ਮੂਰਖ਼ਸਤਾਨ ਦੇ ਪ੍ਰਧਾਨ ਮੰਤਰੀ ਰਜਿੰਦਰ ਰਿਖੀ ਨਾਲ ਵਿਸ਼ੇਸ਼ ਮੁਲਾਕਾਤ........ਮੁਲਾਕਾਤ / ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੂਰਖ ਦਿਵਸ 'ਤੇ ਵਿਸ਼ੇਸ਼ 
ਪਿਆਰੇ ਪਾਠਕ ਜੀਓ, ਜਿਵੇਂ ਕਿ ਹਰ ਕਿਸੇ ਦੇ ਮਨ 'ਚ ਇਹੀ ਹੁੰਦੈ ਕਿ ਮੈਂ ਹੀ ਬਹੁਤ ਸਿਆਣਾ ਹਾਂ। ਹਰ ਉਸ ਸਿਆਣੇ ਨੂੰ ਵਹਿਮ ਹੁੰਦੈ ਕਿ ਦੁਨੀਆ ਸਿਰਫ਼ ਡੇਢ ਬੰਦੇ ਦੀ ਬਣੀ ਹੋਈ ਐ। ਆਪਣਾ ਆਪ ਸਾਬਤਾ ਸਬੂਤਾ ਅਤੇ ਬਾਕੀ ਦੀ ਦੁਨੀਆ ਅੱਧ-ਪਚੱਧੀ ਹੀ ਨਜ਼ਰੀਂ ਪੈਂਦੀ ਐ। ਇਸ ਸਿਆਣਿਆਂ ਦੀ ਦੁਨੀਆ ਵਿੱਚ ਕੋਈ ਆਪਣੇ ਆਪ ਨੂੰ ਖੁਦ ਹੀ ਮੂਰਖ ਆਖੇ, ਸ਼ਾਇਦ ਇਹ ਗੱਲ ਵੀ ਹਾਸੋਹੀਣੀ ਜਿਹੀ ਲੱਗੇ ਪਰ ਇਹ ਆਪਣੇ ਆਪ ਵਿੱਚ ਵਡੱਪਣ ਹੈ। ਆਪਣੇ ਆਪ ਨੂੰ ਮੂਰਖ ਅਖਵਾਉਣਾ ਵੀ ਫਰਾਖ਼ਦਿਲੀ ਦਾ ਸਬੂਤ ਹੋ ਸਕਦੈ। ਅਪ੍ਰੈਲ ਮਹੀਨੇ ਦਾ ਪਹਿਲਾ ਦਿਨ ਹੀ ਮੂਰਖਾਂ ਦੇ ਦਿਨ ਵਜ਼ੋਂ ਜਾਣਿਆ ਜਾਂਦੈ... ਦਿਲ ਕਰਦਾ ਸੀ ਕਿ ਇਸ ਦਿਨ 'ਤੇ ਕਿਸੇ ਮਹਾਂ-ਮੂਰਖ ਨੂੰ ਤੁਹਾਡੇ ਰੂ-ਬ-ਰੂ ਕਰਵਾਇਆ ਜਾਵੇ। ਆਓ ਮਿਲਾਵਾਂ ਤੁਹਾਨੂੰ "ਇਡੀਅਟ" ਕਲੱਬ ਰਈਆ ਦੇ ਜਿ਼ੰਦਗੀ ਭਰ ਲਈ ਆਪੇ ਬਣੇ ਪ੍ਰਧਾਨ ਰਜਿੰਦਰ ਰਿਖੀ ਜੀ ਨਾਲ:


ਸਵਾਲ- ਰਿਖੀ ਜੀ, ਇਸ ਸਿਆਣਿਆਂ ਦੀ ਦੁਨੀਆ ਵਿੱਚ ਕੀ ਵਜ੍ਹਾ ਸੀ ਕਿ ਤੁਸੀਂ ਆਪਣੇ ਕਲੱਬ ਦਾ ਨਾਂ 'ਇਡੀਅਟ' ਕਲੱਬ ਰੱਖਿਆ?
ਜਵਾਬ- ਖੁਰਮੀ ਜੀ, ਇਸ ਦੁਨੀਆ ਵਿੱਚ ਜਦੋਂ ਕੋਈ ਬੰਦਾ ਸੱਚੀ ਗੱਲ ਕਹਿੰਦੈ ਜਾਂ ਫਿਰ ਸੱਚ ਦਾ ਸਾਥ ਦਿੰਦੈ ਤਾਂ ਲੋਕ ਉਸਨੂੰ ਈ ਮੂਰਖ ਕਹਿੰਦੇ ਹਨ। ਅਸੀਂ ਆਪਣੇ ਕਲੱਬ ਵੱਲੋਂ ਸਮਾਜ ਵਿੱਚ ਵਾਪਰ ਰਹੇ ਹਰ ਪੁੱਠੇ ਵਰਤਾਰੇ ਨੂੰ ਵਿਅੰਗਮਈ ਢੰਗ ਨਾਲ ਲੋਕਾਂ ਅੱਗੇ ਪੇਸ਼ ਕਰਦੇ ਹਾਂ। ਹਰ ਪੁੱਠੇ ਵਰਤਾਰੇ ਨੂੰ ਫਰੋਲ ਕੇ ਲੋਕਾਂ ਅੱਗੇ ਸੱਚਾਈ ਪੇਸ਼ ਕਰਨ ਤੋਂ ਬਾਦ ਜਦੋਂ ਲੋਕ ਸਾਨੂੰ ਮੂਰਖ ਆਖਣਗੇ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਆਪਣੇ ਆਪ ਨੂੰ ਖੁਦ ਹੀ ਮੂਰਖ ਅਖਵਾਈਏ। ਇਹੀ ਵਜ੍ਹਾ ਸੀ ਕਿ ਅਸੀਂ ਆਪਣੇ ਕਲੱਬ ਦਾ ਨਾਂ ਹੀ 'ਇਡੀਅਟ' ਕਲੱਬ ਰੱਖਿਐ।
 
ਸਵਾਲ- ਕਿਸੇ ਵੀ ਕਲੱਬ ਦਾ ਵਿਧਾਨ ਹੁੰਦੈ, ਮੈਂਬਰ ਬਣਨ ਲਈ ਯੋਗਤਾ ਦੇਖੀ ਜਾਂਦੀ ਐ। ਜੇ ਕੋਈ 'ਮੂਰਖ' ਤੁਹਾਡੀ ਕਲੱਬ ਦਾ ਮੈਂਬਰ ਬਣਨਾ ਚਾਹੇ ਤਾਂ ਉਸ ਵਿੱਚ ਕਿਹੜੇ ਗੁਣ ਦੇਖਦੇ ਹੋ?
ਜਵਾਬ- ਤੁਸੀਂ ਆਮ ਹੀ ਦੇਖਿਆ ਹੋਣੈ ਕਿ ਆਮ ਕਰਕੇ ਕਲੱਬ ਮੈਂਬਰਸਿ਼ਪ ਫੀਸ ਰੱਖਦੇ ਹਨ। ਸਿਰਫ ਫੀਸ ਤੱਕ ਮਤਲਬ ਹੁੰਦੈ, ਭਾਵੇਂ ਗਧੇ ਨੂੰ ਮੈਂਬਰ ਬਣਾ ਲਓ। ਪਰ ਅਸੀਂ 'ਇਡੀਅਟ' ਕਲੱਬ ਦਾ ਮੈਂਬਰ ਬਨਾਉਣ ਲਈ ਯੋਗਤਾ ਦੇਖਦੇ ਹਾਂ ਕਿ ਕੀ ਉਹ ਬੰਦਾ ਲੋਕਾਂ ਲਈ ਸੱਚ ਬੋਲਣ ਦੀ ਜੁਅਰਤ ਰੱਖਦੈ? ਜਿਹੜਾ ਗਲਤ ਨੂੰ ਗਲਤ ਕਹਿੰਦੈ, ਲੋਕ ਉਹਨੂੰ ਮੂਰਖ ਆਖਣਗੇ.... ਜਿਸਨੂੰ ਲੋਕ ਮੂਰਖ ਕਹਿਣਗੇ ਓਹ ਤਾਂ ਆਪਣੇ ਆਲ ਹੀ ਸਾਡਾ ਮੈਂਬਰ ਬਣ ਜਾਂਦੈ।
 
ਸਵਾਲ- ਤੁਹਾਡੇ ਨਾਲ ਅਹੁਦੇਦਾਰੀ ਲਈ ਬਾਕੀ ਮੈਂਬਰ ਨਹੀਂ ਲੜਦੇ ਕਿ ਤੁਸੀਂ ਆਪ ਈ ਪ੍ਰਧਾਨ ਮੰਤਰੀ ਬਣੇ ਬੈਠੇ ਹੋ?
ਜਵਾਬ- ਨਹੀਂ ਜੀ, ਰਾਜਨੀਤਕ ਜੁਗਾੜਲਾਊ ਲੋਕਾਂ ਵਾਂਗ ਸਾਡੀ ਕਲੱਬ 'ਚ ਇਹੋ ਜਿਹੀ ਕੋਈ ਦੌੜ ਨਹੀਂ ਹੈ। ਸਾਰੇ ਮੈਂਬਰ ਪੂਰਾ ਸਾਥ ਦਿੰਦੇ ਹਨ। ਅਸੀਂ ਤਾਂ ਹਰ ਪ੍ਰੋਗ੍ਰਾਮ 'ਚ ਪੱਲਿਉਂ ਪੈਸੇ ਖਰਚਦੇ ਹਾਂ। ਜੇ ਅਸੀਂ ਲੀਡਰਾਂ ਵਾਂਗੂੰ ਕਿਸੇ ਨੂੰ ਖੁਦ ਥਾਣੇ ਫੜਾ ਕੇ ਫਿਰ ਖੁਦ ਹੀ ਛੁਡਾਉਣਾ ਹੋਵੇ ਤੇ ਫੇਰ ਛੁਡਾਉਣ ਬਦਲੇ ਪੁਲਸ ਨਾਲ ਭਾਅ ਮੁਕਾਉਣਾ ਹੋਵੇ, ਫੇਰ ਤਾਂ ਸਾਡੇ ਵਿੱਚ ਵੀ ਧੜੇਬੰਦੀ ਬਣ ਸਕਦੀ ਐ। ਪਰ ਅਸੀਂ ਇਸ ਤਰ੍ਹਾਂ ਦੇ ਸਾਈਡ ਬਿਜਨਸ ਤੋਂ ਅਜੇ ਬਚੇ ਹੋਏ ਆਂ।
 
ਸਵਾਲ- ਸਮਾਜਿਕ ਕੁਰੀਤੀਆਂ ਜਾਂ ਸਮਾਜ ਵਿੱਚ ਹੁੰਦੀ ਕਾਣੀ ਵੰਡ ਉੱਪਰ ਅਖ਼ਬਾਰਾਂ ਰਾਹੀਂ ਵਿਅੰਗਮਈ ਢੰਗ ਨਾਲ ਕਟਾਖਸ਼ ਕਰਨ ਦਾ ਇਹ ਢੰਗ ਕਿੱਥੋਂ ਲੱਭਿਐ?
ਜਵਾਬ- ਅਸੀਂ 18 ਅਕਤੂਬਰ 2003 ਨੂੰ 'ਇਡੀਅਟ' ਕਲੱਬ ਹੋਂਦ ਵਿੱਚ ਲਿਆਂਦਾ। ਇਸ ਤੋਂ ਪਹਿਲਾਂ ਸਾਰੇ ਸਰਗਰਮ ਮੈਂਬਰ 'ਚੌਧਰੀ ਚੰਡਾਲ ਚੌਕੜੀ' ਦੇ ਬੈਨਰ ਹੇਠ ਕੰਮ ਕਰਦੀ ਆ ਰਹੀ ਸੀ। ਚੰਡਾਲ ਚੌਂਕੜੀ ਦੇ ਵੀ ਓਹੀ ਕੰਮ ਸਨ ਜਿਹੜੇ ਇਡੀਅਟ ਕਲੱਬ ਕਰ ਰਹੀ ਹੈ ਪਰ ਚੌਂਕੜੀ ਦੇ ਕੰਮ ਲੋਕਲ ਪੱਧਰ ਦੇ ਸਨ। ਇੱਕ ਵਾਰ ਨਗਰ ਪੰਚਾਇਤ ਨੇ ਕਸਬੇ ਦੀ ਸਫਾਈ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ 15-20 ਮੈਂਬਰਾਂ ਨੇ ਟੋਕਰੇ ਟੋਕਰੀਆਂ ਨਾਲ ਸਾਰੀਆਂ ਗਲੀਆਂ ਨਾਲੀਆਂ ਦਾ ਕੂੜਾ ਟਰਾਲੀ 'ਚ ਭਰ ਕੇ ਦਫਤਰ ਦੇ ਦਰਵਾਜੇ ਅੱਗੇ ਢੇਰ ਲਗਾ ਕੇ ਉਸ ਉੱਪਰ ਬੋਰਡ ਗੱਡ ਆਏ ਕਿ ਨਗਰ ਪੰਚਾਇਤ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ....। ਇਸ ਤਰ੍ਹਾਂ ਦੇ ਸਿੱਧੇ ਜਿਹੇ ਢੰਗ ਸਨ ਚੰਡਾਲ ਚੌਂਕੜੀ ਦੇ... ਪਰ ਜ਼ਮਾਨੇ ਦੇ ਨਾਲ ਨਾਲ ਮਾਡਰਨ ਢੰਗ ਅਪਣਾ ਕੇ ਕੀਤੇ ਜਾਂਦੇ ਵਿਅੰਗਾਂ ਦਾ ਨਾਂ ਹੈ 'ਇਡੀਅਟ' ਕਲੱਬ।
 
ਸਵਾਲ- ਅਕਸਰ ਹੀ ਸਿਆਣੇ ਲੋਕਾਂ ਵੱਲੋਂ ਸਮਾਜਿਕ, ਰਾਜਨੀਤਕ ਜਾਂ ਸੱਭਿਆਚਾਰਕ ਖੇਤਰਾਂ ਵਿੱਚ ਬੱਜ਼ਰ ਮੂਰਖਤਾਈਆਂ ਕੀਤੀਆਂ ਜਾਂਦੀਆਂ ਹਨ। ਤੁਸੀਂ ਅਖ਼ਬਾਰਾਂ ਰਾਹੀਂ ਉਹਨਾਂ ਅਖੌਤੀ ਸਿਆਣਿਆਂ ਨੂੰ 'ਸ਼ੀਸ਼ਾ' ਦਿਖਾਉਂਦੇ ਰਹਿੰਦੇ ਹੋ? ਕਿਸ ਹੱਦ ਤੱਕ ਸੰਤੁਸ਼ਟ ਹੋ ਆਪਣੀਆਂ ਕਾਰਵਾਈਆਂ ਤੋਂ?
ਜਵਾਬ- ਇਡੀਅਟ ਕਲੱਬ ਵੱਲੋਂ ਕੀਤੇ ਕੰਮਾਂ ਦੇ ਅਸਰ ਦੀ ਇੱਕ ਉਦਾਹਰਨ ਦਿਆਂਗਾ ਕਿ ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ ਪਿਛਲੇ ਸਾਲਾਂ 'ਚ ਰਿਸ਼ਵਤ ਲੈ ਕੇ ਖਿਡਾਰੀ ਭਰਤੀ ਕਰਨ ਵਰਗੀਆਂ ਕਈ 'ਸਿਆਣਪਾਂ' ਕੀਤੀਆਂ ਗਈਆਂ ਸਨ। ਅਸੀਂ ਕਲੱਬ ਵੱਲੋਂ ਬੈਨਰ ਵਗੈਰਾ ਛਪਵਾ ਕੇ ਫੈਡਰੇਸ਼ਨ ਨੂੰ ਉਹਨਾਂ ਦੀਆਂ ਮੂਰਖਤਾਈਆਂ ਲਈ ਵਧਾਈ ਦਿੱਤੀ ਸੀ। ਉਹਨਾਂ ਦਿਨਾਂ ਵਿੱਚ ਇੱਕ ਗੀਤ ਆਇਆ ਸੀ 'ਚੱਕ ਦੇ ਓ.. ਇੰਡੀਆ ਚੱਕ ਦੇ' ਪਰ ਅਸੀਂ ਆਪਣੇ ਐਕਸ਼ਨ ਦਾ ਨਾਂ 'ਚੈੱਕ ਦੇ ਓ... ਇੰਡੀਆ ਚੈੱਕ ਦੇ' ਰੱਖਿਆ ਸੀ ਕਿ ਚੈੱਕ ਦਿਓ ਤੇ ਕੋਈ ਵੀ ਖਿਡਾਰੀ ਬਣ ਜਾਓ। ਅਸਰ ਇਹ ਹੋਇਆ ਕਿ ਅਖਬਾਰਾਂ ਵਿੱਚ ਸਾਡੇ ਐਕਸ਼ਨ ਦੀਆਂ ਖ਼ਬਰਾਂ ਨਸ਼ਰ ਹੋਣ 'ਤੇ ਫੈਡਰੇਸ਼ਨ ਨੂੰ ਪ੍ਰਧਾਨ ਅਤੇ ਜਨਰਲ ਸੈਕਟਰੀ ਬਦਲਣੇ ਪਏ।
 
ਸਵਾਲ- ਰਿਖੀ ਜੀ, ਲੋਕਾਂ ਦੀ ਨਜ਼ਰ 'ਚ ਬਹੁਤ ਹੀ ਸਿਆਣੇ ਨੇਤਾ ਲੋਕ ਰਾਜਨੀਤੀ ਵਿੱਚ ਗਾਹ ਪਾਈ ਫਿਰਦੇ ਹਨ। ਅਜਿਹੇ ਮਾਹੌਲ ਵਿੱਚ ਤੁਸੀਂ ਵੀ ਲੋਕ ਸਭਾ ਦੀ ਚੋਣ ਲੜ ਚੁੱਕੇ ਹੋ। ਉਹਨਾਂ ਚੋਣਾਂ ਵਿੱਚ ਇੱਕ ਮੂਰਖ ਵਜ਼ੋਂ ਹਿੱਸਾ ਲੈਣ ਦਾ ਕੀ ਤਜ਼ਰਬਾ ਰਿਹਾ?
ਜਵਾਬ- ਮੈਂ 2004 ਤੇ 2009 ਵਿੱਚ ਲੋਕ ਸਭਾ ਚੋਣਾਂ ਲੜ ਚੁੱਕਾ ਹਾਂ, ਲੋਕ ਸਭਾ ਹਲਕਾ ਤਰਨਤਾਰਨ ਅਤੇ ਖਡੂਰ ਸਾਹਿਬ ਤੋਂ। ਚੋਣ ਲੜ੍ਹਨ ਦਾ ਸਾਡਾ ਮਕਸਦ ਜਿੱਤਣਾ ਜਾਂ ਇਹ ਦਿਖਾਉਣਾ ਨਹੀਂ ਸੀ ਕਿ ਸਾਡੇ ਮਗਰ ਕਿੰਨੇ ਕੁ ਲੋਕ ਹਨ? ਸਗੋਂ ਸਾਡਾ ਮਕਸਦ ਸੀ ਕਿ ਲੋਕਾਂ ਨੂੰ ਉਹਨਾਂ ਲੀਡਰਾਂ ਦੀਆਂ ਲੂੰਬੜਚਾਲਾਂ ਤੋਂ ਵੱਧ ਤੋਂ ਵੱਧ ਸੁਚੇਤ ਕੀਤਾ ਜਾਵੇ ਜਿਹੜੇ ਚੋਣਾਂ ਤੋਂ ਪਹਿਲਾਂ ਦਰਵੇਸ਼ ਹੁੰਦੇ ਹਨ ਪਰ ਜਿੱਤਣ ਤੋਂ ਬਾਦ ਗੁੰਡਿਆਂ ਦਾ ਰੂਪ ਧਾਰ ਜਾਂਦੇ ਹਨ।
 
ਸਵਾਲ- ਤੁਹਾਡਾ ਮਤਲਬ ਕਿ ਰਾਜਨੀਤੀ ਨਿਵੇਸ਼ ਕਰਨ ਦਾ ਸਾਧਨ ਬਣ ਗਈ ਹੈ। ਚੋਣ ਤੁਸੀਂ ਵੀ ਲੜੀ ਤੇ ਤੁਹਾਡੇ ਵਿਰੋਧੀਆਂ ਨੇ ਲੱਖਾਂ ਰੁਪਏ ਖਰਚੇ ਹੋਣਗੇ ਪਰ ਤੁਸੀਂ ਕਿੰਨਾ ਕੁ ਨਿਵੇਸ਼ ਕੀਤਾ?
ਜਵਾਬ- (ਹੱਸ ਕੇ) ਮੇਰਾ ਨਿਵੇਸ਼ 10 ਹਜ਼ਾਰ ਰੁਪਏ ਜਮਾਨਤ ਸੀ, ਉਹ ਵੀ ਦੋਨੋਂ ਵਾਰੀ ਜ਼ਬਤ ਹੋ ਗਈ ਸੀ। ਪੈਟਰੋਲ ਪੁਆਉਣ ਜੋਕਰੇ ਪੈਸੇ ਹੈਨੀ ਸੀ, ਗੈਸ ਸਲੰਡਰ ਲਗਾ ਕੇ ਚੋਣ ਮੁਹਿੰਮ ਚਲਾਈ ਸੀ ਅਸੀਂ। ਅਸੀਂ ਰਈਆ ਦੇ ਸ਼ਮਸ਼ਾਨਘਾਟ 'ਚ ਇੱਕ ਕੈਂਪ ਲਗਾ ਕੇ ਇਲਾਕੇ ਦੇ ਮੋਹਤਬਰ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਵੋਟ ਬਕਸਿਆਂ ਵਿੱਚ ਜਾਅਲੀ ਵੋਟਾਂ ਪਾਉਣੀਆਂ ਹਨ। ਵੋਟਰਾਂ ਨੂੰ ਕਿਸੇ ਲੁੱਚੇ ਲੰਡੇ ਨੂੰ ਹੀ ਵੋਟ ਪਾਉਣ ਲਈ ਕਿਵੇਂ ਮਜ਼ਬੂਰ ਕਰਨਾ ਹੈ। ਵੋਟ ਬਕਸੇ ਚੁੱਕ ਕੇ ਕਿਵੇਂ ਭੱਜਣਾ ਹੈ ਆਦਿ ਦੀ ਸਿਖਲਾਈ ਦਿੱਤੀ ਗਈ ਸੀ। ਇਸ ਐਕਸ਼ਨ ਨੂੰ ਜਿੱਥੇ ਪੰਜਾਬ ਦੇ ਲਗਭਗ ਸਾਰੇ ਟੈਲੀਵਿਜ਼ਨ ਚੈੱਨਲਾਂ ਨੇ ਪ੍ਰਮੁੱਖਤਾ ਨਾਲ ਦਿਖਾਇਆ ਸੀ ਉੱਥੇ ਜਾਗਰੂਕ ਲੋਕਾਂ ਨੇ ਵੀ ਇਸ ਉੱਦਮ ਨੂੰ ਕਾਫੀ ਸਰਾਹਿਆ ਸੀ।
 
ਸਵਾਲ- ਰਿਖੀ ਜੀ, ਇੰਗਲੈਂਡ ਆ ਕੇ ਪੰਜਾਬੀਆਂ ਦੇ ਰਹਿਣ ਸਹਿਣ 'ਚ ਕੋਈ ਫ਼ਰਕ ਜਾਪਿਐ?
ਜਵਾਬ- ਪੰਜਾਬੀ ਜਿੱਥੇ ਵੀ ਜਾਣ, ਆਪਣਾ ਰਹਿਣ ਸਹਿਣ ਨਹੀਂ ਬਦਲ ਸਕਦੇ। ਇੰਗਲੈਂਡ ਦੇ ਕਸਬੇ ਸਾਊਥਾਲ ਆ ਕੇ ਤਾਂ ਕਿਸੇ ਨੂੰ ਇਹ ਦੱਸਣ ਨੂੰ ਵੀ ਦਿਲ ਨਹੀਂ ਕਰਦਾ ਕਿ ਮੈਂ ਪੰਜਾਬੀ ਹਾਂ। ਕਿੰਗ ਸਟਰੀਟ ਉੱਪਰ ਸ਼ਰਾਬ ਪੀ ਕੇ ਝੂਲਦੇ ਫਿਰਦੇ ਪੰਜਾਬੀ ਸ਼ੇਰ ਦੇਖ ਕੇ, ਇੱਕ ਦੂਜੇ ਨੂੰ 'ਤੇਰੀ ਮਾਂ ਦੀ... ਤੇਰੀ ਭੈਣ ਦੀ..' ਕਰਦੇ ਫਿਰਦੇ ਦੇਖਕੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਕਿਸੇ ਓਪਰੇ ਥਾਂ ਆਇਆ ਹੋਇਆ ਹਾਂ।
 
ਸਵਾਲ- ਰਿਖੀ ਜੀ, ਜੇ ਕਿਸੇ ਨੂੰ ਆਪਣੇ ਆਪ 'ਤੇ ਸ਼ੱਕ ਜਿਹਾ ਹੋਵੇ ਕਿ 'ਮੈਂ ਮੂਰਖ ਹੋ ਗਿਆਂ' ਤੇ ਉਹ ਤੁਹਾਡੀ ਕਲੱਬ ਦਾ ਮੈਂਬਰ ਬਣਨਾ ਚਾਹੇ ਤਾਂ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾਵੇ?
ਜਵਾਬ- ਰਈਏ ਦੇ ਸ਼ਮਸ਼ਾਨਘਾਟ ਵਿੱਚ ਸਾਡਾ ਮੁੱਖ ਦਫ਼ਤਰ ਐ ਜੀ। ਉੱਥੇ ਸਾਡਾ ਇੱਕ ਬੰਦਾ ਬਿਠਾਇਆ ਹੈ ਜਿਸਦਾ ਨਾਂ ਹੈ 'ਬਾਦਲ'। ਜਿਸ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਓਹ ਬਾਦਲ ਸਾਬ੍ਹ ਤੋਂ ਲੈ ਸਕਦਾ ਹੈ। ਬਾਕੀ ਭਾਵੇਂ ਦਿਨ 48 ਘੰਟੇ ਦਾ ਹੋ ਜਾਵੇ ਅਸੀਂ ਹਾਜ਼ਰ ਹੀ ਰਹਿੰਨੇ ਆਂ।
 
ਸਵਾਲ- ਆਮ ਕਰਕੇ ਸਿਆਣੀਆਂ ਸੰਸਥਾਵਾਂ ਦੇ ਦਫ਼ਤਰ ਬੜੇ ਆਲੀਸ਼ਾਨ ਹੁੰਦੇ ਹਨ ਪਰ ਤੁਸੀਂ ਆਪਣਾ ਦਫ਼ਤਰ ਸ਼ਮਸ਼ਾਨਘਾਟ ਹੀ ਕਿਉਂ ਬਣਾਇਐ?
ਜਵਾਬ- ਪਹਿਲੀ ਗੱਲ ਤਾਂ ਇਹ ਕਿ ਦੂਜੀਆਂ ਸੰਸਥਾਵਾਂ ਵਿੱਚ ਚੰਗੇ ਚੰਗੇ ਕਾਰੋਬਾਰੀ ਲੋਕ ਮੈਂਬਰ ਬਣਦੇ ਹਨ ਜਿਹਨਾਂ ਕੋਲ ਪੈਸੇ ਪੱਖੋਂ ਕੋਈ ਥੁੜ੍ਹ ਨਹੀਂ ਹੁੰਦੀ। ਅਸੀਂ ਚਾਰੇ ਪਾਸਿਉਂ ਹੀ 'ਵਿਚਾਰੇ' ਹਾਂ। ਦੁਜੀ ਗੱਲ ਇਹ ਕਿ ਲੋਕਾਂ ਦੇ ਮਨਾਂ ਵਿੱਚੋਂ ਭੂਤਾਂ ਪ੍ਰੇਤਾਂ ਦਾ ਡਰ ਕੱਢਣ ਦਾ ਟੇਢੇ ਢੰਗ ਨਾਲ ਸਾਡਾ ਮਕਸਦ ਸੀ ਦਫ਼ਤਰ ਸ਼ਮਸ਼ਾਨਘਾਟ 'ਚ ਬਣਾਉਣਾ। ਆਮ ਲੋਕ ਇਸ ਗੱਲੋਂ ਹੀ ਸ਼ਮਸ਼ਾਨਘਾਟ ਵਿੱਚ ਵੜਨੋਂ ਡਰਦੇ ਹਨ ਕਿ ਉੱਥੇ  ਭੂਤ ਪ੍ਰੇਤ ਹੁੰਦੇ ਹਨ ਪਰ ਅਸੀਂ ਲੋਕਾਂ ਨੂੰ ਇਸ ਗੱਲੋਂ ਜਾਗਰੂਕ ਕਰਦੇ ਹਾਂ ਕਿ ਇਸ ਸ਼ਮਸ਼ਾਨਘਾਟ ਵਿੱਚ ਸਾਡੇ ਆਪਣੇ ਚਾਚੇ ਤਾਏ, ਮਾਂ, ਬਾਪ ਹੀ ਤਾਂ ਅਸੀਂ ਆਪਣੇ ਹੱਥੀਂ ਸ਼ੰਸਕਾਰੇ ਹਨ। ਜਿਹੜੇ ਜਿਉਂਦੇ ਜੀਅ ਸਾਡੇ ਆਪਣੇ ਬਣੇ ਰਹੇ, ਕੀ ਮਰਨ ਤੋਂ ਬਾਦ ਉਹ ਸਾਡਾ ਹੀ ਬੁਰਾ ਲੋੜਨਗੇ? ਪਿਛਲੇ 15 ਸਾਲਾਂ ਤੋਂ ਅਸੀਂ 31 ਦਸੰਬਰ ਦੀ ਰਾਤ ਨੂੰ ਡੀ ਜੇ ਵਗੈਰਾ ਲਗਾ ਕੇ ਉੱਥੇ ਹੀ ਨਵਾਂ ਸਾਲ ਮਨਾਉਂਦੇ ਆ ਰਹੇ ਹਾਂ। ਰਾਤ ਨੂੰ 12 ਵਜੇ ਉੱਥੇ ਹੀ ਕੇਕ ਕੱਟਦੇ ਹਾਂ।
 
ਸਵਾਲ- ਮੂਰਖਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਦ ਕੋਈ ਅਜਿਹਾ ਯਾਦਗਾਰੀ ਪਲ ਹੈ ਜੋ ਤੁਹਾਨੂੰ ਇਕੱਲਿਆਂ ਵੀ ਹੱਸਣ ਲਈ ਮਜ਼ਬੂਰ ਕਰਦਾ ਹੋਵੇ?
ਜਵਾਬ- ਮੈਂ ਇਡੀਅਟ ਕਲੱਬ ਦੇ ਨਾਲ ਨਾਲ ਰੋਟਰੈਕਟ ਕਲੱਬ ਦਾ ਵੀ ਜਿਲ੍ਹਾ ਸਕੱਤਰ ਰਿਹਾ ਹਾਂ। ਕਲੱਬ ਵੱਲੋਂ ਪਠਾਨਕੋਟ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਅਚਾਨਕ ਹੀ ਮੇਰਾ ਨਾਂ ਬੋਲ ਦਿੱਤਾ ਗਿਆ ਕਿ ਕਲੱਬ ਦੇ ਗਵਰਨਰ ਸਾਹਬ ਦੇ ਸਨਮਾਨ ਲਈ ਰਜਿੰਦਰ ਰਿਖੀ ਵੀ ਆਵੇ। ਮੈਨੂੰ ਵੀ ਗੇਂਦਿਆਂ ਦੇ ਫੁੱਲਾਂ ਦਾ ਹਾਰ ਫੜਾ ਦਿੱਤਾ। ਮੈਂ ਗਿਆ ਤੇ ਕਾਹਲੀ ਜਿਹੀ ਹਾਰ ਗਲ 'ਚ ਪਾਇਆ ਤਾਂ ਮੁੜਨ ਲੱਗੇ ਨੂੰ ਓਹੀ ਗਵਰਨਰ ਸਾਬ੍ਹ ਪੁੱਛ ਬੈਠੇ ਅਖੇ "ਰਿਖੀ ਜੀ, ਪਹਿਲਾਂ ਕਿਸੇ ਦੇ ਗਲ ਹਾਰ ਨਹੀਂ ਪਾਇਆ?" ਮੈਂ ਅਨਭੋਲ ਪੁਣੇ ਜਿਹੇ 'ਚ ਹੀ ਕਹਿ ਬੈਠਾ ਕਿ "ਗਵਰਨਰ ਸਾਬ੍ਹ ਸੱਚੀਂ ਮੈਂ ਪਹਿਲੀ ਵਾਰ ਹੀ ਜਿਉਂਦੇ ਬੰਦੇ ਦੇ ਹਾਰ ਪਾ ਰਿਹਾਂ। ਅੱਜ ਤੱਕ ਤਾਂ ਮਰਿਆਂ ਦੇ ਗਲ 'ਚ ਹੀ ਹਾਰ ਪਾਏ ਆ। ਉਹਨਾਂ ਨੇ ਕਦੇ ਕੋਈ ਸਿ਼ਕਾਇਤ ਹੀ ਨਹੀਂ ਕੀਤੀ।" ਉਹ ਗੱਲ ਜਦੋਂ ਵੀ ਯਾਦ ਕਰਦਾ ਹਾਂ ਤਾਂ ਆਪਣੇ ਮੂਰਖਪੁਣੇ 'ਤੇ ਖੁੱਲ੍ਹ ਕੇ ਹੱਸੀਦੈ।
 
ਸਵਾਲ- ਲੋਕਾਂ ਨੂੰ ਖੁਦ ਮੂਰਖ ਬਣ ਕੇ ਸਿਆਣੇ ਬਨਾਉਣ ਦੇ ਆਹਰ ਲੱਗੇ ਹੋਏ ਹੋ, ਪ੍ਰਸ਼ਾਦਾ ਪਾਣੀ ਕਿਵੇਂ ਚੱਲਦੈ ਘਰ ਦਾ?
ਜਵਾਬ- ਮੈਂ 1992 ਤੋਂ ਪੱਤਰਕਾਰੀ ਦੇ ਖੇਤਰ 'ਚ ਹਾਂ। ਮੈਂ 'ਨਵਾਂ ਜ਼ਮਾਨਾ' ਦਾ ਸਬ ਐਡੀਟਰ ਵੀ ਰਹਿ ਚੁੱਕਾ ਹਾਂ। ਜਗ ਬਾਣੀ, ਦੈਨਿਕ ਜਾਗਰਨ ਨਾਲ ਵੀ ਕੰਮ ਕਰ ਚੁੱਕਾ ਹਾਂ ਤੇ ਅੱਜਕੱਲ੍ਹ ਮੈਂ ਦੈਨਿਕ ਭਾਸਕਰ ਅਖਬਾਰ ਨਾਲ ਜੁੜਿਆ ਹੋਇਆ ਹਾਂ।
 
ਸਵਾਲ- ਰਿਖੀ ਜੀ, ਹਰ ਸੰਸਥਾ ਦਾ ਸੁਪਨਾ ਹੁੰਦੈ ਕਿ ਉਹ ਵਿਦੇਸ਼ਾਂ ਵਿੱਚ ਵੀ ਆਪਣੀਅ ਸ਼ਾਖਾਵਾਂ ਖੋਲ੍ਹੇ। ਕੀ ਤੁਸੀਂ ਵੀ ਚਾਹੁੰਦੇ ਹੋ ਕਿ ਵਿਦੇਸ਼ਾਂ ਵਿੱਚ ਮੂਰਖ ਲੱਭ ਕੇ ਸ਼ਾਖਾਵਾਂ ਖੋਲ੍ਹੀਆਂ ਜਾਣ?
ਜਵਾਬ- ਜਿੰਨੇ ਵੀ ਸਿਆਣੇ ਲੀਡਰ ਹਨ, ਜਦੋਂ ਵੀ ਕਿਸੇ ਵਿਦੇਸ਼ੀ ਟੂਰ ਲਈ ਰਵਾਨਾ ਹੁੰਦੇ ਹਨ ਤਾਂ ਉਹਨਾਂ ਦੇ ਝੋਲੀਚੁੱਕ ਦਿੱਲੀ ਰੇਅਰਪੋਰਟ 'ਤੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਤੋਰ ਦਿੰਦੇ ਹਨ, ਭਾਵੇਂ ਹਾਰਾਂ ਦੇ ਭਾਰ ਨਾਲ ਓਹਦਾ ਮਣਕਾ ਟੁੱਟ ਜਾਵੇ। ਫੇਰ ਬਾਹਰਲੇ ਏਅਰਪੋਰਟਾਂ 'ਤੇ ਵੀ ਉਹਨਾਂ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਲੱਦ ਦਿੱਤਾ ਜਾਂਦੈ। ਐਸੀ ਆਓ ਭਗਤ ਦੇਖ ਕੇ ਮਨ ਲਲਚਾ ਜਿਹਾ ਜਾਂਦੈ ਕਿ ਕਾਸ਼ ਸਾਡਾ ਵੀ ਕੋਈ ਆਪਣਾ ਏਅਰਪੋਰਟ 'ਤੇ ਲੈਣ ਆਇਆ ਖੜ੍ਹਾ ਹੋਵੇ, ਭਾਵੇਂ ਮੁਰਝਾਇਆ ਹੋਇਆ ਫੁੱਲ ਹੀ ਫੜਾ ਦੇਵੇ। ਹੁਣ ਇੰਗਲੈਂਡ ਆ ਕੇ ਮੇਰਾ ਵੀ ਮਨ ਕੀਤਾ ਕਿ ਦੁਨੀਆ ਤਾਂ ਮੂਰਖਾਂ ਨਾਲ ਭਰੀ ਪਈ ਐ ਕਿਉਂ ਨਾ ਭਾਰਤ ਵਾਪਸ ਜਾ ਕੇ ਮੂਰਖਸਤਾਨ ਦੀ ਮੰਗ ਕੀਤੀ ਜਾਵੇ। ਮੈਂ ਇੰਗਲੈਂਡ 'ਚ ਅਤੁਲ ਸ਼ਰਮਾ ਜੀ ਨੂੰ ਮੂਰਖਸਤਾਨ ਦਾ ਕਰਤਾ ਧਰਤਾ ਬਣਾ ਕੇ ਜਾ ਰਿਹਾ ਹਾਂ। ਮੈਂ ਆਪਣੇ ਆਪ ਨੂੰ ਆਪ ਹੀ ਮੂਰਖਸਤਾਨ ਦਾ ਪ੍ਰਧਾਨ ਮੰਤਰੀ ਥਾਪ ਲਿਆ ਹੈ ਜੀ। ਭਾਰਤ ਜਾ ਕੇ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ, ਮਰਨ ਵਰਤ ਰੱਖਣੇ ਪੈਣ, ਗ੍ਰਿਫਤਾਰੀਆਂ ਦੇਣੀਆਂ ਪੈਣ... ਅਸੀਂ ਮੂਰਖਸਤਾਨ ਲੈ ਕੇ ਹੀ ਰਹਾਂਗੇ।
 
ਸਵਾਲ- ਰਿਖੀ ਜੀ, ਸਾਡੇ ਸਿਆਣੇ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
ਜਵਾਬ- ਸੁਨੇਹਾ ਤਾਂ ਨਹੀਂ ਜੀ, ਬੇਨਤੀ ਕਰ ਸਕਦਾ ਹਾਂ ਕਿ ਵਿਦੇਸਾਂ ਵਿੱਚ ਰਹਿੰਦਿਆਂ ਵੀ ਸਿਆਣੇ ਬਣ ਕੇ ਰਹੋ। ਇੰਨੇ ਵੀ 'ਸਿਆਣੇ' ਨਾ ਬਣ ਜਾਣਾ ਕਿ ਤੁਹਾਡੇ ਕਰਕੇ ਤੁਹਾਡੇ ਮਾਂ ਬਾਪ, ਜਨਮ ਭੂਮੀ ਨੂੰ ਸ਼ਰਮਿੰਦਗੀ ਉਠਾਉਣੀ ਪਵੇ ।
****

No comments: