ਗੱਜਣਵਾਲਾ ਸੁਖਮਿੰਦਰ ਦੀ ਐਡੀਲੇਡ ਵਿਖੇ ਰੂ ਬ ਰੂ

ਐਡੀਲੇਡ (ਬਿਊਰੋ) : ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੱਜਣਵਾਲਾ ਸੁਖਮਿੰਦਰ ਪਿਛਲੇ ਦਿਨੀਂ ਐਡੀਲੇਡ ਦੇ ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਵਿਖੇ ਪੰਜਾਬੀ ਪਾਠਕਾਂ/ਸਰੋਤਿਆਂ ਦੇ ਰੂ ਬ ਰੂ ਹੋਏ । ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਉਹ ਕਰੀਬ ਬਾਰਾਂ ਸਾਲ ਪੰਜਾਬੀ ਦੇ ਇੱਕੋ ਅਖ਼ਬਾਰ ਲਈ ਕਾਲਮ ਲਿਖਦੇ ਰਹੇ । ਗੱਜਣਵਾਲਾ ਚਾਹੇ ਦਿੱਲੀ ਬੈਂਕ ਦੀ ਨੌਕਰੀ ਕਰਦੇ ਰਹੇ ਪਰ ਉਨ੍ਹਾਂ ਦੀ ਕਲਮ ਪੰਜਾਬੀ ਸੱਭਿਆਚਾਰ, ਪੇਂਡੂ ਬੋਲੀ, ਵਿਰਸੇ ਦੇ ਬੇਹੱਦ ਨੇੜ ਦੀ ਹੋ ਕੇ ਲੰਘਦੀ ਹੈ । ਸਰੋਤਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਤੇ ਵਿਦੇਸ਼ੀਂ ਵੱਸਦੇ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ । ਇਸ ਲਈ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਇਸ ਮੌਕੇ ‘ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵਿਦੇਸ਼ ‘ਚ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਪ੍ਰਫੁੱਲਤਾ ਲਈ ਅਜਿਹੇ ਉਪਰਾਲੇ ਕਰਨ ਲਈ ਵਚਨਬੱਧ ਹੈ ।
ਇਸ ਸਮੇਂ ਡਰੀਮ ਵਰਲਡ ਤੋਂ ਸਿੱਪੀ ਗਰੇਵਾਲ ਤੇ ਵਿੱਕੀ ਭੱਲਾ, ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਬਖ਼ਸਿ਼ੰਦਰ ਸਿੰਘ, ਜੌਹਰ ਗਰਗ ਜੌਲੀ, ਸੁਲੱਖਣ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਸੁਖਦੀਪ ਬਰਾੜ, ਮੋਹਨ ਸਿੰਘ ਮਨਹਾਂਸ, ਇੰਪੀਰੀਅਲ ਕਾਲਜ ਵੱਲੋਂ ਬਿੱਕਰ ਬਰਾੜ ਤੇ ਨਵਤੇਜ ਬੱਲ ਹੋਰੀਂ ਹਾਜ਼ਰ ਸਨ । ਇਸ ਮੌਕੇ ‘ਤੇ ਦਿਲਚਸਪ ਗੱਲ ਦੇਖਣ ਨੂੰ ਮਿਲੀ ਕਿ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਦੇ ਤੱਯਬ ਸ਼ੇਖ ਨੇ ਐਸੋਸੀਏਸ਼ਨ ਨੂੰ ਜੁਆਇਨ ਕੀਤਾ ਤੇ ਪੰਜਾਬੀ ਨਾਲ਼ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ । ਅੰਤ ‘ਚ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਰਿਸ਼ੀ ਗੁਲਾਟੀ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਦੌਰੇ ‘ਤੇ ਪੁੱਜੇ ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੂੰ ਵੀ ਜਲਦੀ ਹੀ ਐਡੀਲੇਡ ਵਿਖੇ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਰੂ ਬ ਰੂ ਕੀਤਾ ਜਾਵੇਗਾ ਅਤੇ 6 ਅਗਸਤ ਨੂੰ “ਰੌਣਕ ਮੇਲਾ” ਦੇ ਨਾਮ ਹੇਠਾਂ ਖੁੱਲਾ ਪੰਜਾਬੀ ਮੇਲਾ ਵੀ ਲਗਾਇਆ ਜਾ ਰਿਹਾ ਹੈ ।

****No comments: