ਕਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ-2011.......... ਸਲਾਨਾ ਸਮਾਗਮ / ਹਰਬੰਸ ਬੁੱਟਰ
ਕੈਲਗਰੀ : ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਅਤੇ ਪਸਾਰ ਦੇ ਉਦੇਸ਼ ਨੂੰ ਮੁੱਖ ਰੱਖਕੇ ਕਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਮਿਤੀ 10 ਤੇ 11 ਜੂਨ 2011 ਨੂੰ ਦੋ ਰੋਜ਼ਾ ਕਾਨਫਰੰਸ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਆਯੋਜਿਤ ਕੀਤੀ ਗਈ। ਇਸ ਵਿੱਚ ਵੱਖ ਵੱਖ ਦੇਸ਼ਾਂ ਦੇ ਲੇਖਕ, ਪੱਤਰਕਾਰ, ਬੁੱਧੀਜੀਵੀ ਅਤੇ ਹੋਰ ਵੱਖ ਵੱਖ ਖੇਤਰਾਂ ਨਾਲ ਸਬੰਧਤ ਸਖਸ਼ੀਅਤਾਂ ਸ਼ਾਮਲ ਹੋਈਆਂ। ਪੰਜਾਬ (ਭਾਰਤ) ਤੋਂ ਡਾ: ਦੀਪਕ ਮਨਮੋਹਨ (ਸੇਵਾ-ਮੁਕਤ ਪ੍ਰੋਫੈਸਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ, ਹੁਣ ਸ਼ੇਖ ਬਾਬਾ ਫਰੀਦ ਚੇਅਰ ਦੇ ਕਨਵੀਨਰ), ਡਾ: ਹਰਜੋਧ ਸਿੰਘ ਜੋਗਰ (ਸੀਨੀਅਰ ਲੈਕਚਰਾਰ, ਪੰਜਾਬੀ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਟੀ ਪਟਿਆਲਾ), ਡਾ: ਬਲਜਿੰਦਰ ਕੌਰ ਖਹਿਰਾ (ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਮੁਕਤਸਰ), ਡਾ: ਪਰਮਜੀਤ ਕੌਰ (ਐਸੋਸੀਏਟ ਪ੍ਰੋਫੈਸਰ ਪੋਲੀਟੀਕਲ ਸਾਇੰਸ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਕਹਾਣੀਕਾਰ ਗੁਲਜ਼ਾਰ ਸੰਧੂ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਜੀ ਪੁੱਜੇ। ਜਰਮਨੀ ਤੋਂ ਨਾਟਕਕਾਰ ਕੰਵਲ ਵਿਦ੍ਰੋਹੀ, ਦੁਬਈ ਤੋਂ ਖੀਵਾ ਮਾਹੀ, ਟੋਰਾਂਟੋ ਤੋਂ ਇਕਬਾਲ ਰਾਮੂੰਵਾਲੀਆ, ਕ੍ਰਿਪਾਲ ਸਿੰਘ ਪੰਨੂ, ਵੈਨਕੋਵਰ ਤੋਂ ਸਾਧੂ ਬਿਨਿੰਗ, ਜਰਨੈਲ ਸਿੰਘ ਸੇਖਾ, ਡਾ: ਸੁਰਿੰਦਰ ਗਿੱਲ ਤੇ ਹੋਰ ਅਹਿਮ ਸਖਸ਼ੀਅਤਾਂ ਨੇ ਕਾਨਫਰੰਸ ਵਿੱਚ ਭਾਗ ਲਿਆ।
ਕਾਨਫਰੰਸ ਵਿੱਚ ਕੁੱਲ ਅੱਠ ਪੇਪਰ ਪੜ੍ਹੇ ਗਏ ।ਪਹਿਲੇ ਦਿਨ ਤਿੰਨ ਸੈਸ਼ਨਾਂ ਵਿੱਚ ਛੇ ਪੇਪਰ ਅਤੇ ਦੂਜੇ ਦਿਨ ਦੋ ਪੇਪਰ ਪੜ੍ਹੇ ਗਏ।ਸੰਯੋਗਵਸ ਮਿਤੀ 11.06.2011 ਨੂੰ ਵੈਨਕੋਵਰ ਵਿਖੇ ਕਾਫੀ ਸਮੇਂ ਤੋਂ ਲੰਮੀ ਬਿਮਾਰੀ ਨਾਲ ਜੂਝ ਰਹੇ ਡਾ: ਦਰਸ਼ਨ ਗਿੱਲ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਮੌਤ ਦੀ ਖ਼ਬਰ ਸੁਣ ਪੰਜਾਬੀ ਪਿਆਰਿਆਂ ਦੇ ਹਿਰਦੇ ਵਲੂੰਧਰੇ ਗਏ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਹ ਕਾਨਫਰੰਸ ਦਰਸ਼ਨ ਗਿੱਲ ਜੀ ਦੀ ਮਿੱਠੀ ਯਾਦ ਨੂੰ ਸਮਰਪਤ ਕੀਤੀ ਗਈ। ਜਸਵੰਤ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਏ ਭਾਸ਼ਾ ਵਿਗਿਆਨੀ ਤੇ ਸਾਹਿਤਕਾਰ ਪੰਜਾਬੀ ਲਈ ਵਚਨਬੱਧ ਕਰਮਯੋਗੀ ਹਨ, ਜਿੰਨ੍ਹਾਂ ਨੇ ਸਫਲਤਾ ਦੇ ਮੋਤੀਆਂ ਨੂੰ ਮਿਹਨਤ ਦੀ ਸਿੱਪੀ ਵਿੱਚ ਬੰਦ ਕੀਤਾ ਹੋਇਆ ਹੈ। ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਦੀਪਕ ਮਨਮੋਹਨ ਨੇ ਇਸ਼ਾਰਾ ਕੀਤਾ ਕਿ ‘ਪੰਜਾਬੀ ਬੋਲੀ ਤੇ ਸੱਭਿਆਚਾਰ ਸੰਭਾਲਣ ਲਈ ਕੋਈ ਫਾਰਮੂਲਾ ਨਹੀਂ, ਇਹ ਤਾਂ ਸਾਡੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੈ। ਅਜਿਹੀਆਂ ਕਾਨਫਰੰਸਾਂ ਰੰਗਰਲੀਆਂ ਮਨਾਉਣਾ ਨਹੀਂ, ਬਲਕਿ ਇਹ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਵਿੱਚ ਬੜਾ ਵੱਡਾ ਯੋਗਦਾਨ ਪਾਉਣਾ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਪੰਜਾਬ ਵਿੱਚ ਰਹਿੰਦੇ ਪੰਜਾਬੀ ਉਤਨਾ ਕ੍ਰਿਆਸ਼ੀਲ ਨਹੀਂ ਜਿਤਨੇ ਅਮਰੀਕਾ ਕਨੇਡਾ ਵਿੱਚ ਰਹਿੰਦੇ ਪੰਜਾਬੀ ਹਨ।’

ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸੰਧੂ ਜੀ ਨੇ ਆਪਸੀ ਸਾਂਝ ਵਧਾਉਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ‘ਪੰਜਾਬ ਵਿੱਚ ਰਹਿੰਦਿਆਂ ਕਈ ਵਾਰ ਪੰਜਾਬੀ ਦੀ ਵਿਗੜਦੀ ਹਾਲਤ ਵੇਖ ਕੇ ਝੋਰਾ ਲਗਦਾ ਹੈ ਪਰ ਤੁਹਾਡਾ ਅਜਿਹਾ ਉੱਦਮ ਵੇਖ ਕੇ ਮਨ ਨੂੰ ਸਕੂਨ ਮਿਲਿਆ ਹੈ। ਪੰਜਾਬੀ ਸੁੰਗੜ ਕੇ ਨਹੀਂ ਬੈਠਦੇ ਅਤੇ ਨਾ ਹੀ ਸਾਨੂੰ ਪੰਜਾਬੀ ਤੇ ਜੱਫਾ ਮਾਰਨ ਦੀ ਲੋੜ ਹੈ। ਇਸ ਨੂੰ ਆਪਣੇ ਆਪ ਵਿਕਸਤ ਹੋਣ ਦਿਓ।’ ਕਾਨਫਰੰਸ ਦੇ ਸਵਾਗਤੀ ਸਮਾਗਮ ਵਿੱਚ ਕੈਲਗਰੀ ਸ਼ਹਿਰ ਦੇ ਨੌਜੁਆਨ ਐਮ.ਐਲ.ਏ. ਮਨਮੀਤ ਭੁੱਲਰ ਵੀ ਪਹੁੰਚੇ ਜਿਹੜੇ ਪੰਜਾਬ ਦੀਆਂ ਦੋ ਯੂਨੀਵਰਸਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੀ.ਏ.ਯੂ. ਲੁਧਿਆਣਾ ਨੂੰ ਕ੍ਰਮਵਾਰ ਅਲਬਰਟਾ ਦੀ ਮਾਊਂਟ ਰਾਇਲ ਯੂਨੀਵਰਸਿਟੀ ਅਤੇ ਓਲਡਜ਼ ਕਾਲਜ ਐਬਟਸਫੋਰਡ ਨਾਲ ਕੋਲੈਬੋਰੇਟ ਕਰਵਾ ਚੁੱਕੇ ਹਨ। “ਹੁਣ ਤੱਕ ਪੰਜਾਬੀਆਂ ਨੇ ਤਰੱਕੀ ਹਿੱਕ ਦੇ ਜ਼ੋਰ ਨਾਲ ਕੀਤੀ ਹੈ, ਹੁਣ ਦਿਮਾਗ ਦੇ ਜ਼ੋਰ ਨਾਲ ਤਰੱਕੀ ਕਰਨ ਦਾ ਸਮਾਂ ਆ ਗਿਆ ਹੈ” ਉਹਨਾਂ ਦੇ ਇਹਨਾਂ ਬੋਲਾਂ ਨੇ ਹਾਜ਼ਰ ਪੰਜਾਬੀ ਪ੍ਰੇਮੀਆਂ ਨੂੰ ਹਲੂਣ ਦਿੱਤਾ।

ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਆਏ ਭਾਸ਼ਾ ਵਿਗਿਆਨੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਹ ਸਾਡਾ ਛੋਟਾ ਜਿਹਾ ਪਹਿਲਾ ਉਪਰਾਲਾ ਹੈ । ਸਭ ਹਾਜ਼ਰੀਨ  ਨੂੰ ਬੇਨਤੀ ਹੈ ਕਿ ਉਹ ਡੈਲੀਗੇਟਸ ਦੇ ਪਰਚੇ ਧਿਆਨ ਨਾਲ ਸੁਣਨ ਉਪਰੰਤ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ। ਚਾਹ ਤੋਂ ਬਾਦ ਕਾਨਫਰੰਸ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਜੋ ਕਿ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਨੂੰ ਸਮਰਪਤ ਸੀ। ਇਸ ਦਾ ਸੰਚਾਲਨ ਹਰੀਪਾਲ ਜੀ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਮਹਿੰਦਰ ਸਿੰਘ ਹੱਲਣ, ਕਮਲ ਵਿਦ੍ਰੋਹੀ ਤੇ ਜਰਨੈਲ ਸਿੰਘ ਚਿੱਤਰਕਾਰ ਸ਼ਾਮਲ ਸਨ। ਪਹਿਲਾ ਪਰਚਾ ‘ਪੰਜਾਬੀ ਭਾਸ਼ਾ ਦੀ ਤ੍ਰਾਸਦੀ’ ਪੰਜਾਬੀ ਲਿਖਾਰੀ ਸਭਾ ਦੇ ਬਾਨੀ ਮੈਂਬਰ ਮਨਜੀਤ ਸਿੰਘ ਸਿੱਧੂ ਜੀ ਨੇ ਪੜ੍ਹਿਆ, ਜਿਸ ਵਿੱਚ ਪੰਜਾਬੀ ਵਿੱਚ ਦੂਸਰੀਆਂ ਭਸ਼ਾਵਾਂ ਦੇ ਸ਼ਬਦਾਂ ਦੇ ਰਲੇਵੇਂ ਦੇ ਗੱਲ ਕੀਤੀ ਗਈ। ਦੂਜਾ ਪਰਚਾ ਵੈਨਕੋਵਰ ਤੋਂ ਆਏ ਭਾਸ਼ਾ ਵਿਗਿਆਨੀ ਸਾਧੂ ਬਿਨਿੰਗ ਜੀ ਦਾ ਸੀ ‘ਪੰਜਾਬੀ ਭਾਸ਼ਾ ਦਾ ਕਨੇਡਾ ਵਿੱਚ ਭਵਿੱਖ’, ਜਿਹੜਾ ਕਿ ਉਹਨਾਂ ਬਹੁਤ ਵਿਸਥਾਰ ਨਾਲ ਪ੍ਰਸਤੁਤ ਕੀਤਾ। ਉਹਨਾਂ ਨੇ ਕਨੇਡਾ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਕਨੇਡਾ ਵਿੱਚ ਪੰਜਾਬੀ ਨੂੰ ਕਨੇਡਾ ਦੀ ਇੱਕ ਭਾਸ਼ਾ ਵਜੋਂ ਪ੍ਰਵਾਨ ਕਰਵਾਉਣ ਦੀ ਗੱਲ ਕੀਤੀ ਕਿਉਂਕਿ ਕਨੇਡਾ ਵਿੱਚ ਤੇਤੀ ਚੌਂਤੀ ਮਿਲੀਅਨ ਪੰਜਾਬੀ ਬੋਲਣ ਵਾਲੇ ਵੱਸਦੇ ਹਨ। ਕੰਵਲ ਵਿਦ੍ਰੋਹੀ ਜੀ ਨੇ ਪਰਚਿਆਂ ਬਾਰੇ ਵਿਚਾਰ ਪੇਸ਼ ਕਰਦੇ ਕਿਹਾ ‘ਦਿਲ ਵਿੱਚ ਹੋਵੇ ਤੜਪ ਤੇ ਹੱਡਾਂ ਵਿੱਚ ਜ਼ੋਰ, ਕੌਣ ਕਹਿੰਦਾ ਹੈ ਕਿ ਮੰਜ਼ਿਲ ਦੂਰ ਹੈ” ਉਹਨਾਂ ਨੇ ਘਰਾਂ ਵਿੱਚ ਆਪਣੇ ਛੋਟੇ ਬੱਚਿਆਂ ਨਾਲ ਪੰਜਾਬੀ ਬੋਲਣ ਤੇ ਜ਼ੋਰ ਦਿੱਤਾ। ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਜੋਗਿੰਦਰ ਸੰਘਾ ਨੇ ਪਰਚਿਆਂ ਤੇ ਵਿਚਾਰ ਵਟਾਂਦਰੇ ਦਾ ਮੁੱਢ ਬੰਨ੍ਹਿਆ ਤੇ ਫਿਰ ਸ੍ਰੋਤਿਆਂ ਵਲੋਂ ਪਰਚਿਆਂ ਸਬੰਧੀ ਕੀਤੇ ਗਏ ਸੁਆਲਾਂ ਦੇ ਜੁਆਬ ਪਰਚਾਕਾਰਾਂ ਨੇ ਬੜੀ ਸੂਝ ਬੂਝ ਨਾਲ ਦਿੱਤੇ।

ਦੁਪਹਿਰ ਦੇ ਖਾਣੇ ਤੋਂ ਬਾਦ ਦੂਸਰਾ ਸੈਸ਼ਨ ਸ਼ੁਰੂ ਹੋਇਆ ਜੋ ਕਿ ਮੰਨੀ ਪ੍ਰਮੰਨੀ ਕਹਾਣੀਕਾਰ, ਨਾਵਲਕਾਰ ਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਤ ਸੀ। ਇਸ ਸੈਸ਼ਨ ਦਾ ਸੰਚਾਲਨ ਗੁਰਚਰਨ ਕੌਰ ਥਿੰਦ ਨੇ ਅੰਮ੍ਰਿਤਾ ਪ੍ਰੀਤਮ ਦੇ ਇਹਨਾਂ ਸ਼ਬਦਾਂ ਨਾਲ ਕੀਤਾ...

“ਸੂਰਜ ਦੇਵਤਾ ਬੂਹੇ ਤੇ ਆਣ ਢੁੱਕਾ
ਕਿਸੇ ਕਿਰਨ ਨਾ ਉੱਠ ਕੇ ਤੇਲ ਚੋਇਆ
ਸਾਡੇ ਇਸ਼ਕ ਨੇ ਇੱਕ ਸਵਾਲ ਪਾਇਆ
ਜੁਆਬ ਕਿਸੇ ਵੀ ਰੱਬ ਤੋਂ ਨਾ ਦੇ ਹੋਇਆ”

ਉਨ੍ਹਾਂ ਪੰਜਾਬ ਤੋਂ ਗਏ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਅਤੇ ਸੁਦਾਗਰ ਬਰਾੜ ਲੰਡੇ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਸਟੇਜ ਤੇ ਪਹੁੰਚਣ ਦਾ ਸੱਦਾ ਦਿੱਤਾ। ਇਸ ਸੈਸ਼ਨ ਦਾ ਪਹਿਲਾ ਪਰਚਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਜ਼ਨਲ ਸੈਂਟਰ ਤੋਂ ਆਏ ਬਲਜਿੰਦਰ ਕੌਰ ਖਹਿਰਾ ਜੀ ਨੇ ਪੜ੍ਹਿਆ ਜੋ ਕਿ ‘ਪ੍ਰਵਾਸੀ ਸਾਹਿਤ ਵਿੱਚ ਨਾਰੀਵਾਦ’ ਸਿਰਲੇਖ ਹੇਠ ਸੀ। ਉਹਨਾਂ ਨੇ ਪ੍ਰਵਾਸੀ ਸਾਹਿਤ ਦੀਆਂ ਤਿੰਨ ਕਹਾਣੀਆਂ  ਘੁੰਮਣਘੇਰੀ (ਹਰਪ੍ਰੀਤ ਸੇਖਾ), ਜੋਗੀਆਂ ਦੀ ਧੀ (ਵੀਨਾ ਵਰਮਾ), ਅਤੇ ਡਾਇਮੰਡ ਰਿੰਗ (ਅਮਨਪਾਲ ਸਾਰਾ) ਨੂੰ ਅਧਾਰ ਬਣਾ ਕੇ ਪ੍ਰਦੇਸ ਵੱਸਦੀਆਂ ਔਰਤਾਂ ਦੇ ਅਸਿਤਤਵ ਅਤੇ ਮਨੋਸਥਿਤੀਆਂ ਦੀ ਗੱਲ ਕੀਤੀ।

ਦੂਜਾ ਪਰਚਾ ਪਾਕਿਸਤਾਨ ਤੋਂ ਪਹੁੰਚੇ ਸ਼੍ਰੀਮਤੀ ਸਰਵਤ ਮੁਹਿਓਦੀਨ ਨੇ ‘ਕਲਾਸਕੀ ਕਵਿਤਾ ਵਿੱਚ ਨਾਰੀਵਾਦ’ ਸਿਰਲੇਖ ਹੇਠ ਪੜ੍ਹਿਆ। “ਪੱਛਮ ਵਿੱਚ ਵੀ ਔਰਤ ਨੂੰ ਆਪਣਾ ਅਸਲੀ ਨਾਂ ਛੱਡ ਦੂਜੇ ਨਾਂ ਹੇਠ ਛਪਣਾ ਪਿਆ । ਔਰਤ ਆਪਣੀ ਧੀ ਦੇ ਹੱਕ ਲਈ ਵੀ ਗੱਲ ਨਹੀ ਕਰ ਸਕਦੀ, ਕਿਉਂਕਿ ਖ਼ੁਦ ਉਹਦੀ ਜ਼ਿੰਦਗੀ ਤੇ ਉਹਦਾ ਹੱਕ ਨਹੀਂ ਹੁੰਦਾ । ਔਰਤ ਰੀਤਾਂ ਰਿਵਾਜਾਂ ਦੇ ਤੰਗ ਦਾਇਰੇ ਵਿੱਚ ਰਹਿ ਕੇ ਹੀ ਮਾਪਿਆਂ ਦੇ ਲਾਡਾਂ ਤੇ ਨਾਜ਼ਾਂ ਦੀ ਹੱਕਦਾਰ ਰਹਿੰਦੀ ਹੈ । ਉਸਦੀ ਜ਼ਰਾ ਕੁ ਬਗ਼ਾਵਤ ਵੀ ਬਰਦਾਸ਼ਤ ਨਹੀਂ ਹੁੰਦੀ।” ਇਹ ਵਿਚਾਰ ਪ੍ਰਗਟ ਕਰਦਾ ਇਹ ਪਰਚਾ ਬੜੀ ਸਰਲ ਤੇ ਸਪਸ਼ਟ ਭਾਸ਼ਾ ਵਿੱਚ ਸੀ। ਸਤੀਸ਼ ਗੁਲਾਟੀ ਜੀ ਨੇ ‘ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖ਼ਤਲਿਫ਼ ਹੈ, ਜੈਸੇ ਆਂਖ ਕਾ ਪਾਨੀ ਪਾਨੀ ਸੇ ਮੁਖ਼ਤਲਿਫ਼ ਹੈ’ ਸ਼ੇਅਰ ਨਾਲ ਮੁਖ਼ਾਤਬ ਹੋ ਪਰਚਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਸੁਦਾਗਰ ਬਰਾੜ ਲੰਡੇ ਨੇ ਖੁੱਲ੍ਹ ਕੇ ਪਰਚਿਆਂ ਬਾਰੇ ਗੱਲ ਕੀਤੀ। ਉਹਨਾਂ ਅਨੁਸਾਰ ‘ਪੂਰਬ ਦੀ ਨਾਰੀ ਨੂੰ ਦਬਾਅ ਕੇ ਰਖਿਆ ਗਿਆ ਤੇ ਪੱਛਮ ਦੀ ਨਾਰੀ ਨੂੰ ਚਮਲ੍ਹਾਅ ਕੇ ਰਖਿਆ ਗਿਆ।’ ਉਪਰੰਤ ਪੰਜਾਬੀ ਲਿਖਾਰੀ ਸਭਾ ਦੇ ਕਹਾਣੀਕਾਰ ਮੈਂਬਰ ਜ਼ੋਰਾ ਸਿੰਘ ਬਾਂਸਲ ਨੇ ਪਰਚਿਆਂ ਸਬੰਧੀ ਬਹਿਸ ਛੇੜੀ ਤੇ ਗੱਲ ਇੱਥੇ ਮੁਕਾਈ ਕਿ ਕਹਾਣੀਆਂ ਵਿੱਚ ਔਰਤ ਦੇ ਸੋਸ਼ਣ ਦੀ ਗੱਲ ਕੀਤੀ ਗਈ ਹੈ । ਉਸਦੀਆਂ ਪ੍ਰਾਪਤੀਆਂ ਦੀ ਗੱਲ ਵੀ ਕੀਤੀ ਜਾਣੀ ਬਣਦੀ ਹੈ ਤੇ ਫਿਰ ਛਿੜੀ ਬਹਿਸ ਵਿੱਚ ਸਰੋਤਿਆਂ ਵਲੋਂ ਪ੍ਰਸ਼ਨਾਂ ਦੀ ਝੜੀ ਲਗ ਗਈ, ਜਿਹਦੇ ਵਿੱਚ ਔਰਤਾਂ ਵਲੋਂ ਮਰਦਾਂ ਤੇ ਕੀਤੇ ਜਾਂਦੇ ਅੱਤਿਆਚਾਰਾਂ ਦੀ ਗੱਲ ਵੀ ਉੱਭਰ ਕੇ ਸਾਹਮਣੇ ਆਈ। ਇਸ ਬਹਿਸ ਨੂੰ ਸੈਸ਼ਨ ਦੇ ਪ੍ਰਧਾਨ ਦਰਸ਼ਨ ਬੁੱਟਰ ਜੀ ਨੇ ਆਪਣੀ ਬੜੀ ਖੂਬਸੂਰਤ ਕਵਿਤਾ ਸੁਣਾ ਕੇ ਸਮਾਪਤ ਕੀਤਾ। ਇੰਝ ਇਹ ਸੈਸ਼ਨ ਬੜੀ ਕਾਮਯਾਬੀ ਨਾਲ ਸੰਪੰਨ ਹੋਇਆ ਅਤੇ ਸਾਰਿਆਂ ਨੂੰ ਗਰਮ ਗਰਮ ਚਾਹ ਪੀਣ ਦਾ ਸੱਦਾ ਦਿੱਤਾ ਗਿਆ।

ਸ਼ਾਮ ਦਾ ਤੀਜਾ ਸੈਸ਼ਨ ਪ੍ਰਸਿੱਧ ਪੱਤਰਕਾਰ ਹਰਭਜਨ ਹਲਵਾਰਵੀ ਜੀ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਐਡਮਿੰਟਨ ਤੋਂ ਆਏ ਪੱਤਰਕਾਰ ਜਰਨੈਲ ਬਸੋਤਾ, ਦੁਬਈ ਤੋਂ ਆਏ ਪੰਜਾਬੀ ਨਿਊਜ਼ ਆਨਲਾਈਨ ਦੇ ਇੰਚਾਰਜ  ਖੀਵਾ ਮਾਹੀ ਤੇ ਸਭਾ ਦੇ ਸਤਿਕਾਰਯੋਗ ਮੈਂਬਰ ਚੰਦ ਸਿੰਘ ਸਦਿਉੜਾ ਸ਼ਾਮਲ ਸਨ। ਇਸ ਸੈਸ਼ਨ ਦਾ ਸੰਚਾਲਨ ਹਰਬੰਸ ਬੁੱਟਰ ਨੇ ਬੜੀ ਸੁਚੱਜਤਾ ਨਾਲ ਕੀਤਾ। ਪਹਿਲਾ ਪਰਚਾ ‘ਕਨੇਡਾ ਵਿੱਚ ਪੰਜਾਬੀ ਮੀਡੀਆ’ ਇਕਬਾਲ ਸਿੰਘ ਰਾਮੂਵਾਲੀਆ ਜੀ ਨੇ ਪੜ੍ਹਿਆ। ਉਹਨਾਂ ਨੇ 1903 ਵਿੱਚ ਪੰਜਾਬੀਆਂ ਦੀ ਕਨੇਡਾ ਵਿੱਚ ਆਮਦ ਤੋਂ ਲੈ ਕੇ ਹੁਣ ਤੱਕ ਪ੍ਰਕਾਸ਼ਤ ਕੀਤੇ ਗਏ ਤੇ ਕੀਤੇ ਜਾ ਰਹੇ ਅਖ਼ਬਾਰਾਂ, ਰਸਾਲਿਆਂ ਤੇ ਅਜੋਕੇ ਦੌਰ ਵਿੱਚ ਰੇਡੀਓ, ਟੀ.ਵੀ. ਦੇ ਪ੍ਰਸਾਰਨ ਦੀ ਗੱਲ ਵਿਸਥਾਰ ਨਾਲ ਕੀਤੀ। ਜਿਹਦੇ ਵਿੱਚ ਪੱਤਰਕਾਰੀ ਤੇ ਪੇਸ਼ਕਾਰੀ ਦੇ ਡਿਗਦੇ ਮਿਆਰ ਤੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਪੰਜਾਬੀ ਦੇ ਉਚਾਰਣ ਤੇ ਸ਼ਬਦ-ਜੋੜਾਂ ਦੀ ਸ਼ੁੱਧਤਾ ਵੱਲ ਧਿਆਨ ਦੇਣ ਤੇ ਜ਼ੋਰ ਦਿੱਤਾ। ਦੂਸਰਾ ਪਰਚਾ ਕ੍ਰਿਪਾਲ ਸਿੰਘ ਪਨੂੰ ਜੀ ਨੇ ‘ਪੰਜਾਬੀ ਦਾ ਕੰਮਪਿਊਟਰੀਕਰਨ’ ਸਿਰਲੇਖ ਹੇਠ ਪੜ੍ਹਿਆ। ਉਹਨਾਂ ਦਾ ਪਰਚਾ ਹਰ ਪੰਜਾਬੀ ਹਿਤੈਸ਼ੀ ਨੂੰ ਪੰਜਾਬੀ ਵਿੱਚ ਕੰਮਪਿਊਟਰ ਸਿੱਖਣ ਵੱਲ ਪ੍ਰੇਰਿਤ ਕਰਦਾ ਸੀ। ਖੀਵਾ ਮਾਹੀ ਜੀ ਨੇ ਪਰਚਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਭ੍ਰਿਸ਼ਟ ਹੋ ਚੁੱਕੇ ਮੀਡੀਆ ਦਾ ਜ਼ਿਕਰ ਕੀਤਾ। ਚੰਦ ਸਿੰਘ ਸਦਿਉੜਾ ਨੇ ਵੀ ਪਰਚਿਆਂ ਸਬੰਧੀ ਸੁਹਿਰਦ ਵਿਚਾਰ ਪੇਸ਼ ਕੀਤੇ। ਅਵਨਿੰਦਰ ਨੂਰ ਨੇ ਪਰਚਿਆਂ ਤੇ ਛੇੜੀ ਬਹਿਸ ਵਿੱਚ ਅੰਗਰੇਜ਼ੀ ਦੇ ਟਾਈਮਜ਼ ਰੋਮਨ ਫੌਂਟ ਵਾਂਗ ਪੰਜਾਬੀ ਵਿੱਚ ਵੀ ਕੇਵਲ ਇੱਕ ਪ੍ਰਵਾਨਤ ਫੌਂਟ ਕੀਤੇ ਜਾਣ ਵੱਲ ਧਿਆਨ ਦੁਆਇਆ। ਉਪਰੰਤ ਸ੍ਰੋਤਿਆਂ ਵਲੋਂ ਵੀ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਜਿੰਨ੍ਹਾਂ ਦੇ ਜੁਆਬ ਪਰਚਾਕਾਰਾਂ ਨੇ ਬੜੇ ਵਿਸਥਾਰ ਤੇ ਠਰੰਮੇ ਨਾਲ ਦਿੱਤੇ।

ਅਗਲੇ ਦਿਨ ਕਾਨਫਰੰਸ ਦਾ ਚੌਥਾ ਸੈਸ਼ਨ ਤਕਰੀਬਨ ਗਿਆਰਾਂ ਕੁ ਵਜੇ ਸ਼ੁਰੂ ਹੋਇਆ। ਇਹ ਸੈਸ਼ਨ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਨੂੰ ਸਮਰਪਿਤ ਸੀ। ਇਸ ਦਾ ਸੰਚਾਲਨ ਬਲਜਿੰਦਰ ਸੰਘਾ ਨੇ ਕੀਤਾ। ਪ੍ਰਧਾਨਗੀ ਮੰਡਲ ਵਿੱਚ ਜਰਨੈਲ ਸਿੰਘ ਸੇਖਾ (ਨਾਵਲਕਾਰ), ਮਨਜੀਤ ਸਿੰਘ ਸੋਹਲ ਜੀ ਅਤੇ ਬਲਵਿੰਦਰ ਕੌਰ ਬਰਾੜ ਸੁਸ਼ੋਭਿਤ ਹੋਏ। ਪਹਿਲਾ ਪਰਚਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਡਾ: ਪਰਮਜੀਤ ਕੌਰ ਗਿੱਲ ਨੇ ਪੜ੍ਹਿਆ, ਜੋ ਕਿ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਸ਼ਾਂਤੀ ਤੇ ਰਾਜਨੀਤਕ ਪਹਿਲੂ ਤੇ ਅਧਾਰਤ ਸੀ। ਜਿਸ ਵਿੱਚ ਉਹਨਾਂ ਅੰਤਰ-ਰਾਸ਼ਟਰੀ ਸਬੰਧਾਂ ਬਾਰੇ ਆਦਰਸ਼ਵਾਦ ਤੇ ਯਥਾਰਥਵਾਦ ਦੇ ਪਰਿਪੇਖ ਵਿੱਚ ਗੱਲ ਕੀਤੀ ਅਤੇ “ਹਾਈ ਪਾਵਰ ਰਾਜਨੀਤੀ” ਛੱਡ ਕੇ “ਲੋ ਪਾਵਰ ਰਾਜਨੀਤੀ” ਦੀ ਵਰਤੋਂ ਨਾਲ ਆਪਸੀ ਸਾਂਝ ਵਧਾ ਕੇ ਸ਼ਾਂਤੀ ਸਥਾਪਤ ਕਰਨ ਵੱਲ ਕਦਮ ਪੁੱਟਣ ਦੀ ਸਲਾਹ ਦਿੱਤੀ।

ਦੂਜਾ ਪਰਚਾ ਡਾ: ਹਰਜੋਧ ਸਿੰਘ ਜੋਗਰ ਨੇ ਪੜ੍ਹਿਆ। ਜਿਸਦਾ ਸਿਰਲੇਖ ਸੀ “ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਬਦਲਦੇ ਰਿਸ਼ਤਿਆਂ ਦੀਆਂ ਸਮੱਸਿਆਵਾਂ” ਉਹਨਾਂ ਨੇ ਆਪਣੇ ਪਰਚੇ ਵਿੱਚ ਹਰਜੀਤ ਅਟਵਾਲ ਦੇ ਨਾਵਲ ‘ਸਵਾਰੀ’, ਦਰਸ਼ਨ ਧੀਰ ਦੇ ਨਾਵਲ ‘ਪੈੜਾਂ ਦੇ ਆਰ ਪਾਰ’ ਅਤੇ ਜਰਨੈਲ ਸੇਖਾ ਦੇ ਨਾਵਲ ‘ਦੁਨੀਆਂ ਕੈਸੀ ਹੋਈ’ ਨੂੰ ਆਧਾਰ ਬਣਾ ਕੇ ਪ੍ਰਵਾਸੀਆਂ ਦੀਆਂ ਸਮਾਜਿਕ ਰਿਸ਼ਤਿਆਂ ਤੇ ਸੱਭਿਆਚਾਰ ਦੀਆਂ ਸਮੱਸਿਆਵਾਂ ਅਤੇ ਨਜਾਇਜ਼ ਜਿਨਸੀ ਵਰਤਾਰੇ ਦੀ ਗੱਲ ਬੜੀ ਤਫ਼ਸੀਲ ਨਾਲ ਕੀਤੀ। ਡਾ: ਮਨਜੀਤ ਸਿੰਘ ਸੋਹਲ ਨੇ ਪਰਚਿਆਂ ਬਾਰੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਰਿਸ਼ਤਿਆਂ ਦਾ ਗੰਧਲਾਪਨ ਸਮਾਜਿਕ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ਬਲਵਿੰਦਰ ਬਰਾੜ ਨੇ ਆਪਣੇ ਵਿਚਾਰਾਂ ਨੂੰ ਸ਼ਬਦ ਦਿੰਦੇ ਆਖਿਆ ਕਿ ਲੇਖਕ ਮੋਮਬੱਤੀ ਵਾਂਗ ਬਲਦਾ ਹੈ, ਟ੍ਰੈਜਡੀ ਨੂੰ ਆਪਣੇ ਅੰਦਰ ਹੰਢਾਉਂਦਾ ਹੈ ਤੇ ਫਿਰ ਉਸਨੂੰ ਸਿਰਜਦਾ ਹੈ। ਉਪਰੰਤ ਪਰਚਿਆਂ ਤੇ ਬਹਿਸ ਸ਼ੁਰੂ ਹੋਈ ਤਾਂ ਸਰੋਤੇ ਇਸ ਵਿੱਚ ਪੂਰੀ ਗਰਮਜੋਸ਼ੀ ਨਾਲ ਸ਼ਾਮਲ ਹੋਏ ਜਿਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਪਰਚਾਕਾਰਾਂ ਨੇ ਬਾਖੂਬੀ ਕੀਤਾ। ਜਰਨੈਲ ਸਿੰਘ ਸੇਖਾ ਨੇ ਆਪਣੇ ਸਾਹਿਤਕ ਲਫ਼ਜ਼ਾਂ ਨਾਲ ਬਹਿਸ ਨੂੰ ਸਮੇਟਿਆ।

ਇਸ ਦੇ ਨਾਲ ਹੀ ਕਾਨਫਰੰਸ ਦੀ ਸਮਾਪਤੀ ਦਾ ਸੈਸ਼ਨ ਗੁਲਜ਼ਾਰ ਸੰਧੂ ਤੇ ਦੀਪਕ ਮਨਮੋਹਨ ਜੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋ ਗਿਆ। ਜਿਸ ਦਾ ਸੰਚਾਲਨ ਭੋਲਾ ਸਿੰਘ ਚੁਹਾਨ ਨੇ ਕੀਤਾ। ਸਰੋਤਿਆਂ ਵਲੋਂ ਕਾਨਫਰੰਸ ਦੀ ਕਾਰਗੁਜ਼ਾਰੀ ਸਬੰਧੀ ਬਹੁਤ ਸਾਰੀਆਂ ਟਿੱਪਣੀਆਂ ਆਈਆਂ। ਬਹੁਤ ਸਾਰੀਆਂ ਹਾਂ-ਪੱਖੀ ਟਿਪਣੀਆਂ ਵਿੱਚ ਪੰਜਾਬੀ ਲਿਖਾਰੀ ਸਭਾ ਦੇ ਇਸ ਪਲੇਠੇ ਉਪਰਾਲੇ ਦੀ ਦਿਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਕਈ ਸੁਚੇਤ ਸਰੋਤਿਆਂ ਨੇ ਰਹਿ ਗਈਆਂ ਤਰੁੱਟੀਆਂ ਵੱਲ ਵੀ ਇਸ਼ਾਰਾ ਕੀਤਾ। ਡਾ: ਸੁਰਿੰਦਰ ਗਿੱਲ ਅਨੁਸਾਰ ‘ਇਹ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਡੈਮੋਕ੍ਰੈਟਿਕ ਕਾਨਫਰੰਸ ਹੋ ਨਿਬੜੀ ਹੈ।’  ਡਾ: ਦੀਪਕ ਮਨਮੋਹਨ ਜੀ ਨੇ ਬੜੇ ਪੜਚੋਲਵੇਂ ਢੰਗ ਨਾਲ ਹਰ ਸੈਸ਼ਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਪੰਜਾਬੀ ਬੋਲੀ ਦੇ ਵਿਕਾਸ ਲਈ ਅਜਿਹੇ ਕਾਨਫਰੰਸ ਹੋਣੇ ਲਾਜ਼ਮੀ ਹਨ। ਗੁਲਜ਼ਾਰ ਸੰਧੂ ਨੇ ਅਜਿਹੀਆਂ ਕਾਨਫਰੰਸਾਂ ਲਈ ਪੰਜਾਬ ਸਰਕਾਰ ਵੱਲੋਂ ਮੱਦਦ ਦੇਣ ਬਾਰੇ  ਕਿਹਾ ਅਤੇ ਪ੍ਰਬੰਧਕਾਂ ਨੂੰ ਉਹਨਾਂ ਦੇ ਸਾਰਥਿਕ ਉਪਰਾਲਿਆਂ ਦੀ ਵਧਾਈ ਦਿੱਤੀ।

ਅੰਤ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਆਏ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦਾ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਸੀ। ਸੋ ਇੰਝ ਇਹ ਕਾਨਫਰੰਸ ਜਿਸ ਮਕਸਦ ਨੂੰ ਮੁੱਖ ਰੱਖ ਕੇ ਆਯੋਜਿਤ ਕੀਤੀ ਗਈ ਸੀ, ਆਪਣਾ ਉਹ ਉਦੇਸ਼ ਪੂਰਾ ਕਰਦੀ ਸੰਪੰਨ ਹੋਈ। ਇਸ ਉਪਰੰਤ ਪੰਜਾਬੀ ਲਿਖਾਰੀ ਸਭਾ ਦੇ ਸਲਾਨਾ ਸਮਾਰੋਹ ਵਿੱਚ ਜਰਨੈਲ ਸਿੰਘ ਕਹਾਣੀਕਾਰ ਨੂੰ, ਸਭਾ ਦੇ ਬਾਨੀ ਮੈਂਬਰ ਸਵਰਗੀ ਇਕਬਾਲ ਅਰਪਨ ਦੀ ਯਾਦ ਵਿੱਚ ਸਥਾਪਤ ਕੀਤੇ ਗਏ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਖਚਾਖਚ ਭਰੇ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ ਅਤੇ ਅੰਤ ਰਵਾਇਤੀ ਧੰਨਵਾਦੀ ਭਾਸ਼ਨਾਂ ਬਾਅਦ ਇਹ ਦੋ ਰੋਜ਼ਾ ਕਾਨਫਰੰਸ ਤੇ ਸਲਾਨਾ ਸਮਾਰੋਹ ਆਪਣੇ ਕਾਮਯਾਬ ਅੰਜਾਮ ਤੱਕ ਪਹੁੰਚੇ ।
****


No comments: