ਕੱਲ ਕੋਈ ਮਿਲਿਆ.......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ)


ਕੱਲ ਕੋਈ ਮਿਲਿਆ 
ਓਹਦੇ ਪੈਰੀਂ ਪੰਜੇLਬਾਂ ਦੀ ਛਣਕਾਰ -
ਹੋਟਾਂ 'ਤੇ ਮਹਿਕਦੇ ਗੁਲਾਬ

ਵਟਣੇ ਨਾਲ ਮਲੀਆ ਬਾਵਾਂ 
ਤੇ ਸਜਾ ਕੇ ਉਹ ਕਈ ਸੱਤਰੰਗੀਆਂ ਪੀਘਾਂ 
ਵੰਗਾਂ 'ਚ ਛੁਪਾ ਕੇ ਲਿਆਈ-
ਸੀਨੇ 'ਚ ਓਹਦੇ ਏਨੀ ਤਪਸ਼ ਸੀ ਕਿ ਸੂਰਜ ਮਰ ਗਿਆ ਸਾਹਮਣੇ
ਮਦਹੋਸ਼ ਨੈਣਾਂ ਨੇ ਰਾਹੀ ਰੋਕ ਲਏ-

ਆਲੇ ਦੁਆਲੇ ਪਵਨ ਦਾ ਛਤਰ ਸੀ-
ਕਾਲੇ ਬੱਦਲਾਂ ਵਰਗੀਆਂ ਜੁਲਫ਼ਾਂ ਦੀਆਂ ਘਟਾਵਾਂ ਸਨ ਓਹਦੇ ਸਿਰ ਤੇ
ਉਸ ਕੁੜੀ ਦੇ ਮੱਥੇ ਤੇ ਚੰਨ ਦਾ ਤਾਜ਼ ਸੀ
ਵਿਚ ਸਨ ਜੜ੍ਹੇ ਸਾਰੇ ਸਿਤਾਰੇ ਅਰਸ਼ ਦੇ-
ਤੇ ਓਦਣ ਅਕਾਸ਼ ਖਾਲੀ ਦਿਸਦਾ ਸੀ-

ਅੰਗਾਂ 'ਚ ਏਨਾ ਸਰੂਰ ਸੀ ਕਿ ਰੁੱਖ ਪੌਣਾਂ ਵੀ ਨਸ਼ਿਆ ਗਈਆ
ਚੰਨ ਸ਼ਰਮਿੰਦਾ ਨੀਵੀਂ ਪਾ ਕੇ ਲੰਘ ਗਿਆ ਕੋਲੋਂ-

ਜਦੋਂ ਬੋਲੀ ਹਵਾ ਤਰੰਗਿਤ ਹੋ ਗਈ-
ਚੁੱਪ ਹੋ ਗਈਆਂ ਸਿਤਾਰਾਂ
ਅਨਹਦ ਨਾਦ ਛਿੜ ਪਿਆ ਧਰਤ 'ਤੇ-

ਰਿਸ਼ੀਆਂ ਮੁਨੀਆਂ ਦੇ ਤਪ ਤਿੜਕ ਗਏ 
ਉਸ ਕੁੜੀ ਨੂੰ ਵੇਖ ਨਦੀਆਂ ਠਹਿਰ ਗਈਆਂ
ਦਰਿਆ ਅਟਕ ਗਏ-
ਲਹਿਰਾਂ ਮਰ ਗਈਆਂ-

ਧਰਤ ਤੇ ਪੱਬ ਰੱਖੇ
ਕਾਇਨਾਤ ਰੌਸ਼ਨ ਹੋ ਗਈ-
ਦੁਪਹਿਰ ਖਿੜ੍ਹ ਗਈ
ਖੇਤਾਂ 'ਚ ਵਿਛ ਗਈ- ਹਰੀ ਚਾਦਰ

ਤਰਨਮ 'ਚ ਨਗਮਾ ਛੇੜਿਆ
ਕਈ ਪਰਿੰਦੇ ਡਿੱਗ ਪਏ ਜ਼ਮੀਨ ਤੇ
ਪੱਤੇ ਝੁਮਕੇ ਬਣ ਲਹਿਰੇ-

No comments: