਵੇ।
ਸਰੂਪ ਸਿੰਘ ਮੰਡੇਰ ਇੰਡੀਆ ਤੋਂ ਆਪਣੀ ਨਵੀਂ ਕਿਤਾਬ ‘ਵੰਗਾਰ’ ਛਪਵਾਕੇ ਲਿਆਏ ਨੇ। ਉਹਨਾਂ ਇਸ ਵਿੱਚੋਂ ਆਪਣੀ ਇਕ ਰਚਨਾ ‘ਰੁੱਖ ਉਤੇ ਦੁੱਖ’ ਸਭ ਨਾਲ ਸਾਂਝੀ ਕੀਤੀ। 
ਗੁਰਦੀਪ ਸਿੰਘ ਕੁਤਬਾ ਨੇ ਭਾਰਤੀ ਸਿਸਟਮ ਦੇ ਕੰਮ-ਕਾਜ ਬਾਰੇ ਆਪਣੇ ਕੁਝ ਵਿਚਾਰ ਸਾਂਝੇ ਕੀਤੇ।
ਜਾਵੇਦ ਨਿਜ਼ਾਮੀਂ ਨੇ ਉਰਦੂ ਵਿਚ ਲਿਖੀਆਂ ਦੋ ਰਚਨਾਵਾਂ ਸੁਣਾਈਆਂ –
1- ਦੌਲਤ ਮਿਲੀ ਭੀ ਤੋ ਔਰ ਭੀ ਨਾਦਾਰ ਹੋ ਗਏ
   ਸੇਹਤ ਹੁਈ ਨਸੀਬ ਤੋ ਔਰ ਭੀ ਅਜ਼ਾਰ ਹੋ ਗਏ।
2- ਲਾਖ ਖ਼ੌਫ਼ਤਾਰੀ ਹੋ ਜਲਜ਼ਲੋਂ ਕੇ ਆਨੇ ਕਾ
   ਸਲਸਿਲਾ ਨ ਛੋੜੇਂਗੇ ਹਮ ਘਰ ਬਣਾਨੇ ਕਾ’ 
ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ, ਸੋ ਸਭਨੇ ਟੀ-ਬ੍ਰੇਕ ਦਾ ਪੂਰਾ ਅਨੰਦ ਮਾਣਿਆ। 
ਮੋਹਤਰਮਾ ਅਮਤੁਲ ਮਤੀਨ ਖ਼ਾਨ ਨੇ ਸ਼ਮਸ਼ੇਰ ਸਿੰਘ ਸੰਧੂ ਨੂੰ ਦੇਸੋਂ ਵਾਪਸ ਆਉਣ ਤੇ ਗੁਲਾਬ ਦੇ ਫੁੱਲਾਂ ਦਾ ਖ਼ੂਬਸੂਰਤ ਗੁਲਦਸਤਾ ਭੇਂਟ ਕੀਤਾ ਤੇ ਵਸਾਖੀ ਦੀਆਂ ਖ਼ੁਸੀਆਂ ਸਾਂਝੀਆਂ ਕਰਦਿਆਂ ਆਪਣੀ ਪੰਜਾਬੀ ਰਚਨਾ ਸੁਣਾਕੇ ਸਭ ਦੀ ਵਾਹ-ਵਾਹ ਲੁਟ ਲਈ।
ਤਰਸੇਮ ਸਿੰਘ ਪਰਮਾਰ ਹੋਰਾਂ ਜਰਨੈਲ ਧਾਲੀਵਾਲ ਦੀ ਰਚਨਾ ‘ਰੋਂਦਾ ਪੰਜਾਬ’ ਸਾਂਝੀ ਕੀਤੀ –
‘ਕੋਈ ਸੁਣ ਲਉ ਮੇਰੀ ਪੁਕਾਰ ਵੇ, ਮੈਂ ਰੋਂਦਾ ਹਾਂ ਪੰਜਾਬ
 ਮੇਰੀ ਪੱਤੀ ਪੱਤੀ ਖਿਲਰ ਗਈ, ਸੀ ਸੋਹਣਾ ਕਦੇ ਗੁਲਾਬ’
ਜਸਵੀਰ ਸਿੰਘ ਸਿਹੋਤਾ ਨੇ ਆਪਣੀ ਕਵਿਤਾ ‘ਜੁਗਨੀ’ ਸੁਣਾਈ।
ਕਸ਼ਮੀਰਾ ਸਿੰਘ ਚਮਨ ਹੋਰਾਂ ਨੇ ਆਪਣੀ 2000 ਤੋਂ ਵਧ ਦੋਹਿਆਂ ਦੀ ਤਿਆਰ ਕੀਤੀ ਵੱਡ ਆਕਾਰੀ ਅਣਛਪੀ ਪੁਸਤਕ ‘ਜਿਨ ਕੇ ਚੋਲੇ ਰੱਤੜੇ’ ਵਿਚੋਂ ਕੁਛ ਦੋਹੇ ਸੁਣਾਕੇ ਨਿਹਾਲ ਕੀਤਾ।
ਅਜਾਇਬ ਸਿੰਘ ਸੇਖੋਂ ਹੋਰਾਂ ਸੂਫ਼ਿਆਨਾ ਖ਼ਿਆਲ ਭਰੀ ਰਚਨਾ ਸੁਣਾਈ –
ਕੁਰਾਹੇ ਪਈ ਖ਼ਲਕਤ ਸਾਰੀ, ਮਨ-ਮੱਤ, 
ਈਰਖਾ, ਹਉਮੈ ਮਾਰੀ
ਚਿਕੜੋਂ ਨਿਕਲੇ ਨਿਰਮਲ ਰਾਹ ਅਪਣਾਵੇ, 
ਖਵਰੇ ਉਹ ਮਿਲ ਜਾਵੇ ਇਸ ਵਾਰੀ ।
ਮੋਹਨ ਸਿੰਘ ਮਿਨਹਾਸ ਨੇ ਇਸੇ ਅੰਦਾਜ਼ ਨੂੰ ਬਰਕਰਾਰ ਰਖਦੇ ਹਿੰਦੀ ਵਿਚ ਕੁਛ ਲਾਈਨਾਂ ਸੁਣਾਇਆਂ –
ਪਰਖਨਾ ਮਤ, ਪਰਖਨੇ ਸੇ ਕੋਈ ਅਪਨਾ ਨਹੀਂ ਰਹਤਾ
ਬੜੇ ਲੋਗੋਂ ਸੇ ਮਿਲਨੇ ਮੇਂ, ਹਮੇਸ਼ਾ ਫ਼ਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ, ਦਰਿਆ ਦਰਿਆ ਨਹੀਂ ਰਹਤਾ।
ਗੁਰਦਿਆਲ ਸਿੰਘ ਖੇਹਰਾ ਨੇ ਮਾਹੌਲ ਬਦਲਦਿਆਂ ਹਿੰਦੀ ਅਤੇ ਪੰਜਾਬੀ ਵਿਚ ਤਿਨ ਮਿੱਨੀ ਕਵਿਤਾਵਾਂ ਸੁਣਾਇਆਂ।
ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਉਰਦੂ ਵਿਚ ਲਿਖਿਆਂ ਆਪਣਿਆਂ ਤਿੰਨ ਰਚਨਾਵਾਂ ਸਾਂਝੀਆਂ ਕੀਤੀਆਂ।
ਪੈਰੀ ਮਾਹਲ ਨੇ ਅਰਿਜ਼ੋਨਾ ਵਿਚ ਸਸਤੇ ਭਾਅ ਪਰੌਪਰਟੀ ਖਰੀਦਣ ਦੀ ਸਲਾਹ ਦੇਂਦੇ ਹੋਏ ਅਗਲੀ ਇਕਤਰਤਾ ਵਿਚ ਹੋਰ ਜਾਣਕਾਰੀ ਸਾਂਝੀ ਕਰਨ ਦਾ ਵਾਅਦਾ ਕੀਤਾ।
ਜੱਸ ਚਾਹਲ, ਨੇ ਟਾਈਮ ਦੀ ਕਮੀ ਨੂੰ ਧਿਆਨ ਵਿਚ ਰਖਦੇ ਹੋਏ, ਅਪਣੀ ਰਚਨਾ ਸੁਣਾਨ ਨਾਲੋਂ ਸਭਾ ਦੀ ਸਮਾਪਤੀ ਕਰਨੀ ਬੇਹਤਰ ਸਮਝਦਿਆਂ ਸਭ ਦਾ ਧੰਨਵਾਦ ਕਰਦਿਆਂ ਜੂਨ ਦੀ ਇਕਤਰਤਾ ਲਈ ਸਾਰਿਆਂ ਨੂੰ ਸੱਦਾ ਦਿੱਤਾ।
ਬੁਲਾਰਿਆਂ ਤੋਂ ਇਲਾਵਾ ਸੁਰਿੰਦਰ ਸਿੰਘ ਢਿਲੋਂ, ਹਰਬੱਖਸ਼ ਸਿੰਘ ਸਰੋਆ, ਸ਼ੰਗਾਰਾ ਸਿੰਘ ਪਰਮਾਰ, ਖੜਕ ਸਿੰਘ ਮੰਡ, ਸੁਰਜੀਤ ਸਿੰਘ ਰੰਧਾਵਾ ਅਤੇ ਨਈਮ ਖ਼ਾਨ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
    ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
    ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 4 ਜੂਨ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539, ਪੈਰੀ ਮਾਹਲ (ਖਜ਼ਾਨਚੀ) ਨਾਲ 403-616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 403-681-8281 ਤੇ ਸੰਪਰਕ ਕਰ ਸਕਦੇ ਹੋ।

****

No comments: